Guru Granth Sahib Logo
  
ਇਸ ਪਉੜੀ ਵਿਚ ਵਰਨਣ ਹੈ ਕਿ ਅਨੰਦ-ਪ੍ਰਾਪਤੀ ਦਾ ਸੋਮਾ ਨਾਮ ਰੂਪੀ ਅੰਮ੍ਰਿਤ ਹੈ, ਜਿਸ ਦੀ ਭਾਲ ਦੇਵਤੇ, ਮਨੁਖ, ਮੁਨੀ-ਜਨ ਆਦਿ ਚਿਰਾਂ ਤੋਂ ਕਰਦੇ ਆ ਰਹੇ ਹਨ। ਨਾਮ ਰੂਪੀ ਇਹ ਅੰਮ੍ਰਿਤ ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਾਪਤ ਹੁੰਦਾ ਹੈ। ਇਸ ਦੀ ਪ੍ਰਾਪਤੀ ਨਾਲ ਲਬ, ਲੋਭ, ਹੰਕਾਰ ਆਦਿ ਵਿਕਾਰ ਦੂਰ ਹੋ ਜਾਂਦੇ ਹਨ ਅਤੇ ਸੱਚਾ ਪ੍ਰਭੂ ਮਨ ਵਿਚ ਵਸ ਜਾਂਦਾ ਹੈ।
ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ   ਸੁ ਅੰਮ੍ਰਿਤੁ ਗੁਰ ਤੇ ਪਾਇਆ
ਪਾਇਆ ਅੰਮ੍ਰਿਤੁ  ਗੁਰਿ ਕ੍ਰਿਪਾ ਕੀਨੀ   ਸਚਾ ਮਨਿ ਵਸਾਇਆ
ਜੀਅ ਜੰਤ ਸਭਿ ਤੁਧੁ ਉਪਾਏ   ਇਕਿ ਵੇਖਿ ਪਰਸਣਿ ਆਇਆ
ਲਬੁ ਲੋਭੁ ਅਹੰਕਾਰੁ ਚੂਕਾ   ਸਤਿਗੁਰੂ ਭਲਾ ਭਾਇਆ
ਕਹੈ ਨਾਨਕੁ  ਜਿਸ ਨੋ ਆਪਿ ਤੁਠਾ   ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥
-ਗੁਰੂ ਗ੍ਰੰਥ ਸਾਹਿਬ ੯੧੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਅੰਮ੍ਰਿਤ ਦਾ ਵਿਸ਼ਾ ਛੂਹਦੇ ਹਨ। ਅੰਮ੍ਰਿਤ ਅਸਲ ਵਿਚ ਮ੍ਰਿਤੂ, ਅਰਥਾਤ ਮੌਤ ਦਾ ਵਿਰੋਧੀ ਸ਼ਬਦ ਹੈ, ਜਿਸ ਤੋਂ ਮਨੁਖ ਦੀ ਮੌਤ ਤੋਂ ਬਚਣ ਦੀ ਤੀਬਰ ਇਛਾ ਦਾ ਸੰਕੇਤ ਮਿਲਦਾ ਹੈ।

ਹਿੰਦੂ ਮਿਥਿਹਾਸ ਵਿਚ ਵੀ ਦੇਵਤੇ, ਦਾਨਵ, ਰਿਸ਼ੀ, ਮੁਨੀ ਅਤੇ ਮਨੁਖ ਅੰਮ੍ਰਿਤ ਦੀ ਭਾਲ ਵਿਚ ਦਿਖਾਏ ਜਾਂਦੇ ਹਨ। ਸਮੁੰਦਰ-ਮੰਥਨ ਦੀ ਮਿੱਥ ਵਿਚ ਵੀ ਦੇਵਤੇ ਅਤੇ ਦਾਨਵ ਮਿਲ ਕੇ ਅੰਮ੍ਰਿਤ ਆਦਿ ਚੌਦਾਂ ਰਤਨ ਪ੍ਰਾਪਤ ਕਰਦੇ ਹਨ।

