ਦੂਜੀ
ਪਉੜੀ ਵਿਚ ਮਨ ਨੂੰ ਪ੍ਰਭੂ ਦੀ ਯਾਦ ਵਿਚ ਜੁੜੇ ਰਹਿਣ ਦੀ ਪ੍ਰੇਰਨਾ ਦੇਣ ਉਪਰੰਤ, ਤੀਜੀ ਪਉੜੀ ਵਿਚ ਸਦਾ-ਥਿਰ ਪ੍ਰਭੂ ਨੂੰ ਮੁਖਾਤਬ ਹੁੰਦਿਆਂ ਕਿਹਾ ਗਿਆ ਹੈ ਕਿ ਉਸ ਸੱਚੇ ਸਾਹਿਬ ਦੇ ਘਰ ਵਿਚ ਕਿਸੇ ਗੱਲ ਦੀ ਤੋਟ ਨਹੀਂ ਹੈ। ਉਹ ਆਪ ਕਿਰਪਾ ਕਰ ਕੇ ਜਿਸ ਮਨੁਖ ਨੂੰ ਆਪਣੀ ਸਿਫਤਿ-ਸਾਲਾਹ ਦੀ ਦਾਤ ਬਖਸ਼ ਦੇਵੇ, ਉਸ ਮਨੁਖ ਦੇ ਅੰਦਰ ਪੂਰਨ ਅਨੰਦ ਤੇ ਖੇੜਾ ਪੈਦਾ ਹੋ ਜਾਂਦਾ ਹੈ।
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥
ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥
ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥
-ਗੁਰੂ ਗ੍ਰੰਥ ਸਾਹਿਬ ੯੧੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਨੁਖ ਦਾ ਹਿਰਦਾ ਪ੍ਰਭੂ ਦਾ ਘਰ ਹੈ। ਇਸੇ ਕਾਰਣ ਮਨੁਖ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਪ੍ਰਭੂ ਪ੍ਰਾਪਤੀ ਦੀ ਤਲਾਸ਼ ਆਪਣੇ ਹਿਰਦੇ ਵਿਚੋਂ ਹੀ ਕਰੇ। ਇਸੇ ਪ੍ਰਾਪਤੀ ਵਿਚ ਹਰ ਦੁਨਿਆਵੀ ਪ੍ਰਾਪਤੀ ਨਿਹਿਤ ਹੈ। ਭਗਤ ਕਬੀਰ ਜੀ ਕਥਨ ਕਰਦੇ ਹਨ: ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥
ਇਸ ਪਉੜੀ ਵਿਚ ਪਾਤਸ਼ਾਹ ਪ੍ਰਭੂ ਅੱਗੇ ਆਪਣੇ ਤਿਰਛੇ ਕਾਵਿਕ ਅੰਦਾਜ਼ ਵਿਚ ਸਵਾਲ ਕਰਦੇ ਹਨ ਕਿ ਤੇਰੇ ਘਰ ਵਿਚ ਕਿਸ ਗੱਲ ਦਾ ਘਾਟਾ ਹੈ? ਇਸ ਸਵਾਲ ਵਿਚ ਜਵਾਬ ਵੀ ਹੈ ਕਿ ਉਸ ਦੇ ਘਰ ਵਿਚ ਕਿਸੇ ਗੱਲ ਦਾ ਘਾਟਾ ਨਹੀਂ ਹੈ। ਫੇਰ ਵੀ ਅਗਲੀ ਤੁਕ ਵਿਚ ਪਾਤਸ਼ਾਹ ਸਪਸ਼ਟ ਕਰਦੇ ਹਨ ਕਿ ਉਸ ਦੇ ਘਰ ਵਿਚ ਕੋਈ ਤੋਟ ਨਹੀਂ ਹੈ। ਜੇਕਰ ਉਸ ਦੇ ਘਰ ਵਿਚ ਕਿਸੇ ਗੱਲ ਦਾ ਘਾਟਾ ਜਾਂ ਤੋਟ ਨਹੀਂ ਹੈ ਤਾਂ ਫਿਰ ਜਗਤ ਵਿਚ ਘਾਟਾ ਕਿਉਂ ਨਜ਼ਰ ਆਉਂਦਾ ਹੈ? ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਪ੍ਰਭੂ ਉਸੇ ਦੀ ਜ਼ਰੂਰਤ ਪੂਰੀ ਕਰਦਾ ਹੈ, ਜਿਸ ਦੀ ਪਾਤਰਤਾ ਉੱਤੇ, ਉਸ ਦੀ ਮਿਹਰ ਹੁੰਦੀ ਹੈ।
ਅਗਲੀ ਤੁਕ ਵਿਚ ਪਾਤਸ਼ਾਹ ਜਗਿਆਸੂ ਦੀ ਪਾਤਰਤਾ ਦੀ ਯੋਗਤਾ ਬਿਆਨ ਕਰਦੇ ਹਨ। ਜਿਸ ਨੇ ਵੀ ਆਪਣੇ ਸੀਮਤ ਗਿਆਨ ਦੀ ਨਿਸਬਤ ਪ੍ਰਭੂ ਦੇ ਅਸੀਮ ਗਿਆਨ, ਅਰਥਾਤ ਪ੍ਰਭੂ-ਨਾਮ ਨੂੰ ਆਪਣੇ ਮਨ ਵਿਚ ਵਸਾਇਆ ਹੈ ਤੇ ਜਿਹੜਾ ਵੀ ਉਸ ਦੀ ਸਿਫਤਿ-ਸਲਾਘਾ ਵਿਚ ਸਦਾ ਲਿਵਲੀਨ ਰਹਿੰਦਾ ਹੈ, ਸਿਰਫ ਉਹੀ ਪ੍ਰਭੂ ਦੀ ਕਿਰਪਾ ਦਾ ਪਾਤਰ ਬਣਦਾ ਹੈ।
ਆਪਣੇ ਵਿਸ਼ੇਸ਼ ਚੱਕਰੀ ਕਾਵਿਕ ਅੰਦਾਜ਼ (cyclic poetic technique) ਵਿਚ ਪਾਤਸ਼ਾਹ ਫਿਰ ਬਿਆਨ ਕਰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦੇ ਅਸੀਮ ਗਿਆਨ, ਅਰਥਾਤ ਨਾਮ ਦਾ ਵਾਸਾ ਹੋ ਗਿਆ, ਉਨ੍ਹਾਂ ਦੇ ਦਿਲ ਵਿਚ ਹੀ ਅਨੇਕ ਪ੍ਰਕਾਰ ਦੀਆਂ ਸੰਗੀਤਕ ਤਰਬਾਂ ਛਿੜਦੀਆਂ ਹਨ।
ਪਉੜੀ ਦੇ ਅਖੀਰ ਵਿਚ ਪਾਤਸ਼ਾਹ ਫਿਰ ਉਹੀ ਸਵਾਲ ਦੁਹਰਾਉਂਦੇ ਹਨ ਕਿ ਸ੍ਰਿਸ਼ਟੀ ਦੇ ਅਸਲ ਮਾਲਕ, ਅਰਥਾਤ ਪ੍ਰਭੂ ਦੇ ਘਰ ਵਿਚ ਕੀ ਨਹੀਂ ਹੈ? ਅਸਲ ਵਿਚ ਇਥੇ ਪਾਤਸ਼ਾਹ ਫਿਰ ਬਿਆਨ ਕਰਦੇ ਹਨ ਕਿ ਉਸ ਮਾਲਕ ਪ੍ਰਭੂ ਦੇ ਘਰ ਵਿਚ ਸਭ ਕੁਝ ਹੈ ਤੇ ਇਥੋਂ ਹੀ ਸਭ ਕੁਝ ਹਾਸਲ ਹੋ ਸਕਦਾ ਹੈ।