Guru Granth Sahib Logo
  
ਅਲਾਹਣੀਆਂ ਮੌਤ ਨਾਲ ਸੰਬੰਧਤ ਪੰਜਾਬੀ ਲੋਕ ਕਾਵਿ-ਰੂਪ ਹੈ। ਇਸ ਦੁਨਿਆਵੀ ਕਾਵਿ-ਰੂਪ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਅਧਿਆਤਮਕ ਪ੍ਰਸੰਗ ਵਿਚ ‘ਅਲਾਹਣੀਆ’ ਬਾਣੀ ਦਾ ਉਚਾਰਣ ਕੀਤਾ ਹੈ। ਇਸ ਚਉਥੀ ਅਲਾਹਣੀ ਦੇ ਪਹਿਲੇ ਪਦੇ ਵਿਚ ਉਪਦੇਸ਼ ਹੈ ਕਿ ਪ੍ਰਭੂ ਨੂੰ ਹਰੇਕ ਥਾਂ ਅਤੇ ਹਰੇਕ ਜੀਵ ਵਿਚ ਵਿਆਪਕ ਜਾਣਨਾ ਚਾਹੀਦਾ ਹੈ। ਦੂਜੇ ਵਿਚ ਦੱਸਿਆ ਹੈ ਕਿ ਮਨੁਖ ਦਾ ਸੰਸਾਰ ’ਤੇ ਆਉਣਾ-ਜਾਣਾ ਅਤੇ ਮੰਦੇ-ਚੰਗੇ ਕਰਮ ਕਮਾਉਣਾ ਪ੍ਰਭੂ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ। ਤੀਜੇ ਪਦੇ ਵਿਚ ਉਨ੍ਹਾਂ ਔਕੜਾਂ ਦਾ ਜਿਕਰ ਹੈ, ਜਿਨ੍ਹਾਂ ਦਾ ਸਾਹਮਣਾ ਵਿਕਾਰ-ਗ੍ਰਸਤ ਜੀਵ ਨੂੰ ਪਰਲੋਕ ਨੂੰ ਜਾਣ ਵਾਲੇ ਰਸਤੇ ’ਤੇ ਕਰਨਾ ਪੈਂਦਾ ਹੈ। ਚਉਥੇ ਵਿਚ ਪ੍ਰਭੂ ਦੇ ਨਾਮ ਨਾਲ ਜੁੜੇ ਅਤੇ ਨਾਮ ਤੋਂ ਹੀਣੇ ਮਨੁਖਾਂ ਦੀ ਦਸ਼ਾ ਦਾ ਵਰਣਨ ਕੀਤਾ ਹੈ। ਇਸ ਵਿਚ ਦੱਸਿਆ ਹੈ ਕਿ ਨਾਮ ਨਾਲ ਜੁੜੇ ਮਨੁਖ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਉਂਦੇ ਹਨ ਜਦਕਿ ਨਾਮ ਤੋਂ ਹੀਣੇ ਮਨੁਖ ਬਹੁਤ ਉੱਦਮ ਕਰਨ ਦੇ ਬਾਵਜੂਦ ਵੀ ਕੁਝ ਨਹੀਂ ਖਟਦੇ, ਸਗੋਂ ਆਪਣਾ ਜੀਵਨ ਅਜਾਈਂ ਗਵਾ ਲੈਂਦੇ ਹਨ।
ਜਮ ਮਾਰਗ ਪੰਥੁ ਸੁਝਈ   ਉਝੜੁ ਅੰਧ ਗੁਬਾਰੋਵਾ
ਨਾ ਜਲੁ ਲੇਫ ਤੁਲਾਈਆ   ਨਾ ਭੋਜਨ ਪਰਕਾਰੋਵਾ
ਭੋਜਨ ਭਾਉ ਠੰਢਾ ਪਾਣੀ   ਨਾ ਕਾਪੜੁ ਸੀਗਾਰੋ
ਗਲਿ ਸੰਗਲੁ ਸਿਰਿ ਮਾਰੇ ਊਭੌ   ਨਾ ਦੀਸੈ ਘਰ ਬਾਰੋ
ਇਬ ਕੇ ਰਾਹੇ ਜੰਮਨਿ ਨਾਹੀ   ਪਛੁਤਾਣੇ ਸਿਰਿ ਭਾਰੋ
ਬਿਨੁ ਸਾਚੇ ਕੋ ਬੇਲੀ ਨਾਹੀ   ਸਾਚਾ ਏਹੁ ਬੀਚਾਰੋ ॥੩॥
-ਗੁਰੂ ਗ੍ਰੰਥ ਸਾਹਿਬ ੫੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਜਿਸ ਸਮੇਂ ਮੌਤ ਦਾ ਦੂਤ ਮਨੁਖ ਨੂੰ ਦਬੋਚ ਲੈਂਦਾ ਹੈ ਤਾਂ ਮਨੁਖ ਦੀ ਆਤਮਾ ਨੂੰ ਬਿਪਤਾ ਦੇ ਉਨ੍ਹਾਂ ਧੂੜ ਭਰੇ ਅੰਨ੍ਹੇ ਉਜਾੜ ਅੰਦਰ ਬਚਾਅ ਲਈ ਕੋਈ ਰਾਹ ਨਜਰ ਨਹੀਂ ਆਉਂਦਾ।

