ਪਿਛਲੀ
ਪਉੜੀ ਵਿਚ ਸਦਾ-ਥਿਰ ਪ੍ਰਭੂ ਤੋਂ ਉਪਜੀ ਅਤੇ ਉਸ ਵਿਚ ਅਭੇਦ ਕਰਾਉਣ ਵਾਲੀ ‘ਸੱਚੀ’ ਬਾਣੀ ਗਾਉਣ ਦਾ ਉਪਦੇਸ਼ ਸੀ। ਇਸ ਪਉੜੀ ਵਿਚ ਉਪਦੇਸ਼ ਹੈ ਕਿ ਸਤਿਗੁਰੂ ਦੁਆਰਾ ਉਚਾਰਣ ਅਤੇ ਪ੍ਰਵਾਨ ਕੀਤੀ ਬਾਣੀ ਤੋਂ ਬਿਨਾਂ ਹੋਰ ਬਾਣੀ ਨੂੰ ਨਹੀ ਗਾਉਣਾ, ਕਿਉਂਕਿ ਇਸ ‘ਕੱਚੀ’ ਬਾਣੀ ਰਾਹੀਂ ਅਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਨੰਦ ਦੀ ਪ੍ਰਾਪਤੀ ‘ਸੱਚੀ’ ਬਾਣੀ ਨਾਲ ਜੁੜ ਕੇ ਹੀ ਹੁੰਦੀ ਹੈ।
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚਂੀ ਆਖਿ ਵਖਾਣੀ ॥
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥
-ਗੁਰੂ ਗ੍ਰੰਥ ਸਾਹਿਬ ੯੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗਿਆਰਵੀਂ ਸਦੀ ਦੇ ਇਰਾਨੀ ਵਿਦਵਾਨ ਅਲ ਜੁਰਜਾਨੀ ਨੇ ‘ਇਜਾਜ਼-ਏ-ਕੁਰਆਨ’ ਦਾ ਵਿਚਾਰ ਦਿੱਤਾ ਸੀ, ਜਿਸ ਦਾ ਭਾਵ ਇਹ ਸੀ ਕਿ ਕੁਰਆਨ ਅਜਿਹੀ ਕ੍ਰਿਸ਼ਮਈ ਕਿਤਾਬ ਹੈ, ਜਿਸ ਦੀ ਨਕਲ ਨਹੀਂ ਹੋ ਸਕਦੀ। ਇਸ ਨੂੰ ਅੰਗਰੇਜੀ ਵਿਚ ਇਨਇਮੀਟੇਬਿਲਿਟੀ ਆਫ ਕੁਰਾਨ (Inimitability of Quran) ਕਿਹਾ ਜਾਂਦਾ ਹੈ।
ਹਜਰਤ ਮੁਹੰਮਦ ਸਾਹਿਬ ਦੇ ਸਮੇਂ ਕਈ ਵਿਦਵਾਨ ਕਵੀਆਂ ਨੇ ਕੁਰਾਨ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਗੁਰੂ ਸਾਹਿਬਾਨ ਦੇ ਸਮੇਂ ਵੀ ਗੁਰੂ ਘਰ ਦੇ ਕਈ ਸ਼ਰੀਕਾਂ ਨੇ ਗੁਰਬਾਣੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਗੁਰੂ ਸਾਹਿਬਾਨ ਦੀ ਪਾਰਦਰਸ਼ੀ ਨਜ਼ਰ ਨੇ ਰੱਦ ਕਰ ਦਿੱਤਾ ਸੀ। ਅਜਿਹੀ ਅਣ-ਅਧਿਕਾਰਤ ਰਚਨਾ ਨੂੰ ਅੰਗਰੇਜ਼ੀ ਵਿਚ ਅਪੌਕ੍ਰਫਾ (apocrypha) ਕਿਹਾ ਜਾਂਦਾ ਹੈ ਤੇ ਪਾਤਸ਼ਾਹ ਨੇ ਇਥੇ ਅਜਿਹੀ ਰਚਨਾ ਨੂੰ ਕੱਚੀ ਬਾਣੀ ਕਿਹਾ ਹੈ।
