ਇਸ
ਪਉੜੀ ਵਿਚ ਉਪਦੇਸ਼ ਕੀਤਾ ਗਿਆ ਹੈ ਕਿ ਅਨੰਦ ਦਾ ਮੂਲ ਸੋਮਾ
ਗੁਰੂ ਦਾ ਸਦਾ ਸੁਹਾਵਾ ਤੇ
ਮੰਗਲ-ਮਈ ਸ਼ਬਦ ਹੈ। ਇਹ ਸ਼ਬਦ ਗੱਲੀਂ-ਬਾਤੀਂ ਨਹੀਂ, ਬਲਕਿ ਵੱਡੇ ਭਾਗਾਂ ਸਦਕਾ ਪ੍ਰਾਪਤ ਹੁੰਦਾ ਤੇ ਮਨ ਵਿਚ ਵਸਦਾ ਹੈ।
ਏਹੁ ਸੋਹਿਲਾ ਸਬਦੁ ਸੁਹਾਵਾ ॥
ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥
ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥
ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥
ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥
-ਗੁਰੂ ਗ੍ਰੰਥ ਸਾਹਿਬ ੯੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਨੇ ਨਵਾਂ ਵਿਸ਼ਾ ‘ਸੋਹਿਲਾ’ ਛੋਹਿਆ ਹੈ ਤੇ ਇਸ ਸ਼ਬਦ ਦੀ ਸਿਫਤ ਕਰਦਿਆਂ ਕਿਹਾ ਹੈ ਕਿ ਇਹ ਸੋਹਿਲਾ, ਅਰਥਾਤ ਮੰਗਲਮਈ ਸ਼ਬਦ ਹੀ ਸੋਹਣਾ ਅਤੇ ਸੁਖਦਾਈ ਹੈ। ਸਵਾਲ ਪੈਦਾ ਹੁੰਦਾ ਹੈ ਕਿ ਭਲਾ ਕੋਈ ਸ਼ਬਦ ਵੀ ਸੋਹਣਾ ਜਾਂ ਸੁਖਦਾਈ ਹੁੰਦਾ ਹੈ? ਸ਼ਾਇਦ ਪਾਤਸ਼ਾਹ ਨੇ ਇਸ ਸ਼ਬਦ ਸੋਹਿਲਾ ਨੂੰ ਇਸ ਕਰਕੇ ਸੋਹਣਾ ਕਿਹਾ ਹੋਵੇ, ਕਿਉਂਕਿ ਸੋਹਿਲਾ ਸ਼ਬਦ ਸਿਫਤ ਦਾ ਪਰਿਆਇ ਹੈ, ਜਿਸ ਕਰਕੇ ਸਿਫਤ ਦੀ ਸਿਫਤ ਕਰਨੀ ਤਾਂ ਬਣਦੀ ਹੀ ਹੈ। ਸਿਫਤ ਦੇ ਬੋਲ ਹਮੇਸ਼ਾ ਸੋਹਣੇ ਹੁੰਦੇ ਹਨ, ਬਾਸ਼ਰਤਿ ਕਿ ਇਹ ਬੇਗ਼ਰਜ਼ ਦਿਲ ਦੀ ਜਾਂ ਦਿਲ ਦੀ ਬੇਗ਼ਰਜ਼ ਅਵਾਜ਼ ਹੋਣ।
