ਇਸ
ਪਉੜੀ ਵਿਚ ਪ੍ਰਭੂ ਦੇ
ਨਾਮ ਨੂੰ ਮਨੁਖ ਦੀ ਪੂੰਜੀ ਕਿਹਾ ਗਿਆ ਹੈ। ਜਦੋਂ ਮਨੁਖ ਨੂੰ ਸੱਚੇ ਗੁਰ-ਸ਼ਬਦ ਰਾਹੀਂ ਇਸ ਨਾਮ-ਧਨ ਦੀ ਸੋਝੀ ਮਿਲਦੀ ਹੈ, ਤਾਂ ਉਸ ਦਾ ਮਨ ਵਣਜਾਰੇ ਵਾਂਗ ਇਸ ਦੀ ਕਮਾਈ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਅਵਸਥਾ ਵਿਚ ਵਿਚਰਦਾ ਹੋਇਆ ਉਹ ਆਤਮਕ ਅਨੰਦ ਵੀ ਮਾਣਦਾ ਹੈ ਅਤੇ ਹੋਰਨਾਂ ਨੂੰ ਵੀ ਪ੍ਰਭੂ ਦੇ ਨਾਮ ਨਾਲ ਜੋੜਦਾ ਹੈ।
ਹਰਿ ਰਾਸਿ ਮੇਰੀ ਮਨੁ ਵਣਜਾਰਾ ॥
ਹਰਿ ਰਾਸਿ ਮੇਰੀ ਮਨੁ ਵਣਜਾਰਾ ਸਤਿਗੁਰ ਤੇ ਰਾਸਿ ਜਾਣੀ ॥
ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ ॥
ਏਹੁ ਧਨੁ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ॥
ਕਹੈ ਨਾਨਕੁ ਹਰਿ ਰਾਸਿ ਮੇਰੀ ਮਨੁ ਹੋਆ ਵਣਜਾਰਾ ॥੩੧॥
-ਗੁਰੂ ਗ੍ਰੰਥ ਸਾਹਿਬ ੯੨੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜੀਵਨ ਜਿਉਣ ਲਈ ਜਿਹੜੀਆਂ ਵਸਤਾਂ ਦੀ ਉਮਰ ਭਰ ਲੋੜ ਪੈਂਦੀ ਹੈ, ਉਹ ਸਭ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ ਹਨ। ਇਸ ਲਈ ਜਿਹੜੇ ਲੋਕ ਪਦਾਰਥਕ ਪਖੋਂ ਖੁਸ਼ਹਾਲ ਅਤੇ ਬੇਫਿਕਰੀ ਵਾਲਾ ਜੀਵਨ ਜਿਉਣਾ ਚਾਹੁੰਦੇ ਹਨ, ਉਹ ਜ਼ਰੂਰੀ ਸਮਝਦੇ ਹਨ ਕਿ ਉਨ੍ਹਾਂ ਕੋਲ ਲੋੜ ਮੁਤਾਬਕ ਪੈਸਾ ਜਮ੍ਹਾਂ ਹੋਵੇ। ਜਮ੍ਹਾਂ ਕੀਤੇ ਅਜਿਹੇ ਪੈਸੇ ਨੂੰ ਰਾਸ, ਰਾਸ਼ੀ, ਦੌਲਤ ਅਤੇ ਪੂੰਜੀ ਕਿਹਾ ਜਾਂਦਾ ਹੈ।
ਪੈਸੇ ਨਾਲ ਖਰੀਦੀਆਂ ਜਾ ਸਕਣ ਵਾਲੀਆਂ ਵਸਤਾਂ ਤੋਂ ਬਿਨਾਂ ਇਨਸਾਨ ਨੂੰ ਹੋਰ ਬੜਾ ਕੁਝ ਚਾਹੀਦਾ ਹੁੰਦਾ ਹੈ, ਜਿਹੜਾ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਇਨਸਾਨ ਨੂੰ ਪਿਆਰ ਚਾਹੀਦਾ ਹੈ, ਇੱਜ਼ਤ ਚਾਹੀਦੀ ਹੈ, ਸੁਖ ਅਤੇ ਸ਼ਾਂਤੀ ਚਾਹੀਦੀ ਹੈ। ਪਰ ਇਹ ਕਿਡਾ ਵਡਾ ਰਹੱਸ ਹੈ ਕਿ ਇਹ ਸਭ ਕੁਝ ਹਾਸਲ ਕਰਨ ਲਈ ਮਨੁਖ ਨੂੰ ਇਹੀ ਕੁਝ ਦੂਸਰਿਆਂ ਨੂੰ ਦੇਣਾ ਪੈਂਦਾ ਹੈ, ਫਿਰ ਹੀ ਇਹ ਮਿਲਦਾ ਹੈ। ਭਾਈ ਗੁਰਦਾਸ ਕਹਿੰਦੇ ਹਨ: ਦਿਤਾ ਲਈਐ ਆਪਣਾ ਅਣਿਦਿਤਾ ਕਛੁ ਹਥਿ ਨ ਆਵੈ। -ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੭
ਪਰ ਇਸ ਪਉੜੀ ਵਿਚ ਪਾਤਸ਼ਾਹ ਪੈਸੇ ਵਾਲੀ ਰਾਸ ਦੀ ਬਜਾਏ ਹਰੀ ਪ੍ਰਭੂ ਨੂੰ ਆਪਣੀ ਰਾਸ, ਅਰਥਾਤ ਖੱਟੀ ਕਮਾਈ ਕਹਿੰਦੇ ਹਨ ਤੇ ਇਸ ਰਾਸ ਦਾ ਵਣਜ, ਭਾਵ ਵਪਾਰ ਕਰਨ ਵਾਲਾ ਵਣਜਾਰਾ ਜਾਂ ਵਪਾਰੀ ਮਨ ਹੈ।
ਫਿਰ ਦੁਹਰਾਉਂਦੇ ਹਨ ਕਿ ਇਸ ਹਰੀ ਰੂਪ ਰਾਸ ਦਾ ਵਣਜ ਕਰਨ ਵਾਲਾ ਵਣਜਾਰਾ ਮਨ ਹੈ ਤੇ ਇਸ ਵਣਜ ਤੋਂ ਕਮਾਈ ਜਾਣ ਵਾਲੀ ਰਾਸ਼ੀ ਦੀ ਦੱਸ ਪਾਉਣ ਵਾਲਾ ਸੱਚ-ਸਰੂਪ ਗੁਰੂ ਭਾਵ ਗੁਰ-ਸ਼ਬਦ ਹੈ।
ਇਥੋਂ ਸੰਕੇਤ ਮਿਲਦਾ ਹੈ ਕਿ ਸੱਚ ਦੇ ਰਾਹ ਤੁਰਿਆਂ ਹੀ ਪ੍ਰਭੂ ਪ੍ਰਾਪਤੀ ਸੰਭਵ ਹੁੰਦੀ ਹੈ। ਸੱਚ ਇਕ ਮਾਰਗ ਹੈ ਤੇ ਪ੍ਰਭੂ ਇਸ ਮਾਰਗ ਦੀ ਮੰਜ਼ਲ ਹੈ। ਮੰਜ਼ਲ ਮਾਰਗ ਦੀ ਦੱਸ ਪਾਉਂਦੀ ਹੈ ਤੇ ਮਾਰਗ ਮੰਜ਼ਲ ਦੀ ਦੱਸ ਪਾਉਂਦਾ ਹੈ।
ਜਿਸ ਤਰ੍ਹਾਂ ਕੋਈ ਕਿਰਤੀ ਦਿਹਾੜੀ ਭਰ ਕਿਰਤ ਕਰਦਾ ਹੈ ਫਿਰ ਉਸ ਨੂੰ ਕਿਰਤ ਦਾ ਮੁੱਲ ਮਿਲਦਾ ਹੈ, ਇਸੇ ਤਰ੍ਹਾਂ, ਪਾਤਸ਼ਾਹ ਸਾਨੂੰ ਨਿੱਤ ਹਿਰਦੇ ਵਿਚ ਹਰੀ ਦਾ ਜਾਪ, ਸਿਮਰਨ, ਭਾਵ ਹਰੀ ਪ੍ਰਭੂ ਦੀ ਯਾਦ ਵਸਾ ਕੇ ਲਾਹਾ ਲੈਣ ਦੀ ਸਿੱਖਿਆ ਦਿੰਦੇ ਹਨ। ਅੱਗੇ ਪਾਤਸ਼ਾਹ ਦੱਸਦੇ ਹਨ ਕਿ ਇਹ ਧਨ, ਲਾਹਾ ਜਾਂ ਖੱਟੀ ਉਨ੍ਹਾਂ ਨੂੰ ਹੀ ਮਿਲੀ ਹੈ, ਜਿਨ੍ਹਾਂ ਨੂੰ ਪ੍ਰਭੂ ਨੇ ਆਪ ਚਾਹਿਆ ਹੈ।
ਇਸ ਕਥਨ ਦੀ ਸਾਨੂੰ ਸਮਝ ਆਉਣ ਵਿਚ ਦਿੱਕਤ ਇਹ ਹੁੰਦੀ ਹੈ ਕਿ ਸਾਡੀ ਮਾਨਸਕ ਤੇ ਬੌਧਿਕ ਪਰਵਿਰਸ਼ ਦਵੰਦ ਵਿਚ ਹੁੰਦੀ ਹੈ। ਅਸਲ ਵਿਚ ਪ੍ਰਭੂ ਦਵੰਦ ਰਹਿਤ ਹੈ। ਪ੍ਰਭੂ ਨੂੰ ਮਿਲਣਾ ਜਾਂ ਪ੍ਰਭੂ ਦਾ ਮਿਲਣਾ ਇਵੇਂ ਹੈ, ਜਿਵੇਂ ਪ੍ਰਭੂ ਨੇ ਪ੍ਰਭੂ ਰਾਹੀਂ ਪ੍ਰਭੂ ਨੂੰ ਹੀ ਮਿਲਣਾ ਹੋਵੇ। ਗੁਰਮਤਿ ਅਨੁਸਾਰ ਕੋਈ ਵੀ ਦੂਜਾ (other) ਨਹੀਂ ਹੈ। ਇਹ ਉਸੇ ਤਰ੍ਹਾਂ ਦਾ ਸੱਚ ਹੈ, ਜਿਵੇਂ ਪਹਿਲੇ ਪਾਤਸ਼ਾਹ ਦਾ ਕਥਨ ਹੈ: ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥
ਅਖੀਰ ਵਿਚ ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਮਨ ਵਣਜਾਰੇ ਜਾਂ ਵਪਾਰੀ ਦੀ ਪ੍ਰਭੂ ਹੀ ਰਾਸ, ਖੱਟੀ, ਕਮਾਈ ਜਾਂ ਪੂੰਜੀ ਹੈ।