Guru Granth Sahib Logo
  
ਇਹ ਸ਼ਬਦ ਪ੍ਰਭੂ ਅਤੇ ਜੀਵ ਦੇ ਵਿਛੋੜੇ ਤੇ ਮਿਲਾਪ ਨੂੰ ਬਿਆਨ ਕਰਦਾ ਹੈ। ਨਿਰਸੰਦੇਹ, ਇਹ ਵਿਛੋੜਾ ਅਤੇ ਮਿਲਾਪ ਧੁਰੋਂ ਪਏ ਹੁਕਮ ਅਨੁਸਾਰ ਹੀ ਹੁੰਦਾ ਹੈ। ਜੀਵ ਮਾਂ ਦੇ ਗਰਭ ਵਿਚ ਤਾਂ ਆਪਣੇ ਸਿਰਜਣਹਾਰ ਪ੍ਰਭੂ ਨੂੰ ਯਾਦ ਰਖਦਾ ਹੈ। ਪਰ ਜਨਮ ਲੈਣ ਉਪਰੰਤ ਸੰਸਾਰਕ ਮੋਹ ਵਿਚ ਫਸ ਕੇ ਉਹ ਪ੍ਰਭੂ ਨੂੰ ਭੁਲਾ ਦਿੰਦਾ ਹੈ। ਇਸੇ ਕਾਰਣ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਵਖ-ਵਖ ਜੂਨਾਂ ਵਿਚ ਭਟਕਦਾ ਰਹਿੰਦਾ ਹੈ। ਕਿਰਪਾਲੂ ਪ੍ਰਭੂ ਆਪ ਹੀ ਜੀਵ ਨੂੰ ਇਸ ਗੇੜ ਵਿਚੋਂ ਬਚਾਉਂਦਾ ਹੈ। ਜਿਹੜੇ ਜੀਵ ਜਨਮ ਲੈਣ ਉਪਰੰਤ ਵੀ ਪ੍ਰਭੂ ਨੂੰ ਯਾਦ ਰਖਦੇ ਹਨ, ਉਹ ਇਸ ਸੰਸਾਰ ਵਿਚ ਵੀ ਆਪਣਾ ਜੀਵਨ ਸਫਲ ਕਰ ਜਾਂਦੇ ਹਨ ਅਤੇ ਪ੍ਰਭੂ ਦੀ ਦਰਗਾਹ ਵਿਚ ਵੀ ਪਰਵਾਣ ਪੈ ਜਾਂਦੇ ਹਨ।
ਮਾਰੂ  ਅੰਜੁਲੀ   ਮਹਲਾ ੫  ਘਰੁ
ਸਤਿਗੁਰ ਪ੍ਰਸਾਦਿ

ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ਪੰਚ ਧਾਤੁ ਕਰਿ ਪੁਤਲਾ ਕੀਆ
ਸਾਹੈ ਕੈ ਫੁਰਮਾਇਅੜੈ ਜੀ   ਦੇਹੀ ਵਿਚਿ ਜੀਉ ਆਇ ਪਇਆ ॥੧॥
ਜਿਥੈ ਅਗਨਿ ਭਖੈ ਭੜਹਾਰੇ ਊਰਧ ਮੁਖ ਮਹਾ ਗੁਬਾਰੇ
ਸਾਸਿ ਸਾਸਿ ਸਮਾਲੇ ਸੋਈ   ਓਥੈ ਖਸਮਿ ਛਡਾਇ ਲਇਆ ॥੨॥
ਵਿਚਹੁ ਗਰਭੈ ਨਿਕਲਿ ਆਇਆ ਖਸਮੁ ਵਿਸਾਰਿ ਦੁਨੀ ਚਿਤੁ ਲਾਇਆ
ਆਵੈ ਜਾਇ ਭਵਾਈਐ ਜੋਨੀ   ਰਹਣੁ ਕਿਤਹੀ ਥਾਇ ਭਇਆ ॥੩॥
ਮਿਹਰਵਾਨਿ ਰਖਿ ਲਇਅਨੁ ਆਪੇ ਜੀਅ ਜੰਤ ਸਭਿ ਤਿਸ ਕੇ ਥਾਪੇ
ਜਨਮੁ ਪਦਾਰਥੁ ਜਿਣਿ ਚਲਿਆ ਨਾਨਕ   ਆਇਆ ਸੋ ਪਰਵਾਣੁ ਥਿਆ ॥੪॥੧॥੩੧॥
-ਗੁਰੂ ਗ੍ਰੰਥ ਸਾਹਿਬ ੧੦੦੭-੧੦੦੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜਦ ਕੋਈ ਆਪਣੀਆਂ ਦੋਵੇਂ ਹਥੇਲੀਆਂ ਨੂੰ ਜੋੜਕੇ ਫੈਲਾਉਂਦਾ ਹੈ ਤਾਂ ਭਿਖਿਆ ਲੈਣ ਵਾਲੀ ਚਿੱਪੀ ਦੀ ਸ਼ਕਲ ਬਣਦੀ ਹੈ। ਇਸ ਨੂੰ ਅੰਜਲੀ ਕਹਿੰਦੇ ਹਨ। ਅੰਜਲੀ, ਭਾਵ ਚਿੱਪੀ ਵਿਚ ਭਿਖਾਰੀ ਦਾਨ ਲੈਂਦੇ ਹਨ ਤੇ ਦਾਨੀ ਲੋਕ ਦਾਨ ਦਿੰਦੇ ਹਨ। ਜਦ ਕੋਈ ਅੰਜਲੀ ਭਰ ਕੇ ਫੁੱਲ ਅਰਪਣ ਕਰਦਾ ਹੈ ਤਾਂ ਉਸ ਨੂੰ ਪੁਸ਼ਪਾਂਜਲੀ ਕਹਿੰਦੇ ਹਨ ਤੇ ਜਦ ਕੋਈ ਕਿਸੇ ਨੂੰ ਆਪਣੀ ਸ਼ਰਧਾ ਅਰਪਣ ਕਰਦਾ ਹੈ ਤਾਂ ਉਸ ਨੂੰ ਸ਼ਰਧਾਂਜਲੀ ਕਹਿੰਦੇ ਹਨ। ਕਿਉਂਕਿ ਅੰਜਲੀ ਨਾਲ ਕੁਝ ਅਰਪਣ ਕੀਤਾ ਜਾਂਦਾ ਹੈ, ਇਸ ਲਈ ਅੰਜਲੀ ਸਮਰਪਣ ਦਾ ਸੰਕੇਤ ਹੋ ਗਿਆ ਹੈ। ਮਨੌਤ ਹੈ ਕਿ ਦਿੱਤਾ ਹੋਇਆ ਦਾਨ ਹੀ ਦਾਤ ਵਜੋਂ ਮਿਲਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ: ਦਿਤਾ ਲਈਐ ਆਪਣਾ  ਅਣਿਦਿਤਾ ਕਛੁ ਹਥਿ ਨ ਆਵੇ। ਇਸ ਕਰ ਕੇ ਅੰਜਲੀ ਵਿਚ ਸਮਰਪਣ ਦੇ ਨਾਲ ਕੁਝ ਪ੍ਰਾਪਤ ਕਰਨ ਜਾਂ ਯਾਚਨਾ ਦਾ ਭਾਵ ਵੀ ਹੈ। ਅਜਿਹੇ ਅਰਪਣ, ਸਮਰਪਣ ਅਤੇ ਯਾਚਨਾ ਦੇ ਭਾਵ ਵਿਚ ਲਿਖੀ ਕਵਿਤਾ ਨੂੰ ਵੀ ਅੰਜਲੀ ਕਿਹਾ ਜਾਂਦਾ ਹੈ। ਅੰਜਲੀ ਇਕ ਕਾਵਿ-ਰੂਪ ਵੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਸਾਹਿਬ ਦੀਆਂ ਅੰਜੁਲੀਆ ਦਰਜ ਹਨ।

ਭਾਰਤੀ ਗਿਆਨ ਪਰੰਪਰਾ ਦੀ ਮਨੌਤ ਹੈ ਕਿ ਮਨੁਖ ਪ੍ਰਭੂ ਦੀ ਅੰਸ਼ ਹੈ ਤੇ ਅਗਿਆਨਤਾ ਕਾਰਣ ਉਹ ਆਪਣੇ ਤੇ ਪ੍ਰਭੂ ਵਿਚ ਵਿਥ ਮੰਨ ਬੈਠਾ ਹੈ। ਪ੍ਰਭੂ ਤੋਂ ਬਣੀ ਵਿਥ ਉਸ ਨੂੰ ਦੂਸਰਿਆਂ ਤੋਂ ਵੀ ਦੂਰ ਕਰ ਦਿੰਦੀ ਹੈ। ਇਸ ਕਰਕੇ ਉਹ ਇਕੱਲਤਾ ਦਾ ਸ਼ਿਕਾਰ ਹੋ ਜਾਂਦਾ ਹੈ। ਜਦ ਤਕ ਉਹ ਪ੍ਰਭੂ ਨਾਲ ਦੂਰੀ ਨਹੀਂ ਮੇਟਦਾ ਉਦੋਂ ਤਕ ਉਹ ਦੂਸਰਿਆਂ ਨਾਲ ਵੀ ਭਾਈਵਾਲੀ ਕਾਇਮ ਨਹੀਂ ਕਰ ਸਕਦਾ।

‘ਅੰਜੁਲੀ’ ਸਿਰਲੇਖ ਹੇਠ ਉਚਾਰਣ ਕੀਤੇ ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਕੋਈ ਵੀ ਮਿਲਾਪ ਤੇ ਵਿਛੋੜਾ ਪ੍ਰਭੂ ਨੇ ਹੀ ਤੈਅ ਕੀਤਾ ਹੋਇਆ ਹੈ ਤੇ ਇਹ ਸਭ ਉਸ ਦੇ ਹੀ ਹੱਥ-ਵਸ ਹੈ, ਭਾਵ ਕਿ ਪ੍ਰਭੂ ਦੇ ਹੁਕਮ ਅਨੁਸਾਰ ਹੀ ਸਰੀਰ ਅਤੇ ਆਤਮਾ ਦਾ ਮਿਲਾਪ ਹੁੰਦਾ ਹੈ ਤੇ ਜੀਵ ਇਸ ਧਰਤੀ ’ਤੇ ਜਨਮ ਲੈਂਦਾ ਹੈ। ਪ੍ਰਭੂ ਦੇ ਹੁਕਮ ਅਨੁਸਾਰ ਹਵਾ, ਪਾਣੀ, ਅੱਗ, ਧਰਤੀ ਅਤੇ ਅਕਾਸ਼ ਰੂਪੀ ਪੰਜ ਤੱਤਾਂ ਦੇ ਸੁਮੇਲ ਤੋਂ ਸਰੀਰ ਹੋਂਦ ਵਿਚ ਆਉਂਦਾ ਹੈ ਤੇ ਉਸ ਵਿਚ ਜਾਨ ਪੈਂਦੀ ਹੈ। ਇਸ ਤਰ੍ਹਾਂ ਜੀਵ ਦਾ ਜਨਮ ਹੁੰਦਾ ਹੈ ਤੇ ਜਨਮ ਸਮੇਂ ਹੀ ਤੈਅ ਹੁੰਦਾ ਹੈ ਕਿ ਇਹ ਪੰਜ ਦੇ ਪੰਜੇ ਤੱਤ ਇਕ ਨਾ ਇਕ ਦਿਨ ਫਿਰ ਖਿੰਡ ਜਾਣਗੇ ਤੇ ਜਿਥੋਂ-ਜਿਥੋਂ ਇਹ ਆਏ ਸਨ, ਉਥੇ-ਉਥੇ ਮੁੜ ਜਾ ਮਿਲਣਗੇ।

ਮਨੁਖ ਆਪਣੇ ਜਨਮ ਤੋਂ ਪਹਿਲਾਂ ਕਿਸ ਹਾਲਤ ਵਿਚ ਹੁੰਦਾ ਹੈ। ਜਿਨਾ ਕਿਸੇ ਦੀ ਦੇਹੀ ਦਾ ਤਾਪ ਹੁੰਦਾ ਹੈ, ਮਾਂ ਦੇ ਗਰਭ ਦਾ ਤਾਪ ਉਸ ਤੋਂ ਵਧ ਹੁੰਦਾ ਹੈ। ਇਸ ਤਾਪ ਵਿਚ ਜਦ ਬੱਚਾ ਪਲਦਾ ਹੈ ਤਾਂ ਉਸ ਨੂੰ ਬਹੁਤ ਵਡੀ ਗੱਲ ਸਮਝਿਆ ਜਾਂਦਾ ਹੈ ਕਿ ਖਾਸ ਤੌਰ ਪਰ ਏਨਾ ਕੋਮਲ ਬੱਚਾ ਕਿਸ ਤਰ੍ਹਾਂ ਇੰਨਾਂ ਸੇਕ ਸਹਾਰਦਾ ਹੋਵੇਗਾ। ਇਸ ਸ਼ਬਦ ਵਿਚ ਇਸ ਗੱਲ ਨੂੰ ਇਸ ਤਰ੍ਹਾਂ ਦੱਸਿਆ ਹੈ ਕਿ ਜਿਥੇ ਭੱਠੀ ਦੀ ਅੱਗ ਵਾਂਗ ਤਾਪ ਪੈਦਾ ਹੁੰਦਾ ਹੈ, ਉਥੇ ਭਿਆਨਕ ਹਨ੍ਹੇਰੇ ਅੰਦਰ ਜੀਵ ਉਲਟੇ ਮੂੰਹ ਪਿਆ ਰਹਿੰਦਾ ਹੈ। ਇਸ ਹਾਲਤ ਵਿਚ ਪ੍ਰਭੂ ਹੀ ਜੀਵ ਦੀ ਸੰਭਾਲ ਕਰਦਾ ਹੈ। ਉਥੇ ਜੀਵ ਦੀ ਸੁਰਤ ਪ੍ਰਭੂ ਨਾਲ ਜੁੜੀ ਹੋਣ ਕਾਰਣ, ਉਹ ਇਸ ਨੂੰ ਤਪਸ਼ ਨਾਲ ਭਰੇ ਮੁਸ਼ਕਲ ਵਾਤਾਵਰਣ ਵਿਚ ਬਚਾਈ ਰਖਦਾ ਹੈ। ਗੁਰੂ ਸਾਹਿਬ ਸਮਝਾ ਰਹੇ ਹਨ ਕਿ ਪ੍ਰਭੂ ਹੀ ਜੀਵ ਨੂੰ ਮਾਂ ਦੇ ਗਰਭ ਵਿਚ ਸੰਭਾਲਦਾ ਅਤੇ ਪਾਲਦਾ ਹੈ।

ਇਹ ਮਨੁਖ ਅਜਿਹਾ ਹੈ ਕਿ ਜਦ ਉਹ ਭੱਠੀ ਜਿਹੀ ਗਰਭ ਦੀ ਅਵਸਥਾ ਵਿਚੋਂ ਸੰਸਾਰ ਵਿਚ ਆਉਂਦਾ ਹੈ ਤਾਂ ਉਹ ਬਚਾਉਣ ਵਾਲੇ ਪ੍ਰਭੂ ਦਾ ਚੇਤਾ ਹੀ ਭੁਲਾ ਲੈਂਦਾ ਹੈ। ਸੰਸਾਰ ਦੇ ਰਿਸ਼ਤਿਆਂ, ਪਦਾਰਥਾਂ ਦੀ ਚਕਾਚੌਂਧ ਵਿਚ ਉਹ ਅਜਿਹਾ ਉਲਝਦਾ ਹੈ ਕਿ ਉਸ ਨੂੰ ਰਖਿਆ ਕਰਨ ਵਾਲਾ ਪ੍ਰਭੂ ਹੀ ਵਿਸਰ ਜਾਂਦਾ ਹੈ। ਆਪਣਾ ਚਿੱਤ ਸੰਸਾਰ ਨਾਲ ਜੋੜਨ ਸਦਕਾ ਉਹ ਆਪਣਾ ਜੀਵਨ ਦਾ ਮਨੋਰਥ ਵੀ ਭੁਲਾ ਬੈਠਦਾ ਹੈ। ਜੀਵਨ ਦੇ ਫੇਰ-ਬਦਲ ਤੇ ਉਤਰਾ-ਚੜਾਅ ਵਿਚ ਹੀ ਉਸ ਦੀ ਉਮਰ ਬੀਤ ਜਾਂਦੀ ਹੈ। ਕਿਸੇ ਵੀ ਹਾਲਤ ਜਾਂ ਅਵਸਥਾ ਵਿਚ ਉਸ ਨੂੰ ਠਹਿਰਾ ਨਹੀਂ ਮਿਲਦਾ। ਪ੍ਰਭੂ ਨੂੰ ਵਿਸਾਰਨ ਕਰਕੇ ਅਤੇ ਕਰਮਾਂ ਪੱਖੋਂ ਬਹੁਤ ਨੀਵਾਂ ਹੋਣ ਕਾਰਣ ਉਹ ਜਨਮ-ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਵਖ-ਵਖ ਜੂਨਾਂ ਵਿਚ ਭਟਕਦੇ ਨੂੰ, ਇਸ ਜਨਮ-ਮਰਨ ਦੇ ਗੇੜ ਵਿਚੋਂ ਬਾਹਰ ਨਿਕਲਣ ਦਾ ਰਾਹ ਨਹੀ ਲੱਭਦਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਜੀਵਨ ਵਿਚ ਵੀ ਮਨੁਖ ਕਦੇ ਕਿਸੇ ਇਕ ਅਵਸਥਾ ਵਿਚ ਟਿਕ ਕੇ ਨਹੀਂ ਰਹਿੰਦਾ। ਜੀਵਨ ਦੇ ਫੇਰ-ਬਦਲ ਤੇ ਉਤਰਾਅ-ਚੜ੍ਹਾਅ ਵਿਚ ਹੀ ਉਸ ਦੀ ਉਮਰ ਬੀਤ ਜਾਂਦੀ ਹੈ। ਕਿਸੇ ਹਾਲਤ ਜਾਂ ਅਵਸਥਾ ਵਿਚ ਵੀ ਉਸ ਨੂੰ ਠਹਿਰਾ ਨਹੀਂ ਮਿਲਦਾ।

ਅਖੀਰ ਵਿਚ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਮਿਹਰਬਾਨ ਪ੍ਰਭੂ ਆਪ ਹੀ ਹੈ। ਸਭ ਕੁਝ ਉਸ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ। ਉਸ ਦੀ ਮਿਹਰ ਦੀ ਦ੍ਰਿਸ਼ਟੀ ਨਾਲ ਹੀ ਜੀਵ ਆਵਾਗਵਨ ਦੀ ਭਟਕਣਾ ਤੋਂ ਬਚਦੇ ਹਨ। ਉਸ ਦੇ ਬਿਨਾਂ ਇਹ ਸਮਰੱਥਾ ਹੋਰ ਕਿਸੇ ਕੋਲ ਨਹੀਂ ਹੈ। ਇਸ ਲਈ ਜੀਵ ਨੂੰ ਉਸ ਦਾ ਹੀ ਓਟ-ਆਸਰਾ ਲੈਣਾ ਚਾਹੀਦਾ ਹੈ। ਇਸ ਲਈ ਜਿਨ੍ਹਾਂ ਜੀਵਾਂ ਨੇ ਹਮੇਸ਼ਾ ਆਪਣੀ ਸੁਰਤ ਨੂੰ ਰੱਬ ਦੇ ਨਾਮ ਵਿਚ ਜੋੜ ਕੇ ਰਖਿਆ, ਉਨ੍ਹਾਂ ਜੀਵਾਂ ਦੀ ਭਟਕਣਾ ਸਮਾਪਤ ਹੋ ਗਈ। ਕੇਵਲ ਰੱਬੀ ਹੁਕਮ ਵਿਚ ਜੀਵਨ ਜੀਉਂਦਿਆਂ ਉਨ੍ਹਾਂ ਨੇ ਸੰਸਾਰ ਵਿਚ ਆਪਣਾ ਆਉਣਾ ਹੀ ਸਫਲ ਨਹੀ ਕੀਤਾ, ਸਗੋਂ ਉਹ ਪ੍ਰਭੂ ਦੀ ਦਰਗਾਹ ਵਿਚ ਵੀ ਕਬੂਲ ਪੈ ਜਾਂਦੇ ਹਨ।
Tags