ਇਸ ਸ਼ਬਦ ਵਿਚ ਉਪਦੇਸ਼ ਹੈ ਕਿ ਮਨੁਖ ਨੂੰ ਵਾਧੂ ਦੀਆਂ ਸੰਸਾਰਕ ਜਿੰਮੇਵਾਰੀਆਂ ਵਿਚ ਫਸਣ ਦੀ ਬਜਾਇ ਪ੍ਰਭੂ ਦਾ ਨਾਮ-ਸਿਮਰਨ ਕਰਨਾ ਚਾਹੀਦਾ ਹੈ। ਇਸ ਨਾਲ ਮਨੁਖ ਦਾ ਮਨ ਸੰਸਾਰਕ ਮੋਹ-ਮਾਨ ਤੋਂ ਬਚਿਆ ਰਹਿੰਦਾ ਹੈ। ਜੋ ਵੀ ਇਸ ਸੰਸਾਰ ’ਤੇ ਆਇਆ ਹੈ, ਉਸ ਨੇ ਅੰਤ ਨੂੰ ਇਥੋਂ ਕੂਚ ਕਰ ਜਾਣਾ ਹੈ। ਸੋ, ਕਿਸੇ ਦੇ ਵਿਛੜਨ ’ਤੇ ਰੋਣਾ ਵਿਅਰਥ ਹੈ।
ਗਉੜੀ ॥
ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥
ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥
ਰਾਮ ਰਸੁ ਪੀਆ ਰੇ ॥
ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥
ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥
ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥
ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥
ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥
-ਗੁਰੂ ਗ੍ਰੰਥ ਸਾਹਿਬ ੩੩੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਆਪਣੇ ਮਨ ਨੂੰ ਸਮਝਾਉਣ ਦੇ ਅੰਦਾਜ ਵਿਚ ਮਨੁਖ ਨੂੰ ਸਿਖਿਆ ਦਿੱਤੀ ਗਈ ਹੈ ਕਿ ਉਹ ਜਿਨ੍ਹਾਂ ਲੋਕਾਂ ਦੀ ਜਿੰਮੇਵਾਰੀ ਖਾਹਮਖਾਹ ਆਪਣੇ ਸਿਰ ਚੁੱਕੀ ਫਿਰਦਾ ਹੈ, ਉਨ੍ਹਾਂ ਵਿਚੋਂ ਕੋਈ ਵੀ ਅਸਲ ਵਿਚ ਉਸ ਦਾ ਆਪਣਾ ਨਹੀਂ ਹੈ। ਭਾਵ, ਲੋੜ ਪੈਣ ’ਤੇ ਉਹ ਉਸ ਦੇ ਸਹਾਈ ਨਹੀਂ ਹੁੰਦੇ।
ਮਨੁਖ ਨੂੰ ਇਹ ਸੰਸਾਰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ, ਜਿਵੇਂ ਕੋਈ ਪੰਛੀ ਕਿਸੇ ਰੁੱਖ ’ਤੇ ਰਹਿੰਦਾ ਹੈ। ਪੰਛੀ ਰੁੱਖ ਉੱਤੇ ਰਾਤ ਕੱਟਣ ਤੋਂ ਬਾਅਦ ਪਹੁ-ਫੁਟਾਲਾ ਹੁੰਦਿਆਂ ਹੀ ਉਥੋਂ ਉੱਡ ਜਾਂਦਾ ਹੈ। ਠੀਕ ਇਸੇ ਤਰ੍ਹਾਂ ਮਨੁਖ ਵੀ ਥੋੜ੍ਹੇ ਸਮੇਂ ਲਈ ਹੀ ਇਸ ਸੰਸਾਰ ’ਤੇ ਆਉਂਦਾ ਹੈ ਤੇ ਸਮਾਂ ਪੂਰਾ ਹੁੰਦਿਆਂ ਹੀ ਸੰਸਾਰ ਤੋਂ ਚਲੇ ਜਾਂਦਾ ਹੈ। ਭਾਵ, ਇਸ ਸੰਸਾਰ ਨੂੰ ਆਪਣਾ ਸਦੀਵੀ ਘਰ ਨਹੀਂ ਮੰਨਣਾ ਚਾਹੀਦਾ।
ਫਿਰ ਮਨੁਖ ਨੂੰ ਦੱਸਿਆ ਗਿਆ ਹੈ ਕਿ ਉਹ ਪ੍ਰਭੂ ਦੇ ਨਾਮ-ਸਿਮਰਨ ਦਾ ਅੰਮ੍ਰਿਤਮਈ ਰਸ ਪੀਆ ਕਰੇ। ਭਾਵ, ਉਸ ਨੂੰ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
ਇਸ ਸ਼ਬਦ ਦੇ ਸਥਾਈ ਭਾਵ ਵਜੋਂ ਉਕਤ ਰਸ ਦੀ ਫਿਰ ਮਹਿਮਾ ਦੱਸੀ ਗਈ ਹੈ ਕਿ ਪ੍ਰਭੂ ਦਾ ਨਾਮ-ਸਿਮਰਨ ਅਜਿਹਾ ਅੰਮ੍ਰਿਤ ਹੈ, ਜਿਸ ਨੂੰ ਪੀਣ ਨਾਲ ਹੋਰ ਸਾਰੇ ਦੁਨਿਆਵੀ ਰਸ ਭੁੱਲ ਜਾਂਦੇ ਹਨ। ਭਾਵ, ਨਾਮ-ਸਿਮਰਨ ਦੇ ਸਮਾਨ ਹੋਰ ਕੁਝ ਵੀ ਨਹੀਂ ਹੈ।
ਅੱਗੇ ਮਿਰਤਕ ਦੇ ਸੋਗ ਵਿਚ ਰੋਣ ਵਾਲਿਆਂ ਨੂੰ ਸਮਝਾਇਆ ਗਿਆ ਹੈ ਕਿ ਜੇਕਰ ਉਹ ਕਿਸੇ ਦੇ ਇਸ ਸੰਸਾਰ ਤੋਂ ਤੁਰ ਜਾਣ ’ਤੇ ਰੋਂਦੇ ਹਨ ਤਾਂ ਇਹ ਉਨ੍ਹਾਂ ਦੀ ਅਗਿਆਨਤਾ ਹੀ ਹੈ। ਕਿਉਂਕਿ ਇਹ ਸੰਸਾਰ ਚਲਾਇਮਾਨ ਹੈ। ਇਥੇ ਕਿਸੇ ਨੇ ਵੀ ਸਦਾ ਲਈ ਬੈਠੇ ਨਹੀਂ ਰਹਿਣਾ। ਜਦ ਸਭ ਨੇ ਆਪੋ-ਆਪਣੀ ਵਾਰੀ ਚਲੇ ਹੀ ਜਾਣਾ ਹੈ, ਫਿਰ ਰੋਣਾ ਕਿਸ ਗੱਲ ਦਾ?
ਸੰਸਾਰ ਵਿਚ ਜੋ ਕੁਝ ਵੀ ਪੈਦਾ ਹੁੰਦਾ ਹੈ ਉਹ ਸਭ ਕੁਝ ਅਖੀਰ ਖਤਮ ਹੋ ਜਾਂਦਾ ਹੈ। ਇਸ ਕਰਕੇ ਮਨੁਖ ਨੂੰ ਰੋਣ ਦੀ ਲੋੜ ਨਹੀਂ। ਜੋ ਇਸ ਸੰਸਾਰ ’ਤੇ ਆਇਆ ਹੈ, ਉਸ ਨੇ ਜਾਣਾ ਹੀ ਹੈ।
ਕਹਿੰਦੇ ਹਨ ਕਿ ਜਿਹੜੀ ਵਸਤੂ ਜਿਥੋਂ ਉਪਜੀ ਹੁੰਦੀ ਹੈ, ਮੁੜਕੇ ਉਸੇ ਵਿਚ ਹੀ ਰਲ ਮਿਲ ਜਾਂਦੀ ਹੈ। ਭਾਵ, ਇਹ ਪ੍ਰਭੂ ਦਾ ਬਣਾਇਆ ਹੋਇਆ ਨਿਯਮ ਹੈ। ਪਰ ਜਿਹੜੇ ਲੋਕ ਨਾਮ-ਸਿਮਰਨ ਦਾ ਅੰਮ੍ਰਿਤ ਰਸ ਪੀਂਦੇ ਰਹਿੰਦੇ ਹਨ, ਉਨ੍ਹਾਂ ਨੂੰ ਮੌਤ ਛੂਹ ਵੀ ਨਹੀਂ ਸਕਦੀ। ਭਾਵ, ਉਹ ਮੌਤ ਦੇ ਭੈਅ ਵਿਚ ਨਹੀਂ ਰਹਿੰਦੇ।
ਅਖੀਰ ਵਿਚ ਫਿਰ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੇ ਵੀ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ ਹੋਇਆ ਹੈ, ਉਹ ਪ੍ਰਭੂ ਨੂੰ ਸਿਮਰ ਕੇ ਹਮੇਸ਼ਾ ਵੈਰਾਗ ਦੀ ਅਵਸਥਾ ਵਿਚ ਰਹਿੰਦੇ ਹਨ। ਭਾਵ, ਉਹ ਕਦੇ ਸਹਿਜ ਅਵਸਥਾ ਦਾ ਤਿਆਗ ਨਹੀਂ ਕਰਦੇ।