ਇਸ
ਪਉੜੀ ਵਿਚ ਦੱਸਿਆ ਹੈ ਕਿ ਪ੍ਰਭੂ ਨੇ ਮਨੁਖੀ ਸਰੀਰ ਵਿਚ ਜੀਵ-ਆਤਮਾਂ ਦੀ ਜੋਤਿ ਟਿਕਾਅ ਕੇ ਇਸਨੂੰ ਸਾਰੇ ਕਰਮ-ਵਿਹਾਰ ਕਰਨ ਦੇ ਕਾਬਲ ਬਣਾ ਦਿੱਤਾ। ਇਸੇ ਸਰੀਰ ਵਿਚ ਪਭੂ ਦੁਆਰਾ ਨੌਂ ਕਰਮ-ਇੰਦਰੇ ਲਗਾਏ ਹੋਏ ਹਨ, ਪਰ ਦਸਵਾਂ ਇੰਦਰਾ ਗੁਪਤ ਰਖਿਆ ਹੋਇਆ ਹੈ। ਇਸ ਦਸਵੇਂ ਇੰਦਰੇ ਵਿਚ ਅਨੇਕ ਰੂਪਾਂ ਨੂੰ ਰਚਣ, ਆਸਰਾ ਦੇਣ ਅਤੇ ਸਾਰੀਆਂ ਬਰਕਤਾਂ ਬਖਸ਼ਣ ਵਾਲਾ ਪ੍ਰਭੂ ਦਾ
ਨਾਮ ਪਿਆ ਹੈ। ਇਹ ਇੰਦਰਾ ਗੁਰ-ਸ਼ਬਦ ਨਾਲ ਪ੍ਰੇਮ ਲਾ ਕੇ ਖੁਲ੍ਹਦਾ ਹੈ। ਇਸ ਦੇ ਖੁੱਲ੍ਹਣ ਨਾਲ ਹੀ ਸਦੀਵੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ।
ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥
ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥
ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥
ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥
ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥
-ਗੁਰੂ ਗ੍ਰੰਥ ਸਾਹਿਬ ੯੨੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪ੍ਰਾਚੀਨ ਕਾਲ ਵਿਚ ਮਨੁਖ ਦੀ ਦੇਹ ਪੰਜ ਤੱਤਾਂ ਦੀ ਬਣੀ ਮੰਨੀ ਜਾਂਦੀ ਸੀ। ਮਨੌਤ ਮੁਤਾਬਕ ਜਿਸ ਵਿਚ ਪ੍ਰਭੂ ਨੇ ਜੀਵਨ ਜੋਤਿ ਜਗਾ ਦਿੱਤੀ। ਇਸ ਜੋਤਿ ਨੂੰ ਜਗਦੀ ਰਖਣ ਲਈ ਪ੍ਰਭੂ ਨੇ ਸਾਹਾਂ ਦੇ ਰੂਪ ਵਿਚ ਆਕਸੀਜਨ ਦਾ ਬੰਦੋਬਸਤ ਕਰ ਦਿੱਤਾ।
