Guru Granth Sahib Logo
  
ਇਸ ਸ਼ਬਦ ਵਿਚ ਧਨ-ਦੌਲਤ ਦੀ ਬਹੁਤਾਤ ਅਤੇ ਘਾਟ ਵਾਲੀਆਂ ਸਥਿਤੀਆਂ ਦੀ ਤੁਲਨਾ ਕਰ ਕੇ ਮਨੁਖ ਨੂੰ ਸਮਝਾਇਆ ਗਿਆ ਹੈ ਕਿ ਜਿਹੜਾ ਮਨੁਖ ਘਰ-ਗ੍ਰਿਹਸਤੀ ਵਿਚ ਰਹਿ ਕੇ, ਧਨ-ਦੌਲਤ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਉਸ ਦੀ ਜੀਵਨ-ਘਾਲਣਾ ਹੀ ਸਫਲ ਹੁੰਦੀ ਹੈ। ਪਰ ਮਨੁਖ ਦੇ ਵੀ ਕੀ ਹੱਥ-ਵਸ ਹੈ? ਪ੍ਰਭੂ ਜਿਹੜੇ ਪਾਸੇ ਮਨੁਖ ਨੂੰ ਲਾਉਂਦਾ ਹੈ, ਉਹ ਉਸੇ ਪਾਸੇ ਲੱਗਦਾ ਹੈ। ਇਸ ਲਈ ਅੰਜੁਲੀ ਰੂਪ ਵਿਚ ਪ੍ਰਭੂ ਅੱਗੇ ਅਰਦਾਸ ਕੀਤੀ ਗਈ ਹੈ ਕਿ ਮਾਲਕ-ਪ੍ਰਭੂ! ਜੇ ਤੂੰ ਆਪਣੇ ਭਾਣੇ ਅਨੁਸਾਰ ਕਿਸੇ ਮਨੁਖ ਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੇਂ, ਤਾਂ ਹੀ ਉਹ ਮਨੁਖ ਤੇਰਾ ਨਾਮ ਸਿਮਰ ਕੇ ਧਨ-ਦੌਲਤ ਦੀ ਚਿੰਤਾ ਅਤੇ ਭਟਕਣਾ ਤੋਂ ਮੁਕਤ ਹੋ ਸਕਦਾ ਹੈ।
ਮਾਰੂ  ਮਹਲਾ ੫   ਘਰੁ ੮  ਅੰਜੁਲੀਆ
ਸਤਿਗੁਰ ਪ੍ਰਸਾਦਿ

ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ
ਦੁਹੂ ਬਿਵਸਥਾ ਤੇ ਜੋ ਮੁਕਤਾ   ਸੋਈ ਸੁਹੇਲਾ ਭਾਲੀਐ ॥੧॥
ਗ੍ਰਿਹ ਰਾਜ ਮਹਿ ਨਰਕੁ  ਉਦਾਸ ਕਰੋਧਾ ਬਹੁ ਬਿਧਿ ਬੇਦ ਪਾਠ ਸਭਿ ਸੋਧਾ
ਦੇਹੀ ਮਹਿ ਜੋ ਰਹੈ ਅਲਿਪਤਾ   ਤਿਸੁ ਜਨ ਕੀ ਪੂਰਨ ਘਾਲੀਐ ॥੨॥
ਜਾਗਤ ਸੂਤਾ ਭਰਮਿ ਵਿਗੂਤਾ ਬਿਨੁ ਗੁਰ ਮੁਕਤਿ ਹੋਈਐ  ਮੀਤਾ
ਸਾਧਸੰਗਿ ਤੁਟਹਿ ਹਉ ਬੰਧਨ   ਏਕੋ ਏਕੁ ਨਿਹਾਲੀਐ ॥੩॥
ਕਰਮ ਕਰੈ ਬੰਧਾ  ਨਹ ਕਰੈ ਨਿੰਦਾ ਮੋਹ ਮਗਨ ਮਨੁ ਵਿਆਪਿਆ ਚਿੰਦਾ
ਗੁਰ ਪ੍ਰਸਾਦਿ ਸੁਖੁ ਦੁਖੁ ਸਮ ਜਾਣੈ   ਘਟਿ ਘਟਿ ਰਾਮੁ ਹਿਆਲੀਐ ॥੪॥
ਸੰਸਾਰੈ ਮਹਿ ਸਹਸਾ ਬਿਆਪੈ ਅਕਥ ਕਥਾ ਅਗੋਚਰ ਨਹੀ ਜਾਪੈ
ਜਿਸਹਿ ਬੁਝਾਏ ਸੋਈ ਬੂਝੈ   ਓਹੁ ਬਾਲਕ ਵਾਗੀ ਪਾਲੀਐ ॥੫॥
ਛੋਡਿ ਬਹੈ ਤਉ ਛੂਟੈ ਨਾਹੀ ਜਉ ਸੰਚੈ ਤਉ ਭਉ ਮਨ ਮਾਹੀ
ਇਸ ਹੀ ਮਹਿ ਜਿਸ ਕੀ ਪਤਿ ਰਾਖੈ   ਤਿਸੁ ਸਾਧੂ ਚਉਰੁ ਢਾਲੀਐ ॥੬॥
ਜੋ ਸੂਰਾ ਤਿਸ ਹੀ ਹੋਇ ਮਰਣਾ ਜੋ ਭਾਗੈ ਤਿਸੁ ਜੋਨੀ ਫਿਰਣਾ
ਜੋ ਵਰਤਾਏ ਸੋਈ ਭਲ ਮਾਨੈ   ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ਕਰਿ ਕਰਿ ਵੇਖੈ ਅਪਣੇ ਜਚਨਾ
ਨਾਨਕ ਕੇ ਪੂਰਨ ਸੁਖਦਾਤੇ   ਤੂ ਦੇਹਿ ਨਾਮੁ ਸਮਾਲੀਐ ॥੮॥੧॥੭॥
-ਗੁਰੂ ਗ੍ਰੰਥ ਸਾਹਿਬ ੧੦੧੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਧਨ-ਸੰਪਤੀ ਦੇ ਪੱਖੋਂ ਦੇਖਿਆ ਜਾਵੇ ਤਾਂ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਕਿਸੇ ਵੀ ਦੁਨੀਆਵੀ ਪਦਾਰਥ ਦੀ ਕਮੀਂ ਨਹੀਂ ਹੁੰਦੀ ਤੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਕੋਲ ਕੁਝ ਵੀ ਨਹੀਂ ਹੁੰਦਾ। ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਦੇ ਘਰ ਵਿਚ ਧਨ-ਸੰਪਤੀ ਦੀ ਬਹੁਤਾਤ ਹੋਵੇ, ਉਨ੍ਹਾਂ ਲੋਕਾਂ ਨੂੰ ਕਈ ਤਰ੍ਹਾਂ ਦੀ ਚਿੰਤਾ ਲੱਗੀ ਰਹਿੰਦੀ ਹੈ। ਉਨ੍ਹਾਂ ਦੀ ਇਕ ਚਿੰਤਾ ਇਹ ਹੁੰਦੀ ਹੈ ਕਿ ਧਨ-ਸੰਪਤੀ ਵਿਚ ਹੋਰ ਵਾਧਾ ਕਿਵੇਂ ਹੋ ਸਕੇ? ਦੂਜੀ ਚਿੰਤਾ ਇਹ ਹੁੰਦੀ ਹੈ ਕਿ ਧਨ-ਸੰਪਤੀ ਨੂੰ ਬਚਾ ਕੇ ਕਿਸ ਤਰ੍ਹਾਂ ਰਖਿਆ ਜਾਵੇ? ਤੀਜੀ ਚਿੰਤਾ ਇਹ ਵੀ ਹੁੰਦੀ ਹੈ ਕਿ ਧਨ-ਸੰਪਤੀ ਕਿਤੇ ਘੱਟ ਨਾ ਜਾਵੇ। ਇਸ ਦੇ ਉਲਟ ਜਿਸ ਕੋਲ ਧਨ-ਸੰਪਤੀ ਦੀ ਕਮੀ ਹੁੰਦੀ ਹੈ, ਉਹ ਇਸ ਨੂੰ ਹਾਸਲ ਕਰਨ ਲਈ ਭਟਕਣਾ ਵਿਚ ਪਿਆ ਰਹਿੰਦਾ ਹੈ। ਉਹ ਕਈ ਤਰ੍ਹਾਂ ਦੇ ਜਤਨ ਕਰਦਾ ਹੈ ਕਿ ਉਸ ਕੋਲ ਧਨ-ਸੰਪਤੀ ਆ ਜਾਵੇ ਤਾਂ ਕਿ ਉਹ ਸਹੂਲਤਾਂ ਅਤੇ ਸ਼ਾਨੋ-ਸ਼ੌਕਤ ਨਾਲ ਰਹਿ ਸਕੇ। ਇਸ ਲਈ ਉਹ ਇਧਰ-ਉਧਰ ਦੀ ਘੁੰਮਣਘੇਰੀ ਵਿਚ ਪਿਆ ਰਹਿੰਦਾ ਹੈ। ਇਸ ਲਈ ਬਹੁਤੀ ਅਤੇ ਥੋੜੀ ਧਨ-ਸੰਪਤੀ ਵਾਲੇ ਲੋਕ ਦੋਵੇਂ ਹੀ ਚਿੰਤਾ ਮੁਕਤ ਵਾਲਾ ਜੀਵਨ ਬਸਰ ਨਹੀਂ ਕਰਦੇ।

ਧਨ-ਸੰਪਤੀ ਦੀ ਬਹੁਤਾਤ ਅਤੇ ਕਮੀ ਵਾਲੀਆਂ ਦੋ ਸਥਿਤੀਆਂ ਤੋਂ ਵਖਰੀ ਇਕ ਤੀਜੀ ਸਥਿਤੀ ਵੀ ਹੁੰਦੀ ਹੈ। ਇਸ ਸਥਿਤੀ ਵਿਚ ਉਹ ਮਨੁਖ ਹੁੰਦਾ ਹੈ, ਜੋ ਧਨ ਨਾਲ ਸੰਬੰਧਤ ਤਮਾਮ ਚਿੰਤਾਵਾਂ ਅਤੇ ਭਟਕਣਾਵਾਂ ਤੋਂ ਮੁਕਤ ਹੁੰਦਾ ਹੈ। ਉਹ ਇਸ ਤਰ੍ਹਾਂ ਦਾ ਸੰਜਮੀ ਜੀਵਨ ਜਿਉਂਦਾ ਹੈ ਕਿ ਉਸ ਵਿਚ ਧਨ-ਪਦਾਰਥ ਆਦਿ ਇਕੱਠੇ ਕਰਨ ਦੀ ਨਾ ਹੋੜ ਹੁੰਦੀ ਹੈ ਤੇ ਨਾ ਹੀ ਖੁੱਸ ਜਾਣ ਦੀ ਬੇਵਜਾਂ ਚਿੰਤਾਂ। ਅਜਿਹਾ ਮਨੁਖ ਹੀ ਸੰਸਾਰ ਵਿਚ ਸੁਖੀ ਵਸਦਾ ਹੈ।

ਭਾਰਤੀ ਪਰੰਪਰਾ ਵਿਚ ਜੀਵਨ ਦੇ ਦੋ ਰਾਹ ਮੰਨੇ ਗਏ ਹਨ। ਇਕ ਗ੍ਰਿਹਸਤੀ ਤੇ ਦੂਜਾ ਉਦਾਸੀ। ਇਸ ਨੂੰ ਪ੍ਰਵਿਰਤੀ ਤੇ ਨਿਵਿਰਤੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਇਕ ਵਿਆਹ ਕਰਦਾ ਹੈ, ਘਰ ਵਸਾਉਂਦਾ ਹੈ ਤੇ ਆਪਣਾ ਟੱਬਰ ਪਾਲਦਾ ਹੈ। ਦੂਜਾ ਵਿਆਹ ਨਹੀਂ ਕਰਾਉਂਦਾ ਤੇ ਆਪਣਾ ਘਰ-ਬਾਰ ਛੱਡ ਕੇ ਬਾਹਰ ਨਿਕਲ ਜਾਂਦਾ ਹੈ। ਇਥੇ ਦੱਸਿਆ ਹੈ ਕਿ ਧਨ-ਦੌਲਤ ਦੀ ਬਹੁਤਾਤ ਕਾਰਣ ਐਸ਼ੋ-ਅਰਾਮ ਵਿਚ ਖਚਿਤ ਹੋਏ ਮਨੁਖ ਆਪਣੇ ਜੀਵਨ ਨੂੰ ਨਰਕ ਵਰਗਾ ਬਣਾ ਲੈਂਦੇ ਹਨ। ਦੂਜੇ ਪਾਸੇ ਜਿਹੜੇ ਲੋਕ ਸਭ ਕੁਝ ਛੱਡ ਕੇ ਸੰਨਿਆਸੀ ਹੋ ਜਾਂਦੇ ਹਨ, ਉਹ ਆਪਣੀ ਜੀਵਨ ਜਾਚ ਨੂੰ ਵਿਸ਼ੇਸ਼ ਸਮਝ ਕੇ ਹੰਕਾਰੀ ਹੋ ਜਾਂਦੇ ਹਨ ਅਤੇ ਗੁੱਸੇ ਨਾਲ ਭਰੇ ਰਹਿੰਦੇ ਹਨ। ਬੇਸ਼ਕ ਇਹ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਵਰਤ ਕੇ ਵੇਦ ਆਦਿ ਗ੍ਰੰਥਾਂ ਦਾ ਗਹਿਨ ਅਧਿਐਨ ਵੀ ਕਰ ਲੈਣ ਤਾਂ ਵੀ ਇਨ੍ਹਾਂ ਦਾ ਕ੍ਰੋਧ ਨਹੀਂ ਜਾਂਦਾ। 

ਇਸ ਲਈ ਜਿਹੜਾ ਵੀ ਸੱਜਣ ਗ੍ਰਿਹਸਤੀ ਦਾ ਤਿਆਗ ਕਰਨ ਦੀ ਬਜਾਏ ਆਪਣੇ ਸਰੀਰਕ ਲੋੜਾਂ ਨੂੰ ਸੰਜਮ ਵਿਚ ਰਹਿ ਕੇ ਪੂਰਾ ਕਰਦਾ ਹੈ ਅਤੇ ਧਨ-ਦੌਲਤ ਅਤੇ ਰਿਸ਼ਤਿਆਂ ਦੇ ਮੋਹ ਦੀ ਭਟਕਣਾ ਵਿਚ ਹੀ ਆਪਣੇ ਆਪ ਨੂੰ ਅਜਾਂਈ ਨਹੀਂ ਗਵਾਉਂਦਾ ਅਤੇ ਸੰਜਮੀ ਜੀਵਨ ਬਤੀਤ ਕਰਦਾ ਹੈ। ਉਸ ਦਾ ਹੀ ਜੀਵਨ ਸਫਲ ਹੁੰਦਾ ਹੈ।

ਇਸ ਤਰ੍ਹਾਂ ਧਨ-ਦੌਲਤ ਦੀ ਬਹੁਲਤਾ ਵਾਲੇ ਅਤੇ ਉਸ ਦੇ ਤਿਆਗੀ ਦੋਵੇਂ ਇਕ ਕਿਸਮ ਨਾਲ ਹਉਮੈ ਦੇ ਹੀ ਸ਼ਿਕਾਰ ਹਨ, ਇਨ੍ਹਾਂ ਨੂੰ ਸਫਲ ਜੀਵਨ ਦੀ ਸਮਝ ਨਹੀਂ ਹੈ। ਇਹ ਲੋਕ ਇਸ ਤਰ੍ਹਾਂ ਹਨ ਜਿਵੇਂ ਜਾਗਦੇ ਹੋਏ ਵੀ ਸੁੱਤੇ ਪਏ ਹੋਣ। ਉਹ ਦੇਖਣ ਨੂੰ ਤਾਂ ਸਮਝਦਾਰ ਤੇ ਸਿਆਣੇ-ਬਿਆਣੇ ਹਨ। ਪਰ ਅਸਲ ਵਿਚ ਭਰਮਾਂ ਵਿਚ ਪੈਣ ਕਾਰਨ ਆਪਣਾ ਜੀਵਨ ਬਰਬਾਦ ਕਰੀ ਜਾ ਰਹੇ ਹਨ। ਅਜਿਹੇ ਲੋਕ ਆਪਣੀ ਨਰਕ ਜਿਹੀ ਹਾਲਤ ਵਿਚੋਂ ਬਿਨਾਂ ਗੁਰੂ ਦੀ ਸਿਖਿਆ ਦੇ ਮੁਕਤ ਨਹੀਂ ਹੋ ਸਕਦੇ। ਫਿਰ ਅਜਿਹੇ ਮਨੁਖ ਨੂੰ ਮਿੱਤਰ ਕਹਿ ਕੇ ਸਲਾਹ ਦਿੱਤੀ ਗਈ ਹੈ ਕਿ ਗੁਰੂ ਹੀ ਉਸ ਦੇ ਨਰਕ ਜਿਹੇ ਜੀਵਨ ਨੂੰ ਠੀਕ ਕਰ ਸਕਦਾ ਹੈ।

ਅਗਿਆਨੀ ਮਨੁਖ ਸਮਝਦਾ ਹੈ ਕਿ ਉਸ ਜਿਹਾ ਸ੍ਰੇਸ਼ਟ ਮਨੁਖ ਹੋਰ ਕੋਈ ਨਹੀਂ ਹੈ। ਇਸ ਹੰਕਾਰ ਕਾਰਣ ਉਹ ਕਦੇ ਵੀ ਵਿਕਾਸ ਨਹੀਂ ਕਰ ਸਕਦਾ। ਪਰ ਸੱਚ ਉੱਤੇ ਅਮਲ ਕਰਨ ਵਾਲੇ ਸਾਧ-ਬਿਰਤੀ ਵਾਲੇ ਸੱਜਣ ਦੇ ਸਾਥ ਵਿਚ ਵਿਚਰਨ ਨਾਲ ਮਨੁਖ ਦੀ ਹਉਮੈ ਜਿਹੀ ਵਡੀ ਰੁਕਾਵਟ ਦੂਰ ਹੋ ਜਾਂਦੀ ਹੈ ਤੇ ਉਸ ਦੇ ਅੰਦਰ ਊਚ-ਨੀਚ ਤੇ ਮੇਰ-ਤੇਰ ਖਤਮ ਹੋ ਜਾਂਦੀ ਹੈ। ਫਿਰ ਉਹ ਸਭ ਕਾਸੇ ਨੂੰ ਪ੍ਰਭੂ ਦੇ ਇਕੋ-ਇਕ ਰੂਪ ਵਿਚ ਦੇਖਦਾ ਹੈ। ਉਸ ਲਈ ਹਰ ਕੋਈ ਪ੍ਰਭੂ ਦਾ ਹੀ ਰੂਪ ਹੁੰਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਫਿਰ ਸਭ ਪਾਸੇ ਸਿਰਫ ਇਕੋ-ਇਕ ਪ੍ਰਭੂ ਨੂੰ ਹੀ ਦੇਖਦਾ ਹੈ। ਉਸ ਲਈ ਹੋਰ ਕੁਝ ਹੁੰਦਾ ਹੀ ਨਹੀਂ।