ਦੂਜੀ ਤੁਕ ਵਿਚ ਪਾਤਸ਼ਾਹ ਫਿਰ ਇਸ ਸੋਹਿਲੇ ਦੇ ਸੋਹਣੇ ਅਤੇ ਸੁਖਦਾਈ ਹੋਣ ਦਾ ਭੇਤ ਖੋਲਦੇ ਹਨ ਕਿ ਇਹ ਸੋਹਿਲਾ ਖੁਦ ਸੱਚ ਸਰੂਪ ਦੈਵੀ ਪੁਰਸ਼, ਸਤਿਗੁਰੂ ਨੇ ਸਰਵਣ ਕਰਾਇਆ ਹੈ, ਜਿਸ ਕਰਕੇ ਇਸ ਦਾ ਸਦਾ ਸੋਹਣਾ ਅਤੇ ਸੁਖਦਾਈ ਹੋਣਾ ਕੁਦਰਤੀ ਗੁਣ ਹੈ। ਇਸ ਸੋਹਿਲੇ ਦੀ ਹੋਰ ਸਿਫਤ ਇਹ ਹੈ ਕਿ ਇਹ ਉਨ੍ਹਾਂ ਦੇ ਹੀ ਦਿਲ ਵਿਚ ਵਸਦਾ ਹੈ, ਜਿਨ੍ਹਾਂ ਦੇ ਭਾਗਾਂ ਵਿਚ ਇਹ ਧੁਰ-ਦਰਗਾਹੋਂ ਉਕਰਿਆ ਹੁੰਦਾ ਹੈ।
ਦੂਜੇ ਪਾਸੇ, ਅਜਿਹੇ ਲੋਕ ਵੀ ਹਨ, ਜਿਹੜੇ ਮਹਿਜ਼ ਗੱਲਾਂ ਕਰਦੇ ਹਨ। ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਗੱਲਾਂ ਨਾਲ ਕਦੇ ਵੀ ਗੱਲ ਨਹੀਂ ਬਣਦੀ। ਭਾਵ, ਗੱਲੀਂ-ਬਾਤੀਂ ਅਤੇ ਫਜੂਲ ਦੀ ਚਰਚਾ ਨਾਲ ਇਹ ਸੋਹਿਲਾ ਦਿਲ ਵਿਚ ਨਹੀਂ ਵਸ ਸਕਦਾ।
ਇਥੇ ਸੋਹਿਲੇ ਦਾ ਸੰਕੇਤ ਸਤਿਗੁਰੂ ਦੁਆਰਾ ਉਚਾਰਣ ਕੀਤੇ ਸ਼ਬਦ ਅਥਵਾ ਗੁਰਬਾਣੀ ਨਾਲ ਹੈ। ਬੇਸ਼ੱਕ ਬਾਣੀ ਪ੍ਰਭੂ ਦੀ ਬਖਸ਼ਿਸ਼ ਹੈ, ਪਰ ਇਸ ਵਿਚ ਮਨੁਖੀ ਅਹਿਸਾਸਾਂ ਅਤੇ ਦਿਲ ਦੀ ਤਰਜ਼ਮਾਨੀ ਵੀ ਹੈ। ਇਸ ਕਰਕੇ ਅਸੀਂ ਕੇਵਲ ਇਸੇ ਬਖਸ਼ਿਸ਼ ਦੇ ਜਰੀਏ ਉਸ ਪ੍ਰਭੂ ਦਾ ਪਿਆਰ ਹਾਸਲ ਕਰ ਸਕਦੇ ਹਾਂ। ਪ੍ਰਭੂ ਤਕ ਪ੍ਰਭੂ ਦੇ ਸ਼ਬਦ-ਬਾਣ ਹੀ ਪੁੱਜ ਸਕਦੇ ਹਨ। ਸਾਡੇ ਨਿਰਜਿੰਦ ਅਤੇ ਟੁੱਟੇ-ਹਾਰੇ ਸ਼ਬਦਾਂ ਵਿਚ ਏਨੀ ਜਾਨ ਕਿਥੇ ਹੁੰਦੀ ਹੈ ਕਿ ਸਾਨੂੰ ਪ੍ਰਭੂ ਦੇ ਦਰ ਤਕ ਲੈ ਜਾਣ। ਸਾਡੇ ਅਹਿਸਾਸ ਵਿਹੂਣੇ ਸ਼ਬਦ ਦਿਲ ਦੀ ਬਜਾਏ ਮਹਿਜ ਗਲੇ ਦੀ ਉਪਜ ਹੁੰਦੇ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ‘ਮੁਹ ਕਾ ਕਹਿਆ ਵਾਉ’ ਕਿਹਾ ਹੈ।
ਪਾਤਸ਼ਾਹ ਅਖੀਰ ਵਿਚ ਫਿਰ ਦੁਹਰਾਉਂਦੇ ਹਨ ਕਿ ਸ਼ਬਦ ਰੂਪ ਸੋਹਿਲਾ ਅਸਲ ਵਿਚ ਸੱਚ-ਸਰੂਪ ਪਾਰਬ੍ਰਹਮ ਨਾਲ ਅੰਤਰ-ਆਤਮੇ ਇਕਮਿਕ ਹੋਏ ਸਤਿਗੁਰੂ ਦੀ ਹੀ ਬਖਸ਼ਿਸ਼ ਹੈ।