ਅਨੰਦ ਸੰਸਕਾਰ ਸਮੇਂ ਇਸ ਸ਼ਬਦ ਦੇ ਦੂਜੇ ਪਦੇ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਲਾਵਾਂ ਦੀ ਸੰਪੂਰਨਤਾ ਤੋਂ ਬਾਅਦ ਅਨੰਦ ਸਾਹਿਬ ਦੀਆਂ ਛੇ (ਪਹਿਲੀਆਂ ਪੰਜ ਅਤੇ ਅਖੀਰਲੀ) ਪਉੜੀਆਂ ਦਾ ਗਾਇਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਸ ਸ਼ਬਦ ਦਾ ਦੂਜਾ ਪਦਾ ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਸ਼ਬਦ ਵਿਚ ਦੁਨਿਆਵੀ ਵਿਆਹ ਦਾ ਰੂਪਕ ਵਰਤ ਕੇ ਪਰਮਾਰਥਕ ਜੀਵਨ ਲਈ ਸੇਧ ਦਿੱਤੀ ਹੈ। ਸ਼ਬਦ ਦੇ ਪਹਿਲੇ ਪਦੇ ਵਿਚ ਪ੍ਰਸ਼ਨ ਹੈ ਕਿ ਜੀਵ ਕਿਸ ਜੁਗਤੀ ਨਾਲ ਪ੍ਰਭੂ ਦਾ ਅਨੁਭਵ ਕਰ ਸਕਦਾ ਹੈ? ਫਿਰ ਉੱਤਰ ਦਿੱਤਾ ਹੈ ਕਿ ਜੇਕਰ ਇਸ ਲੋਕ ਵਿਚ ਰਹਿੰਦਿਆਂ ਹੋਇਆਂ ਗੁਰ-ਸ਼ਬਦ ਦੁਆਰਾ ਉਹ ਕੁਝ ਪ੍ਰਾਪਤ ਕਰ ਲਿਆ ਜਾਵੇ ਜੋ ਪ੍ਰਭੂ ਦੀ ਦਰਗਾਹ ਵਿਚ ਕੰਮ ਆਉਂਦਾ ਹੈ ਤਾਂ ਪ੍ਰਭੂ ਦਾ ਅਨੁਭਵ ਹੋ ਸਕਦਾ ਹੈ। ਦੂਜੇ ਪਦੇ ਵਿਚ ਪ੍ਰਭੂ ਨੂੰ ਅਨੁਭਵ ਕਰ ਲੈਣ ਦੀ ਖੁਸ਼ੀ ਨੂੰ ਬਿਆਨ ਕੀਤਾ ਹੈ। ਤੀਜੇ ਪਦੇ ਵਿਚ ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ ਪ੍ਰਭੂ ਨਾਲ ਮਿਲਾਪ ਅਤੇ ਉਸ ਮਿਲਾਪ ਸਦਕਾ ਪ੍ਰਾਪਤ ਹੋਣ ਵਾਲੇ ਆਤਮਕ-ਅਨੰਦ ਦਾ ਜਿਕਰ ਹੈ। ਚੌਥੇ ਪਦੇ ਵਿਚ ਪ੍ਰਭੂ ਅਤੇ ਉਸ ਦਾ
ਨਾਮ ਦਾਜ ਵਜੋਂ ਮੰਗਿਆ ਹੈ, ਜਿਸ ਸਦਕਾ ਪ੍ਰਭੂ-ਪ੍ਰਾਪਤੀ ਦਾ ਕਾਰਜ ਸੋਭਾ ਸਹਿਤ ਨੇਪਰੇ ਚੜ੍ਹ ਜਾਵੇ। ਅਖੀਰਲੇ ਪਦੇ ਵਿਚ ਦੱਸਿਆ ਹੈ ਕਿ ਵਿਆਪਕ ਪ੍ਰਭੂ ਦੇ ਮਿਲਾਪ ਸਦਕਾ ਜਗਿਆਸੂ ਦੀ ਪੀੜ੍ਹੀ ਅੱਗੇ ਵਧਦੀ ਰਹਿੰਦੀ ਹੈ।
ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਞ ਸੁਹੰਦੀ ॥
ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ ਸੋਹੰਦੀ ॥
ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ ॥
ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥
ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥
ਹਰਿ ਸਤਿ ਸਤਿ ਮੇਰੇ ਬਾਬੋਲਾ ਹਰਿ ਜਨ ਮਿਲਿ ਜੰਞ ਸੋੁਹੰਦੀ ॥੩॥
-ਗੁਰੂ ਗ੍ਰੰਥ ਸਾਹਿਬ ੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਵੀ ਅਧਿਆਤਮ ਅਨੁਸਾਰ ਪ੍ਰਭੂ-ਮਿਲਾਪ ਦੇ ਪੰਧ ਨੂੰ ਕਿਤੇ-ਕਿਤੇ ਪਤੀ-ਪਤਨੀ ਦੇ ਮਿਲਾਪ ਦੇ ਮੁਹਾਵਰੇ ਅਤੇ ਪ੍ਰਸੰਗ ਦੀ ਪਾਹ ਦਿੱਤੀ ਗਈ ਹੈ। ਇਥੇ ਜਗਿਆਸੂ ਆਤਮਾ, ਪ੍ਰਭੂ-ਪਰਮਾਤਮਾ ਨਾਲ ਵਿਆਹੀ ਜਾਣ ਵਾਲੀ ਦੁਲਹਨ ਹੈ।
ਪਿਛਲੇ ਸਮਿਆਂ ਵਿਚ ਲੜਕੀ ਨੂੰ ਬਿਨਾਂ ਪੁੱਛੇ-ਦੱਸੇ ਰਿਸ਼ਤੇ ਤੈਅ ਹੋ ਜਾਂਦੇ ਸਨ। ਜਿਸ ਕਰਕੇ ਲੜਕੀ ਦੇ ਦਿਲ ਵਿਚ ਖੁਸ਼ੀ ਦੇ ਨਾਲ-ਨਾਲ ਬੇਚੈਨੀ ਵੀ ਹੁੰਦੀ ਸੀ ਕਿ ਉਸ ਦਾ ਪਤੀ ਕਿਹੋ ਜਿਹਾ ਹੋਵੇਗਾ। ਫਿਰ ਵਿਆਹ ਵਾਲੇ ਦਿਨ ਉਹ ਲੁਕ-ਛਿਪ ਕੇ ਹੋਣ ਵਾਲੇ ਪਤੀ ਦੀ ਛਵੀ ਦੇਖ ਕੇ ਖਿੜ ਜਾਂਦੀ ਸੀ। ਕਹਿੰਦੇ ਹਨ ਸੋਹਣੇ, ਸੁਨਖੇ, ਸਜੇ ਤੇ ਫਬੇ ਹੋਏ ਲੋਕ ਜੰਞ ਨਹੀਂ ਹੁੰਦੇ, ਜੰਞ ਲਾੜੇ ਨਾਲ ਹੀ ਸੋਭਦੀ ਹੈ। ਕੁਝ ਇਹੋ ਜਿਹੇ ਪ੍ਰਭਾਵ ਵਿਚ ਇਸ ਪਦੇ ਨੂੰ ਵਧੇਰੇ ਸਰਲਤਾ ਤੇ ਸਪਸ਼ਟਤਾ ਨਾਲ ਸਮਝਿਆ ਜਾ ਸਕਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਮਾਨੋ ਜਿਵੇਂ ਜਗਿਆਸੂ ਆਤਮਾ ਨੇ ਜੰਞ ਰੂਪ ਸੰਗਤ ਵਿਚ ਸੁਭਾਇਮਾਨ ਪ੍ਰਭੂ ਦੀ ਇਕ ਝਲਕ ਦੇਖ ਲਈ ਹੈ ਤੇ ਉਹ ਪਿਤਾ-ਸਮਾਨ ਮਿੱਤਰ (ਬਾਬੁਲ) ਨੂੰ ਦੱਸ ਰਹੀ ਹੈ ਕਿ ਜੋ ਸੁਣਿਆ ਸੀ, ਉਹ ਬਿਲਕੁਲ ਸੱਚ ਅਤੇ ਸਹੀ ਹੈ। ਜਿਵੇਂ ਲਾੜੇ ਨਾਲ ਜੰਞ ਦੇ ਰੂਪ ਵਿਚ ਸਜ-ਸਵਰ ਕੇ ਆਏ ਸੱਜਣ-ਮਿੱਤਰ ਤੇ ਰਿਸ਼ਤੇਦਾਰ ਬੜੇ ਸੋਹਣੇ ਲੱਗਦੇ ਹਨ, ਇਵੇਂ ਹੀ ਜਗਿਆਸੂ ਆਤਮਾ ਦਾ ਹਰੀ-ਪ੍ਰਭੂ ਨਾਲ ਮਿਲਾਪ ਕਰਾਉਣ ਲਈ ਸੰਗਤ ਰੂਪ ਵਿਚ ਆਈ ਜੰਞ ਵੀ ਬੜੀ ਸੋਹਣੀ ਲੱਗ ਰਹੀ ਹੈ।
ਪਾਤਸ਼ਾਹ ਫਿਰ ਪੇਕੇ ਤੇ ਸਹੁਰੇ ਦੇ ਮੁਹਾਵਰੇ ਵਿਚ ਅਧਿਆਤਮ ਦੀ ਗੱਲ ਕਰਦੇ ਹਨ ਕਿ ਜਿਵੇਂ ਸਹੁਰੇ ਘਰ ਦੇ ਰਹਿਣ-ਸਹਿਣ ਦੀ ਸਿੱਖਿਆ ਗ੍ਰਹਿਣ ਕਰਨ ਵਾਲੀ ਮੁਟਿਆਰ, ਪੇਕੇ ਘਰ ਵਿਚ ਵੀ ਸੁਖੀ ਰਹਿੰਦੀ ਹੈ ਤੇ ਸਹੁਰੇ ਜਾ ਕੇ ਵੀ ਸੋਭਾ ਖੱਟਦੀ ਹੈ, ਉਸੇ ਤਰ੍ਹਾਂ ਪ੍ਰਭੂ-ਮਿਲਾਪ ਦੀ ਤਿਆਰੀ ਵਜੋਂ ਹਰੀ-ਪ੍ਰਭੂ ਦਾ ਸਿਮਰਨ ਕਰਨ ਵਾਲੇ ਜਗਿਆਸੂ ਵੀ ਸੁਖੀ ਰਹਿੰਦੇ ਹਨ ਤੇ ਪ੍ਰਭੂ-ਮਿਲਾਪ ਉਪਰੰਤ ਵੀ ਸੋਭਾ ਪਾਉਂਦੇ ਹਨ।