ਇਕ ਕਰਮ-ਕਾਂਡ ਹੈ ਤੇ ਇਕ ਕਰਮਵਾਦ ਜਾਂ ਕਰਮ ਸਿਧਾਂਤ ਹੈ। ਕਰਮ-ਕਾਂਡ ਵੇਦਾਂ ਦਾ ਹਿੱਸਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਹੋ ਜਿਹਾ ਫਲ ਪ੍ਰਾਪਤ ਕਰਨ ਲਈ ਕਿਹੋ ਜਿਹਾ ਕਰਮ ਕਰਨਾ ਚਾਹੀਦਾ ਹੈ। ਕਰਮ ਸਿਧਾਂਤ ਦੱਸਦਾ ਹੈ ਕਿ ਹਰ ਕਰਮ ਦਾ ਨਤੀਜਾ ਹਰ ਹਾਲਤ ਵਿਚ ਭੁਗਤਣਾ ਪੈਂਦਾ ਹੈ। ਕੁਝ ਵੀ ਹੋਵੇ ਹਰ ਤਰ੍ਹਾਂ ਦਾ ਕਰਮ ਬੰਦੇ ਨੂੰ ਬੰਨ੍ਹ ਲੈਂਦਾ ਹੈ। ਹਰ ਕਰਮ ਦਾ ਫਲ ਹਰ ਹਾਲਤ ਵਿਚ ਮਿਲਦਾ ਹੈ। ਕੋਈ ਵੀ ਕਰਮ ਕਰਨ ਵਾਲਾ ਕਰਮ ਦੇ ਫਲ ਤੋਂ ਇਨਕਾਰੀ ਨਹੀਂ ਹੋ ਸਕਦਾ। ਇਸ ਕਰ ਕੇ ਕਰਮ ਮਨੁਖ ਨੂੰ ਇਕ ਤਰ੍ਹਾਂ ਨਾਲ ਬੰਨ੍ਹ ਲੈਂਦਾ ਹੈ ਤੇ ਜਿਹੜਾ ਕਰਮ ਨਾ ਕਰੇ ਉਸ ਨੂੰ ਵੀ ਬੁਰਾ ਸਮਝਿਆ ਜਾਂਦਾ ਹੈ। ਕਰਮ ਕਰਨ ਵਾਲਾ ਉਲਝ ਜਾਂਦਾ ਹੈ ਤੇ ਨਾ ਕਰਨ ਵਾਲਾ ਨਿੰਦਿਆ ਤੇ ਭੰਡਿਆ ਜਾਂਦਾ ਹੈ। ਇਸ ਦੇ ਇਲਾਵਾ ਮੋਹ-ਮਮਤਾ ਵਿਚ ਮਸਤ ਹੋਇਆ ਮਨ ਵੀ ਚਿੰਤਾਵਾਂ ਵਿਚ ਹੀ ਗ੍ਰਸਤ ਰਹਿੰਦਾ ਹੈ। ਅਸਲ ਵਿਚ ਮੋਹ-ਮਾਇਆ ਦੀ ਚਿੰਤਾ ਹੀ ਬੰਦੇ ਨੂੰ ਕਰਮਾ ਦੇ ਜਾਲ ਵਿਚ ਉਲਝਾ ਦਿੰਦੀ ਹੈ। ਬੰਦੇ ਨੂੰ ਮੁਕਤੀ ਦਾ ਰਾਹ ਕਿਤੇ ਨਹੀਂ ਨਜਰ ਆਉਂਦਾ।

ਆਮ ਤੌਰ ਪਰ ਹਰ ਮਨੁਖ ਦੁਖ ਤੋਂ ਬਚਣਾ ਚਾਹੁੰਦਾ ਹੈ ਤੇ ਹਮੇਸ਼ਾ ਸੁਖ ਵਿਚ ਹੀ ਰਹਿਣਾ ਚਾਹੁੰਦਾ ਹੈ। ਪਰ ਹੁੰਦਾ ਇਹ ਹੈ ਕਿ ਦੁਖ ਤੇ ਸੁਖ ਜੀਵਨ ਵਿਚ ਨਾਲੋ-ਨਾਲ ਚੱਲਦੇ ਰਹਿੰਦੇ ਹਨ। ਦੁਖ ਅਤੇ ਸੁਖ ਇਕ ਦੂਜੇ ਨਾਲ ਜੁੜੇ ਹੋਏ ਹਨ। ਦੁਖ ਦੇ ਬਿਨਾਂ ਸੁਖ ਦਾ ਕੋਈ ਅਰਥ ਨਹੀਂ ਹੈ ਤੇ ਸੁਖ ਦੇ ਬਿਨਾਂ ਦੁਖ ਦਾ ਕੋਈ ਅਰਥ ਨਹੀਂ ਹੈ। ਪਰ ਅਸਲ ਸੁਖ ਉਹ ਹੈ, ਜਿਹੜਾ ਦੁਖ ਅਤੇ ਸੁਖ ਤੋਂ ਪਰੇ ਹੈ। ਉਹ ਹੀ ਅਸਲ ਅਤੇ ਪਰਮ ਸੁਖ ਹੈ।  ਪਰ ਉਹ ਪਰਮ ਅਤੇ ਸਦੀਵੀ ਸੁਖ ਸਿਰਫ ਦੁਖ ਦਾ ਵਿਰੋਧੀ ਸ਼ਬਦ ਨਹੀਂ ਹੈ, ਬਲਕਿ ਉਹ ਦੁਖ ਅਤੇ ਸੁਖ ਤੋਂ ਪਾਰ ਜਾਂ ਪਰੇ ਦੀ ਅਵਸਥਾ ਹੈ। ਗੁਰੂ ਦੀ ਮਿਹਰ ਅਤੇ ਗੁਰੂ ਦੇ ਉਪਦੇਸ਼ ਨਾਲ ਹੀ ਇਸ ਦਾ ਪਤਾ ਲੱਗਦਾ ਹੈ। ਗੁਰੂ ਦੀ ਮਿਹਰ ਪ੍ਰਾਪਤ ਕਰਨ ਵਾਲਾ, ਇਸ ਤੋਂ ਵੀ ਅੱਗੇ, ਹਰ ਮਨੁਖ ਦੇ ਹਿਰਦੇ ਵਿਚ ਪ੍ਰਭੂ ਨੂੰ ਪਛਾਣ ਲੈਂਦਾ ਹੈ। ਫਿਰ ਉਹ ਕਿਸੇ ਵਿਚ ਕੋਈ ਫਰਕ ਨਹੀਂ ਸਮਝਦਾ। ਹਰ ਮਨੁਖ ਨੂੰ ਇਕ ਜਾਣਨ ਵਾਲਾ ਮਨੁਖ ਬਹੁਤ ਸਾਰੇ ਦੁਖਾਂ ਤੋਂ ਬਚ ਰਹਿੰਦਾ ਹੈ। ਕਿਉਂਕਿ ਬਹੁਤੇ ਦੁਖ ਮਨੁਖ ਤੇ ਮਨੁਖ ਵਿਚਕਾਰ ਫਰਕ ਕਰਨ ਨਾਲ ਹੀ ਪੈਦਾ ਹੁੰਦੇ ਹਨ। ਫਰਕ ਹੀ ਬਿਮਾਰੀਆਂ ਦੀ ਜੜ੍ਹ ਹੈ।