ਉਸ ਲੋਕ ਵਿਚ ਪੀਣ ਲਈ ਪਾਣੀ ਨਸੀਬ ਨਹੀਂ ਹੁੰਦਾ। ਨਾ ਉੱਥੇ ਰਜਾਈਆਂ ਦਾ ਨਿੱਘ ਮਿਲਦਾ ਹੈ ਤੇ ਨਾ ਹੀ ਤਲਾਈਆਂ ਦਾ ਸੁਖ ਮਿਲਦਾ ਹੈ। ਉਥੇ ਕਿਸੇ ਵੀ ਕਿਸਮ ਦਾ ਖਾਣਾ ਵੀ ਨਹੀਂ ਮਿਲਦਾ।

ਫਿਰ ਦੁਹਰਾਇਆ ਗਿਆ ਹੈ ਕਿ ਕੋਈ ਪ੍ਰੀਤੀ ਭੋਜ ਨਹੀਂ ਮਿਲਦਾ ਤੇ ਨਾ ਹੀ ਪੀਣ ਲਈ ਠੰਢਾ ਪਾਣੀ ਹੈ। ਹਾਰ-ਸ਼ਿੰਗਾਰ ਤਾਂ ਕਿਤੇ ਰਿਹਾ, ਉਥੇ ਪਹਿਨਣ ਲਈ ਵਸਤਰ ਵੀ ਨਹੀਂ ਮਿਲਦੇ। 

ਉਥੇ ਜਮ ਨੇ ਗਲ ਵਿਚ ਸੰਗਲ ਪਾਇਆ ਹੁੰਦਾ ਹੈ ਤੇ ਸਿਰ ’ਤੇ ਖੜਾ ਸੱਟ ਵੀ ਮਾਰਦਾ ਹੈ। ਉਸ ਬਿਪਤਾ ਦੇ ਸਮੇਂ ਘਰ-ਬਾਰ ਦਾ ਸੁਖ-ਅਰਾਮ ਕਿਤੇ ਨਜ਼ਰ ਤਕ ਨਹੀਂ ਆਉਂਦਾ।
 
ਇਹ ਅਜਿਹਾ ਵੇਲਾ ਹੁੰਦਾ ਹੈ ਕਿ ਇਸ ਸਮੇਂ ਉਹ ਕੋਈ ਨੇਕ ਕਾਰਜ ਕਰਨਾ ਵੀ ਚਾਹੇ ਤਾਂ ਉਸ ਦਾ ਕੋਈ ਸਿੱਟਾ ਸਾਹਮਣੇ ਨਹੀਂ ਆਉਂਦਾ ਤੇ ਸਭ ਕੁਝ ਬੇਕਾਰ ਸਾਬਤ ਹੁੰਦਾ ਹੈ। ਬਲਕਿ ਇਸ ਸਮੇਂ ਸਿਰ ’ਤੇ ਪਛਤਾਵੇ ਦਾ ਭਾਰ ਹੀ ਏਨਾ ਚੜ੍ਹਿਆ ਹੁੰਦਾ ਹੈ ਕਿ ਉਹ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੁੰਦਾ।

ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਸੱਚੀ ਗੱਲ ਇਹ ਹੈ ਕਿ ਸੱਚ-ਸਰੂਪ ਪ੍ਰਭੂ ਦੇ ਇਲਾਵਾ ਹੋਰ ਕੋਈ ਵੀ ਸਾਥ ਨਹੀਂ ਨਿਭਦਾ। ਭਾਵ, ਸੱਚ ਹੀ ਸਹਾਈ ਹੁੰਦਾ ਹੈ।

Tags