ਇਸ ਪਉੜੀ ਵਿਚ ਵੀ ਪਾਤਸ਼ਾਹ ਗੁਰਬਾਣੀ ਨੂੰ ਕੱਚੀ ਬਾਣੀ ਨਾਲੋਂ ਵਖਰਾ ਕਰਦੇ ਹੋਏ ਕੁਝ ਇਹੋ ਜਿਹਾ ਹੀ ਵਿਚਾਰ ਪੇਸ਼ ਕਰ ਰਹੇ ਹਨ ਕਿ ਅਸਲ ਬਾਣੀ ਉਹੀ ਹੈ, ਜਿਹੜੀ ਸੱਚ ਦੇ ਮੁਜੱਸਮੇ ਗੁਰੂ ਸਾਹਿਬਾਨ ਨੇ ਉਚਰਾਣ ਕੀਤੀ ਹੈ। ਇਸ ਤੋਂ ਬਿਨਾਂ ਬਾਕੀ ਸਭ ਬਾਣੀ ਕੱਚੀ ਹੈ, ਅਰਥਾਤ ਭਰੋਸੇਯੋਗ ਅਤੇ ਮੰਨਣਯੋਗ ਨਹੀਂ ਹੈ।
ਪਾਤਸ਼ਾਹ ਇਸੇ ਗੱਲ ਨੂੰ ਫਿਰ ਦੁਹਰਾਉਂਦੇ ਹਨ ਕਿ ਸਤਿਗੁਰਾਂ ਦੇ ਮੁਖ਼ਾਰਬਿੰਦ ਤੋਂ ਉਚਰਾਣ ਹੋਈ ਬਾਣੀ ਬਾਝੋਂ ਹੋਰ ਹਰ ਤਰ੍ਹਾਂ ਦੀ ਬਾਣੀ ਕੱਚੀ, ਅਰਥਾਤ ਭਰੋਸੇਯੋਗ ਅਤੇ ਮੰਨਣਯੋਗ ਨਹੀਂ ਹੈ।
ਪਾਤਸ਼ਾਹ ਹੋਰ ਦੱਸਦੇ ਹਨ ਕਿ ਇਹ ਬਾਣੀ ਇਸ ਕਰਕੇ ਵੀ ਕੱਚੀ ਹੈ, ਕਿਉਂਕਿ ਇਸ ਨੂੰ ਕਹਿਣ ਵਾਲੇ ਵੀ ਕੱਚੇ, ਸੁਣਨ ਵਾਲੇ ਵੀ ਕੱਚੇ ਹਨ ਤੇ ਇਸ ਦੀ ਰਚਨਾ ਕਰਨ ਵਾਲੇ ਵੀ ਕੱਚੇ ਹਨ।
ਪਾਤਸ਼ਾਹ ਦੱਸਦੇ ਹਨ ਕਿ ਅਜਿਹੇ ਕੱਚੇ ਲੋਕ ਜ਼ੁਬਾਨ ਨਾਲ ਤਾਂ ਪ੍ਰਭੂ ਦਾ ਨਾਮ ਜ਼ਰੂਰ ਲੈਂਦੇ ਹਨ, ਪਰ ਉਸ ਦੇ ਅਸਲ ਵਿਚਾਰ, ਅਰਥਾਤ ਤੱਤ ਅਤੇ ਗੁਹਜ-ਭਾਵ ਨੂੰ ਨਹੀਂ ਜਾਣਦੇ।
ਬਸ ਇਹ ਤਾਂ ਇਵੇਂ ਹੈ, ਜਿਵੇਂ ਜਿਨ੍ਹਾਂ ਦੇ ਦਿਲ ਮਾਇਕੀ ਪਦਾਰਥਾਂ ਦੀ ਚਕਾਚੌਂਧ ਨੇ ਚਕ੍ਰਿਤ ਕੀਤੇ ਹੋਏ ਹਨ, ਉਹ ਬਿਨਾਂ ਸੋਚੇ ਸਮਝੇ ਬੇਰੋਕ ਬੋਲੀ ਜਾ ਰਹੇ ਹਨ। ਅਖੀਰ ਵਿਚ ਪਾਤਸ਼ਾਹ ਫਿਰ ਦ੍ਰਿੜ ਕਰਾਉਂਦੇ ਹਨ ਕਿ ਸਤਿਗੁਰੂ ਦੇ ਬਗੈਰ ਹੋਰ ਸਭ ਬਾਣੀ ਕੱਚੀ ਹੈ।