ਸੰਸਾਰ ਵਿਚ ਖਚਿਤ ਹੋਇਆ ਮਨੁਖ ਕਈ ਤਰ੍ਹਾਂ ਦੇ ਭਰਮਾਂ ਦਾ ਸ਼ਿਕਾਰ ਹੋ ਜਾਂਦਾ ਹੈ। ਭਰਮ ਦੀ ਅਵਸਥਾ ਅਸਲ ਵਿਚ ਗਿਆਨ ਦੀ ਅਣਹੋਂਦ ਹੈ। ਅਗਿਆਨ ਕਾਰਣ ਹੀ ਮਨੁਖ ਦੁਨੀਆਵੀ ਪਦਾਰਥਾਂ ਅਤੇ ਰਿਸ਼ਤਿਆਂ ਵਿਚ ਪੂਰੀ ਤਰ੍ਹਾਂ ਗੁਆਚ ਜਾਂਦਾ ਹੈ। ਇਸ ਤਰ੍ਹਾਂ ਸੰਸਾਰ ਵਿਚ ਗੁਆਚੇ ਹੋਏ ਮਨੁਖ ਨੂੰ ਅਦਿਖ ਪ੍ਰਭੂ ਦਾ ਖਿਆਲ ਤਕ ਨਹੀਂ ਰਹਿੰਦਾ। ਉਹ ਸਭ ਕੁਝ ਭੁਲ-ਭੁਲਾ ਜਾਂਦਾ ਹੈ। ਜੋ ਉਸ ਨੂੰ ਅੱਖ ਨਾਲ ਦਿਖਦਾ ਹੈ, ਉਸ ਨੂੰ ਹੀ ਉਹ ਸੱਚ ਸਮਝ ਬੈਠਦਾ ਹੈ ਤੇ ਇਸ ਦਿਖਦੇ ਪਿਛਲੇ ਅਣਦਿਖਦੇ ਸੱਚ ਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ।

ਇਸ ਦੇ ਉਲਟ ਜਿਸ ਕਿਸੇ ਨੂੰ ਵੀ ਪ੍ਰਭੂ ਆਪ ਮਿਹਰ ਕਰਕੇ ਆਪਣੀ ਸੋਝੀ ਬਖਸ਼ ਦਿੰਦਾ ਹੈ, ਉਸ ਨੂੰ ਹੀ ਉਸ ਪ੍ਰਭੂ ਦੀ ਸੋਝੀ ਹੁੰਦੀ ਹੈ। ਕੋਈ ਆਪਣੇ ਆਪ ਪ੍ਰਭੂ ਨੂੰ ਨਹੀਂ ਜਾਣ ਸਕਦਾ, ਜਦ ਤਕ ਪ੍ਰਭੂ ਦੀ ਆਪਣੀ ਮਰਜ਼ੀ ਨਾ ਹੋਵੇ। ਜਿਸ ਨੂੰ ਵੀ ਪ੍ਰਭੂ ਆਪਣੀ ਸੋਝੀ ਬਖਸ਼ ਕੇ ਆਪਣੀ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ ਇਸ ਤਰ੍ਹਾਂ ਪਾਲਦਾ ਤੇ ਸੰਭਾਲਦਾ ਹੈ, ਜਿਸ ਤਰ੍ਹਾਂ ਕੋਈ ਆਪਣੇ ਬੱਚੇ ਨੂੰ ਪਾਲਦਾ ਹੈ। ਉਸ ਦੀ ਸਾਰੀ ਜਿੰਮੇਵਾਰੀ ਪ੍ਰਭੂ ਆਪਣੇ ਹੱਥ ਵਿਚ ਲੈ ਲੈਂਦਾ ਹੈ। ਪ੍ਰਭੂ ਦੀ ਸੋਝੀ ਹੋਣਾ ਇਹੀ ਹੈ ਕਿ ਉਹ ਸਰਬ-ਸਮਰੱਥ ਹੈ, ਉਹ ਸਾਰੀ ਸ੍ਰਿਸ਼ਟੀ ਦਾ ਅਸਲ ਮਾਈ-ਬਾਪ ਜਾਂ ਮਾਲਕ ਹੈ।

