Guru Granth Sahib Logo
  
ਭਗਤ ਸੈਣ ਜੀ ਦਾ ਜੀਵਨ
ਭਗਤ ਸੈਣ ਜੀ ਦੇ ਜੀਵਨ ਸੰਬੰਧੀ ਵਖ-ਵਖ ਸਰੋਤਾਂ ਤੋਂ ਮਿਲਦੀ ਜਾਣਕਾਰੀ ਬਹੁਤੀ ਸਪਸ਼ਟ ਨਹੀਂ ਹੈ। ਇਹ ਜਾਣਕਾਰੀ ਜਿਆਦਾਤਰ ਆਪ ਜੀ ਨਾਲ ਸੰਬੰਧਤ ਰਿਵਾਇਤਾਂ ’ਤੇ ਅਧਾਰਤ ਹੈ। ਇਨ੍ਹਾਂ ਰਿਵਾਇਤਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ:

ਰਿਵਾਇਤ
ਇਸ ਰਿਵਾਇਤ ਅਨੁਸਾਰ ਭਗਤ ਸੈਣ ਜੀ ਬਿਦਰ (ਕਰਨਾਟਕ) ਦੇ ਇਕ ਰਾਜੇ ਦੀ ਸੇਵਾ ਵਿਚ ਨਿਯੁਕਤ ਸਨ। ਇਕ ਦਿਨ ਭਗਤੀ ਵਿਚ ਲੀਨ ਹੋਣ ਕਾਰਣ ਆਪ ਜੀ ਰਾਜੇ ਕੋਲ ਨਹੀਂ ਜਾ ਸਕੇ। ਰਾਜੇ ਦੇ ਦੂਤ ਆਪ ਜੀ ਨੂੰ ਲੈਣ ਆ ਗਏ। ਰਾਜ ਦਰਬਾਰ ਵਿਚ ਪਹੁੰਚ ਕੇ ਜਦੋਂ ਆਪ ਜੀ ਰਾਜੇ ਦੇ ਵਾਲ ਬਣਾਉਣ ਲੱਗੇ ਤਾਂ ਰਾਜੇ ਨੂੰ ਸ਼ੀਸ਼ੇ ਅਤੇ ਤੇਲ ਵਾਲੇ ਬਰਤਨ ਵਿਚ ਭਗਵਾਨ ਦੇ ਚਤੁਰਭੁਜੀ (ਚਾਰ ਬਾਹਾਂ ਵਾਲੇ) ਸਰੂਪ ਦੇ ਦਰਸ਼ਨ ਹੋਏ। ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਰਾਜੇ ਨੇ ਭਗਤੀ ਮਾਰਗ ਧਾਰਨ ਕਰ ਲਿਆ।

ਆਪ ਜੀ ਨੇ ਮਰਾਠੀ ਅਭੰਗਾਂ (ਭਗਤੀ ਭਾਵ ਵਾਲੇ ਗੀਤ ਜਾਂ ਭਜਨ) ਦੀ ਰਚਨਾ ਵੀ ਕੀਤੀ। ਇਨ੍ਹਾਂ ਅਭੰਗਾਂ ਵਿਚ ਆਪ ਜੀ ਨੇ ਕ੍ਰਿਸ਼ਨ ਜੀ ਦਾ ਅਵਤਾਰ ਮੰਨ ਕੇ ਪੂਜੇ ਜਾਂਦੇ ਵਿਠਲ ਨਾਥ ਦੀ ਉਸਤਤਿ ਵੀ ਕੀਤੀ ਹੈ ਅਤੇ ਇਕ ਸੱਚੇ ਵਾਰਕਰੀ (ਵਿਠਲ ਨਾਥ ਨੂੰ ਮੰਨਣ ਵਾਲੀ ਮਹਾਂਰਾਸ਼ਟਰ ਦੀ ਇਕ ਹਿੰਦੂ ਸੰਪਰਦਾਇ) ਸ਼ਰਧਾਲੂ ਵਾਂਗ ਆਪਣੇ ਉੱਪਰ ਕਿਰਪਾ ਕਰਨ ਦੀ ਉਨ੍ਹਾਂ ਅੱਗੇ ਅਰਦਾਸ ਵੀ ਕੀਤੀ ਹੈ। ਇਕ ਅਭੰਗ ਵਿਚ ਆਪ ਜੀ ਨੇ ਆਪਣੇ-ਆਪ ਨੂੰ ਸਪਸ਼ਟ ਸ਼ਬਦਾਂ ਵਿਚ ‘ਇਕ ਨਾਇਣ ਮਾਤਾ ਦੀ ਕੁੱਖੋਂ ਜੰਮਿਆ’ (ਜਨਮਲੋ ਨ੍ਹਾਵੀਯਾ ਚੇਂ ਉਦਰੀ) ਆਖਿਆ ਹੈ।

