ਇਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀ ਗਈ ਪੰਜਵੀਂ ਅਤੇ ਆਖਰੀ ਅਲਾਹਣੀ ਹੈ। ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸੰਸਾਰ ਦੀ ਨਾਸ਼ਵਾਨਤਾ ਦਾ ਜਿਕਰ ਕਰਦਿਆਂ ਮਨੁਖ ਨੂੰ ਸਦਾ-ਥਿਰ ਪ੍ਰਭੂ ਦੇ
ਨਾਮ ਦਾ ਸਿਮਰਨ ਕਰਨ ਦੀ ਤਾਕੀਦ ਹੈ। ਦੂਜੇ ਵਿਚ ਜਗਿਆਸੂਆਂ ਨੂੰ ਪ੍ਰਭੂ ਮਿਲਾਪ ਲਈ ਇਕ-ਦੂਜੇ ਨੂੰ ਅਸੀਸਾਂ ਦੇਣ ਦੀ ਪ੍ਰੇਰਨਾ ਹੈ। ਤੀਜੇ ਵਿਚ ਦੱਸਿਆ ਹੈ ਕਿ ਜੀਵਨ ਵਿਚ ਮਿਲਣ ਵਾਲੇ ਦੁਖ-ਸੁਖ ਪ੍ਰਭੂ ਦੇ ਹੁਕਮ ਅਨੁਸਾਰ ਹੀ ਹੁੰਦੇ ਹਨ। ਉਨ੍ਹਾਂ ਨੂੰ ਟਾਲਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਚੌਥੇ ਵਿਚ ਵਰਣਨ ਹੈ ਕਿ ਮੌਤ ਅਟੱਲ ਹੈ। ਦੂਰ-ਨੇੜੇ ਦੇ ਸਾਰੇ ਸਾਕ-ਸੰਬੰਧੀਆਂ ਨੇ ਇਕ ਦਿਨ ਸੰਸਾਰ ਤੋਂ ਜਾਣਾ ਹੀ ਹੈ। ਕੋਈ ਮੋਇਆਂ ਨਾਲ ਨਹੀਂ ਮਰਦਾ। ਅਸਲ ਸਿਆਣੇ ਉਹੀ ਹਨ, ਜੋ ਪ੍ਰਭੂ ਦੀ ਯਾਦ ਵਿਚ ਰੋਂਦੇ ਹਨ, ਵੈਰਾਗਵਾਨ ਹੁੰਦੇ ਹਨ।
ਵਡਹੰਸੁ ਮਹਲਾ ੧ ॥
ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥
ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥
ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥
ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥
ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥
ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥
-ਗੁਰੂ ਗ੍ਰੰਥ ਸਾਹਿਬ ੫੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਕਿਸੇ ਸਿਆਣੇ ਬਜ਼ੁਰਗ ਨੂੰ ਮੁਖਾਤਬ ਹੋਣ ਦੇ ਅੰਦਾਜ਼ ਵਿਚ ਦੱਸਿਆ ਗਿਆ ਹੈ ਕਿ ਜਿਹੜਾ ਵੀ ਇਸ ਸੰਸਾਰ ਵਿਚ ਆਇਆ ਹੈ, ਭਾਵ ਜਿਸ ਨੇ ਵੀ ਜਨਮ ਲਿਆ ਹੈ, ਉਸ ਨੇ ਇਕ ਨਾ ਇਕ ਦਿਨ ਇਥੋਂ ਚਲੇ ਹੀ ਜਾਣਾ ਹੈ। ਕਿਉਂਕਿ ਇਹ ਸੰਸਾਰ ਝੂਠ ਦਾ ਹੀ ਪਸਾਰਾ ਹੈ, ਭਾਵ ਸੱਚ ਅਤੇ ਸਦਾ ਰਹਿਣ ਵਾਲਾ ਨਹੀਂ ਹੈ।