ਮਨੁਖ ਦਾ ਸੁਭਾਅ ਅਜਿਹਾ ਹੈ ਕਿ ਜੇ ਇਹ ਆਪ ਧਨ-ਸੰਪਤੀ ਦੇ ਲੋਭ-ਲਾਲਚ ਨੂੰ ਛੱਡਣ ਦੀ ਕੋਸ਼ਿਸ਼ ਕਰੇ ਤਾਂ ਛੱਡ ਨਹੀਂ ਸਕਦਾ। ਕਿਉਂਕਿ ਉਸ ਨੂੰ ਇਹੀ ਯਕੀਨ ਹੁੰਦਾ ਹੈ ਕਿ ਉਸ ਦਾ ਤੇ ਉਸ ਦੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਤੇ ਦੇਖ-ਭਾਲ ਦੀ ਜਿੰਮੇਵਾਰੀ ਸਿਰਫ ਉਸ ਦੀ ਆਪਣੀ ਹੈ। ਉਸ ਦੇ ਬਗੈਰ ਹੋਰ ਕੋਈ ਵੀ ਇਹ ਜਿੰਮੇਵਾਰੀ ਨਹੀਂ ਨਿਭਾਅ ਸਕਦਾ। ਫਿਰ ਇਸ ਫਿਕਰ ਵਿਚ ਜਦ ਉਹ ਧਨ-ਸੰਪਤੀ ਵਿਚ ਹੋਰ ਵਾਧਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਮਨ ਵਿਚ ਧਨ-ਸੰਪਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਡਰ ਪੈਦਾ ਹੋ ਜਾਂਦੇ ਹਨ। ਉਸ ਨੂੰ ਕਿਸੇ ਪਾਸੇ ਵੀ ਨਾ ਕਾਮਯਾਬੀ ਮਿਲਦੀ ਹੈ ਤੇ ਨਾ ਹੀ ਚੈਨ ਆਉਂਦਾ ਹੈ। ਅਜਿਹੇ ਡਰ ਅਤੇ ਸ਼ਸ਼ੋਪੰਜ ਵਿਚ ਪਿਆ ਮਨੁਖ ਕਈ ਤਰ੍ਹਾਂ ਦੇ ਉਪੱਦਰ ਕਰ ਬੈਠਦਾ ਹੈ, ਜਿਸ ਕਰਕੇ ਉਹ ਬਦਨਾਮ ਹੋ ਜਾਂਦਾ ਹੈ ਤੇ ਉਸ ਦੀ ਇੱਜ਼ਤ ਨਹੀਂ ਰਹਿੰਦੀ।

ਪਰ ਧਨ-ਸੰਪਤੀ ਦੇ ਸਮੇਤ ਹੀ ਜਿਸ ਕਿਸੇ ਉੱਤੇ ਪ੍ਰਭੂ ਆਪਣੀ ਸੋਝੀ ਦੀ ਮਿਹਰ ਕਰ ਦਿੰਦਾ ਹੈ, ਉਹ ਫਿਰ ਹਰ ਤਰ੍ਹਾਂ ਦੇ ਡਰ ਅਤੇ ਸ਼ਸ਼ੋਪੰਜ ਤੋਂ ਮੁਕਤ ਹੋ ਜਾਂਦਾ ਹੈ। ਉਹ ਫਿਰ ਕਿਸੇ ਵੀ ਤਰ੍ਹਾਂ ਦੇ ਉਪੱਦਰ ਨਹੀਂ ਕਰਦਾ। ਉਸ ਦਾ ਜੀਵਨ ਸਾਧੂਆਂ ਜਿਹਾ ਹੋ ਜਾਂਦਾ ਹੈ। ਅਜਿਹੇ ਸਾਧੂ ਸੱਜਣ ਦੀ ਸਿਫਤ ਹੁੰਦੀ ਹੈ ਤੇ ਉਸ ਨੂੰ ਵਡਿਆਈ ਮਿਲਦੀ ਹੈ।

ਜਿਹੜਾ ਸੂਰਮਾ ਹੁੰਦਾ ਹੈ ਉਸ ਨੂੰ ਹੀ ਮਰਨਾ ਪੈਂਦਾ ਹੈ। ਜਿਹੜਾ ਮਰਨੋ ਡਰ ਜਾਂਦਾ ਹੈ ਤੇ ਜੰਗ ਵਿਚੋਂ ਭੱਜ ਜਾਂਦਾ ਹੈ ਉਹ ਫਿਰ ਜੀਣ ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ। ਕਿਉਂਕਿ ਡਰ ਅਤੇ ਸ਼ਸ਼ੋਪੰਜ ਦੀ ਜੱਦੋ-ਜਹਿਦ ਵਿਚ ਆਪਣੇ ਨਿਜ ਨੂੰ ਮਾਰ ਕੇ ਪ੍ਰਭੂ ਦੀ ਰਜ਼ਾ ਨੂੰ ਮੰਨ ਲੈਣ ਵਾਲਾ ਤਾਂ ਜਿੱਤ ਗਿਆ ਸਮਝਿਆ ਜਾਂਦਾ ਹੈ ਤੇ ਉਸਦੀ ਇੱਜ਼ਤ ਵੀ ਹੁੰਦੀ ਹੈ। ਪਰ ਇਸ ਜੱਦੋਜਹਿਦ ਨਾਲ ਨਾ ਨਿਪਟਣ ਵਾਲਾ ਨਿਤ ਜੰਮਦਾ ਤੇ ਮਰਦਾ ਰਹਿੰਦਾ ਹੈ। ਇਸ ਚੱਕਰ ਵਿਚ ਪਏ ਹੋਏ ਮਨੁਖ ਦੀ ਕਿਤੇ ਵੀ ਇੱਜ਼ਤ ਨਹੀਂ ਹੁੰਦੀ।

