Guru Granth Sahib Logo
  
ਅਲਾਹਣੀਆਂ ਮੌਤ ਨਾਲ ਸੰਬੰਧਤ ਪੰਜਾਬੀ ਲੋਕ ਕਾਵਿ-ਰੂਪ ਹੈ। ਇਸ ਦੁਨੀਆਵੀ ਕਾਵਿ-ਰੂਪ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਅਧਿਆਤਮ ਦੇ ਪ੍ਰਸੰਗ ਵਿਚ ਇਸ ਬਾਣੀ ਨੂੰ ਉਚਾਰਣ ਕੀਤਾ ਹੈ। ਇਸ ਅਲਾਹਣੀ ਦੇ ਪਹਿਲੇ ਅਤੇ ਦੂਜੇ ਪਦੇ ਵਿਚ ਪ੍ਰਭੂ ਦੀਆਂ ਵਡਿਆਈਆਂ ਦਾ ਵਰਣਨ ਹੈ। ਤੀਜੇ ਪਦੇ ਵਿਚ ਜੀਵ ਦੀ ਵਿਕਾਰ-ਗ੍ਰਸਤ ਹਾਲਤ ਨੂੰ ਬਿਆਨ ਕੀਤਾ ਗਿਆ ਹੈ। ਚੌਥੇ ਪਦੇ ਵਿਚ ਮੌਤ ਨੂੰ ਪ੍ਰਭੂ ਦੇ ਹੁਕਮ ਵਿਚ ਵਾਪਰਦੀ ਹੋਈ ਦਰਸਾ ਕੇ ਮਨੁਖ ਨੂੰ ਧਰਵਾਸ ਦਿੱਤਾ ਗਿਆ ਹੈ। ਮੌਤ ਉਪਰੰਤ ਸੰਸਾਰ ਵਿਚ ਅਤੇ ਪ੍ਰਭੂ ਦੀ ਦਰਗਾਹ ਵਿਚ ਜੀਵ-ਆਤਮਾ ਦੀ ਸਥਿਤੀ ਨੂੰ ਪੰਜਵੇਂ ਤੇ ਛੇਵੇਂ ਪਦੇ ਵਿਚ ਦਰਸਾਇਆ ਗਿਆ ਹੈ। ਸਤਵੇਂ ਪਦੇ ਵਿਚ ਅਜਾਈਂ ਉਮਰ ਗੁਆ ਚੁੱਕੇ ਜੀਵ ਦੇ ਪਛਤਾਵੇ ਨੂੰ ਪੇਸ਼ ਕਰ ਕੇ ਪ੍ਰਭੂ ਦੀ ਯਾਦ ਵਿਚ ਜੁੜਨ ਦਾ ਉਪਦੇਸ਼ ਹੈ। ਅਠਵੇਂ ਪਦੇ ਵਿਚ ਗੁਰ-ਸ਼ਬਦ ਨਾਲ ਜੁੜਨ ਸਦਕਾ ਜੀਵ ਦੀ ਸੁਖਮਈ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ।
ਆਵਾਗਵਣੁ ਸਿਰਜਿਆ   ਤੂ ਥਿਰੁ ਕਰਣੈਹਾਰੋ
ਜੰਮਣੁ ਮਰਣਾ  ਆਇ ਗਇਆ   ਬਧਿਕੁ ਜੀਉ ਬਿਕਾਰੋ
ਭੂਡੜੈ ਨਾਮੁ ਵਿਸਾਰਿਆ   ਬੂਡੜੈ ਕਿਆ ਤਿਸੁ ਚਾਰੋ
ਗੁਣ ਛੋਡਿ ਬਿਖੁ ਲਦਿਆ   ਅਵਗੁਣ ਕਾ ਵਣਜਾਰੋ ॥੩॥
-ਗੁਰੂ ਗ੍ਰੰਥ ਸਾਹਿਬ ੫੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪ੍ਰਭੂ ਨੂੰ ਮੁਖਾਤਬ ਹੁੰਦੇ ਹੋਏ ਦੱਸਿਆ ਗਿਆ ਹੈ ਕਿ ਉਸ ਨੇ ਅਵਾਗਉਣ ਵਾਲੇ ਇਸ ਸੰਸਾਰ ਦੀ ਸਿਰਜਣਾ ਕੀਤੀ ਹੈ। ਪਰ ਇਸ ਸਭ ਕਾਸੇ ਦਾ ਕਰਤਾ-ਧਰਤਾ ਆਪ ਹਮੇਸ਼ਾ ਕਾਇਮ ਰਹਿਣ ਵਾਲਾ ਹੈ; ਭਾਵ, ਉਹ ਆਉਣ-ਜਾਣ ਵਾਲਾ ਨਹੀਂ ਹੈ।

ਜਨਮ ਤੇ ਮੌਤ, ਭਾਵ ਉਤਪਤੀ (ਪੈਦਾ ਹੋਣਾ) ਤੇ ਵਿਨਾਸ਼ (ਮਰ ਜਾਣਾ) ਇਸ ਸੰਸਾਰ ਦਾ ਨਿਯਮ ਹੈ। ਜੀਵ ਇਥੇ ਆਉਂਦਾ ਹੈ ਤੇ ਚਲਾ ਜਾਂਦਾ ਹੈ। ਉਹ ਬੇਮਤਲਬ ਹੀ ਸੰਸਾਰਕ ਵਸਤੂਆਂ ਨਾਲ ਪਿਆਰ ਪਾ ਕੇ ਮੋਹ ਮਾਇਆ ਦੇ ਜਾਲ ਵਿਚ ਫਸ ਜਾਂਦਾ ਹੈ।

ਸਿਰਜਣਹਾਰ ਪ੍ਰਭੂ ਦੇ ਨਾਮ ਨੂੰ ਵਿਸਾਰ ਕੇ ਵਿਸ਼ੇ-ਵਿਕਾਰਾਂ ਵਿਚ ਡੁੱਬੇ ਹੋਏ ਜੀਵ ਲਈ ਨਿਕਲਣ ਦਾ ਕੋਈ ਚਾਰਾ ਨਹੀਂ ਹੈ। 

ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਇਸ ਜੀਵ ਨੇ ਗੁਣ ਰੂਪ ਚੰਗਿਆਈ ਦੀ ਬਜਾਏ ਜ਼ਹਿਰ ਰੂਪ ਬੁਰਿਆਈ ਦਾ ਮਣਾ ਮੂੰਹੀਂ ਭਾਰ ਇਕੱਠਾ ਕਰ ਲਿਆ ਹੈ। ਹੁਣ ਸਮਾਜ ਵਿਚ ਔਗੁਣਾਂ ਦਾ ਵਪਾਰ ਕਰ ਰਿਹਾ ਹੈ। ਭਾਵ, ਨੇਕੀ ਦੀ ਬਜਾਏ ਬਦੀ ਫੈਲਾ ਰਿਹਾ ਹੈ।
Tags