ਅਲਾਹਣੀਆਂ ਮੌਤ ਨਾਲ ਸੰਬੰਧਤ ਪੰਜਾਬੀ ਲੋਕ ਕਾਵਿ-ਰੂਪ ਹੈ। ਇਸ ਦੁਨੀਆਵੀ ਕਾਵਿ-ਰੂਪ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਅਧਿਆਤਮ ਦੇ ਪ੍ਰਸੰਗ ਵਿਚ ਇਸ ਬਾਣੀ ਨੂੰ ਉਚਾਰਣ ਕੀਤਾ ਹੈ। ਇਸ ਅਲਾਹਣੀ ਦੇ ਪਹਿਲੇ ਅਤੇ ਦੂਜੇ ਪਦੇ ਵਿਚ ਪ੍ਰਭੂ ਦੀਆਂ ਵਡਿਆਈਆਂ ਦਾ ਵਰਣਨ ਹੈ। ਤੀਜੇ ਪਦੇ ਵਿਚ ਜੀਵ ਦੀ ਵਿਕਾਰ-ਗ੍ਰਸਤ ਹਾਲਤ ਨੂੰ ਬਿਆਨ ਕੀਤਾ ਗਿਆ ਹੈ। ਚੌਥੇ ਪਦੇ ਵਿਚ ਮੌਤ ਨੂੰ ਪ੍ਰਭੂ ਦੇ ਹੁਕਮ ਵਿਚ ਵਾਪਰਦੀ ਹੋਈ ਦਰਸਾ ਕੇ ਮਨੁਖ ਨੂੰ ਧਰਵਾਸ ਦਿੱਤਾ ਗਿਆ ਹੈ। ਮੌਤ ਉਪਰੰਤ ਸੰਸਾਰ ਵਿਚ ਅਤੇ ਪ੍ਰਭੂ ਦੀ ਦਰਗਾਹ ਵਿਚ ਜੀਵ-ਆਤਮਾ ਦੀ ਸਥਿਤੀ ਨੂੰ ਪੰਜਵੇਂ ਤੇ ਛੇਵੇਂ ਪਦੇ ਵਿਚ ਦਰਸਾਇਆ ਗਿਆ ਹੈ। ਸਤਵੇਂ ਪਦੇ ਵਿਚ ਅਜਾਈਂ ਉਮਰ ਗੁਆ ਚੁੱਕੇ ਜੀਵ ਦੇ ਪਛਤਾਵੇ ਨੂੰ ਪੇਸ਼ ਕਰ ਕੇ ਪ੍ਰਭੂ ਦੀ ਯਾਦ ਵਿਚ ਜੁੜਨ ਦਾ ਉਪਦੇਸ਼ ਹੈ। ਅਠਵੇਂ ਪਦੇ ਵਿਚ ਗੁਰ-ਸ਼ਬਦ ਨਾਲ ਜੁੜਨ ਸਦਕਾ ਜੀਵ ਦੀ ਸੁਖਮਈ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ।
ਗੁਰਿ ਮਿਲਿਐ ਵੇਸੁ ਪਲਟਿਆ ਸਾਧਨ ਸਚੁ ਸੀਗਾਰੋ ॥
ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ ॥
ਬਈਅਰਿ ਨਾਮਿ ਸੋੁਹਾਗਣੀ ਸਚੁ ਸਵਾਰਣਹਾਰੋ ॥
ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ ॥੮॥੩॥
-ਗੁਰੂ ਗ੍ਰੰਥ ਸਾਹਿਬ ੫੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ-ਮਿਲਾਪ ਲਈ ਤਾਂਘਦੇ ਜਗਿਆਸੂ ਨੂੰ ਜਦ ਗਿਆਨ-ਸਰੂਪ ਗੁਰੂ ਮਿਲਿਆ ਤਾਂ ਉਸ ਦੀ ਸਖਸ਼ੀਅਤ ਤੇ ਸੁਭਾਅ ਹੀ ਬਦਲ ਗਿਆ। ਗਿਆਨ-ਰੂਪ ਸੱਚ ਦਾ ਪ੍ਰਕਾਸ਼ ਹੀ ਉਸ ਦਾ ਸ਼ਿੰਗਾਰ ਹੋ ਗਿਆ।
ਫਿਰ ਉਹ ਜਗਿਆਸੂ ਰੂਹ ਆਪਣੇ ਹੋਰ ਸੰਗੀ-ਸਾਥੀਆਂ ਨੂੰ ਆਖਦੀ ਹੈ ਕਿ ਆਉ, ਰਲ-ਮਿਲ ਕੇ ਸੰਗਤ ਰੂਪ ਵਿਚ ਸ੍ਰਿਸ਼ਟੀ ਦੇ ਸਿਰਜਣਹਾਰ ਪ੍ਰਭੂ ਦਾ ਸਿਮਰਨ ਕਰੀਏ। ਭਾਵ, ਉਸ ਦੇ ਅੰਦਰ ਸੰਗਤ ਲਈ ਪ੍ਰੇਮ ਜਾਗਦਾ ਹੈ।
ਮਾਲਕ ਪ੍ਰਭੂ ਦੇ ਨਾਮ-ਸਿਮਰਨ ਸਦਕਾ ਜਗਿਆਸੂ ਰੂਹ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ। ਕਿਉਂਕਿ ਸੱਚ-ਸਰੂਪ ਪ੍ਰਭੂ ਸਭ ਦੀ ਵਿਗੜੀ ਹੋਈ ਹਾਲਤ ਸਵਾਰ ਦਿੰਦਾ ਹੈ।
ਅਖੀਰ ਵਿਚ ਗਿਆਨ ਸਰੂਪ ਪ੍ਰਭੂ ਦੀ ਵਿਚਾਰ ਕਰਨ ਲਈ ਕਿਹਾ ਗਿਆ ਹੈ ਤੇ ਪ੍ਰਭੂ ਦੀ ਸਿਫਤਿ-ਸ਼ਲਾਘਾ ਦਾ ਗਾਇਨ ਕਰਨ ਲਈ ਆਦੇਸ਼ ਕੀਤਾ ਗਿਆ ਹੈ। ਨਾਮ-ਸਿਮਰਨ ਦੀ ਬਰਕਤ ਸਦਕਾ ਪ੍ਰਭੂ ਨਾਲੋਂ ਵਿਛੋੜਾ ਨਹੀਂ ਪੈਂਦਾ।