ਇਸ ਲਈ ਉਪਦੇਸ਼ ਹੈ ਕਿ ਪ੍ਰਭੂ ਜੋ ਵੀ ਕਰਦਾ ਹੈ ਉਸ ਦੀ ਰਜ਼ਾ ਨੂੰ ਹੀ ਹਮੇਸ਼ਾ ਚੰਗੀ ਸਮਝਣਾ ਚਾਹੀਦਾ ਹੈ। ਆਪਣੀ ਸਮਝ ਅਨੁਸਾਰ ਕਿਸੇ ਵੀ ਤਰ੍ਹਾਂ ਦਾ ਹਠ ਨਹੀਂ ਕਰਨਾ ਚਾਹੀਦਾ। ਬਲਕਿ ਪ੍ਰਭੂ ਦੀ ਰਜ਼ਾ ਨੂੰ ਜਾਣ ਕੇ ਉਸ ਵਿਚ ਰਾਜ਼ੀ ਰਹਿਣ ਦਾ ਜਤਨ ਕਰਦੇ ਰਹਿਣਾ ਚਾਹੀਦਾ ਹੈ। ਪ੍ਰਭੂ ਦੇ ਹੁਕਮ ਨੂੰ ਜਾਣ ਕੇ ਆਪਣੇ ਮਨ ਦੀ ਸੌੜੀ ਸੋਚ-ਸਮਝ ਜਾਂ ਬੁਰੀ ਮੱਤ ਤਾਂ ਅੱਗ ਵਿਚ ਸਾੜ ਦੇਣੀ ਚਾਹੀਦੀ ਹੈ ਤਾਂ ਜੋ ਉਸ ਤੋਂ ਪੂਰੀ ਤਰਾਂ ਖਹਿੜਾ ਛੁੱਟ ਸਕੇ। ਪ੍ਰਭੂ ਦੀ ਰਜ਼ਾ ਤੋਂ ਉਪਰ ਕੁਝ ਨਹੀਂ ਹੈ।

ਮਨੁਖ ਨੂੰ ਇਹ ਪੱਕੀ ਤਰ੍ਹਾਂ ਮੰਨ ਲੈਣਾ ਚਾਹੀਦਾ ਹੈ ਕਿ ਅਸਲ ਵਿਚ ਪ੍ਰਭੂ ਦੀ ਮਰਜ਼ੀ ਤੇ ਉਸ ਦਾ ਹੁਕਮ ਹੀ ਹਮੇਸ਼ਾ ਚਲਦਾ ਹੈ। ਪ੍ਰਭੂ ਜਿਸ ਨੂੰ ਜਿਥੇ-ਜਿਥੇ ਲਾਉਂਦਾ ਹੈ, ਉਹ ਉਥੇ-ਉਥੇ ਹੀ ਲੱਗਦਾ ਹੈ। ਇਸ ਤੋਂ ਬਿਨਾਂ ਮਨੁਖ ਹੋਰ ਕੁਝ ਨਹੀਂ ਕਰ ਸਕਦਾ। ਪ੍ਰਭੂ ਦੀ ਰਜ਼ਾ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਉਹੀ ਕੁਝ ਕਰਦਾ ਤੇ ਕਰਵਾਉਂਦਾ ਹੈ, ਜੋ ਉਸ ਨੂੰ ਚੰਗਾ ਲਗਦਾ ਹੈ।

ਅਖੀਰ ਵਿਚ ਪੂਰਨ ਸੁਖ ਦੇਣ ਵਾਲੇ ਪ੍ਰਭੂ ਅੱਗੇ ਬੇਨਤੀ ਕੀਤੀ ਗਈ ਹੈ ਕਿ ਜੇ ਉਹ ਸੋਝੀ ਦੀ ਮਿਹਰ ਕਰ ਦੇਵੇ ਤਾਂ ਹੀ ਉਸ ਦੇ ਨਾਮ ਦਾ ਪਤਾ ਲੱਗਦਾ ਹੈ, ਤਾਂ ਹੀ ਹਿਰਦੇ ਵਿਚ ਉਸ ਦੀ ਸੰਭਾਲ ਕੀਤੀ ਜਾ ਸਕਦੀ ਹੈ। ਪ੍ਰਭੂ ਦਾ ਨਾਮ ਉਸ ਦੀ ਮਿਹਰ ਸਦਕਾ ਹੀ ਹਿਰਦੇ ਵਿਚ ਵਸਦਾ ਹੈ ਤੇ ਉਸ ਦੀ ਮਰਜ਼ੀ ਬਿਨਾਂ ਕੁਝ ਵੀ ਨਹੀਂ ਹੋ ਸਕਦਾ।

Tags