ਇਸ
ਪਉੜੀ ਵਿਚ ਸਤਿਸੰਗਣ ਸਖੀ ਨੂੰ ਸੰਬੋਧਤ ਹੁੰਦੇ ਹੋਏ ਵਰਨਣ ਕੀਤਾ ਗਿਆ ਹੈ ਕਿ ਗੁਰ-ਸ਼ਬਦ ਦੇ ਲੜ ਲੱਗ ਕੇ ਜਦੋਂ ਜਗਿਆਸੂ ਪ੍ਰਭੂ-ਪਤੀ ਨੂੰ ਅਨੁਭਵ ਕਰਦਾ ਹੈ ਤਾਂ ਫਿਰ ਉਸ ਦੀ ਜਿੰਦਗੀ ਅਨੰਦ-ਮਈ ਹੋ ਜਾਂਦੀ ਹੈ। ਉਸ ਦੇ ਮਨ ਨੂੰ ਕਿਸੇ ਕਿਸਮ ਦਾ ਦੁਖ ਜਾਂ ਝੋਰਾ ਬੇਚੈਨ ਨਹੀਂ ਕਰਦਾ। ਕੇਵਲ ਅਨੰਦ ਹੀ ਅਨੰਦ ਬਣਿਆ ਰਹਿੰਦਾ ਹੈ।
ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥
ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥
ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥
ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥
ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥
ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥
-ਗੁਰੂ ਗ੍ਰੰਥ ਸਾਹਿਬ ੯੨੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪ੍ਰਭੂ ਅਟੱਲ ਹੈ ਤੇ ਉਹ ਕਿਤੇ ਆਉਂਦਾ ਜਾਂਦਾ ਨਹੀਂ। ਜੋ ਹਰ ਸਮੇਂ ਤੇ ਹਰ ਥਾਂ ਵਿਆਪਕ ਹੈ, ਉਸ ਦਾ ਕਦੇ ਕਿਤੇ ਆਉਣਾ ਜਾਣਾ ਨਹੀਂ ਹੁੰਦਾ। ਪ੍ਰਭੂ ਹਰ ਥਾਂ ਹਾਜ਼ਰ ਹੈ, ਪਰ ਆਪਣੇ ਅਗਿਆਨ ਕਾਰਣ ਸਾਨੂੰ ਇਹ ਪਤਾ ਨਹੀਂ। ਜਦ ਪ੍ਰਭੂ ਦੀ ਕਿਰਪਾ ਨਾਲ ਹਿਰਦੇ ਅੰਦਰ ਉਸ ਦੀ ਹੋਂਦ ਦਾ ਗਿਆਨ ਹੁੰਦਾ ਹੈ ਤਾਂ ਇਸੇ ਨੂੰ ਉਸ ਦੀ ਆਮਦ ਕਿਹਾ ਜਾਂਦਾ ਹੈ।
ਇਸੇ ਕਰਕੇ ਪਾਤਸ਼ਾਹ ਇਸ ਪਉੜੀ ਵਿਚ ਪ੍ਰਭੂ ਦਾ ਆਗਮ ਸੁਣ ਕੇ, ਭਾਵ ਮਹਿਸੂਸ ਕਰਕੇ ਮਨ ਵਿਚ ਪੈਦਾ ਹੋਏ ਚਾਉ ਅਤੇ ਖੇੜੇ ਦੀ ਦੱਸ ਪਾਉਂਦੇ ਹਨ।
ਜਿਸ ਅਸਥਾਨ ’ਤੇ ਹਰੀ ਪ੍ਰਭੂ ਦੀ ਹਾਜ਼ਰੀ ਗਿਆਤ ਹੋਵੇ ਉਸ ਨੂੰ ਮੰਦਰ ਕਿਹਾ ਜਾਂਦਾ ਹੈ। ਮਨ ਅੰਦਰ ਪ੍ਰਭੂ ਦੀ ਹਾਜ਼ਰੀ ਮਹਿਸੂਸ ਹੋਣ ’ਤੇ ਮੰਦਰ ਹੋਏ ਮਨ ਦੇ ਚਾਉ ਵਿਚ ਪਾਤਸ਼ਾਹ ਸਾਥੀਆਂ ਨੂੰ ਮੰਗਲਮਈ ਗੀਤ ਗਾਉਣ ਲਈ ਕਹਿੰਦੇ ਹਨ।
