Guru Granth Sahib Logo
  
ਪਿਛਲੀ ਪਉੜੀ ਵਿਚ ਜਿਹੜੇ ਵਾਜੇ (ਪੰਚ ਸ਼ਬਦ) ਵੱਜਣ ਦਾ ਜਿਕਰ ਹੈ, ਨਾਮ ਅਭਿਆਸੀ ਉਨ੍ਹਾਂ ਵਿਚ ਲੀਨ ਨਹੀਂ ਹੁੰਦਾ। ਉਸ ਦਾ ਨਿਸ਼ਾਨਾ ਪ੍ਰਭੂ-ਮਿਲਾਪ ਹੁੰਦਾ ਹੈ ਤੇ ਉਹ ਉਸ ਪ੍ਰਭੂ ਦੇ ਸੱਚੇ ਨਾਮ ਵਿਚ ਹੀ ਲਿਵ ਲਾਈ ਰਖਦਾ ਹੈ। ਸਦਾ-ਥਿਰ ਨਾਮ ਅਥਵਾ ਸੱਚੇ ਸ਼ਬਦ ਦੀ ਲਗਨ ਤੋਂ ਬਗੈਰ, ਇਹ ਮਨੁਖਾ-ਦੇਹੀ ਨਿਸ਼ਫਲ ਹੈ। ਸ਼ਬਦ ਨਾਲ ਲੱਗ ਕੇ ਹੀ ਇਹ ਦੇਹੀ ਸਫਲ ਹੋ ਸਕਦੀ ਹੈ।
ਸਾਚੀ ਲਿਵੈ ਬਿਨੁ ਦੇਹ ਨਿਮਾਣੀ
ਦੇਹ ਨਿਮਾਣੀ ਲਿਵੈ ਬਾਝਹੁ   ਕਿਆ ਕਰੇ ਵੇਚਾਰੀਆ
ਤੁਧੁ ਬਾਝੁ ਸਮਰਥ ਕੋਇ ਨਾਹੀ   ਕ੍ਰਿਪਾ ਕਰਿ ਬਨਵਾਰੀਆ
ਏਸ ਨਉ ਹੋਰੁ ਥਾਉ ਨਾਹੀ   ਸਬਦਿ ਲਾਗਿ ਸਵਾਰੀਆ
ਕਹੈ ਨਾਨਕੁ  ਲਿਵੈ ਬਾਝਹੁ   ਕਿਆ ਕਰੇ ਵੇਚਾਰੀਆ ॥੬॥
-ਗੁਰੂ ਗ੍ਰੰਥ ਸਾਹਿਬ ੯੧੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੀਆਂ ਪਉੜੀਆਂ ਵਿਚ ਪਾਤਸ਼ਾਹ ਨੇ ਹਿਰਦੇ ਅੰਦਰ ਸੱਚੇ ਨਾਮ ਦੇ ਵਸ ਜਾਣ ਨਾਲ ਪੈਦਾ ਹੋਏ ਅਨੰਦ ਦਾ ਜਿਕਰ ਕੀਤਾ ਹੈ। ਇਸ ਪਉੜੀ ਵਿਚ ਅਨੰਦ ਦੇ ਮੁਜੱਸਮੇ ਪ੍ਰਭੂ ਨਾਲ ਲਿਵ ਲਾਉਣ ਦੀ ਅਹਿਮੀਅਤ ਦਰਸਾਈ ਹੈ। 

