Guru Granth Sahib Logo
  
ਇਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀ ਗਈ ਪੰਜਵੀਂ ਅਤੇ ਆਖਰੀ ਅਲਾਹਣੀ ਹੈ। ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸੰਸਾਰ ਦੀ ਨਾਸ਼ਵਾਨਤਾ ਦਾ ਜਿਕਰ ਕਰਦਿਆਂ ਮਨੁਖ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੀ ਤਾਕੀਦ ਹੈ। ਦੂਜੇ ਵਿਚ ਜਗਿਆਸੂਆਂ ਨੂੰ ਪ੍ਰਭੂ ਮਿਲਾਪ ਲਈ ਇਕ-ਦੂਜੇ ਨੂੰ ਅਸੀਸਾਂ ਦੇਣ ਦੀ ਪ੍ਰੇਰਨਾ ਹੈ। ਤੀਜੇ ਵਿਚ ਦੱਸਿਆ ਹੈ ਕਿ ਜੀਵਨ ਵਿਚ ਮਿਲਣ ਵਾਲੇ ਦੁਖ-ਸੁਖ ਪ੍ਰਭੂ ਦੇ ਹੁਕਮ ਅਨੁਸਾਰ ਹੀ ਹੁੰਦੇ ਹਨ। ਉਨ੍ਹਾਂ ਨੂੰ ਟਾਲਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਚੌਥੇ ਵਿਚ ਵਰਣਨ ਹੈ ਕਿ ਮੌਤ ਅਟੱਲ ਹੈ। ਦੂਰ-ਨੇੜੇ ਦੇ ਸਾਰੇ ਸਾਕ-ਸੰਬੰਧੀਆਂ ਨੇ ਇਕ ਦਿਨ ਸੰਸਾਰ ਤੋਂ ਜਾਣਾ ਹੀ ਹੈ। ਕੋਈ ਮੋਇਆਂ ਨਾਲ ਨਹੀਂ ਮਰਦਾ। ਅਸਲ ਸਿਆਣੇ ਉਹੀ ਹਨ, ਜੋ ਪ੍ਰਭੂ ਦੀ ਯਾਦ ਵਿਚ ਰੋਂਦੇ ਹਨ, ਵੈਰਾਗਵਾਨ ਹੁੰਦੇ ਹਨ।
ਬਾਬਾ  ਆਵਹੁ ਭਾਈਹੋ  ਗਲਿ ਮਿਲਹ   ਮਿਲਿ ਮਿਲਿ ਦੇਹ ਆਸੀਸਾ  ਹੇ
ਬਾਬਾ  ਸਚੜਾ ਮੇਲੁ ਚੁਕਈ   ਪ੍ਰੀਤਮ ਕੀਆ ਦੇਹ ਅਸੀਸਾ  ਹੇ
ਆਸੀਸਾ ਦੇਵਹੋ  ਭਗਤਿ ਕਰੇਵਹੋ   ਮਿਲਿਆ ਕਾ ਕਿਆ ਮੇਲੋ
ਇਕਿ ਭੂਲੇ ਨਾਵਹੁ  ਥੇਹਹੁ ਥਾਵਹੁ   ਗੁਰ ਸਬਦੀ ਸਚੁ ਖੇਲੋ
ਜਮ ਮਾਰਗਿ ਨਹੀ ਜਾਣਾ  ਸਬਦਿ ਸਮਾਣਾ   ਜੁਗਿ ਜੁਗਿ ਸਾਚੈ ਵੇਸੇ
ਸਾਜਨ ਸੈਣ  ਮਿਲਹੁ ਸੰਜੋਗੀ   ਗੁਰ ਮਿਲਿ ਖੋਲੇ ਫਾਸੇ ॥੨॥
-ਗੁਰੂ ਗ੍ਰੰਥ ਸਾਹਿਬ ੫੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਕੋਈ ਜਿਵੇਂ ਆਪਣੇ ਬਜ਼ੁਰਗਾਂ ਤੇ ਭਾਈਆਂ ਨੂੰ ਕੋਲ ਬੁਲਾ ਰਿਹਾ ਹੋਵੇ ਕਿ ਆਉ, ਗਲੇ ਲੱਗ-ਲੱਗ ਮਿਲੀਏ ਤੇ ਮਿਲ ਕੇ ਇਕ ਦੂਜੇ ਨੂੰ ਅਸੀਸਾਂ ਦੇਈਏ। 

