ਇਸ
ਪਉੜੀ ਵਿਚ ਦੱਸਿਆ ਹੈ ਕਿ ਸਭ ਕੁਝ ਪ੍ਰਭੂ ਦੇ ਹੁਕਮ ਅਨੁਸਾਰ ਹੀ ਵਾਪਰਦਾ ਹੈ। ਜਿਹੜੇ ਜੀਵ ਪ੍ਰਭੂ ਦੇ ਹੁਕਮ ਨੂੰ ਪਛਾਣ ਲੈਂਦੇ ਹਨ, ਉਹ ਸਦਾ ਪ੍ਰਭੂ ਦੇ ਭਾਣੇ ਵਿਚ ਰਾਜੀ ਰਹਿੰਦੇ ਹਨ, ਕਦੇ ਰੋਂਦੇ-ਕੁਰਲਾਉਂਦੇ ਨਹੀਂ। ਪ੍ਰਭੂ ਦੇ ਨਾਮ-ਸਿਮਰਨ ਦੀ ਬਰਕਤ ਨਾਲ ਉਹ ਆਪਣੇ ਅੰਦਰੋਂ ਖੋਟੀ ਮਤਿ, ਡਰ, ਭਰਮ ਆਦਿ ਦੂਰ ਕਰ ਲੈਂਦੇ ਹਨ। ਉਹ ਹਰ ਥਾਂ ਪ੍ਰਭੂ ਨੂੰ ਹੀ ਵਿਆਪਕ ਦੇਖਦੇ ਹਨ।
॥ ਪਉੜੀ ॥
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥
ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥
ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥
ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥
ਜਿਨੑੀ ਪਛਾਤਾ ਹੁਕਮੁ ਤਿਨੑ ਕਦੇ ਨ ਰੋਵਣਾ ॥
ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥
ਗੁਰੂ ਗ੍ਰੰਥ ਸਾਹਿਬ ੫੨੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਵਿਚ ਉਹੀ ਕੁਝ ਅਤੇ ਉਵੇਂ ਹੀ ਹੁੰਦਾ ਹੈ, ਜਿਵੇਂ ਤੇ ਜੋ ਵੀ ਪ੍ਰਭੂ ਦਾ ਹੁਕਮ ਹੁੰਦਾ ਹੈ। ਭਾਵ, ਉਸ ਦੇ ਹੁਕਮ ਬਗੈਰ ਕੁਝ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਜਿਥੇ-ਜਿਥੇ ਵੀ ਪ੍ਰਭੂ ਨੇ ਮਨੁਖ ਨੂੰ ਰਖਣਾ ਹੁੰਦਾ ਹੈ, ਉਥੇ ਹੀ ਮਨੁਖ ਜਾ ਖੜ੍ਹਦਾ ਹੈ। ਮਨੁਖ ਦੇ ਆਪਣੇ ਹੱਥ-ਵਸ ਕੁਝ ਵੀ ਨਹੀਂ ਹੈ।
ਇਸ ਲਈ ਮਨੁਖ ਨੂੰ ਇਹੀ ਚਾਹੀਦਾ ਹੈ ਕਿ ਉਹ ਪ੍ਰਭੂ ਦੇ ਹੁਕਮ ਵਿਚ ਰਹਿੰਦਾ ਹੋਇਆ ਉਸ ਦੇ ਨਾਮ-ਸਿਮਰਨ ਦੇ ਰੰਗ ਵਿਚ ਰੰਗਿਆ ਰਹੇ ਤੇ ਆਪਣੇ ਮਨ ਦੀ ਬੁਰੀ ਮਤ ਨੂੰ ਧੋਹ ਕੇ ਸਾਫ ਕਰਦਾ ਰਹੇ। ਇਥੇ ਹੀ ਬਸ ਨਹੀਂ ਉਸ ਨੂੰ ਨਿਰਾਕਾਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਲਗਾਤਾਰ ਵਸਾ ਕੇ ਮਨ ਵਿਚੋਂ ਭਰਮ ਕਾਰਣ ਪੈਦਾ ਹੋਏ ਡਰ ਦੂਰ ਕਰਨੇ ਚਾਹੀਦੇ ਹਨ।
ਜਿਹੜੇ ਪ੍ਰਭੂ ਦੇ ਰੰਗ ਵਿਚ ਰੰਗੇ ਰਹਿੰਦੇ ਹਨ, ਭਾਵ ਹਮੇਸ਼ਾ ਉਸਦੇ ਹੁਕਮ ਵਿਚ ਰਹਿੰਦੇ ਹਨ, ਉਹ ਕਦੇ ਵੀ ਜਨਮ-ਮਰਣ ਦੇ ਗੇੜ ਵਿਚ ਨਹੀਂ ਪੈਂਦੇ। ਉਹ ਜਨਮ-ਮਰਣ ਦੇ ਭਰਮ ਅਤੇ ਭੈਅ ਤੋਂ ਮੁਕਤ ਹੋ ਕੇ ਪ੍ਰਭੂ ਦੇ ਭਾਣੇ ਵਿਚ ਜਿੰਦਗੀ ਬਤੀਤ ਕਰਦੇ ਹਨ। ਅਜਿਹੇ ਲੋਕ ਉਹ ਹੁੰਦੇ ਹਨ ਜਿਨ੍ਹਾਂ ਦੇ ਨੇਤਰ ਆਪਣੇ ਅੰਦਰ ਵੀ ਤੇ ਬਾਹਰ ਵੀ ਪ੍ਰਭੂ ਦੇ ਬਗੈਰ ਕਿਸੇ ਹੋਰ ਨੂੰ ਨਹੀਂ ਦੇਖਦੇ। ਭਾਵ, ਉਨ੍ਹਾਂ ਲਈ ਹਰ ਪਾਸੇ ਪ੍ਰਭੂ ਹੀ ਨਜਰ ਆਉਂਦਾ ਹੈ।
ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੇ ਵੀ ਪ੍ਰਭੂ ਦੇ ਅਟੱਲ ਨਿਯਮ ਨੂੰ ਨੀਝ ਨਾਲ ਸਮਝ ਲਿਆ ਹੈ, ਉਨ੍ਹਾਂ ਨੂੰ ਕਦੇ ਰੋਣਾ ਨਹੀਂ ਪੈਂਦਾ। ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਭ ਕੁਝ ਉਸ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ। ਇਸ ਲਈ ਪ੍ਰਭੂ ਦਾ ਨਾਮ ਅਜਿਹੀ ਦਾਤ ਹੈ, ਜਿਸ ਨੂੰ ਹਮੇਸ਼ਾ ਮਨ ਵਿਚ ਮੋਤੀ ਦੀ ਤਰ੍ਹਾ ਪਰੋਅ ਕੇ, ਭਾਵ ਸਾਂਭ ਕੇ ਰਖਣਾ ਚਾਹੀਦਾ ਹੈ।