ਇਸ ਗੱਲ ਨੂੰ ਪਾਤਸ਼ਾਹ ਨੇ ਇਸ ਪਉੜੀ ਵਿਚ ਰਤਾ ਵਖਰੇ ਅੰਦਾਜ਼ ਵਿਚ ਬਿਆਨ ਕੀਤਾ ਹੈ ਕਿ ਹਰੀ ਪ੍ਰਭੂ ਨੇ ਮਨੁਖਾ ਦੇਹ ਰੂਪ ਗੁਫਾ ਅੰਦਰ ਜੀਵਨ ਸਥਾਪਤ ਕਰਕੇ ਸਾਹਾਂ ਦਾ ਨਾਦ ਵਜਾ ਦਿੱਤਾ ਹੈ। ਇਸੇ ਗੱਲ ਨੂੰ ਫਿਰ ਦੁਹਰਾਇਆ ਗਿਆ ਹੈ ਕਿ ਇਸ ਦੇਹ ਰੂਪ ਗੁਫਾ ਵਿਚ ਵੱਜਦੇ ਸਾਹਾਂ ਦੇ ਨਾਦ ਕਾਰਣ ਬੇਸ਼ੱਕ ਨੌਂ ਗਿਆਨ ਇੰਦਰੇ ਪ੍ਰਗਟ ਹੋ ਗਏ ਹਨ, ਪਰ ਦਸਵਾਂ ਦੁਆਰ ਬਿਲਕੁਲ ਗੁਪਤ ਰਖਿਆ ਗਿਆ ਹੈ।
ਗਿਆਨ ਦਾ ਮਨੋਰਥ ਹਰ ਗੁੰਝਲ ਦਾ ਹੱਲ ਹੋਣਾ ਹੈ। ਪਰ ਜਦ ਗਿਆਨ ਅਧਿਆਪਕਾਂ ਦੀ ਬਜਾਏ ਪ੍ਰਚਾਰਕਾਂ ਦੇ ਵੱਸ ਪੈ ਜਾਵੇ ਤਾਂ ਉਹ ਆਪਣਾ ਏਕਾਧਿਕਾਰ ਬਣਾਈ ਰਖਣ ਲਈ ਗਿਆਨ ਦੀਆਂ ਗੁੰਝਲਾਂ ਸੁਲਝਾਉਣ ਦੀ ਬਜਾਏ ਹੋਰ ਪੀਡੀਆਂ ਕਰ ਦਿੰਦੇ ਹਨ। ਅਜਿਹਾ ਹੀ ਕੁਝ ਦਸਮ ਦੁਆਰ ਜਿਹੇ ਵਿਸ਼ਿਆਂ ਸੰਬੰਧੀ ਵਾਪਰਿਆ ਹੈ।
ਔਲਡਸ ਹਕਸਲੀ (Aldous Huxley) ਨੇ ੧੯੫੪ ਵਿਚ ਛਪੀ ਆਪਣੀ ਪੁਸਤਕ ‘The Doors of Perception’ (ਦੀ ਡੋਰਜ਼ ਆਫ ਪਰਸੈਪਸ਼ਨ) ਵਿਚ ਦੱਸਿਆ ਹੈ ਕਿ ਕੁਝ ਔਸ਼ਧੀਆਂ ਦੀ ਸਹਾਇਤਾ ਨਾਲ ਜਾਂ ਅਰਦਾਸ ਅਤੇ ਬੰਦਗੀ ਦੀ ਮਦਦ ਨਾਲ ਮਨੁਖੀ ਮਸਤਕ ਦੇ ਉਹ ਦਰਵਾਜੇ ਖੁੱਲ ਜਾਂਦੇ ਹਨ, ਜਿਹੜੇ ਅਕਸਰ ਬੰਦ ਰਹਿੰਦੇ ਹਨ।
ਸਾਡੀ ਦ੍ਰਿਸ਼ਟੀ ਅਤੇ ਸੋਚ ਦੇ ਤਿੰਨ ਪਖ ਜਾਂ ਦਿਸ਼ਾਵਾਂ (dimensions) ਹੁੰਦੀਆਂ ਹਨ, ਜਿਸ ਨੂੰ ਤ੍ਰੈਕੁਟੀ ਕਿਹਾ ਜਾਂਦਾ ਹੈ। ਕੂਟ, ਦਿਸ਼ਾ ਅਤੇ ਪਖ ਨੂੰ ਕਹਿੰਦੇ ਹਨ। ਤ੍ਰੈਕੁਟੀ ਦਾ ਭਾਵ ਤ੍ਰੈ-ਪਖੀ (three dimensional) ਗਿਆਨ ਤੋਂ ਹੈ।