ਪਾਤਸ਼ਾਹ ਸਾਥੀਆਂ ਨੂੰ ਫਿਰ ਤਾਕੀਦ ਕਰਦੇ ਹਨ ਕਿ ਉਹ ਹਰੀ ਪ੍ਰਭੂ ਦੀ ਸਿਫਤਿ-ਸ਼ਲਾਘਾ ਵਾਲੇ ਗੀਤ ਨਿੱਤ ਗਾਉਣ, ਕਿਉਂਕਿ ਪ੍ਰਭੂ ਦੀ ਆਮਦ ਗਿਆਤ ਹੋਣ ਤੋਂ ਬਾਅਦ ਮਨ ਉਤੇ ਕਿਸੇ ਦੁਖ ਅਤੇ ਸੋਗ ਦਾ ਕੋਈ ਅਸਰ ਨਹੀਂ ਰਹਿੰਦਾ। ਇਥੇ ਪਾਤਸ਼ਾਹ ਉਸ ਦੁਖ, ਚਿੰਤਾ, ਫਿਕਰ ਜਾਂ ਸੰਤਾਪ ਦੀ ਗੱਲ ਕਰਦੇ ਹਨ, ਜਿਹੜੇ ਮਾਨਸਕ ਹੁੰਦੇ ਹਨ ਤੇ ਜਿਨ੍ਹਾਂ ਦਾ ਕਾਰਣ ਗਲਤ ਗਿਆਨ, ਅਲਪ ਗਿਆਨ ਜਾਂ ਅਗਿਆਨ ਹੁੰਦਾ ਹੈ। ਗਿਆਨ, ਭਾਵ ਸੱਚ ਦੇ ਪ੍ਰਕਾਸ਼ ਨਾਲ ਅਗਿਆਨ ਕਾਰਣ ਨਿਰਮਤ ਹੋਏ ਸਭ ਵਹਿਮ-ਭਰਮ ਦੂਰ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਮਾਨਸਕ ਦੁਰ-ਅਸਰ ਵੀ ਨਾਲ ਹੀ ਸਮਾਪਤ ਹੋ ਜਾਂਦੇ ਹਨ।
ਪਾਤਸ਼ਾਹ ਇਸ ਸਰਬ-ਰੋਗ ਮੁਕਤੀ ਦਾ ਸਿਹਰਾ ਗੁਰੂ ਦੇ ਨਾਂ ਕਰਦੇ ਹਨ, ਜਿਸ ਦੇ ਚਰਨੀ ਲੱਗਿਆਂ, ਭਾਵ ਜਿਸ ਦੇ ਦੱਸੇ ਮਾਰਗ ’ਤੇ ਚੱਲਿਆਂ ਦਿਨ ਸੁਭਾਗੇ ਹੋ ਜਾਂਦੇ ਹਨ ਤੇ ਆਪਣੇ ਪਿਆਰੇ ਦਾ ਪਤਾ ਲੱਗ ਜਾਂਦਾ ਹੈ। ਇਥੇ ਪਿਆਰੇ ਦਾ ਪਤਾ ਲੱਗਣਾ, ਦਿਨਾਂ ਦਾ ਸੁਭਾਗੇ ਹੋਣਾ ਤੇ ਰੋਗ ਮੁਕਤੀ ਹਾਸਲ ਹੋਣਾ, ਅਸਲ ਵਿਚ ਇਕ ਹੀ ਗੱਲ ਜਾਂ ਅਵਸਥਾ ਦੇ ਵਖ-ਵਖ ਵਖਿਆਨ ਹਨ।
ਅਗਲੀ ਤੁਕ ਵਿਚ ਪਾਤਸ਼ਾਹ ਦੱਸਦੇ ਹਨ ਕਿ ਗੁਰੂ ਦੇ ਸ਼ਬਦ ਰਾਹੀ ਪਾਰਬ੍ਰਹਮ ਪ੍ਰਭੂ ਦੀ ਅਨਹਤ, ਅਰਥਾਤ ਸਦੀਵੀ ਅਤੇ ਸਰਬ-ਵਿਆਪਕ ਸੱਚ ਰੂਪ ਬਾਣੀ ਦਾ ਅਨੁਭਵ ਹੁੰਦਾ ਹੈ। ਪਾਤਸ਼ਾਹ ਉਸ ਅੰਮ੍ਰਿਤ-ਰਸ ਨੂੰ ਭੋਗਣ ਦਾ ਆਦੇਸ਼ ਕਰਦੇ ਹਨ, ਜਿਹੜਾ ਹਰੀ ਦਾ ਨਾਮ ਲਇਆਂ ਸਾਡੇ ਮਸਤਕ ਵਿਚ ਸਿੰਮ ਪੈਂਦਾ ਹੈ।
ਆਖਰੀ ਤੁਕ ਵਿਚ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਦੇ ਨਾਮ-ਰਸ ਦੇ ਭੋਗ ਰਾਹੀਂ ਪ੍ਰਭੂ ਆਪ ਆਪਣਾ ਮਿਲਾਪ ਬਖਸ਼ਦਾ ਹੈ, ਜਿਸ ਉਪਰੰਤ ਕਰਣ ਅਤੇ ਕਾਰਣ ਦਾ ਦਵੰਦ ਸਿਮਟ ਕੇ ਮਿਟ ਜਾਂਦਾ ਹੈ। ਗੁਰਮਤਿ ਵਿਚ ਭੋਗ ਅਤੇ ਜੋਗ ਦੇ ਰਾਹ ਇਕ ਦੂਜੇ ਦੇ ਵਿਰੋਧ ਜਾਂ ਨਿਸ਼ੇਧ ਵਿਚ ਨਹੀਂ ਹਨ, ਬਲਕਿ ਇਕ ਦੂਜੇ ਦੇ ਪੂਰਕ ਹਨ। ਗੁਰਮਤਿ ਵਿਚ ਪ੍ਰਭੂ ਦੇ ਨਾਮ-ਰਸ ਦਾ ਭੋਗ ਪਾਰਬ੍ਰਹਮ ਦਾ ਜੋਗ ਹੈ।