ਅੱਗੇ ਦੱਸਿਆ ਗਿਆ ਹੈ ਕਿ ਕੇਵਲ ਪ੍ਰਭੂ ਹੀ ਸੱਚ ਅਤੇ ਖੋਟ-ਰਹਿਤ ਹੈ, ਜੇ ਉਸ ਸੱਚ-ਸਰੂਪ ਪ੍ਰਭੂ ਦਾ ਸਿਮਰਨ ਕੀਤਾ ਜਾਵੇ ਤਾਂ ਹੀ ਉਸ ਦੇ ਸੱਚੇ ਘਰ ਵਿਚ ਸਦੀਵੀ ਟਿਕਾਣਾ ਹਾਸਲ ਹੁੰਦਾ ਹੈ।
ਲੋਭ-ਲਾਲਚ ਸਦਕਾ ਝੂਠ ਦਾ ਸਹਾਰਾ ਲੈਣ ਵਾਲੇ ਨੂੰ ਇਸ ਸੰਸਾਰ ਵਿਚ ਕੋਈ ਟਿਕਾਅ ਨਹੀਂ ਮਿਲਦਾ , ਨਾ ਹੀ ਉਸ ਨੂੰ ਅੱਗੇ, ਭਾਵ ਪ੍ਰਭੂ ਦੇ ਘਰ ਵਿਚ ਢੋਈ ਮਿਲਦੀ ਹੈ। ਉਹ ਹਰ ਥਾਂ ਫਾਡੀ ਰਹਿੰਦਾ ਹੈ।
ਅਜਿਹਾ ਲੋਭੀ ਤੇ ਝੂਠਾ ਬੰਦਾ ਕਿਤੇ ਜਾਵੇ ਵੀ ਤਾਂ ਉਸ ਨੂੰ ਕੋਈ ਆਪਣੇ ਘਰ ਆਉਣ ਲਈ ਕਹਿਣਾ ਤਾਂ ਕਿਤੇ ਰਿਹਾ, ਕੋਈ ਕੁਝ ਚਿਰ ਬਹਿਣ ਤਕ ਲਈ ਨਹੀਂ ਕਹਿੰਦਾ। ਉਸ ਦੀ ਹਾਲਤ ਉਸ ਕਾਂ ਜਿਹੀ ਹੁੰਦੀ ਹੈ, ਜਿਹੜਾ ਕਿਸੇ ਅਜਿਹੇ ਘਰ ਚਲਿਆ ਜਾਵੇ ਜਿਥੇ ਕੋਈ ਨਾ ਰਹਿੰਦਾ ਹੋਵੇ। ਭਾਵ, ਜਿਵੇਂ ਕਾਂ ਨੂੰ ਅਜਿਹੇ ਘਰ ਵਿਚ ਬੁਰਕੀ ਨਹੀਂ ਮਿਲਦੀ, ਉਸੇ ਤਰ੍ਹਾਂ ਲੋਭੀ ਤੇ ਝੂਠੇ ਬੰਦੇ ਨੂੰ ਵੀ ਕੋਈ ਨਹੀਂ ਪੁੱਛਦਾ।
ਫਿਰ ਵਿਸ਼ੇ ਨੂੰ ਬਦਲਦੇ ਹੋਏ ਦੱਸਿਆ ਗਿਆ ਹੈ ਕਿ ਅਸਲ ਵਿਚ ਇਨਸਾਨ ਦੇ ਜੀਵਨ ਵਿਚ ਜਨਮ ਤੇ ਮੌਤ ਦੋ ਅਜਿਹੇ ਪਖ ਹਨ, ਜਿਹੜੇ ਉਸ ਨੂੰ ਅਸਲ ਮਕਸਦ ਤੋਂ ਅਵੇਸਲੇ ਕਰ ਦਿੰਦੇ ਹਨ ਤੇ ਉਹ ਪ੍ਰਭੂ ਤੋਂ ਵਿੱਛੜ ਜਾਂਦਾ ਹੈ। ਬਸ ਇਸੇ ਤਰ੍ਹਾਂ ਸਾਰਾ ਸੰਸਾਰ ਜਨਮ-ਮਰਨ ਦੇ ਗੇੜ ਵਿਚ ਪਿਆ ਮੁੱਕਦਾ ਜਾ ਰਿਹਾ ਹੈ।
ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਮਾਇਆ ਦੇ ਲੋਭ ਨੇ ਸਾਰੇ ਸੰਸਾਰ ਨੂੰ ਬੜੇ ਹੀ ਵਿਅਰਥ ਕੰਮਾਂ ਵਿਚ ਉਲਝਾਇਆ, ਭਾਵ ਭਟਕਾਇਆ ਹੋਇਆ ਹੈ। ਸਿਤਮ ਇਹ ਹੈ ਕਿ ਸਮਾਂ ਸਿਰ ਉੱਤੇ ਮੌਤ ਬਣ ਕੇ ਖੜ੍ਹਾ ਹੈ, ਜਿਸ ਨੇ ਸੰਸਾਰ ਦਾ ਰੋਣ ਵਾਲਾ ਹਾਲ ਕੀਤਾ ਹੋਇਆ ਹੈ। ਭਾਵ, ਸੰਸਾਰ ਬੇਹੱਦ ਲਾਚਾਰ ਹੈ।