ਅਲਾਹਣੀਆਂ ਮੌਤ ਨਾਲ ਸੰਬੰਧਤ ਪੰਜਾਬੀ ਲੋਕ ਕਾਵਿ-ਰੂਪ ਹੈ। ਇਸ ਦੁਨਿਆਵੀ ਕਾਵਿ-ਰੂਪ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਅਧਿਆਤਮਕ ਪ੍ਰਸੰਗ ਵਿਚ ‘ਅਲਾਹਣੀਆ’ ਬਾਣੀ ਦਾ ਉਚਾਰਣ ਕੀਤਾ ਹੈ। ਇਸ ਚਉਥੀ ਅਲਾਹਣੀ ਦੇ ਪਹਿਲੇ ਪਦੇ ਵਿਚ ਉਪਦੇਸ਼ ਹੈ ਕਿ ਪ੍ਰਭੂ ਨੂੰ ਹਰੇਕ ਥਾਂ ਅਤੇ ਹਰੇਕ ਜੀਵ ਵਿਚ ਵਿਆਪਕ ਜਾਣਨਾ ਚਾਹੀਦਾ ਹੈ। ਦੂਜੇ ਵਿਚ ਦੱਸਿਆ ਹੈ ਕਿ ਮਨੁਖ ਦਾ ਸੰਸਾਰ ’ਤੇ ਆਉਣਾ-ਜਾਣਾ ਅਤੇ ਮੰਦੇ-ਚੰਗੇ ਕਰਮ ਕਮਾਉਣਾ ਪ੍ਰਭੂ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ। ਤੀਜੇ ਪਦੇ ਵਿਚ ਉਨ੍ਹਾਂ ਔਕੜਾਂ ਦਾ ਜਿਕਰ ਹੈ, ਜਿਨ੍ਹਾਂ ਦਾ ਸਾਹਮਣਾ ਵਿਕਾਰ-ਗ੍ਰਸਤ ਜੀਵ ਨੂੰ ਪਰਲੋਕ ਨੂੰ ਜਾਣ ਵਾਲੇ ਰਸਤੇ ’ਤੇ ਕਰਨਾ ਪੈਂਦਾ ਹੈ। ਚਉਥੇ ਵਿਚ ਪ੍ਰਭੂ ਦੇ
ਨਾਮ ਨਾਲ ਜੁੜੇ ਅਤੇ ਨਾਮ ਤੋਂ ਹੀਣੇ ਮਨੁਖਾਂ ਦੀ ਦਸ਼ਾ ਦਾ ਵਰਣਨ ਕੀਤਾ ਹੈ। ਇਸ ਵਿਚ ਦੱਸਿਆ ਹੈ ਕਿ ਨਾਮ ਨਾਲ ਜੁੜੇ ਮਨੁਖ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਉਂਦੇ ਹਨ ਜਦਕਿ ਨਾਮ ਤੋਂ ਹੀਣੇ ਮਨੁਖ ਬਹੁਤ ਉੱਦਮ ਕਰਨ ਦੇ ਬਾਵਜੂਦ ਵੀ ਕੁਝ ਨਹੀਂ ਖਟਦੇ, ਸਗੋਂ ਆਪਣਾ ਜੀਵਨ ਅਜਾਈਂ ਗਵਾ ਲੈਂਦੇ ਹਨ।
ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥
ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥
ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥
ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥
ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥
ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥
-ਗੁਰੂ ਗ੍ਰੰਥ ਸਾਹਿਬ ੫੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਕਿਸੇ ਸਤਿਕਾਰਜੋਗ ਬਜ਼ੁਰਗ ਨੂੰ ਮੁਖਾਤਬ ਹੋਣ ਦੇ ਅੰਦਾਜ਼ ਵਿਚ ਦੱਸਿਆ ਗਿਆ ਹੈ ਕਿ ਜਿਹੜਾ ਵੀ ਕੋਈ ਸੰਸਾਰ ਵਿਚ ਆਇਆ ਹੈ, ਉਸਨੇ ਇਕ ਨਾ ਇਕ ਦਿਨ ਇੱਥੋਂ ਚਲੇ ਹੀ ਜਾਣਾ ਹੈ। ਭਾਵ ਕਿਸੇ ਨੇ ਵੀ ਇਥੇ ਸਦਾ ਨਹੀਂ ਰਹਿਣਾ। ਕਿਉਂਕਿ ਇਹ ਸੰਸਾਰ ਕੇਵਲ ਇਕ ਪੜਾਅ ਹੈ, ਮੰਜਲ ਨਹੀਂ।
ਪਿਛਲੇ ਕੀਤੇ ਕਰਮਾਂ ਦੇ ਲੇਖੇ-ਜੋਖੇ ਦੇ ਹਿਸਾਬ ਨਾਲ ਸੱਚਾ ਮਾਲਕ ਪ੍ਰਭੂ ਹਰ ਕਿਸੇ ਦੇ ਹਿੱਸੇ ਵਿਚ ਦੁਖ-ਸੁਖ ਲਿਖ ਦਿੰਦਾ ਹੈ। ਭਾਵ, ਹਰ ਕੋਈ ਕੀਤੇ ਕਰਮਾਂ ਅਨੁਸਾਰ ਦੁਖ-ਸੁਖ ਭੋਗਦਾ ਹੈ।
ਜੀਵ ਨੇ ਜਿਹੋ-ਜਿਹੇ ਕਰਮ ਕੀਤੇ ਹੁੰਦੇ ਹਨ, ਉਹੀ ਕਰਮ ਉਸ ਦੇ ਨਾਲ ਨਿਭਦੇ ਹਨ। ਉਨ੍ਹਾਂ ਦੇ ਹਿਸਾਬ ਨਾਲ ਹੀ ਉਸ ਨੂੰ ਆਪਣੇ ਜੀਵਨ ਵਿਚ ਦੁਖ-ਸੁਖ ਭੋਗਣੇ ਪੈਂਦੇ ਹਨ।
ਮਹੱਤਵਪੂਰਣ ਗੱਲ ਇਹ ਵੀ ਹੈ ਕਿ ਮਨੁਖ ਉਹੋ-ਜਿਹੇ ਕਰਮ ਹੀ ਕਰਦਾ ਹੈ, ਜਿਹੋ-ਜਿਹੇ ਸ੍ਰਿਸ਼ਟੀ ਦਾ ਕਰਤਾ ਪ੍ਰਭੂ ਉਸ ਕੋਲੋਂ ਕਰਵਾਉਂਦਾ ਹੈ। ਮਨੁਖ ਦੇ ਆਪਣੇ ਹੱਥ-ਵਸ ਕੁਝ ਵੀ ਨਹੀਂ ਹੈ, ਭਾਵ ਉਸ ਦੀ ਕੋਈ ਚੋਣ ਨਹੀਂ ਹੁੰਦੀ ਕਿ ਉਸ ਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ।
ਪ੍ਰਭੂ ਨੇ ਸ੍ਰਿਸ਼ਟੀ ਦਾ ਸਾਰਾ ਕਾਰ-ਵਿਹਾਰ ਹਰ ਤਰ੍ਹਾਂ ਨਾਲ ਨੇਮਬੱਧ ਕੀਤਾ ਹੋਇਆ ਹੈ। ਉਸ ਨੇ ਸਾਰੇ ਜੀਵਾਂ ਨੂੰ ਮੋਹ-ਮਾਇਆ ਦੇ ਧੰਦੇ ਵਿਚ ਪਾਇਆ ਹੋਇਆ ਹੈ, ਪਰ ਉਹ ਆਪ ਇਸ ਨਿਯਮ ਤੋਂ ਨਿਰਲੇਪ ਰਹਿੰਦਾ ਹੈ। ਹਾਂ, ਉਸ ਦਾ ਹੁਕਮ ਹੋਵੇ ਤਾਂ ਉਹ ਕਿਸੇ ਨੂੰ ਵੀ ਇਸ ਜੰਜਾਲ ਤੋਂ ਮੁਕਤ ਕਰ ਸਕਦਾ ਹੈ। ਭਾਵ, ਸਭ ਕੁਝ ਉਸ ਦੇ ਹੁਕਮ ਵਿਚ ਹੀ ਹੋ ਰਿਹਾ ਹੈ।
ਇਸ ਪਦੇ ਦੇ ਅੰਤ ਵਿਚ ਦੱਸਿਆ ਗਿਆ ਹੈ ਕਿ ਮਨੁਖ ਨੂੰ ਪ੍ਰਭੂ ਦੇ ਇਸ ਨਿਯਮ ਦੀ ਸਮਝ ਨਹੀਂ ਲੱਗਦੀ। ਇਸ ਕਰਕੇ ਦੁਵਿਧਾ ਵਿਚ ਪਿਆ ਹੋਇਆ ਮਨੁਖ ਵਿਕਾਰਾਂ ਵਿਚ ਮਸਤ ਹੋਇਆ ਰਹਿੰਦਾ ਹੈ। ਅੱਜ-ਕੱਲ੍ਹ ਅੱਜ-ਕੱਲ੍ਹ ਕਰਦਿਆਂ ਹੀ ਉਸ ਦੀ ਤਮਾਮ ਉਮਰ ਬਤੀਤ ਹੋ ਜਾਂਦੀ।