ਪਾਤਸ਼ਾਹ ਉਪਰੋਕਤ ਕਥਨ ਨੂੰ ਉਲਟਾ ਕੇ ਫਿਰ ਸਮਾਜਕ ਮੁਹਾਵਰੇ ਵਿਚ ਹੀ ਦੁਹਰਾਉਂਦੇ ਹਨ ਕਿ ਜਿਵੇਂ ਸਹੁਰੇ ਘਰ ਵਿਚ ਉਹੀ ਮੁਟਿਆਰ ਵਧੇਰੇ ਸੋਭਾ ਪਾਉਂਦੀ ਹੈ, ਜਿਸ ਨੇ ਪੇਕੇ ਰਹਿੰਦਿਆਂ ਹੀ ਸਹੁਰੇ ਘਰ ਦੇ ਰਹਿਣ-ਸਹਿਣ ਦਾ ਚੱਜ ਗ੍ਰਹਿਣ ਕਰ ਲਿਆ ਹੋਵੇ। ਉਸੇ ਤਰ੍ਹਾਂ ਪ੍ਰਭੂ-ਮਿਲਾਪ ਦੀ ਸੋਭਾ ਉਸੇ ਸਾਧਕ ਨੂੰ ਹਾਸਲ ਹੁੰਦੀ ਹੈ, ਜਿਸ ਨੇ ਪ੍ਰਭੂ-ਮਿਲਾਪ ਦੇ ਜਤਨ ਵਜੋਂ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ਹੁੰਦਾ ਹੈ।
ਪੁਰਾਤਨ ਖੇਡ ਚੌਪੜ ਦੇ ਮੁਹਾਵਰੇ ਵਿਚ ਪਾਤਸ਼ਾਹ ਅੱਗੇ ਦੱਸਦੇ ਹਨ ਕਿ ਚੌਪੜ ਦੇ ਖਿਡਾਰੀ ਸੂਝ-ਬੂਝ ਨਾਲ ਇਕ ਮਨ-ਚਿਤ ਹੋ ਕੇ ਗੋਟੀ ਸੁੱਟਣ ਨਾਲ ਬਾਜ਼ੀ ਜਿੱਤ ਲੈਂਦੇ ਹਨ। ਉਸੇ ਤਰ੍ਹਾਂ ਅਧਿਆਤਮ ਦੇ ਉਨ੍ਹਾਂ ਜਗਿਆਸੂਆਂ ਦਾ ਜੀਵਨ ਸਫਲ ਹੁੰਦਾ ਹੈ, ਜਿਹੜੇ ਗੁਰ ਉਪਦੇਸ਼ ਅਨੁਸਾਰ ਆਪਣੇ ਮਨ ਉੱਤੇ ਮੁਕੰਮਲ ਕਾਬੂ ਪਾ ਕੇ ਜੀਵਨ ਦੀ ਖੇਡ ਖੇਡਦੇ ਹਨ।
ਪਾਤਸ਼ਾਹ ਫਿਰ ਸਮਾਜਕ ਮੁਹਾਵਰੇ ਵਿਚ ਦੱਸਦੇ ਹਨ ਕਿ ਜਿਸ ਤਰ੍ਹਾਂ ਸੂਝਵਾਨ ਮੇਲ ਅਤੇ ਜੰਞ ਸਦਕਾ ਹੀ ਵਿਆਹ ਦਾ ਕਾਰਜ ਸੋਭਦਾ ਹੈ, ਉਸੇ ਤਰ੍ਹਾਂ ਹਰੀ-ਪ੍ਰਭੂ ਨਾਲ ਜੁੜੇ ਹੋਏ ਸੰਤ-ਜਨਾਂ ਦੀ ਸੰਗਤ ਸਦਕਾ ਹੀ ਪ੍ਰਭੂ-ਮਿਲਾਪ ਦਾ ਇਹ ਕਾਰਜ ਸਿਰੇ ਚੜ੍ਹਿਆ ਹੈ ਅਤੇ ਅਨੰਦ ਦਾਇਕ ਪਤੀ ਰੂਪ ਪ੍ਰਭੂ ਨਾਲ ਮੇਲ ਮਿਲਾਪ ਸੰਭਵ ਹੋਇਆ ਹੈ।
ਅਖੀਰ ਵਿਚ ਜਗਿਆਸੂ ਆਤਮਾ ਫਿਰ ਬਾਬਲ ਰੂਪ ਗੁਰੂ ਨੂੰ ਦੱਸਦੀ ਹੈ ਕਿ ਜੋ ਉਸ ਨੇ ਸੁਣਿਆ ਸੀ, ਉਹ ਬਿਲਕੁਲ ਸੱਚ ਅਤੇ ਸਹੀ ਹੈ। ਹਰੀ-ਪ੍ਰਭੂ ਨਾਲ ਉਸ ਦਾ ਮਿਲਾਪ ਕਰਾਉਣ ਲਈ ਸੰਗਤ ਰੂਪ ਵਿਚ ਆਈ ਜੰਞ ਬੜੀ ਸੋਹਣੀ ਲੱਗ ਰਹੀ ਹੈ।