ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਧਨਾਸਰੀ


ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ -ਗੁਰੂ ਗ੍ਰੰਥ ਸਾਹਿਬ ੬੯੪
ਧੂਪ ਦੀਪ ਘ੍ਰਿਤ ਸਾਜਿ ਆਰਤੀ ॥ -ਗੁਰੂ ਗ੍ਰੰਥ ਸਾਹਿਬ ੬੯੫
‘ਧਨਾਸਰੀ’ ਭਾਰਤੀ ਸੰਗੀਤ ਪਰੰਪਰਾ ਨਾਲ ਸੰਬੰਧਤ ਉੱਤਰੀ ਭਾਰਤ ਦਾ ਇਕ ਮਧੁਰ ਰਾਗ ਹੈ, ਜਿਸ ਦਾ ਜਿਕਰ ਸ਼ਾਸਤਰੀ ਸੰਗੀਤ ਵਿਚ ਇਕ ਵਿਸ਼ੇਸ਼ ਰਾਗ ਵਜੋਂ ਕੀਤਾ ਜਾਂਦਾ ਹੈ। ਪ੍ਰਾਚੀਨ ਸੰਗੀਤਕ ਗ੍ਰੰਥਾਂ ਵਿਚ ਧਨਾਸਰੀ ਦੇ ਧਨਾਸੀ, ਧਨਾਯਸੀ, ਧਨਾਸ਼ਰੀ ਆਦਿ ਨਾਮ ਦਿੱਤੇ ਗਏ ਹਨ। ਪ੍ਰੋ. ਪਿਆਰਾ ਸਿੰਘ ਪਦਮ ਅਨੁਸਾਰ ‘ਧਨਾਸਰੀ’ ਪੱਛਮੀ ਪੰਜਾਬ ਦੇ ਇਕ ਭਾਗ ਦਾ ਨਾਮ ਸੀ ਤੇ ਇਥੋਂ ਦੀ ਸਥਾਨਕ ਧੁਨ ਦੇ ਅਧਾਰ ’ਤੇ ਹੀ ਇਸ ਰਾਗ ਦੀ ਸਥਾਪਨਾ ਹੋਈ।

ਹਿੰਦੁਸਤਾਨੀ ਸੰਗੀਤ ਵਿਚ ਪੁੰਡਰੀਕ ਵਿਠੁਲ ਨੇ ਰਾਗ-ਰਾਗਣੀ ਵਰਗੀਕਰਨ ਅਨੁਸਾਰ ਧਨਾਸਰੀ ਨੂੰ ਸ਼ੁਧ ਭੈਰਵ ਰਾਗ ਦੀ ਰਾਗਣੀ ਮੰਨਿਆ ਹੈ।


ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ਦਰਜ ‘ਰਾਗਮਾਲਾ’ ਵਿਚ ਵੀ ਇਸ ਦਾ ਉਲੇਖ ਰਾਗਣੀ ਵਜੋਂ ਹੀ ਕੀਤਾ ਗਿਆ ਹੈ।

ਪਰ ਕੁਝ ਆਧੁਨਿਕ ਕਾਲ ਦੇ ਸਿਖ ਵਿਦਵਾਨ ਇਹ ਤਰਕ ਵੀ ਦਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਰਲੇਖਾਂ ਵਿਚ ਕੇਵਲ ‘ਰਾਗ’ ਸ਼ਬਦ ਹੀ ਵਰਤਿਆ ਗਿਆ ਹੈ, ਕਿਤੇ ਵੀ ‘ਰਾਗਣੀ’ ਨਹੀਂ ਲਿਖਿਆ ਗਿਆ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਰਾਗਣੀ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰਮਤਿ ਸੰਗੀਤ ਵਿਚ ਰਾਗ-ਰਾਗਣੀ ਵਰਗੀਕਰਨ ਲਈ ਕੋਈ ਸਥਾਨ ਨਹੀਂ ਹੈ।
ਡਾ. ਗੁਰਨਾਮ ਸਿੰਘ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ “ਪ੍ਰਯੁਕਤ ਸਮੂਹ ਰਾਗ ਕਿਉਂਕਿ ਇਕ ਵਿਸ਼ਿਸ਼ਟ ਸਿਧਾਂਤਕਤਾ ਦੇ ਧਾਰਨੀ ਹਨ, ਇਸ ਲਈ ਇਹਨਾਂ ਨੂੰ ਸੰਗੀਤ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਹੀ ਅਧਿਐਨ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ। ਮੱਧਕਾਲ ਵਿਚ ਪ੍ਰਚਲਿਤ ਰਾਗ-ਰਾਗਣੀ ਵਰਗੀਕਰਣ ਦੇ ਬਹੁਪਰਤੀ ਝਮੇਲਿਆਂ ਨੂੰ ਇਕ ਦਿਸ਼ਾ ਪ੍ਰਦਾਨ ਕਰਨ ਲਈ, ਗੁਰੂ ਸਾਹਿਬ ਨੇ ਸਮੂਹ ਰਾਗਾਂ ਲਈ ਕੇਵਲ ‘ਰਾਗੁ’ ਸ਼ਬਦ ਦਾ ਹੀ ਪ੍ਰਯੋਗ ਕੀਤਾ ਹੈ।”

ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ ਅਨੁਸਾਰ ਧਨਾਸਰੀ ਚਾਰ ਤਰ੍ਹਾਂ ਨਾਲ ਗਾਈ ਜਾਂਦੀ ਹੈ: ਕਾਫ਼ੀ ਅੰਗ, ਮੁਲਤਾਨੀ ਅੰਗ, ਪੁਰੀਆ ਅੰਗ ਅਤੇ ਭੈਰਵੀ ਅੰਗ ਨਾਲ। ਇਨ੍ਹਾਂ ਚਾਰਾਂ ਹੀ ਧਨਾਸਰੀਆਂ ਦੀ ਆਰੋਹੀ ਤੇ ਅਵਰੋਹੀ ਵਿਚ ਕੋਈ ਫਰਕ ਨਹੀਂ; ਸਿਰਫ ਸੁਰਾਂ ਦਾ ਹੀ ਫਰਕ ਹੈ।

ਭਾਰਤੀ ਸੰਗੀਤ ਸ਼ਾਸ਼ਤਰੀਆਂ ਨੇ ਧਨਾਸਰੀ ਦੇ ਤਿੰਨ ਵਖ-ਵਖ ਸਰੂਪਾਂ ਦਾ ਜਿਕਰ ਕੀਤਾ ਹੈ। ਰਘੁਨਾਥ ਤਲੇਗਾਵਕਰ ਤੇ ਆਚਾਰੀਆ ਕ੍ਰਿਸ਼ਨ ਨਰਾਇਣ ਰਤੰਜਨਕਰ ਨੇ ਕਾਫੀ ਥਾਟ ਦਾ, ਪੰਡਿਤ ਭਾਤਖੰਡੇ ਤੇ ਪੰਡਿਤ ਰਾਮ ਕ੍ਰਿਸ਼ਨ ਵਿਆਸ ਨੇ ਕਾਫੀ ਤੇ ਭੈਰਵੀ ਥਾਟ ਦਾ ਅਤੇ ਵਿਮਲਕਾਂਤ ਰਾਏ ਚੌਧਰੀ ਨੇ ਕਾਫੀ ਤੇ ਭੈਰਵੀ ਦੇ ਨਾਲ-ਨਾਲ ਇਕ ਹੋਰ ਥਾਟ ਦਾ ਵੀ ਵਰਣਨ ਕੀਤਾ ਹੈ।

ਭਾਰਤੀ ਸੰਗੀਤ ਦੇ ਕੁਝ ਪੁਰਾਣੇ ਕਲਾਕਾਰ ਧਨਾਸਰੀ ਤੋਂ ਭਾਵ ਪੂਰਬੀ ਥਾਟ ਦੀ ਪੂਰੀਆ ਧਨਾਸਰੀ ਤੋਂ ਲੈਂਦੇ ਹਨ। ਪਰ ਪੰਜਾਬ ਦੀ ਸੰਗੀਤ ਪਰੰਪਰਾ ਨਾਲ ਸੰਬੰਧਤ ਕਲਾਕਾਰ ਧਨਾਸਰੀ ਨੂੰ ਕਾਫੀ ਤੇ ਭੈਰਵੀ ਥਾਟ ਦੇ ਦੋ ਵਖ-ਵਖ ਰੂਪਾਂ ਵਿਚ ਗਾਉਂਦੇ ਹਨ, ਜਿਨ੍ਹਾਂ ਵਿਚੋਂ ਕਾਫੀ ਥਾਟ ਦੀ ਧਨਾਸਰੀ ਵਧੇਰੇ ਪ੍ਰਚਾਰ ਵਿਚ ਹੈ।

ਪ੍ਰੋ. ਕਰਤਾਰ ਸਿੰਘ ਅਨੁਸਾਰ ਵਿਦਵਾਨਾਂ ਨੇ ਕਾਫੀ ਥਾਟ ਤੋਂ ਬਣੇ ਰਾਗ ਧਨਾਸਰੀ ਦੇ ਨਿਮਨ ਲਿਖਤ ਸਰੂਪ ਦਾ ਹੀ ਵਧੇਰੇ ਵਰਣਨ ਕੀਤਾ ਹੈ।

ਰਾਗ ਧਨਾਸਰੀ ਦਾ ਸਰੂਪ
ਥਾਟ: ਕਾਫ਼ੀ।
ਸਵਰ: ਗੰਧਾਰ ਤੇ ਨਿਸ਼ਾਦ ਕੋਮਲ, ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਰਿਸ਼ਭ ਤੇ ਧੈਵਤ।
ਜਾਤੀ: ਔੜਵ ਸੰਪੂਰਨ।
ਵਾਦੀ: ਪੰਚਮ।
ਸੰਵਾਦੀ: ਸ਼ੜਜ।
ਆਰੋਹ: ਸਾ ਗਾ (ਕੋਮਲ), ਮਾ ਪਾ, ਨੀ (ਕੋਮਲ) ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਧਾ ਪਾ, ਮਾ ਪਾ ਗਾ (ਕੋਮਲ), ਰੇ ਸਾ।
ਮੁੱਖ ਅੰਗ (ਪਕੜ): ਨੀ (ਕੋਮਲ ਮੰਦਰ ਸਪਤਕ) ਸਾ ਗਾ (ਕੋਮਲ), ਮਾ ਪਾ, ਨੀ (ਕੋਮਲ) ਧਾ ਪਾ, ਮਾ ਪਾ ਗਾ (ਕੋਮਲ), ਰੇ ਸਾ।

ਗਾਇਨ ਸਮਾਂ
ਦਿਨ ਦਾ ਤੀਜਾ ਪਹਿਰ।