Guru Granth Sahib Logo
  
ਦੂਜੀ ਪਉੜੀ ਵਿਚ ਮਨ ਨੂੰ ਮੁਖਾਤਬ ਹੁੰਦਿਆਂ, ਉਸ ਨੂੰ ਸਮੂਹ ਦੁਖਾਂ ਨੂੰ ਨਿਵਾਰਣ ਵਾਲੇ ਅਤੇ ਸਾਰੇ ਕਾਰਜ ਸਵਾਰਣ ਵਾਲੇ ਸਰਬ-ਸਮਰਥ ਪ੍ਰਭੂ ਦੀ ਯਾਦ ਵਿਚ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਹੈ। ਇਹ ਪ੍ਰੇਰਨਾ ਇਸ ਲਈ ਹੈ ਤਾਂ ਕਿ ਗੁਰ-ਸ਼ਬਦ ਰਾਹੀਂ ਬਣੀ ਅਨੰਦਮਈ ਅਵਸਥਾ ਸਦੀਵੀ ਹੋ ਜਾਵੇ।
ਮਨ ਮੇਰਿਆ   ਤੂ ਸਦਾ ਰਹੁ ਹਰਿ ਨਾਲੇ ॥ 
ਹਰਿ ਨਾਲਿ ਰਹੁ ਤੂ ਮੰਨ ਮੇਰੇ   ਦੂਖ ਸਭਿ ਵਿਸਾਰਣਾ
ਅੰਗੀਕਾਰੁ ਓਹੁ ਕਰੇ ਤੇਰਾ   ਕਾਰਜ ਸਭਿ ਸਵਾਰਣਾ
ਸਭਨਾ ਗਲਾ ਸਮਰਥੁ ਸੁਆਮੀ   ਸੋ ਕਿਉ ਮਨਹੁ ਵਿਸਾਰੇ
ਕਹੈ ਨਾਨਕੁ  ਮੰਨ ਮੇਰੇ   ਸਦਾ ਰਹੁ ਹਰਿ ਨਾਲੇ ॥੨॥
-ਗੁਰੂ ਗ੍ਰੰਥ ਸਾਹਿਬ ੯੧੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਨ ਬਾਬਤ ਕਿਹਾ ਜਾਂਦਾ ਹੈ ਕਿ ਇਹ ਉਸ ਅੱਥਰੇ ਘੋੜੇ ਵਾਂਗ ਹੈ, ਜੋ ਕਦੇ ਨਹੀਂ ਟਿਕਦਾ। ਸੰਸਾਰ ਵਿਚ ਸਭ ਤੋਂ ਤੇਜ ਨਜ਼ਰ ਦੌੜਦੀ ਹੈ, ਪਰ ਨਜ਼ਰ ਤੋਂ ਵੀ ਤੇਜ ਮਨ ਦੌੜਦਾ ਹੈ। ਸਾਡਾ ਮਨ ਇਕ ਛਿਣ ਵਿਚ ਹੀ ਧਰਤੀ ਤਾਂ ਕੀ, ਅਣਦੇਖੇ ਮੰਡਲਾਂ ਦੀ ਵੀ ਸੈਰ ਕਰ ਆਉਂਦਾ ਹੈ। ਇਸੇ ਕਰਕੇ ਗੁਰਮਤਿ ਵਿਚ ਮਨ ਨੂੰ ਕਾਬੂ ਵਿਚ ਰਖਣ ’ਤੇ ਵਧੇਰੇ ਬਲ ਦਿੱਤਾ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਇਥੋਂ ਤਕ ਆਖ ਦਿੱਤਾ: ਮਨਿ ਜੀਤੈ ਜਗੁ ਜੀਤੁ ॥

ਇਸ ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਆਪਣੇ ਮਨ ਨੂੰ ਮੁਖਾਤਬ ਹੁੰਦੇ ਹਨ ਤੇ ਉਸ ਨੂੰ ਇਧਰ-ਉਧਰ ਭਟਕਣ ਦੀ ਬਜਾਏ ਸਦਾ ਲਈ ਪ੍ਰਭੂ ਨਾਲ ਜੁੜੇ ਰਹਿਣ ਲਈ ਪ੍ਰੇਰਦੇ ਹਨ। ਉਹ ਆਪਣੇ ਵਿਸ਼ੇਸ਼ ਚੱਕਰੀ ਕਾਵਿਕ ਅੰਦਾਜ਼ (cyclic poetic technique) ਵਿਚ ਫਿਰ ਉਹੀ ਪ੍ਰੇਰਣਾ ਦੁਹਰਾਉਂਦੇ ਹਨ ਕਿ ਮਨ ਪ੍ਰਭੂ ਨਾਲ ਸਦਾ ਜੁੜਿਆ ਹੀ ਰਹੇ। ਕਿਉਂਕਿ ਪ੍ਰਭੂ ਹੀ ਸਾਰੇ ਦੁਖਾਂ ਨੂੰ ਮੁਕਾ ਕੇ ਮੁਕਤ ਕਰਨ ਦੀ ਸਮਰਥਾ ਰਖਦਾ ਹੈ। 

