ਇਸ
ਪਉੜੀ ਵਿਚ ਕੰਨਾਂ ਨੂੰ ਸੰਬੋਧਤ ਹੁੰਦਿਆਂ ਪ੍ਰੇਰਨਾ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਇਸ ਸੰਸਾਰ ਵਿਚ ਸੱਚੇ
ਨਾਮ ਨੂੰ ਸੁਣਨ ਲਈ ਭੇਜਿਆ ਗਿਆ ਹੈ। ਇਸ ਲਈ ਉਨ੍ਹਾਂ ਨੂੰ ਸਦਾ ਸੱਚੇ ਨਾਮ ਨੂੰ ਦ੍ਰਿੜ ਕਰਾਉਣ ਵਾਲੀ ਸੱਚੀ ਬਾਣੀ ਹੀ ਸੁਣਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਮਨ ਤੇ ਤਨ ਪ੍ਰਫੁੱਲਤ ਹੋਇਆ ਰਹਿੰਦਾ ਹੈ ਅਤੇ ਜੀਭਾ ਨਾਮ-ਰਸ ਵਿਚ ਲੀਨ ਹੋਈ ਰਹਿੰਦੀ ਹੈ। ਇਹੀ ਆਤਮਕ ਅਨੰਦ ਦੀ ਅਵਸਥਾ ਹੈ।
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥
ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥
ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥
-ਗੁਰੂ ਗ੍ਰੰਥ ਸਾਹਿਬ ੯੨੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਆਪਣੇ ਸਰਵਣਾਂ, ਅਰਥਾਤ ਕੰਨਾਂ ਨੂੰ ਮੁਖਾਤਬ ਹੁੰਦੇ ਹਨ ਤੇ ਦੱਸਦੇ ਹਨ ਕਿ ਇਹ ਕੰਨ ਮਨੁਖ ਨੂੰ ਹਰੀ ਪ੍ਰਭੂ ਨੂੰ ਸੁਣਨ ਲਈ ਲਾਏ ਗਏ ਹਨ। ਇਥੇ ਹਰੀ ਨੂੰ ਸੁਣਨ ਦਾ ਭਾਵ ਉਸ ਦੇ ਹੁਕਮ, ਆਦੇਸ਼ ਅਤੇ ਨਾਮ ਨੂੰ ਸੁਣਨਾ ਹੈ।
ਪਾਤਸ਼ਾਹ ਫਿਰ ਇਨ੍ਹਾਂ ਕੰਨਾਂ ਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਿਵੇਂ ਕਿਸੇ ਹਠੀਲੇ ਬਾਲ ਨੂੰ ਮਨਾਈਦਾ ਹੈ ਕਿ ਇਨ੍ਹਾਂ ਕੰਨਾਂ ਨੂੰ ਸੱਚ ਸੁਣਨ ਲਈ ਸਰੀਰ ਨਾਲ ਲਾਇਆ ਗਿਆ ਹੈ। ਇਸ ਲਈ ਇਨ੍ਹਾਂ ਨੂੰ ਹੁਣ ਸੱਚ ਦੇ ਸੰਦੇਸ਼ ਵਾਲੀ ਬਾਣੀ ਹੀ ਸੁਣਨੀ ਚਾਹੀਦੀ ਹੈ।
ਬਾਣੀ ਵੀ ਉਹ, ਜਿਸ ਨੂੰ ਸੁਣਦਿਆਂ ਮਨ ਅਤੇ ਤਨ ਹਰਿਆ ਹੋ ਜਾਵੇ। ਇਥੇ ਹਰੇ ਹੋਣ ਦਾ ਭਾਵ ਦੁਵੱਲਾ, ਭਾਵ ਦੇਹ ਅਤੇ ਆਤਮਾ ਦੇ ਜੀਵੰਤ ਹੋਣ ਵੱਲ ਹੈ।
ਪਾਤਸ਼ਾਹ ਨੇ ਬਾਣੀ ਦਾ ਉਚਾਰਣ ਰਾਗਾਂ ਵਿਚ ਕੀਤਾ ਹੈ। ਕੀਰਤਨ ਦੌਰਾਨ ਰਾਗ ਬਾਣੀ ਦੇ ਇਲਮ ਨੂੰ ਅਮਲ ਵੱਲ ਪ੍ਰੇਰਤ ਕਰਦੇ ਹਨ। ਕਥਨੀ ਕਰਨੀ ਵਿਚ ਤਬਦੀਲ ਹੋਣ ਲੱਗਦੀ ਹੈ ਤੇ ਉੱਚੀ ਮੱਤ, ਭਾਵ ਗੁਰਮਤਿ ਮਨ ਵਿਚ ਦਾਖਲ ਹੋ ਕੇ ਨਿਰਮਲ ਕਰਮ ਦਾ ਰੂਪ ਅਖਤਿਆਰ ਕਰਦੀ ਹੈ। ਪਾਤਸ਼ਾਹ ਕਹਿੰਦੇ ਹਨ ਕਿ ਸਿਰਫ ਗਾਇਨ ਸੁਣਨ ਵਾਲੇ ਹੀ ਨਹੀਂ, ਗਾਇਨ ਕਰਨ ਵਾਲੇ ਦੀ ਰਸਨਾ ਵੀ ਰਸੀਲੀ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੇ ਤਨ-ਮਨ ਵਿਚ ਵੀ ਤਾਜ਼ਗੀ ਦਸਤਕ ਦਿੰਦੀ ਹੈ, ਜ਼ਿੰਦਗੀ ਧੜਕਣ ਲੱਗਦੀ ਹੈ ਤੇ ਜੀਵਨ ਮੌਲਣ ਲੱਗਦਾ ਹੈ।
ਪਾਤਸ਼ਾਹ ਕਹਿੰਦੇ ਹਨ ਉਕਤ ਸੱਚ ਅਜਿਹੇ ਵਿਡਾਣ, ਭਾਵ ਵਿਸਮਾਦ ਰੂਪ ਵਿਚ ਅਸਰਅੰਦਾਜ਼ ਹੁੰਦਾ ਹੈ, ਜਿਸ ਨੂੰ ਨਾ ਦੇਖਿਆ ਜਾ ਸਕਦਾ ਹੈ ਤੇ ਨਾ ਹੀ ਉਸ ਹਾਲਤ ਨੂੰ ਦੱਸਿਆ ਜਾ ਸਕਦਾ ਹੈ।
ਇਸ ਪਉੜੀ ਦੇ ਅਖੀਰ ਵਿਚ ਪਾਤਸ਼ਾਹ ਫਿਰ ਆਦੇਸ਼ ਕਰਦੇ ਹਨ ਕਿ ਉਸ ਜੀਵਨ ਦਾਤੇ ਅੰਮ੍ਰਿਤਮਈ ਨਾਮ ਨੂੰ ਸਰਵਣ ਕਰਕੇ ਪਵਿੱਤਰ ਹੋਇਆ ਜਾਵੇ। ਕਿਉਂਕਿ ਸੱਚ-ਸਰੂਪ ਪ੍ਰਭੂ ਨੇ ਇਸੇ ਕਰਕੇ ਮਨੁਖ ਨੂੰ ਸੁਣਨ ਦੀ ਦਾਤ ਬਖਸ਼ੀ ਹੈ, ਜਿਸ ਨਾਲ ਮਨੁਖ ਦਾ ਤਨ ਅਤੇ ਮਨ ਨਿਹਾਲ ਹੁੰਦਾ ਹੈ।