Guru Granth Sahib Logo
  
ਸਿਖ ਵਿਆਹਾਂ ਵਿਚ ਮਿਲਣੀ ਤੋਂ ਪਹਿਲਾਂ ਜੰਞ ਦੇ ਢੁਕਾਓ ਸਮੇਂ ਅਕਸਰ ਇਸ ਸ਼ਬਦ ਦੇ ਪਹਿਲੇ ਪਦੇ ਨੂੰ ਪੜ੍ਹਿਆ ਜਾਂਦਾ ਹੈ। ਸਮੁੱਚੇ ਸ਼ਬਦ ਵਿਚ ਸਤਸੰਗੀ-ਜਨਾਂ ਨਾਲ ਮਿਲਾਪ ਅਤੇ ਉਸ ਮਿਲਾਪ ਤੋਂ ਪੈਦਾ ਹੋਏ ਅਨੰਦ ਤੇ ਹੁਲਾਸ ਨੂੰ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ। ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦੀ ਕਿਰਪਾ ਨਾਲ ਸਤਸੰਗੀ-ਜਨਾਂ ਦੀ ਸੰਗਤ ਨਸੀਬ ਹੋਈ ਹੈ, ਜਿਸ ਸਦਕਾ ਹਿਰਦੇ ਵਿਚ ਪ੍ਰਭੂ-ਪਿਆਰ ਪੈਦਾ ਹੋ ਗਿਆ ਹੈ। ਹੁਣ ਮਨ ਪ੍ਰਭੂ ਦੀ ਸਿਫਤਿ-ਸਾਲਾਹ ਦੇ ਮੰਗਲਮਈ ਗੀਤ ਗਾ ਰਿਹਾ ਹੈ ਅਤੇ ਪ੍ਰਭੂ ਦੇ ਨਾਮ-ਰੂਪੀ ਅੰਮ੍ਰਿਤ ਨਾਲ ਭਿੱਜ ਗਿਆ ਹੈ, ਜਿਸ ਨਾਲ ਵਿਆਪਕ ਪ੍ਰਭੂ ਅਨੁਭਵ ਹੋ ਗਏ ਹਨ ਅਤੇ ਜਨਮ-ਮਰਨ ਮੁੱਕ ਗਿਆ ਹੈ।
ਮਨੁ ਤਨੁ ਅੰਮ੍ਰਿਤਿ ਭਿੰਨਾ ਅੰਤਰਿ ਪ੍ਰੇਮੁ ਰਤੰਨਾ
ਅੰਤਰਿ ਰਤਨੁ ਪਦਾਰਥੁ ਮੇਰੈ   ਪਰਮ ਤਤੁ ਵੀਚਾਰੋ
ਜੰਤ ਭੇਖ  ਤੂ ਸਫਲਿਓ ਦਾਤਾ   ਸਿਰਿ ਸਿਰਿ ਦੇਵਣਹਾਰੋ
ਤੂ ਜਾਨੁ ਗਿਆਨੀ ਅੰਤਰਜਾਮੀ   ਆਪੇ ਕਾਰਣੁ ਕੀਨਾ
ਸੁਨਹੁ ਸਖੀ  ਮਨੁ ਮੋਹਨਿ ਮੋਹਿਆ   ਤਨੁ ਮਨੁ ਅੰਮ੍ਰਿਤਿ ਭੀਨਾ ॥੩॥
-ਗੁਰੂ ਗ੍ਰੰਥ ਸਾਹਿਬ ੭੬੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਸਮਾਜਕ ਤੇ ਅਧਿਆਤਮਕ ਮਿਲਾਪ ਦੇ ਸਾਂਝੇ ਸੰਕੇਤ ਹਨ। ਅਜਿਹੇ ਲੌਕਿਕ ਤੇ ਅਲੌਕਿਕ ਖੇੜੇ ਦੇ ਸ਼ੁਕਰਾਨੇ ਵਜੋਂ ਇਸ ਤਰ੍ਹਾਂ ਦੇ ਅਹਿਸਾਸ ਮਨ ਵਿਚ ਤਾਰੀ ਹੋ ਜਾਂਦੇ ਹਨ, ਜਿਵੇਂ ਅਮਰ ਕਰ ਦੇਣ ਵਾਲੇ ਜਲ ਦੀ ਵਰਖਾ ਹੋ ਰਹੀ ਹੋਵੇ, ਜਿਸ ਵਿਚ ਜਗਿਆਸੂ ਸਾਧਕ ਦਾ ਮਨ-ਤਨ ਭਿੱਜ ਰਿਹਾ ਹੋਵੇ ਤੇ ਅੰਦਰ ਰਤਨ ਜਿਹੇ ਅਨਮੋਲ ਪ੍ਰੇਮ ਦਾ ਅਹਿਸਾਸ ਜਾਗ ਰਿਹਾ ਹੋਵੇ।