ਇਸ ਪਉੜੀ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਸ ਅੰਮ੍ਰਿਤ ਨੂੰ ਰਿਸ਼ੀ-ਮੁਨੀ ਅਨੰਤ ਸਮੇਂ ਤੋਂ ਖੋਜ ਰਹੇ ਹਨ, ਉਹ ਨਾਮ ਰੂਪੀ ਅੰਮ੍ਰਿਤ ਮੈਂ ਗੁਰੂ, ਅਰਥਾਤ ਗੁਰ-ਸ਼ਬਦ ਤੋਂ ਪ੍ਰਾਪਤ ਕਰ ਲਿਆ ਹੈ।

ਪਾਤਸ਼ਾਹ ਫਿਰ ਆਖਦੇ ਹਨ ਕਿ ਗੁਰ-ਸ਼ਬਦ ਸਦਕਾ ਹੀ ਇਹ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋਇਆ ਹੈ। ਇਸ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਨਾਲ ਸੱਚ-ਸਰੂਪ ਪ੍ਰਭੂ ਮਨ ਵਿਚ ਆ ਵਸਿਆ ਹੈ।

ਬੇਸ਼ੱਕ ਸਾਰੇ ਜੀਅ-ਜੰਤ ਉਸ ਪ੍ਰਭੂ ਨੇ ਹੀ ਪੈਦਾ ਕੀਤੇ ਹਨ, ਪਰ ਜਿਸ ਉੱਤੇ ਉਹ ਕਿਰਪਾ ਕਰਦਾ ਹੈ ਉਹੀ ਗੁਰੂ ਦੇ ਸ਼ਬਦ ਨੂੰ ਪ੍ਰਾਪਤ ਕਰਨ ਆਉਂਦਾ ਹੈ। ਗੁਰੂ ਦੇ ਸ਼ਬਦ ਨੂੰ ਸੁਣਨ ਅਤੇ ਵਿਚਾਰਨ ਵਾਲੇ ਮਨੁਖਾਂ ਦੇ ਮਨ ਨੂੰ ਇਹ ਸ਼ਬਦ ਏਨਾ ਪਿਆਰਾ ਲੱਗਣ ਲੱਗ ਪੈਂਦਾ ਹੈ ਕਿ ਉਨ੍ਹਾਂ ਦੇ ਤਮਾਮ ਦੀਰਘ ਰੋਗ, ਅਰਥਾਤ ਲੋਭ, ਲਾਲਚ, ਹੰਕਾਰ ਆਦਿ ਮਿਟ ਜਾਂਦੇ ਹਨ।

ਇਸ ਪ੍ਰਕਾਰ ਇਸ ਪਉੜੀ ਵਿਚ ਪਾਤਸ਼ਾਹ ਅੰਮ੍ਰਿਤ ਰੂਪੀ ਨਾਮ ਦੀ ਪ੍ਰਾਪਤੀ ਲਈ ਗੁਰੂ, ਭਾਵ ਗੁਰ-ਸ਼ਬਦ ਦੀ ਅਹਿਮੀਅਤ ਪ੍ਰਗਟ ਕਰਦੇ ਹਨ, ਜਿਸ ਰਾਹੀਂ ਅਸੀਂ ਉਸ ਨਾਮ-ਅੰਮ੍ਰਿਤ ਅਤੇ ਸੱਚ ਸਰੂਪ ਪ੍ਰਭੂ ਤਕ ਪੁੱਜ ਸਕਦੇ ਹਾਂ। ਪਉੜੀ ਦੇ ਅਖੀਰ ਵਿਚ ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਜਿਸ ਮਨੁਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ, ਉਹ ਗੁਰ-ਸ਼ਬਦ ਰਾਹੀਂ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਕਰ ਲੈਂਦਾ ਹੈ।
Tags