ਇਸ
ਪਉੜੀ ਵਿਚ ਸੋਝੀ ਦਿੱਤੀ ਗਈ ਹੈ ਕਿ ਗੁਰ-ਸ਼ਬਦ ਰਤਨ ਸਮਾਨ ਅਮੋਲਕ ਹੈ, ਜਿਸ ਨਾਲ ਪ੍ਰਭੂ-ਨਾਮ ਰੂਪੀ ਹੀਰਾ ਜੜਿਆ ਹੋਇਆ ਹੈ। ਪ੍ਰਭੂ ਜਦੋਂ ਗੁਰ-ਸ਼ਬਦ ਨਾਲ ਕਿਸੇ ਦਾ ਪ੍ਰੇਮ ਪਾ ਦਿੰਦਾ ਹੈ, ਤਾਂ ਉਸ ਦੇ ਮਨ ਵਿਚ ਵੀ ਇਹ ਹੀਰਾ ਜੜਿਆ ਜਾਂਦਾ ਹੈ।
ਨਾਮ ਦੀ ਬਰਕਤ ਨਾਲ, ਉਸ ਨੂੰ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥
ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥
ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥
ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥
ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥
-ਗੁਰੂ ਗ੍ਰੰਥ ਸਾਹਿਬ ੯੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਕੱਚੀ ਬਾਣੀ ਦੀ ਸ਼ਨਾਖਤ ਦੱਸਣ ਉਪਰੰਤ ਪਾਤਸ਼ਾਹ ਸੱਚੀ ਅਤੇ ਪੱਕੀ ਬਾਣੀ ਦੀ ਨਿਸ਼ਾਨਦੇਹੀ ਕਰਦੇ ਹੋਏ ਦੱਸਦੇ ਹਨ ਕਿ ਪੂਰਨ ਪ੍ਰਕਾਸ਼ ਦਾ ਮੁਜੱਸਮਾ, ਅਰਥਾਤ ਗੁਰੂ ਦਾ ਗਿਆਨਾਤਮਕ ਸ਼ਬਦ-ਰੂਪ ਉਪਦੇਸ਼ ਅਜਿਹਾ ਰਤਨ ਹੈ, ਜਿਹੜਾ ਹੀਰਿਆਂ ਨਾਲ ਜੜਿਆ ਹੋਇਆ ਹੈ। ਇਥੇ ਹੀਰੇ-ਰਤਨ ਦਾ ਸੰਕੇਤ ਬਾਣੀ ਵਿਚ ਸ਼ੋਭਨੀਕ ਕਾਵਿ-ਸ਼ਾਸਤਰੀ ਅਲੰਕਾਰ, ਰੂਹਾਨੀ ਰਹੱਸ ਅਤੇ ਅਣਮੁੱਲੇ ਨਾਮ ਵੱਲ ਹੈ।
ਪਾਤਸ਼ਾਹ ਦੱਸਦੇ ਹਨ ਕਿ ਗਿਆਨ ਦੇ ਅਜਿਹੇ ਸ਼ਬਦ-ਰਤਨ ਨਾਲ ਜਿਨ੍ਹਾਂ ਦਾ ਦਿਲ ਲੱਗ ਜਾਂਦਾ ਹੈ, ਉਨ੍ਹਾਂ ਦਾ ਮਨ ਸ਼ਬਦ ਵਿਚ ਹੀ ਲੀਨ ਹੋ ਜਾਂਦਾ ਹੈ। ਅਰਥਾਤ, ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆ ਹਨ ਅਤੇ ਤ੍ਰਿਪਤੀ ਹੋ ਜਾਂਦੀ ਹੈ।
ਪਾਤਸ਼ਾਹ ਦੱਸਦੇ ਹਨ ਕਿ ਅਜਿਹੀ ਗਿਆਨ-ਰੂਪ ਸ਼ਬਦ ਬਾਣੀ ਨਾਲ ਜਿਨ੍ਹਾਂ ਦਾ ਵੀ ਮਨ ਲੱਗ ਜਾਂਦਾ ਹੈ, ਉਨ੍ਹਾਂ ਨੂੰ ਸੱਚ ਨਾਲ ਪ੍ਰੇਮ ਹੋ ਜਾਂਦਾ ਹੈ, ਅਰਥਾਤ ਬਾਣੀ ਦਾ ਇਹ ਕ੍ਰਿਸ਼ਮਈ ਅਸਰ ਜਾਂ ਪ੍ਰਭਾਵ ਹੈ ਕਿ ਇਹ ਜਗਿਆਸੂ ਨੂੰ ਸੱਚ-ਸਰੂਪ ਪ੍ਰਭੂ ਨਾਲ ਪ੍ਰੇਮ ਵਿਚ ਪਰੋ ਦਿੰਦੀ ਹੈ।
ਅਗਲੀ ਤੁਕ ਵਿਚ ਪਾਤਸ਼ਾਹ ਰਹੱਸਮਈ ਅੰਦਾਜ਼ ਵਿਚ ਦੱਸਦੇ ਹਨ ਕਿ ਅਸਲ ਵਿਚ ਬਾਣੀ ਉੱਪਰ ਅੰਕਤ ਹੀਰੇ ਅਤੇ ਰਤਨ ਆਦਿ ਪ੍ਰਭੂ ਖੁਦ ਆਪ ਹੀ ਹੈ। ਪਰ ਇਹ ਅਜਿਹਾ ਭੇਤ ਹੈ, ਜਿਸ ਦੀ ਸਮਝ ਉਸੇ ਨੂੰ ਲੱਗਦੀ ਹੈ, ਜਿਸ ਨੂੰ ਖੁਦ ਪ੍ਰਭੂ ਸਮਝਾ ਦੇਵੇ।
ਪਾਤਸ਼ਾਹ ਅਖੀਰ ਵਿਚ ਫਿਰ ਦੁਹਰਾਉਂਦੇ ਹਨ ਕਿ ਇਹ ਬਾਣੀ ਅਨਮੋਲ ਰਤਨ-ਰੂਪ ਹੈ, ਜਿਸ ਨਾਲ ਹੀਰਿਆਂ ਜਿਹੇ ਬੇਸ਼ਕੀਮਤੀ ਤਮਾਮ ਗੁਣ ਸੋਭਾ ਪਾ ਰਹੇ ਹਨ। ਜਿਸ ਦੀ ਬਰਕਤ ਨਾਲ ਮਨ ਵਿਚ ਪ੍ਰਭੂ-ਨਾਮ ਰੂਪੀ ਹੀਰਾ ਜੜਿਆ ਜਾਂਦਾ ਹੈ ਅਤੇ ਮਨ ਅਨੰਦ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ।