ਇਸ
ਸ਼ਬਦ ਵਿਚ ਸੰਸਾਰਕ ਚਲਾਇਮਾਨਤਾ ਨੂੰ ਦਰਸਾ ਕੇ ਵਰਣਨ ਕੀਤਾ ਗਿਆ ਹੈ ਕਿ ਨਾਮ-ਸਿਮਰਨ ਤੋਂ ਵਿਰਵਾ ਮਨੁਖ
ਮਾਇਆ ਦੇ ਮੋਹ ਦਾ ਠੱਗਿਆ ਹੋਇਆ ਮੰਦ ਕਰਮ ਕਰਦਾ ਤੇ ਆਵਾਗਵਣ ਦੇ ਚੱਕਰ ਵਿਚ ਪੈ ਕੇ ਦੁਖ ਭੋਗਦਾ ਹੈ। ਜਦਕਿ ਨਾਮ-ਸਿਮਰਨ ਸਦਕਾ ਮਨੁਖ ਇਨ੍ਹਾਂ ਤੋਂ ਬਚ ਜਾਂਦਾ ਹੈ। ਪਰ ਨਾਮ-ਸਿਮਰਨ ਦੀ ਇਹ ਦਾਤ ਪ੍ਰਭੂ ਦੀ ਮਿਹਰ ’ਤੇ ਹੀ ਨਿਰਭਰ ਕਰਦੀ ਹੈ। ਇਸੇ ਲਈ ਇਸ ਬਾਣੀ ਦੇ ਪਹਿਲੇ ਸ਼ਬਦ ਵਾਂਗ ਇਸ ਸ਼ਬਦ ਵਿਚ ਵੀ ਗੁਰੂ ਅਰਜਨ ਸਾਹਿਬ ਪ੍ਰਭੂ ਅੱਗੇ ਨਾਮ-ਸਿਮਰਨ ਦੀ ਦਾਤ ਲਈ ਅਰਦਾਸ-ਬੇਨਤੀ ਕਰਦੇ ਹਨ।
ਮਾਰੂ ਮਹਲਾ ੫ ॥
ਬਿਰਖੈ ਹੇਠਿ ਸਭਿ ਜੰਤ ਇਕਠੇ ॥ ਇਕਿ ਤਤੇ ਇਕਿ ਬੋਲਨਿ ਮਿਠੇ ॥
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥
ਪਾਪ ਕਰੇਦੜ ਸਰਪਰ ਮੁਠੇ ॥ ਅਜਰਾਈਲਿ ਫੜੇ ਫੜਿ ਕੁਠੇ ॥
ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥
ਸੰਗਿ ਨ ਕੋਈ ਭਈਆ ਬੇਬਾ ॥ ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥
ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥
ਖੁਸਿ ਖੁਸਿ ਲੈਦਾ ਵਸਤੁ ਪਰਾਈ ॥ ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥
ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ਬਹੁਤੁ ਸਜਾਇ ਪਇਆ ਦੇਸਿ ਲੰਮੈ ॥
ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥
ਖਾਲਕ ਥਾਵਹੁ ਭੁਲਾ ਮੁਠਾ ॥ ਦੁਨੀਆ ਖੇਲੁ ਬੁਰਾ ਰੁਠ ਤੁਠਾ ॥
ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥
ਮਉਲਾ ਖੇਲ ਕਰੇ ਸਭਿ ਆਪੇ ॥ ਇਕਿ ਕਢੇ ਇਕਿ ਲਹਰਿ ਵਿਆਪੇ ॥
ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥
ਮਿਹਰ ਕਰੇ ਤਾ ਖਸਮੁ ਧਿਆਈ ॥ ਸੰਤਾ ਸੰਗਤਿ ਨਰਕਿ ਨ ਪਾਈ ॥
ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥
-ਗੁਰੂ ਗ੍ਰੰਥ ਸਾਹਿਬ ੧੦੧੯-੧੦੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਅਕਸਰ ਵੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਪੰਛੀ ਸੂਰਜ ਛਿਪਣ ਵੇਲੇ ਰੁੱਖਾਂ ਉੱਤੇ ਆ ਬੈਠਦੇ ਹਨ। ਉਥੇ ਉਨ੍ਹਾਂ ਨੇ ਆਪੋ-ਆਪਣੇ ਆਲ੍ਹਣੇ ਬਣਾਏ ਹੁੰਦੇ ਹਨ, ਜਿਨ੍ਹਾਂ ਵਿਚ ਉਹ ਆਂਡੇ ਦਿੰਦੇ ਹਨ ਤੇ ਆਪਣੇ ਬੱਚੇ ਪਾਲਦੇ ਹਨ। ਸ਼ਾਮ ਦੇ ਘੁਸਮੁਸੇ ਵਿਚ ਅਜਿਹੇ ਰੁੱਖਾਂ ਕੋਲ ਪੰਛੀਆਂ ਦੀ ਚਹਿ ਚਹਾ ਆਮ ਸੁਣੀ ਜਾ ਸਕਦੀ ਹੈ। ਕਈ ਪੰਛੀ ਇੰਨੀ ਉੱਚੀ ਬੋਲਦੇ ਹਨ, ਜਿਵੇਂ ਲੜ ਰਹੇ ਹੋਣ ਤੇ ਕਈ ਇੰਨੀ ਹੌਲੀ ਤੇ ਮੱਠਾ-ਮੱਠਾ ਬੋਲਦੇ ਹਨ, ਜਿਵੇਂ ਕੰਨਾਂ ਵਿਚ ਮਿਸਰੀ ਘੋਲ ਰਹੇ ਹੋਣ। ਫਿਰ ਉਹ ਚੁੱਪ ਕਰਕੇ ਸੌਂ ਜਾਂਦੇ ਹਨ। ਰਾਤ ਬਤੀਤ ਕਰਕੇ ਸਾਰੇ ਪੰਛੀ ਸਵੇਰ ਸਾਰ ਚੋਗੇ ਦੀ ਭਾਲ ਵਿਚ ਉਡਾਰੀ ਮਾਰ ਜਾਂਦੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਪਸ਼ੂ ਵੀ ਰੁੱਖਾਂ ਹੇਠ ਆਸਰਾ ਲੈਂਦੇ ਹਨ ਅਤੇ ਸਵੇਰ ਵੇਲੇ ਚਲੇ ਜਾਂਦੇ ਹਨ।
ਇਸ ਸ਼ਬਦ ਵਿਚ ਦੱਸਿਆ ਹੈ ਕਿ ਐਨ ਇਸੇ ਤਰ੍ਹਾਂ ਇਸ ਬਿਰਖ ਜਿਹੇ ਸੰਸਾਰ ਵਿਚ ਲੋਕ ਆਉਂਦੇ ਹਨ ਤੇ ਇਕੱਠੇ ਹੋ ਕੇ ਸਮਾਜ ਦਾ ਨਿਰਮਾਣ ਕਰਦੇ ਹਨ। ਇਨ੍ਹਾਂ ਵਿਚੋਂ ਕਈ ਅਜਿਹੇ ਹੁੰਦੇ ਹਨ, ਜਿਹੜੇ ਬੜਾ ਹੀ ਤੱਤਾ ਕੌੜਾ ਬੋਲਦੇ ਹਨ ਤੇ ਉੱਚੀ-ਉਚੀ ਰੌਲਾ ਪਾਉਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਹੜੇ ਨਿਮਰ ਸੁਭਾਅ ਦੇ ਹੁੰਦੇ ਹਨ ਤੇ ਨਿਮਰਤਾ ਕਾਰਣ ਬੜੇ ਹੀ ਧੀਮਾ ਬੋਲ ਬੋਲਦੇ ਹਨ। ਸੰਸਾਰ ਵਿਚ ਬਹੁਤ ਸਾਰੇ ਲੋਕ ਤੱਤੀ ਅਤੇ ਲੜਾਕੂ ਤਬੀਅਤ ਵਾਲੇ ਹੁੰਦੇ ਹਨ ਤੇ ਬਹੁਤ ਸਾਰੇ ਨਰਮ ਅਤੇ ਨਿਮਰ ਸੁਭਾਅ ਦੇ ਮਾਲਕ ਹੁੰਦੇ ਹਨ।
ਜਿਸ ਤਰ੍ਹਾਂ ਸੂਰਜ ਛਿਪਦਾ ਹੈ, ਰਾਤ ਪੈਂਦੀ ਹੈ ਤੇ ਫਿਰ ਸੂਰਜ ਚੜ੍ਹਦਾ ਹੈ। ਐਨ ਇਸੇ ਤਰ੍ਹਾਂ ਇਹ ਜੀਵਨ ਵੀ ਰਾਤ ਵਾਂਗ ਹੈ। ਮਨੁਖ ਭਾਂਤ-ਭਾਂਤ ਦੀਆਂ ਜੂਨਾਂ ਦਾ ਸਫਰ ਤੈਅ ਕਰਦੇ ਹਨ ਤੇ ਇਸ ਜੀਵਨ ਰੂਪੀ ਰਾਤ ਕੱਟਣ ਆਉਂਦੇ ਹਨ। ਜਿਵੇਂ-ਜਿਵੇਂ ਉਨ੍ਹਾਂ ਦੀ ਜੀਵਨ ਰੂਪੀ ਰਾਤ ਮੁੱਕਦੀ ਹੈ, ਉਸੇ ਹਿਸਾਬ ਨਾਲ ਮਨੁਖ ਫਿਰ ਉਡਾਰੀ ਮਾਰ ਜਾਂਦੇ ਹਨ ਤੇ ਆਪਣੀ ਵਾਰੀ ਸਿਰ ਇਸ ਦੁਨੀਆ ਨੂੰ ਛੱਡ ਜਾਂਦੇ ਹਨ। ਮਨੁਖ ਦਾ ਜੀਵਨ ਬਿਲਕੁਲ ਰੁੱਖ ਦਾ ਆਸਰਾ ਲੈਣ ਵਾਲੇ ਜੀਵ-ਜੰਤੂਆਂ ਵਾਂਗ ਹੈ।
ਇਸ ਜੀਵਨ ਦੌਰਾਨ ਰੁੱਖ ਰੂਪੀ ਸੰਸਾਰ ਵਿਚ ਜੀਵ-ਜੰਤੂਆਂ ਦੀ ਤਰ੍ਹਾਂ ਆਏ ਜਿਹੜੇ ਲੋਕ ਬੁਰੇ ਕੰਮ ਕਰਨ ਲੱਗ ਪੈਂਦੇ ਹਨ ਜਾਂ ਮੋਹ-ਮਮਤਾ ਤੇ ਲੋਭ-ਲਾਲਚ ਕਾਰਣ ਦੂਜਿਆਂ ਦਾ ਲਹੂ ਪੀਣ ਲੱਗ ਜਾਂਦੇ ਹਨ, ਉਹ ਹਰ ਹਾਲਤ ਵਿਚ ਅਜਿਹੇ ਲੋਕ ਹੁੰਦੇ ਹਨ, ਜਿਵੇਂ ਉਹ ਠੱਗੇ ਗਏ ਤੇ ਲੁੱਟੇ ਪੁੱਟੇ ਗਏ ਹੋਣ। ਉਨ੍ਹਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਨ੍ਹਾਂ ਨੇ ਅਜਿਹੇ ਕੰਮ ਕਰਕੇ ਕੋਈ ਮਾਰ੍ਹਕਾ ਮਾਰ ਲਿਆ ਹੈ। ਬਲਕਿ ਉਹ ਤਾਂ ਆਪਣੇ ਜੀਵਨ ਦਾ ਸੁਨਹਿਰੀ ਮੌਕਾ ਗੁਆ ਲੈਂਦੇ ਹਨ। ਇਹ ਜੀਵਨ ਵਾਰ-ਵਾਰ ਨਹੀਂ ਮਿਲਦਾ ਤੇ ਜਿਹੜੇ ਇਸ ਜੀਵਨ ਨੂੰ ਬੇਵਜ੍ਹਾ ਖਰਾਬ ਕਰ ਲੈਂਦੇ ਹਨ, ਉਹ ਦੂਜਿਆਂ ਦੇ ਨੁਕਸਾਨ ਨਾਲੋਂ ਵਧ ਆਪਣਾ ਨੁਕਸਾਨ ਕਰ ਲੈਂਦੇ ਹਨ। ਇਸਲਾਮਿਕ ਮਤ ਅਨੁਸਾਰ ਮੌਤ ਦਾ ਫਰਿਸ਼ਤਾ ਅਜ਼ਰਾਈਲ ਉਨ੍ਹਾਂ ਨੂੰ ਫੜ੍ਹ ਕੇ ਕੋਂਹਦਾ ਹੈ। ਭਾਵ ਕਿ ਉਨ੍ਹਾਂ ਦੇ ਕੀਤੇ ਬੁਰੇ ਕਰਮਾਂ ਦਾ ਉਨ੍ਹਾਂ ਨੂੰ ਫਲ ਭੁਗਤਣਾ ਪੈਂਦਾ ਹੈ। ਇਸ ਤਰ੍ਹਾਂ ਉਹ ਆਪਣੇ ਜੀਵਨ ਦਾ ਸੁਨਹਿਰੀ ਵੀ ਮੌਕਾ ਗੁਆ ਬਹਿੰਦੇ ਹਨ ਤੇ ਨਾਲ ਸਖਤ ਸਜ਼ਾ ਵੀ ਸਹਿੰਦੇ ਹਨ।
ਮਨੁਖ ਨੂੰ ਪੈਦਾ ਕਰਨ ਵਾਲਾ ਪ੍ਰਭੂ ਹੈ। ਇਸ ਲਈ ਜਿਹੜੇ ਲੋਕ ਉਸ ਦਾ ਹੁਕਮ ਨਹੀਂ ਪਛਾਣਦੇ ਤੇ ਲੋਭ-ਲਾਲਚ ਅਧੀਨ ਬੁਰੇ ਕੰਮ ਕਰਦੇ ਹਨ, ਉਨ੍ਹਾਂ ਦੀ ਹਾਲਤ ਬੇਹੱਦ ਬੁਰੀ ਹੁੰਦੀ ਹੈ। ਇਸ ਹਾਲਤ ਨੂੰ ਇਥੇ ਦੋਜ਼ਖ ਦੱਸਿਆ ਗਿਆ ਹੈ। ਇਸਲਾਮ ਵਿਚ ਮੰਨਿਆ ਜਾਂਦਾ ਹੈ ਕਿ ਬੁਰੇ ਕੰਮ ਕਰਨ ਵਾਲਿਆਂ ਨੂੰ ਦੋਜ਼ਖ ਵਿਚ ਸੁੱਟ ਕੇ ਸਖਤ ਸਜ਼ਾ ਦਿੱਤੀ ਜਾਂਦੀ ਹੈ। ਕੁਰਾਨ ਵਿਚ ਦੋਜ਼ਖ ਦਾ ਹਵਾਲਾ ਪੜ੍ਹਕੇ ਬੰਦੇ ਦੀ ਰੂਹ ਕੰਬ ਜਾਂਦੀ ਹੈ। ਏਨਾ ਹੀ ਨਹੀਂ ਕਿ ਪ੍ਰਭੂ ਬੁਰੇ ਕੰਮ ਕਰਨ ਵਾਲੇ ਦੋਜ਼ਖ ਵਿਚ ਸੁੱਟ ਕੇ ਬਸ ਕਰਦਾ ਹੈ। ਉਹ ਅਜਿਹਾ ਲੇਖਾਕਾਰ ਹੈ ਕਿ ਆਪਣੇ ਸਿਰਜੇ ਹੋਏ ਉਸ ਮਨੁਖ ਤੋਂ ਹਰ ਬੁਰੇ ਕੰਮ ਦਾ ਹਿਸਾਬ ਪੁੱਛਦਾ ਹੈ ਕਿ ਉਸ ਨੇ ਉਹ ਸਭ ਕੁਝ ਕਿਉਂ ਕੀਤਾ? ਇਥੇ ਦੋਜ਼ਖ ਤੇ ਬਾਣੀਆਂ ਸ਼ਬਦ ਦੀ ਵਰਤੋਂ ਦੱਸਦੀ ਹੈ ਕਿ ਪ੍ਰਭੂ/ਅੱਲ੍ਹਾ ਦੀ ਨਜਰ ਵਿਚ ਹਿੰਦੂ ਮੁਸਲਿਮ ਦਾ ਕੋਈ ਫਰਕ ਨਹੀਂ ਹੈ।
ਸੰਸਾਰ ਅੰਦਰ ਮਨੁਖ ਨੇ ਜਿਸ ਪਰਿਵਾਰ ਲਈ ਬੁਰੇ ਕੰਮ ਕਰਕੇ ਧਨ-ਪਦਾਰਥ, ਜ਼ਮੀਨ-ਜਾਇਦਾਦ ਆਦਿ ਇਕੱਠੀ ਕੀਤੀ, ਮੌਤ ਆਉਣ ਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਇਸ ਨਾਲੋਂ ਆਪਣਾ ਸੰਬੰਧ ਤੋੜਿਆ। ਜਿਸ ਧਨ-ਦੌਲਤ, ਜ਼ਮੀਨ-ਜਾਇਦਾਦ, ਰੁੱਤਬੇ, ਐਸ਼ੋ-ਇਸ਼ਰਤ ਦੇ ਸਾਜੋ-ਸਮਾਨ, ਜਵਾਨੀ ਆਦਿ ਉਤੇ ਇਸ ਨੂੰ ਬੜਾ ਮਾਣ ਸੀ, ਇਹ ਸਭ ਕੁਝ ਵੀ ਇਥੇ ਧਰਿਆ ਧਰਾਇਆ ਰਹਿ ਜਾਂਦਾ ਹੈ, ਜੀਵ ਨੂੰ ਖਾਲੀ ਹੱਥ ਹੀ ਜਾਣਾ ਪੈਂਦਾ ਹੈ। ਸਗੋਂ ਗੁਰੂ ਸਾਹਿਬ ਇਹ ਗੱਲ ਸਪਸ਼ੱਟ ਕਰਦੇ ਹਨ ਕਿ ਜਿੰਨ੍ਹਾ ਨੇ ਪ੍ਰਭੂ ਨਾਲ ਡੂੰਘੀ ਸਾਂਝ ਨਹੀ ਬਣਾਈ, ਜੋ ਸੰਸਾਰ ਦੇ ਮੋਹ ਵਿਚ ਪਏ ਰਹੇ, ਇਹੋ-ਜਿਹੇ ਜੀਵ ਦੁਖਾਂ ਵਿਚ ਇੰਝ ਪੀੜੇ ਜਾਂਦੇ ਹਨ ਜਿਵੇਂ ਕਿ ਤਿਲਾਂ ਨੂੰ ਕੋਹਲੂ ਵਿਚ ਪੀੜਿਆ ਜਾਂਦਾ ਹੈ ਭਾਵ ਉਹ ਹਮੇਸ਼ਾ ਦੁਖਾਂ ਵਿਚ ਪਏ ਰਹਿੰਦੇ ਹਨ।
ਪਰ ਮਨੁਖ ਨੂੰ ਪਤਾ ਨਹੀਂ ਲੱਗਦਾ ਕਿ ਇਹ ਦੁਨੀਆ ਵਿਚ ਰਹਿੰਦਾ ਹੋਇਆ ਬੜੀ ਖੁਸ਼ੀ ਨਾਲ ਦੂਸਰਿਆਂ ਦਾ ਹੱਕ ਮਾਰ ਲੈਂਦਾ ਹੈ। ਮਨੁਖ ਨੂੰ ਇਸ ਗੱਲ ਵਿਚ ਵਿਚ ਬੜੀ ਖੁਸ਼ੀ ਮਿਲਦੀ ਹੈ ਜਦ ਉਸ ਨੂੰ ਕਿਸੇ ਹੋਰ ਦਾ ਹਿੱਸਾ ਮਿਲਦਾ ਹੈ। ਪਰ ਮਨੁਖ ਨੂੰ ਪਤਾ ਨਹੀਂ ਲੱਗਦਾ ਕਿ ਰੱਬੀ ਹਸਤੀ ਮਨੁਖ ਦੇ ਨਾਲ ਹੀ ਹੁੰਦੀ ਹੈ ਤੇ ਸਭ ਕੁਝ ਦੇਖ ਲੈਂਦੀ ਹੈ। ਰੱਬ ਨੂੰ ਸਭ ਕੁਝ ਪਤਾ ਹੁੰਦਾ ਹੈ ਕਿ ਮਨੁਖ ਅਸਲ ਵਿਚ ਕੀ ਕਰਦਾ ਹੈ। ਇਸ ਕਰਕੇ ਮਨੁਖ ਨੂੰ ਦੂਜਿਆ ਦਾ ਹੱਕ ਮਾਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮਨੁਖ ਅਜਿਹਾ ਜੀਵ ਹੈ ਕਿ ਇਹ ਦੁਨੀਆ ਦੇ ਲਾਲਚ ਕਾਰਣ ਨਿਵਾਣਾ ਵਿਚ ਗਰਕ ਹੋ ਜਾਂਦਾ ਹੈ। ਮਨੁਖ ਆਪਣੇ ਵਿਵਹਾਰ ਦਾ ਕੋਈ ਪੱਧਰ ਹੀ ਨਹੀਂ ਰਖਦਾ। ਬਸ ਲਾਲਚ ਵਿਚ ਮਨੁਖ ਇਹ ਭੁੱਲ ਹੀ ਜਾਂਦਾ ਹੈ ਕਿ ਜਿਹੜੇ ਬੁਰੇ ਕੰਮ ਉਹ ਕਰਦਾ ਹੈ, ਉਨ੍ਹਾਂ ਦਾ ਉਸ ਨੂੰ ਲੇਖਾ ਦੇਣਾ ਪੈਣਾ ਹੈ। ਉਸ ਨੂੰ ਉਸ ਵੇਲੇ ਹੋ ਰਿਹਾ ਲਾਭ ਦਿਖ ਰਿਹਾ ਹੁੰਦਾ ਹੈ। ਪਰ ਉਸ ਨੂੰ ਬੁਰਾਈ ਪਿੱਛੋਂ ਹੋਣ ਵਾਲਾ ਨੁਕਸਾਨ ਤੇ ਮਿਲਣ ਵਾਲੀ ਸਜ਼ਾ ਦਾ ਪਤਾ ਹੀ ਨਹੀਂ ਹੁੰਦਾ। ਇਸੇ ਭੁਲੇਖੇ ਵਿਚ ਉਹ ਬੁਰਾਈ ਵਿਚ ਗਲਤਾਨ ਰਹਿੰਦਾ ਹੈ।
ਦੁਨੀਆਦਾਰੀ ਕਾਰਣ ਲੋਭ-ਲਾਲਚ ਵਿਚ ਫਸਿਆ ਮਨੁਖ ਜਨਮ-ਮਰਨ ਦੇ ਚੱਕਰ ਵਿਚ ਹੀ ਉਲਝਿਆ ਰਹਿੰਦਾ ਹੈ। ਉਹ ਬੁਰਾਈ ਵਿਚ ਰੋਜ਼ ਜੰਮਦਾ ਤੇ ਮਰਦਾ ਹੈ। ਉਸ ਦਾ ਜਨਮ-ਮਰਨ ਇਕ ਵਾਰੀ ਨਹੀਂ ਬਲਕਿ ਵਾਰ-ਵਾਰ ਹੁੰਦਾ ਹੈ। ਉਹ ਲਗਾਤਾਰ ਜੂਨਾਂ ਵਿਚ ਘਿਰ ਜਾਂਦਾ ਹੈ। ਇਸ ਤਰ੍ਹਾਂ ਉਹ ਬੇਹੱਦ ਕਸ਼ਟ ਸਹਿੰਦਾ ਹੈ ਤੇ ਸਜ਼ਾ ਭੋਗਦਾ ਹੈ। ਉਸ ਦੀ ਸਜ਼ਾ ਦਾ ਸਫਰ, ਦੂਰ ਦੇਸ਼ ਦੇ ਪਾਂਧੀ ਦੀ ਤਰ੍ਹਾਂ, ਏਨਾ ਲਮੇਰਾ ਹੋ ਜਾਂਦਾ ਹੈ ਕਿ ਮੁੱਕਦਾ ਹੀ ਨਹੀਂ। ਜਿਵੇਂ ਕਿਹਾ ਜਾਂਦਾ ਹੈ ਕਿ ਖੁਸ਼ੀ ਦੇ ਪਲ ਹੁੰਦੇ ਹਨ ਤੇ ਦੁਖਾਂ ਦੇ ਸਾਲ ਹੁੰਦੇ ਹਨ। ਇਸ ਲਈ ਦੁਸ਼ਟ ਮਨੁਖ ਦਾ ਜੀਣ ਮਰਨ ਕਦੀ ਮੁੱਕਣ ਵਿਚ ਹੀ ਨਹੀਂ ਆਉਂਦਾ।
ਦੁਨਿਆਵੀ ਲੋਭ ਲਾਲਚ ਵਿਚ ਗ੍ਰਸਤ ਮਨੁਖ ਏਨਾ ਅੰਨ੍ਹਾਂ ਹੋ ਜਾਂਦਾ ਹੈ ਕਿ ਉਹ ਫਿਰ ਉਸ ਪ੍ਰਭੂ ਨੂੰ ਵੀ ਭੁੱਲ ਜਾਂਦਾ ਹੈ, ਜਿਸ ਨੇ ਉਸ ਨੂੰ ਪੈਦਾ ਕੀਤਾ ਹੈ ਤੇ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ। ਅੰਨ੍ਹਾਂ ਹੋਇਆ ਮਨੁਖ ਆਪਣੇ ਕਰਤੇ ਪ੍ਰਭੂ ਦੀ ਪਛਾਣ ਅਤੇ ਉਸ ਦੀ ਰਜ਼ਾ ਨੂੰ ਭੁੱਲ ਕੇ ਆਪਣੀ ਮਰਜ਼ੀ ਕਰਦਾ ਹੈ। ਇਸ ਕਰਕੇ ਹੀ ਉਸ ਨੂੰ ਆਪਣੇ ਜੀਵਨ ਵਿਚ ਦੁਖ ਸਹਿਣੇ ਪੈਂਦੇ ਹਨ। ਜੇ ਉਹ ਆਪਣੇ ਕਰਤੇ ਪ੍ਰਭੂ ਦੀ ਰਜ਼ਾ ਵਿਚ ਰਹੇ ਤਾਂ ਹੀ ਉਹ ਰਾਜ਼ੀ ਰਹਿ ਸਕਦਾ ਹੈ।
ਸਭ ਕਾਸੇ ਦੇ ਪੈਦਾ ਕਰਨ ਵਾਲੇ ਮਾਲਕ ਪ੍ਰਭੂ ਨੂੰ ਭੁੱਲਿਆ ਤੇ ਪ੍ਰਭੂ ਵੱਲੋਂ ਭਟਕਿਆ ਮਨੁਖ ਠੱਗਿਆ ਜਾਂਦਾ ਹੈ। ਉਸ ਤੋਂ ਭਟਕੇ ਹੋਏ ਮਨੁਖ ਨੂੰ ਵਿਸ਼ੇ-ਵਿਕਾਰ ਆਪਣੀ ਗ੍ਰਿਫਤ ਵਿਚ ਲੈ ਲੈਂਦੇ ਹਨ ਤੇ ਉਸ ਨੂੰ ਲੁੱਟ-ਪੁੱਟ ਕੇ ਉਜਾੜ ਦਿੰਦੇ ਹਨ। ਅਸਲ ਵਿਚ ਦੁਨੀਆ ਇਕ ਅਜਿਹਾ ਖੇਲ੍ਹ ਜਾਂ ਤਮਾਸ਼ਾ ਹੈ ਜਿਸ ਵਿਚ ਮਨੁਖ ਦੋ ਹਾਲਤਾਂ ਵਿਚ ਹੀ ਰਹਿੰਦਾ ਹੈ। ਉਹ ਧੰਨ-ਸੰਪਤੀ ਦੀ ਪ੍ਰਾਪਤੀ ਤੇ ਵਾਧੇ ਨਾਲ ਖੁਸ਼ ਹੁੰਦਾ ਹੈ ਤੇ ਜਦ ਕੁਝ ਖੁਸਦਾ ਹੈ ਤਾਂ ਉਦਾਸ ਹੋ ਜਾਂਦਾ ਹੈ। ਬਸ ਇਸੇ ਖੱਜਲ-ਖੁਆਰੀ ਵਿਚ ਹੀ ਜੀਵਨ ਬਤੀਤ ਹੋ ਜਾਂਦਾ ਹੈ।
ਅਜਿਹੇ ਮਨੁਖ ਅਸਲ ਵਿਚ ਸਿਦਕਵਾਨ ਤੇ ਸਹਿਣਸ਼ੀਲਤਾ ਜਿਹੇ ਗੁਣਾਂ ਤੋਂ ਸੱਖਣੇ ਤੇ ਗੁਰੂ ਵਿਹੂਣੇ ਹੁੰਦੇ ਹਨ। ਇਸ ਲਈ ਉਹ, ਉਹੀ ਕੁਝ ਕਰਦੇ ਰਹਿੰਦੇ ਹਨ ਜੋ ਕੁਝ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਗੁਰੂ ਨੂੰ ਮਿਲ ਕੇ, ਉਸ ਦੀ ਸਿਖਿਆ ਪ੍ਰਾਪਤ ਕਰਕੇ ਹੀ ਉਹ ਭਟਕਣਾਂ ਤੋਂ ਮੁਕਤ ਹੋ ਸਕਦੇ ਹਨ ਤੇ ਚੰਗੇ ਰਾਹ ਪੈ ਸਕਦੇ ਹਨ।
ਗੁਰੂ ਸਾਹਿਬ ਦੱਸਦੇ ਹਨ ਕਿ ਅਸਲ ਵਿਚ ਜੀਵਾਂ ਦੇ ਆਪਣੇ ਹੱਥ-ਵਸ ਕੁਝ ਨਹੀ ਹੈ। ਇਹ ਸਾਰੀ ਖੇਡ ਪ੍ਰਭੂ ਨੇ ਆਪ ਹੀ ਬਣਾਈ ਹੈ। ਉਸ ਨੇ ਹੀ ਆਪਣੇ ਹੁਕਮ ਵਿਚ ਸਾਰੇ ਜਗਤ ਨੂੰ ਬੱਧਾ ਹੋਇਆ ਹੈ। ਇਥੇ ਕਈ ਜੀਵ ਦੁਨਿਆਵੀ ਪਦਾਰਥਾਂ ਅਤੇ ਵਿਸ਼ੇ-ਵਿਕਾਰਾਂ ਅੰਦਰ ਉਲਝੇ ਪਏ ਹਨ ਅਤੇ ਕਈਆਂ ਨੂੰ ਪ੍ਰਭੂ ਨੇ ਆਪ ਇਨ੍ਹਾਂ ਜੰਜਾਲਾਂ ਵਿਚੋਂ ਬਾਹਰ ਕੱਢ ਕੇ ਸੁਰਖਰੂ ਕਰ ਦਿੱਤਾ ਹੈ। ਜਿਵੇਂ-ਜਿਵੇਂ ਕਰਤਾ ਜੀਵਾਂ ਨੂੰ ਨਚਾਉਂਦਾ ਹੈ ਭਾਵ ਕਰਮ ਖੇਤਰ ਦਿੰਦਾ ਹੈ, ਤਿਹੋ-ਜਿਹੇ ਕਰਮ ਇਹ ਕਰਦੇ ਹਨ। ਸੰਸਾਰ ਵਿਚ ਹਰੇਕ ਜੀਵ ਆਪਣੇ ਸਿਰ ’ਤੇ ਪਏ ਹੋਏ ਕਰਮ ਲੇਖ ਅਨੁਸਾਰ ਕਰਮ ਕਰਦਾ ਹੈ।
ਅਖੀਰ ਤੇ ਗੁਰੂ ਅਰਜਨ ਸਾਹਿਬ ਸਪੱਸ਼ਟ ਕਰਦੇ ਹਨ ਕਿ ਜਦ ਪਿਆਰਾ ਪ੍ਰਭੂ ਰਹਿਮਤ ਕਰਦਾ ਹੈ ਤਦੋਂ ਹੀ ਜੀਵ ਤਨੋ-ਮਨੋ ਉਸ ਦੀ ਅਰਾਧਨਾ ਕਰ ਸਕਦਾ ਹੈ। ਪ੍ਰਭੂ ਦੀ ਮਿਹਰ ਨਾਲ ਉਸ ਨੂੰ ਗੁਰੂ ਰੂਪ ਸੰਤ-ਮਹਾਂਪੁਰਸ਼ਾਂ ਦੀ ਸੰਗਤ ਨਸੀਬ ਹੁੰਦੀ ਹੈ। ਉਹ ਸੰਤ-ਮਹਾਂਪੁਰਸ਼ਾਂ ਦੀ ਸਿਖਿਆ ਸਦਕਾ ਫਿਰ ਨਰਕ ਬਣੇ ਜੀਵਨ ਤੋਂ ਮੁਕਤ ਹੋ ਜਾਂਦਾ ਹੈ। ਉਸ ਦਾ ਜੀਵਨ ਸ਼ਾਂਤ-ਚਿਤ ਨੇਕ ਅਤੇ ਨਿਰਮਲ ਹੋ ਜਾਂਦਾ ਹੈ। ਪ੍ਰਭੂ ਦੀ ਮਿਹਰ ਨਾਲ ਚੰਗੀ ਸੰਗਤ ਮਿਲਦੀ ਹੈ ਤੇ ਚੰਗੀ ਸੰਗਤ ਸਦਕਾ ਜੀਵਨ ਸੁਧਰਦਾ ਹੈ। ਗੁਰੂ ਦੀ ਸੰਗਤ ਸਦਕਾ ਹੀ ਜੀਵ ਦੇ ਅੰਦਰ ਆਤਮਕ ਜੀਵਨ ਦੇਣ ਵਾਲੇ ਨਾਮ ਦੀ ਭੁੱਖ ਪੈਦਾ ਹੁੰਦੀ ਹੈ। ਇਸ ਨਾਮ ਦੀ ਬਦੌਲਤ ਹੀ ਜੀਵਨ ਰੱਬੀ ਗੁਣਾਂ ਨਾਲ ਭਰਪੂਰ ਬਣਦਾ ਹੈ। ਮਨੁਖ ਦੇ ਆਚਾਰ-ਵਿਹਾਰ ਵਿਚੋਂ ਰੱਬੀ ਗੁਣਾਂ ਦਾ ਪ੍ਰਗਟਾਵਾ ਹੀ ਉਸ ਪ੍ਰਭੂ ਦੀ ਅਸਲ ਸਿਫਤਿ-ਸਲਾਹ ਹੈ।