introduction
‘ਵਾਰ ਸਤ’ (ਵਾਰ ਸੱਤ) ਨੂੰ ਵਧੇਰੇ ਕਰਕੇ ‘ਸਤਵਾਰ’ ਜਾਂ ‘ਸਤਵਾਰਾ’ ਨਾਵਾਂ ਨਾਲ ਜਾਣਿਆ ਜਾਂਦਾ ਹੈ। ‘ਸਤਵਾਰਾ’ ਇਕ ਪੁਰਾਤਨ ਅਤੇ ਪ੍ਰਸਿੱਧ ਕਾਵਿ-ਰੂਪ ਹੈ। ਹਫਤੇ ਦੇ ਸੱਤ ਦਿਨਾਂ ਜਾਂ ਵਾਰਾਂ (ਸੋਮਵਾਰ, ਮੰਗਲਵਾਰ, ਬੁੱਧਵਾਰ ਆਦਿ) ਨੂੰ ਅਧਾਰ ਬਣਾ ਕੀਤੀ ਗਈ ਕਾਵਿ ਰਚਨਾ ਸਤਵਾਰਾ ਅਖਵਾਉਂਦੀ ਹੈ। ਇਸ ਕਾਵਿ-ਰੂਪ ਦਾ ਹਰ ਬੰਦ ਹਫਤੇ ਦੇ ਕਿਸੇ ਇਕ ਦਿਨ ਨਾਲ ਸ਼ੁਰੂ ਹੁੰਦਾ ਹੈ ਅਤੇ ਇਸ ਵਿਚ ਕਿਸੇ ਵਿਚਾਰ, ਭਾਵਨਾ, ਵਹਿਮ-ਭਰਮ, ਮਨੌਤ ਆਦਿ ਦਾ ਵਰਣਨ ਕੀਤਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਇਸ ਕਾਵਿ-ਰੂਪ ਲਈ ‘ਵਾਰ ਸਤ’ ਸ਼ਬਦ ਵਰਤਿਆ ਗਿਆ ਹੈ। ਭਗਤ ਕਬੀਰ ਜੀ ਦੁਆਰਾ ਗਉੜੀ ਰਾਗ ਵਿਚ ਅਤੇ ਗੁਰੂ ਅਮਰਦਾਸ ਸਾਹਿਬ ਦੁਆਰਾ ਬਿਲਾਵਲ ਰਾਗ ਵਿਚ ਇਸ ਕਾਵਿ-ਰੂਪ ਦੇ ਅੰਤਰਗਤ ਬਾਣੀ ਉਚਾਰਣ ਕੀਤੀ ਗਈ ਹੈ।
ਸੂਫੀ ਕਵੀ ਬੁਲ੍ਹੇ ਸ਼ਾਹ ਨੇ ‘ਸਤਵਾਰੇ’ ਲਈ ‘ਅਠਵਾਰਾ’ ਸ਼ਬਦ ਵਰਤਿਆ ਹੈ। ਇਸ ਦਾ ਕਾਰਣ ਇਹ ਹੈ ਕਿ ਇਸ ਵਿਚ ਜੁੰਮੇ (ਸੁੱਕਰਵਾਰ) ਦਾ ਦੋ ਵਾਰ ਜਿਕਰ ਹੈ। ਡਾ. ਗੁਰਦੇਵ ਸਿੰਘ ਅਨੁਸਾਰ ਇਸਲਾਮੀ ਜਗਤ ਵਿਚ ਜੁੰਮੇ ਦੀ ਵਿਸ਼ੇਸ਼ ਮਹੱਤਤਾ ਕਾਰਣ ‘ਸਤਵਾਰਾ’ ਕਾ ...