ਫਿਰ ਅਸੀਂ ਅਸੀਸਾਂ ਵੀ ਆਪਣੇ ਪ੍ਰਭੂ-ਪਿਆਰੇ ਦੀਆਂ ਦੇਈਏ ਕਿ ਅਸੀਂ ਉਸ ਪਿਆਰੇ ਦੇ ਅਸਲ ਮਿਲਾਪ ਤੋਂ ਕਿਤੇ ਖੁੰਝ ਨਾ ਜਾਈਏ। ਭਾਵ, ਹਰ ਹਾਲਤ ਵਿਚ ਮਿਲਾਪ ਹੋ ਜਾਵੇ।

ਅਸਲ ਵਿਚ ਤਾਂ ਇਹੀ ਅਸੀਸ ਦਿੱਤੀ ਜਾਵੇ ਕਿ ਅਸੀਂ ਪ੍ਰਭੂ ਪਿਆਰੇ ਦੀ ਭਗਤੀ ਵਿਚ ਜੀਵਨ ਬਸਰ ਕਰੀਏ। ਭਾਵ, ਉਸ ਨੂੰ ਹਮੇਸ਼ਾ ਯਾਦ ਰਖੀਏ। ਕਿਉਂਕਿ ਉਸ ਨੂੰ ਯਾਦ ਰਖਣਾ ਹੀ ਅਸਲ ਮਿਲਾਪ ਹੈ। ਜਿਹੜੇ ਉਸ ਦਾ ਸਿਮਰਨ ਕਰਦੇ ਹਨ, ਉਨ੍ਹਾਂ ਨੂੰ ਹੋਰ ਕੀ ਮੇਲਣਾ ਹੈ? ਭਾਵ, ਉਹ ਤਾਂ ਮਿਲੇ ਹੀ ਹੋਏ ਹਨ।

ਇਸ ਲਈ ਜਿਹੜੇ ਲੋਕ ਪ੍ਰਭੂ ਦੇ ਨਾਮ-ਸਿਮਰਨ ਤੇ ਉਸ ਦੇ ਅਸਲ ਟਿਕਾਣੇ ਤੋਂ ਭੁਲੇ ਹੋਏ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਦੀ ਸਿੱਖਿਆ ਅਨੁਸਾਰ ਸੱਚ ਉੱਤੇ ਪਹਿਰਾ ਦੇਣ ਦੀ ਅਸਲ ਖੇਡ ਖੇਡਣ।

ਜਿਹੜੇ ਗੁਰੂ ਦੀ ਸਿਖਿਆ ਅਨੁਸਾਰ ਜੁਗਾਂ-ਜੁਗਾਂ ਤੋਂ ਚੱਲੇ ਆ ਰਹੇ ਸੱਚ-ਸਰੂਪ ਪ੍ਰਭੂ ਪਿਆਰੇ ਨਾਲ ਇਕਮਿਕ ਹੋ ਗਏ ਹਨ, ਉਨ੍ਹਾਂ ਨੂੰ ਜਮਦੂਤ ਦੇ ਰਾਹ ਨਹੀਂ ਜਾਣਾ ਪੈਂਦਾ। ਭਾਵ, ਸੱਚ ਨੂੰ ਸਮਰਪਤ ਹੋਣ ਵਾਲੇ ਸਾਧਕ ਮੌਤ ਦੇ ਡਰ ਤੋਂ ਮੁਕਤ ਹੋ ਜਾਂਦੇ ਹਨ।

ਅਖੀਰ ਵਿਚ ਆਦੇਸ਼ ਕੀਤਾ ਗਿਆ ਹੈ ਕਿ ਹੇ ਮੇਰੇ ਸੱਜਣੋ ਤੇ ਸਬੰਧੀਓ! ਤੁਸੀਂ ਵੀ ਉਸ ਨੂੰ ਮਿਲੋ, ਜਿਸ ਨੇ ਪਿਆਰੇ ਪ੍ਰਭੂ ਨਾਲ ਸੰਜੋਗ ਪ੍ਰਾਪਤ ਕਰ ਲਿਆ ਹੈ ਤੇ ਜਿਨ੍ਹਾਂ ਨੇ ਉਸਨੂੰ ਮਿਲਕੇ ਆਪਣੇ ਗਲ ਪਏ ਮੌਤ ਦੇ ਡਰ ਦੇ ਫਾਹੇ ਖੋਲ੍ਹ ਲਏ ਹਨ। ਭਾਵ, ਉਨ੍ਹਾਂ ਨੂੰ ਮਿਲ ਕੇ ਆਪਣੇ ਡਰ ਵੀ ਦੂਰ ਕਰੋ।

Tags