ਪ੍ਰਭੂ ਹਰ ਤਰ੍ਹਾਂ ਨਾਲ ਮਨੁਖ ਦੀ ਸਹਾਇਤਾ ਵੀ ਕਰਦਾ ਹੈ ਤੇ ਉਸ ਦੇ ਸਮੂਹ ਕਾਰਜ ਵੀ ਸਿਰੇ ਚਾੜ੍ਹਦਾ ਹੈ। ਗੁਰਮਤਿ ਦੇ ਮੂਲ ਸੂਤਰ ਅਨੁਸਾਰ ਸਿਰਫ ਪ੍ਰਭੂ ਹੀ ਕਰਤਾ ਪੁਰਖ ਹੈ। ਕਿਉਂਕਿ ਕਿਸੇ ਵੀ ਕਾਰਜ ਦਾ ਖੁਦ ਨੂੰ ਕਰਤਾ ਅਨੁਮਾਨ ਲੈਣਾ ਹਉਮੈ ਹੋ ਨਿਬੜਦਾ ਹੈ। ਇਸ ਲਈ ਹਰ ਕਿਰਤ ਨੂੰ ਪ੍ਰਭੂ ਦੇ ਚਰਨਾਂ ਵਿਚ ਰਖ ਕੇ ਅਤੇ ਉਸੇ ਨੂੰ ਕਰਤਾ ਮੰਨ ਕੇ ਹੀ ਅਸੀਂ ਹਉਮੈ ਤੋਂ ਮੁਕਤ ਹੋ ਸਕਦੇ ਹਾਂ।

ਪਾਤਸ਼ਾਹ ਅੱਗੇ ਤਾੜਨਾ ਕਰਦੇ ਹਨ ਕਿ ਜਿਹੜਾ ਮਾਲਕ ਹਰ ਗੱਲ ਦੀ ਸਮਰਥਾ ਰਖਦਾ ਹੈ, ਉਸ ਨੂੰ ਕੋਈ ਮਨ ਵਿਚੋਂ ਕਿਉਂ ਵਿਸਾਰੇ? ਅਰਥਾਤ, ਉਸ ਨੂੰ ਵਿਸਾਰਨਾ ਜਾਂ ਚੇਤੇ ਨਾ ਰਖਣਾ ਮਨੁਖ ਦੇ ਹਿਤ ਵਿਚ ਨਹੀਂ ਹੈ।

ਇਸੇ ਕਰਕੇ ਪਾਤਸ਼ਾਹ ਪ੍ਰਭੂ ਦੀ ਅਮਿੱਤ ਸਮਰਥਾ ਅੱਗੇ ਇਕ ਪ੍ਰਕਾਰ ਦਾ ਨਮਨ ਕਰਦੇ ਹੋਏ, ਫਿਰ ਉਸੇ ਵਿਸ਼ੇਸ਼ ਚੱਕਰੀ ਕਾਵਿਕ ਅੰਦਾਜ਼ ਵਿਚ ਆਪਣੇ ਮਨ ਨੂੰ ਪ੍ਰੇਰਣਾ ਦਿੰਦੇ ਹਨ ਕਿ ਉਹ ਹਮੇਸ਼ਾ ਪ੍ਰਭੂ ਦੇ ਨਾਲ ਰਹੇ, ਅਰਥਾਤ ਪ੍ਰਭੂ ਨੂੰ ਆਪਣੇ ਅੰਦਰ ਵਸਾਈ ਰਖੇ ਜਾਂ ਸਦਾ ਯਾਦ ਰਖੇ।

ਕੀ ਸਾਡਾ ਮਨ ਅਜਿਹੇ ਸਰਬ-ਸਮਰਥ ਪ੍ਰਭੂ ਨੂੰ ਆਪਣੇ ਅੰਦਰ ਵਸਾਉਣ ਲਈ ਤਿਆਰ ਹੈ? ਕੀ ਇਹ ਸਦਾ ਉਸ ਨਾਲ ਜੁੜੇ ਰਹਿਣ ਲਈ ਉੱਦਮਸ਼ੀਲ ਹੈ?
Tags