ਦਸਮ-ਦੁਆਰ ਗਿਆਨ ਦਾ ਅਜਿਹਾ ਰਾਹ ਹੈ, ਜਿਥੇ ਦੇਹੀ ਦੇ ਤ੍ਰੈਕੁਟੀ ਗਿਆਨ ਦੇ ਭੇਤ ਅਤੇ ਬੰਦ ਬੂਹੇ (doors of perception) ਖੁੱਲ੍ਹਦੇ ਹਨ। ਦਸਮ ਦੁਆਰ ਤ੍ਰੈਕੁਟੀ ਦੇ ਬਹੁਪਖੀ ਗਿਆਨ ਨੂੰ ਸਮਦਰਸ਼ੀ ਅਤੇ ਸਮਵਰਤੀ ਭਾਵ ਪ੍ਰਦਾਨ ਕਰਕੇ ਪਰਮ-ਗਿਆਨ ਵਿਚ ਤਬਦੀਲ ਕਰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਦੇਹੀ ਦੇ ਨੌਂ ਸੋਮਿਆਂ ਦੇ ਗਿਆਨ ਦਾ ਸਮਦਰਸ਼ਨ ਹੀ ਅਸਲ ਵਿਚ ਦਸਮ-ਦੁਆਰ ਦਾ ਪ੍ਰਦਰਸ਼ਨ ਹੈ। ਇਸ ਨੂੰ ਗੁਪਤ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਇਹ ਕੋਈ ਵਖਰਾ ਗਿਆਨ ਅੰਗ ਨਹੀਂ ਹੈ। ਇਹ ਮਹਿਜ਼ ਸੋਚ ਵਿਧੀ ਜਾਂ ਦਰਸ਼ਨ ਦਾ ਢੰਗ ਹੈ, ਜਿਸ ਨਾਲ ਗਿਆਨ ਦੀ ਸੰਪੂਰਣਤਾ ਜਾਂ ਮੁਕੰਮਲਤਾ ਵੱਲ ਵਧਿਆ ਜਾ ਸਕਦਾ ਹੈ।
ਪਾਤਸ਼ਾਹ ਕਹਿੰਦੇ ਹਨ ਕਿ ਕਈ ਅਜਿਹੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦੇ ਦਰ ਭਾਵ ਗੁਰ-ਸ਼ਬਦ ਪ੍ਰਤੀ ਪ੍ਰੇਮ-ਭਾਵ ਜਾਗ ਪਿਆ ਹੈ, ਜਿਨ੍ਹਾਂ ਨੂੰ ਦਸਮ ਦੁਆਰ ਦੀ ਸੋਝੀ ਹੋ ਗਈ ਹੈ। ਸੱਚ ਦੇ ਤਿੰਨ ਪਖਾਂ (three dimensions) ਤੋਂ ਪਾਰ, ਭਾਵ ਦਸਮ-ਦੁਆਰ ਦੇ ਪ੍ਰਕਾਸ਼ ਵਿਚ ਹੀ ਪਤਾ ਲੱਗਦਾ ਹੈ ਕਿ ਪ੍ਰੇਮ ਹੀ ਗਿਆਨ ਦੀ ਚਰਮ-ਸੀਮਾ ਹੈ।
ਦਸਮ-ਦੁਆਰ ਦੀ ਸਮਦਰਸ਼ ਅਵਸਥਾ ਵਿਚ ਅਹਿਸਾਸ ਜਾਗਦਾ ਹੈ ਕਿ ਸੱਚ ਦੇ ਤਮਾਮ ਰੂਪ ਅਤੇ ਨਾਂ ਉਸੇ ਪਰਮ ਸੱਚ ਦੇ ਨਾਂ ਹਨ, ਜਿਸ ਦਾ ਅਰਥ ਹੈ ਕਿ ਉਸ ਦੇ ਇਲਾਵਾ ਕੁਝ ਹੋਰ ਹੈ ਹੀ ਨਹੀਂ। ਇਹ ਗਿਆਨ ਦੀ ਅਵਸਥਾ ਹੀ ਮਨੁਖ ਦੀ ਅਸਲ ਪ੍ਰਾਪਤੀ ਜਾਂ ਹਾਸਲ ਹੈ, ਜਿਸ ਦਾ ਕੋਈ ਹਿਸਾਬ ਜਾਂ ਅੰਤ ਹੀ ਨਹੀਂ ਹੈ।
ਪਉੜੀ ਦੇ ਅਖੀਰ ਵਿਚ ਪਾਤਸ਼ਾਹ ਫਿਰ ਦ੍ਰਿੜ ਕਰਾਉਂਦੇ ਹਨ ਕਿ ਪਿਆਰੇ ਹਰੀ ਪ੍ਰਭੂ ਨੇ ਮਨੁਖ ਦੀ ਦੇਹ ਅੰਦਰ ਜੀਵਨ ਬਖਸ਼ ਕੇ ਉਸ ਅੰਦਰ ਸਾਹਾਂ ਦਾ ਸੰਗੀਤ ਵਜਾ ਦਿੱਤਾ ਹੈ।