‘ਲਿਵ’ ਅਸਲ ਵਿਚ ਮਨ ਦੇ ਅਜਿਹੇ ਰੁਝਾਨ ਜਾਂ ਲਗਨ ਨੂੰ ਕਹਿੰਦੇ ਹਨ, ਜਿਸ ਵਿਚ ਲਗਾਤਾਰਤਾ ਦੇ ਨਾਲ ਗੰਭੀਰਤਾ ਵੀ ਸ਼ਾਮਲ ਹੁੰਦੀ ਹੈ। ਇਸ ਦੇ ਇਲਾਵਾ ਇਹ ਵੀ ਮਹੱਤਵਪੂਰਣ ਹੈ ਕਿ ਲਿਵ ਲੱਗੀ ਕਿਥੇ ਹੈ? ਜਿਸ ਲਿਵ ਦੀ ਪਾਤਸ਼ਾਹ ਗੱਲ ਕਰ ਰਹੇ ਹਨ, ਉਸ ਲਿਵ ਦਾ ਸੱਚੇ ਸ਼ਬਦ ਨਾਲ ਲੱਗੇ ਜਾਂ ਜੁੜੇ ਹੋਣਾ ਲਾਜ਼ਮੀ ਗੁਣ ਹੈ। ਇਸ ਦੀ ਗੰਭੀਰਤਾ, ਲਗਾਤਾਰਤਾ ਤੇ ਸੱਚ ਨਾਲ ਜੁੜੇ ਹੋਣ ਕਾਰਣ ਹੀ ਇਸ ਨੂੰ ਸੱਚੀ ਲਿਵ ਕਿਹਾ ਗਿਆ ਹੈ।

ਪਾਤਸ਼ਾਹ ਦਾ ਫੁਰਮਾਨ ਹੈ ਕਿ ਜਿਸ ਇਨਸਾਨ ਦੇ ਦਿਲ ਵਿਚ ਸੱਚੀ ਲਿਵ ਨਹੀਂ ਲੱਗੀ, ਉਸ ਇਨਸਾਨ ਦੀ ਦੇਹੀ ਬਿਲਕੁਲ ਨਿਮਾਣੀ ਹੈ। ਇਥੇ ਨਿਮਾਣੀ ਹੋਣ ਦਾ ਅਰਥ ਨਿਗੂਣੀ ਹੋਣਾ ਹੈ। ਕਿਉਂਕਿ ਅਸੀਂ ਆਪਣੇ ਕਿਸੇ ਗੁਣ ਕਾਰਣ ਹੀ ਮਾਣ ਮਹਿਸੂਸ ਕਰਦੇ ਹਾਂ। ਜੇਕਰ ਗੁਣ ਹੀ ਕੋਈ ਨਾ ਹੋਵੇ ਤਾਂ ਦਿਲ ’ਤੇ ਨਿਮਾਣੇ ਹੋਣ ਦਾ ਭਾਵ ਤਾਰੀ ਹੋ ਜਾਂਦਾ ਹੈ।

ਸੱਚੇ ਸ਼ਬਦ ਦੀ ਖੋਜ, ਲਗਨ ਜਾਂ ਲਿਵ ਦੇ ਇਲਾਵਾ ਦੂਜਾ ਰਾਹ ਪਦਾਰਥਾਂ ਦੀ ਚਕਾਚੌਂਧ ਦਾ ਹੈ। ਅਸੀਂ ਕਿਸੇ ਵੀ ਰਸਤੇ ਤੁਰ ਸਕਦੇ ਹਾਂ ਤੇ ਜਿਹੜੇ ਵੀ ਰਸਤੇ ਅਸੀਂ ਤੁਰੀਏ, ਉਸ ਰਸਤੇ ਦੇ ਚੰਗੇ-ਬੁਰੇ ਨਤੀਜੇ ਸਾਡੇ ਸਾਹਮਣੇ ਆ ਜਾਂਦੇ ਹਨ। ਚੌਥੇ ਪਾਤਸ਼ਾਹ ਦਾ ਫੁਰਮਾਨ ਹੈ: ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥

ਇਸੇ ਕਰਕੇ ਪਾਤਸ਼ਾਹ ਆਪਣੇ ਵਿਸ਼ੇਸ਼ ਚੱਕਰੀ ਕਾਵਿਕ ਅੰਦਾਜ਼ (cyclic poetic technique) ਵਿਚ ਫਿਰ ਸੱਚੀ ਲਿਵ ਦੀ ਅਹਿਮੀਅਤ ਉਜਾਗਰ ਕਰਦੇ ਹੋਏ ਦੱਸਦੇ ਹਨ ਕਿ ਸੱਚੀ ਲਿਵ ਬਿਨਾਂ ਦੇਹ ਦੀ ਅਵਸਥਾ ਹੀਣ, ਵਿਚਾਰੀ ਅਤੇ ਕੁਝ ਵੀ ਕਰਨ ਤੋਂ ਅਸਮਰਥ ਰਹਿੰਦੀ ਹੈ।

ਪਾਤਸ਼ਾਹ ਸੱਚੀ ਲਿਵ ਤੋਂ ਵਿਹੂਣੀ ਅਤੇ ਨਿਮਾਣੀ ਦੇਹ ਲਈ, ਸਰਬ-ਸਮਰਥ ਪ੍ਰਭੂ ਅੱਗੇ ਕਿਰਪਾ ਕਰਨ ਲਈ ਅਰਦਾਸ ਕਰਦੇ ਹੋਏ ਦੱਸਦੇ ਹਨ ਕਿ ਪ੍ਰਭੂ ਤੋਂ ਬਿਨਾਂ ਹੋਰ ਕੋਈ ਹਸਤੀ ਅਜਿਹੀ ਨਹੀਂ ਹੈ, ਜਿਹੜੀ ਮਨ ਨੂੰ ਗੁਰ-ਸ਼ਬਦ ਦੀ ਲਗਨ ਲਾ ਕੇ ਪ੍ਰਭੂ-ਮਿਲਾਪ ਜਿਹਾ ਸੁਖ ਦੇ ਸਕੇ। ਜਿਸ ਸਦਕਾ ਦੇਹੀ ਦਾ ਵਿਚਾਰਾ, ਨਿਮਾਣਾ ਤੇ ਨਿਤਾਣਾ ਭਾਵ ਦੂਰ ਕੀਤਾ ਜਾ ਸਕੇ ਤੇ ਦੇਹੀ ਸੰਵਰ ਸਕੇ।

ਗੁਰਮਤਿ ਅਨੁਸਾਰ ਦੇਹੀ ਦਾ ਸੰਵਰਨਾ ਸੱਚੇ ਸ਼ਬਦ ਨਾਲ ਲੱਗੀ ਲਿਵ ਦੇ ਪਰਿਣਾਮ ਸਰੂਪ ਪ੍ਰਾਪਤ ਹੋਣ ਵਾਲੇ ਰੁਹਾਨੀ ਖੇੜੇ ਤੇ ਅਨੰਦ ਉੱਤੇ ਹੀ ਨਿਰਭਰ ਕਰਦਾ ਹੈ। ਇਸ ਲਈ ਪਉੜੀ ਦੇ ਅੰਤ ’ਤੇ ਪਾਤਸ਼ਾਹ ਕਥਨ ਕਰਦੇ ਹਨ ਕਿ ਗੁਰ-ਸ਼ਬਦ ਨਾਲ ਲਗਨ ਲਾਉਣ ਤੋਂ ਬਿਨਾਂ ਇਹ ਮਨੁਖਾ ਦੇਹੀ ਸਫਲ ਨਹੀਂ ਹੋ ਸਕਦੀ। ਭਾਵ, ਮਨੁਖ ਹੋਰ ਕਿਸੇ ਵੀ ਜਤਨ ਨਾਲ ਇਸ ਦੇਹੀ ਦੀ ਤੁੱਛਤਾ ਦੂਰ ਨਹੀਂ ਕਰ ਸਕਦਾ। ਕੇਵਲ ਗੁਰ-ਸ਼ਬਦ ਦੀ ਲਗਨ ਹੀ ਇਸ ਦੇਹੀ ਨੂੰ ਨਿਮਾਣੀ ਤੋਂ ਮਾਣ ਵਾਲੀ ਬਣਾ ਸਕਦੀ ਹੈ।
Tags