ਇਸ ਰਿਵਾਇਤ ਅਨੁਸਾਰ ਆਪ ਜੀ ਪ੍ਰਸਿੱਧ ਸੰਤ ਗਿਆਨੇਸ਼ਵਰ ਜੀ (੧੨੭੫-੧੨੯੬ ਈ.) ਦੇ ਸਮਕਾਲੀ ਅਤੇ ਚੇਲੇ ਸਨ। ਆਪਣੇ ਅਭੰਗਾਂ ਵਿਚ ਆਪ ਜੀ ਨੇ ਸੰਤ ਗਿਆਨੇਸ਼ਵਰ ਤੇ ਉਨ੍ਹਾਂ ਦੇ ਪਰਵਾਰ ਲਈ ਪਿਆਰ ਅਤੇ ਅਟੁੱਟ ਸ਼ਰਧਾ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਵਿਚ ਆਪ ਜੀ ਦੇ ਜੀਵਨ-ਕਾਲ ਸੰਬੰਧੀ ਕੋਈ ਸਪਸ਼ਟ ਉਲੇਖ ਨਜਰ ਨਹੀਂ ਆਉਂਦਾ। ਕੇਵਲ ਸਰੀਰ ਤਿਆਗਣ ਦਾ ਸਮਾਂ ‘ਸਾਵਣ ਵਦੀ ਦੁਆਦਸ਼ੀ ਦੇ ਦਿਨ ਦੁਪਹਿਰ ਦਾ ਵੇਲਾ’ ਦਰਸਾਇਆ ਗਿਆ ਹੈ। ਪਰਸ਼ੂਰਾਮ ਚਤੁਰਵੇਦੀ ਨੇ ਆਰ. ਡੀ. ਰਾਨਾਡੇ (ਇੰਡੀਅਨ ਮਿਸਟੀਸਿਜ਼ਮ ਇਨ ਮਹਾਂਰਾਸ਼ਟਰਾ, ਪੰਨਾ ੧੯੦) ਦੇ ਹਵਾਲੇ ਨਾਲ ਇਹ ਸਮਾਂ ੧੪੪੮ ਈ. ਦਰਸਾਇਆ ਹੈ।
Bani Footnote ਪਰਸ਼ੂਰਾਮ ਚਤੁਰਵੇਦੀ, ਉੱਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ ੧੬੮-੧੭੦


ਇਸ ਰਿਵਾਇਤ ਬਾਰੇ ਗਿ. ਗੁਰਦਿੱਤ ਸਿੰਘ ਦਾ ਵਿਚਾਰ ਹੈ ਕਿ ਤਤਕਾਲੀ ਸਮੇਂ ਵਿਚ ਬਿਦਰ ਦੀ ਮੁਸਲਮਾਨੀ ਬਹਿਮਣੀ ਰਾਜਵੰਸ਼ (੧੩੪੭-੧੫੨੭ ਈ.) ਵਰਗੀ ਮਹਾਂ ਜਨੂੰਨੀ ਸਲਤਨਤ ਵਿਚ ਕਿਸੇ ਹਿੰਦੂ ਰਾਜੇ ਦਾ ਜਿਕਰ ਨਹੀਂ ਮਿਲਦਾ। ਇਸ ਲਈ ਭਗਤ ਸੈਣ ਜੀ ਦਾ ਬਿਦਰ ਦੇ ਕਿਸੇ ਰਾਜੇ ਦਾ ਸੇਵਕ ਹੋਣਾ ਕਲਪਨਾ ਤੋਂ ਵਧ ਕੁਝ ਨਹੀਂ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੨੬੨
ਗਿ. ਗੁਰਦਿੱਤ ਸਿੰਘ ਦੇ ਇਸ ਵਿਚਾਰ ਨਾਲ ਸਹਿਮਤ ਹੋਇਆ ਜਾ ਸਕਦਾ ਹੈ, ਕਿਉਂਕਿ ਇਕ ਜਨੂੰਨੀ ਮੁਸਲਮਾਨ ਰਾਜੇ ਦਾ ਮੂਰਤੀ ਆਦਿ ਵਿਚ ਵਿਸ਼ਵਾਸ ਹੋਣਾ ਮੁਸ਼ਕਿਲ ਜਾਪਦਾ ਹੈ। ਪਰ ਇਹ ਹੋਰ ਖੋਜ ਦਾ ਵਿਸ਼ਾ ਵੀ ਹੈ ਕਿ ਭਗਤ ਸੈਣ ਜੀ ਕਿਸੇ ਹਿੰਦੂ ਰਾਜੇ ਦੇ ਕਰਮਚਾਰੀ ਸਨ ਜਾਂ ਮੁਸਲਮਾਨ ਰਾਜੇ ਦੇ? ਕਿਉਂਕਿ ਪ੍ਰਚਲਤ ਰਿਵਾਇਤ ਦੇ ਪਿਛੋਕੜ ਵਿਚ ਵੀ ਕੋਈ ਨਾ ਕੋਈ ਕਾਰਣ ਤਾਂ ਜਰੂਰ ਹੋਵੇਗਾ।