ਪ੍ਰੇਮ-ਭਾਵ ਦੇ ਇਲਾਵਾ ਮਨ ਅੰਦਰ ਸੱਚ-ਸਰੂਪ ਪਰਮ-ਤੱਤ ਪ੍ਰਭੂ ਦੀ ਵਿਚਾਰ ਜਿਹਾ ਬੇਸ਼ਕੀਮਤ ਰਤਨ ਵੀ ਹੈ। ਇਥੇ ਪਾਤਸ਼ਾਹ ਨੇ ਪ੍ਰੇਮ ਨਾਲ ਵਿਚਾਰ ਤੇ ਵਿਚਾਰ ਨਾਲ ਪ੍ਰੇਮ ਨੂੰ ਜੋੜਿਆ ਹੈ। ਇਹ ਗੁਰਮਤਿ ਦਾ ਕਾਬਲੇ-ਗੌਰ ਨੁਕਤਾ ਹੈ।

ਪਾਤਸ਼ਾਹ ਦੱਸਦੇ ਹਨ ਸਗਲੇ ਜੀਅ-ਜੰਤ ਆਸ਼ਰਤ ਕਿਸਮ ਦੇ ਭਿਖਾਰੀ ਹਨ ਤੇ ਪ੍ਰਭੂ ਅਜਿਹਾ ਫਲਦਾਰ ਰੁੱਖ ਹੈ ਜੋ ਦਾਤੇ ਦੀ ਤਰ੍ਹਾਂ ਹਰ ਜੀਅ-ਜੰਤ ਨੂੰ ਫਲ ਦਿੰਦਾ ਹੈ। ਪ੍ਰਭੂ ਜਾਣੂ ਹੈ, ਗਿਆਨਵਾਨ ਹੈ ਤੇ ਹਰ ਕਿਸੇ ਦੇ ਅੰਦਰ ਦੀ ਹਾਲਤ ਜਾਣਦਾ ਹੈ। ਉਹ ਆਪ ਹੀ ਸਾਰੇ ਸਬੱਬ ਬਣਾਉਂਦਾ ਹੈ, ਅਰਥਾਤ ਹਰ ਕਾਰਜ ਉਹ ਆਪੇ ਹੀ ਨੇਪਰੇ ਚਾੜ੍ਹਦਾ ਹੈ।

ਅਖੀਰ ਵਿਚ ਪਾਤਸ਼ਾਹ ਸੰਗਤ ਰੂਪ ਸਖੀਆਂ ਨਾਲ ਦਿਲ ਦੀ ਖੁਸ਼ੀ ਸਾਂਝੀ ਕਰਦੇ ਹਨ ਕਿ ਦਿਲ ਨੂੰ ਮੋਹ ਲੈਣ ਵਾਲੇ ਪ੍ਰਭੂ ਨੇ ਆਪਣੇ ਪਿਆਰ ਵਿਚ ਏਨਾ ਖਿੱਚ ਲਿਆ ਹੈ ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ, ਜਿਵੇਂ ਪ੍ਰੇਮ ਦੀ ਅਮਰ ਬਰਸਾਤ ਵਿਚ ਤਨ-ਮਨ ਭਿੱਜ ਗਿਆ ਹੋਵੇ।
Tags