ਪੰਜਾਬੀ ਸਭਿਆਚਾਰ ਵਿਚ ਮੌਤ ਨਾਲ ਸੰਬੰਧਤ ਲੋਕ ਕਾਵਿ-ਰੂਪ ‘ਅਲਾਹਣੀਆਂ’ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਪ੍ਰਭੂ ਹੁਕਮ ਅਨੁਸਾਰ ਵਾਪਰਨ ਵਾਲੀ ਮੌਤ ਦੀ ਅਟੱਲਤਾ ਦਰਸਾ ਕੇ ਮਨੁਖ ਨੂੰ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਹੈ। ਦੂਜੇ ਪਦੇ ਵਿਚ ਸੰਸਾਰਕ ਪ੍ਰਚਲਨ ਵਾਂਗ ਮੌਤ ਨੂੰ ਮਾੜਾ ਨਹੀਂ, ਸਗੋਂ ਚੰਗਾ ਮੰਨਿਆ ਗਿਆ ਹੈ। ਇਸ ਮਾਣਮੱਤੀ ਮੌਤ ਦੀ ਪ੍ਰਾਪਤੀ ਲਈ ਸੁਚੱਜੀ ਜੀਵਨ-ਜਾਚ ਅਤੇ ਪ੍ਰਭੂ ਸਿਮਰਨ ਨੂੰ ਲਾਜਮੀ ਰਸਾਇਆ ਹੈ। ਤੀਜੇ ਪਦੇ ਵਿਚ ਅਜਿਹੀ ਮੌਤ ਮਰਨ ਵਾਲੇ ਸੂਰਮੇ ਮਨੁਖਾਂ ਦੀ ਮੌਤ ਨੂੰ ਸਫਲ ਮੰਨਿਆ ਹੈ ਅਤੇ ਬਾਕੀ ਮਨੁਖਾਂ ਨੂੰ ਨਿਮਰਤਾ ਸਹਿਤ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ ਹੈ। ਚੌਥੇ ਪਦੇ ਵਿਚ ਫਿਰ ਸੰਸਾਰਕ ਨਾਸ਼ਵਾਨਤਾ ਦਾ ਸੰਕਲਪ ਦ੍ਰਿੜ ਕਰਵਾ ਕੇ ਸਮੁੱਚੇ ਵਿਚਾਰ ਨੂੰ ਸਮੇਟਿਆ ਗਿਆ ਹੈ ਕਿ ਇਸ ਸੰਸਾਰ ’ਤੇ ਆਉਣ ਵਾਲੇ ਹਰ ਇਕ ਮਨੁਖ ਨੇ ਇਥੋਂ ਜਾਣਾ ਹੈ। ਇਸ ਸੰਸਾਰਕ ਖੇਡ ਨੂੰ ਪ੍ਰਭੂ ਆਪ ਹੀ ਜਾਣਦਾ ਹੈ। ਸੋ, ਮੌਤ ’ਤੇ ਰੋਣ ਦੀ ਥਾਂ ਪ੍ਰਭੂ ਸਿਮਰਨ ਨਾਲ ਹੀ ਜੁੜਨਾ ਚਾਹੀਦਾ ਹੈ।
ਵਡਹੰਸੁ ਮਹਲਾ ੧ ॥
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥
ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮਾ੍ਲੇਹਾਂ ॥
ਸਾਹਿਬੁ ਸਮਾ੍ਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥
ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥
ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥
-ਗੁਰੂ ਗ੍ਰੰਥ ਸਾਹਿਬ ੫੭੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਜਗਿਆਸੂ ਆਪਣੇ ਸੰਗੀ ਜਗਿਆਸੂ ਸਾਥੀਆਂ ਨੂੰ ਸੰਗਤ ਰੂਪ ਵਿਚ ਜੁੜਨ ਲਈ ਸੱਦਾ ਦੇ ਰਿਹਾ ਹੈ ਤਾਂ ਕਿ ਉਹ ਮਿਲ ਕੇ ਆਪਣੇ ਸੱਚ-ਸਰੂਪ ਪਿਆਰੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ।
ਉਸ ਦਾ ਵਿਚਾਰ ਹੈ ਕਿ ਕਿਸੇ ਦੇ ਤੁਰ ਜਾਣ ’ਤੇ ਰੋਣ ਕੁਰਲਾਉਣ ਦੀ ਲੋੜ ਨਹੀਂ, ਬਲਕਿ ਪ੍ਰਭੂ ਨਾਲ ਆਪਣੇ ਨਿੱਜੀ ਵਿਛੋੜੇ ਦੀ ਚਿੰਤਾ ਕਰਨ ਦੀ ਜਰੂਰਤ ਹੈ। ਇਸ ਵਿਛੋੜੇ ਨੂੰ ਮੇਟਣ ਲਈ ਆਪਣੇ ਮਾਲਕ ਪ੍ਰਭੂ ਦੀ ਯਾਦ ਨੂੰ ਆਪਣੇ ਹਿਰਦੇ ਵਿਚ ਵਸਾਉਣ ਦੀ ਲੋੜ ਹੈ।
ਫਿਰ ਦੁਹਰਾਇਆ ਗਿਆ ਹੈ ਕਿ ਆਪਣੇ ਮਾਲਕ ਪ੍ਰਭੂ ਦੀ ਯਾਦ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਉਸ ਵੱਲ ਜਾਂਦੇ ਰਾਹ ਦੀ ਖੋਜ ਕਰ ਲਈ ਜਾਵੇ। ਭਾਵ, ਉਸ ਨੂੰ ਮਿਲਣ ਦਾ ਤਰੀਕਾ ਪਤਾ ਕਰ ਲਿਆ ਜਾਵੇ। ਕਿਉਂਕਿ ਅਖੀਰ ਸਭ ਨੇ ਹੀ ਉਸ ਕੋਲ ਜਾਣਾ ਤੇ ਉਸ ਨੂੰ ਮਿਲਣਾ ਹੈ।
ਜਿਸ ਪ੍ਰਭੂ ਨੇ ਜੀਵ ਨੂੰ ਦੁਨੀਆਂ ’ਤੇ ਭੇਜਿਆ ਹੈ, ਉਸ ਨੇ ਹੀ ਉਸ ਜੀਵ ਨੂੰ ਆਪਣੇ ਕੋਲ ਬੁਲਾ ਲਿਆ ਹੈ। ਇਹ ਸਭ ਉਸ ਦੇ ਹੁਕਮ ਵਿਚ ਹੀ ਹੁੰਦਾ ਹੈ, ਭਾਵ ਕਿਸੇ ਦੇ ਤੁਰ ਜਾਣ ’ਤੇ ਰੋਣਾ ਕੁਰਲਾਉਣਾ ਠੀਕ ਨਹੀਂ ਹੈ।
ਤੁਰ ਜਾਣ ਵਾਲੇ ਜੀਵ ਨੇ ਆਪਣੇ ਜੀਵਨ ਵਿਚ ਜੋ ਕੁਝ ਵੀ ਕੀਤਾ ਸੀ ਤੇ ਜੋ ਵੀ ਉਸ ਦਾ ਫਲ, ਪ੍ਰਾਪਤੀ ਜਾਂ ਹਾਸਲ ਸੀ, ਉਹੀ ਸਭ ਕੁਝ ਹੁਣ ਉਸ ਦੇ ਸਾਹਮਣੇ ਆ ਗਿਆ ਹੈ। ਪ੍ਰਭੂ ਦੇ ਇਸ ਹੁਕਮ ਜਾਂ ਭਾਣੇ ਅੱਗੇ ਅਸੀਂ ਕੀ ਕਰ ਸਕਦੇ ਹਾਂ, ਭਾਵ ਸਾਡਾ ਰੋਣਾ-ਧੋਣਾ ਪ੍ਰਭੂ ਦੇ ਨਿਯਮ ਨੂੰ ਬਦਲ ਨਹੀਂ ਸਕਦਾ।
ਇਸ ਕਰਕੇ ਜਗਿਆਸੂ ਆਪਣੇ ਸੰਗੀ ਜਗਿਆਸੂ ਸਾਥੀਆਂ ਨੂੰ ਸੱਦਾ ਦਿੰਦਾ ਹੈ ਕਿ ਆਉ, ਮਿਲ ਕੇ ਪ੍ਰਭੂ ਦੇ ਨਾਮ ਰੂਪ ਸੱਚ ਨੂੰ ਸਵੀਕਾਰ ਕਰੀਏ, ਭਾਵ ਆਪਣੇ ਹਿਰਦੇ ਵਿਚ ਵਸਾਈਏ।