ਰਿਵਾਇਤ ੨
ਇਸ ਰਿਵਾਇਤ ਦਾ ਅਧਾਰ ਸ੍ਰੀ ਨਾਭਾ ਦਾਸ ਕ੍ਰਿਤ ਸ੍ਰੀ ਭਕਤਮਾਲ ਹੈ। ਇਸ ਰਿਵਾਇਤ ਅਨੁਸਾਰ ਭਗਤ ਸੈਣ ਜੀ ਬਾਂਧਵਗੜ੍ਹ ਦੇ ਰਾਜੇ ਬੀਰ ਸਿੰਘ ਦੇ ਸੇਵਕ ਅਤੇ ਭਗਤ ਰਾਮਾਨੰਦ ਜੀ ਦੇ ਚੇਲੇ ਸਨ। ਆਪ ਜੀ ਹਰ ਰੋਜ ਭਗਵਾਨ ਦੀ ਪੂਜਾ ਕਰਨ ਤੋਂ ਬਾਅਦ ਰਾਜੇ ਦੀ ਸੇਵਾ ਵਿਚ ਹਾਜਰ ਹੁੰਦੇ ਸਨ। ਰਾਜੇ ਦੇ ਸਰੀਰ ਦੀ ਮਾਲਸ਼ ਕਰਨਾ, ਉਸ ਨੂੰ ਇਸ਼ਨਾਨ ਕਰਵਾਉਣਾ, ਮੁਠੀ-ਚਾਪੀ ਆਦਿ ਕਰਨਾ ਆਪ ਜੀ ਦਾ ਕੰਮ ਸੀ। ਇਕ ਦਿਨ ਕੁਝ ਭਗਤ ਆਪ ਜੀ ਦੇ ਘਰ ਆ ਗਏ, ਜਿਸ ਕਾਰਣ ਆਪ ਜੀ ਰਾਜ ਮਹਿਲ ਨਾ ਪਹੁੰਚ ਸਕੇ। ਉਸ ਦਿਨ ਭਗਵਾਨ ਨੇ ਆਪ ਜੀ ਵਰਗਾ ਰੂਪ ਬਣਾ ਕੇ ਰਾਜੇ ਦੀ ਸੇਵਾ ਕੀਤੀ। ਕੁਝ ਸਮੇਂ ਬਾਅਦ ਜਦੋਂ ਆਪ ਜੀ ਰਾਜੇ ਕੋਲ ਪਹੁੰਚ ਕੇ ਆਪਣੀ ਗੈਰ-ਹਾਜਰੀ ਲਈ ਖਿਮਾ ਮੰਗਣ ਲੱਗੇ ਤਾਂ ਸਾਰੀ ਅਸਲੀਅਤ ਨੂੰ ਸਮਝ ਕੇ ਰਾਜਾ ਆਪ ਜੀ ਦਾ ਚੇਲਾ ਬਣ ਗਿਆ।
Bani Footnote ਪਰਸ਼ੂਰਾਮ ਚਤੁਰਵੇਦੀ, ਉੱਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ ੧੬੮-੧੭੦


ਇਸ ਰਿਵਾਇਤ ਦੀ ਝਲਕ ਭਾਈ ਗੁਰਦਾਸ ਜੀ ਦੀ ਦਸਵੀਂ ਵਾਰ ਦੀ ਸੋਲ੍ਹਵੀਂ ਪਉੜੀ ਵਿਚ ਵੀ ਮਿਲਦੀ ਹੈ:
ਸੁਣਿ ਪਰਤਾਪੁ ਕਬੀਰ ਦਾ ਦੂਜਾ ਸਿਖ ਹੋਆ ਸੈਣੁ ਨਾਈ।
ਪ੍ਰੇਮਿ ਭਗਤਿ ਰਾਤੀ ਕਰੈ ਭਲਕੇ ਰਾਜ ਦੁਆਰੈ ਜਾਈ।
ਆਏ ਸੰਤ ਪਰਾਹੁਣੇ ਕੀਰਤਨੁ ਹੋਆ ਰੈਣਿ ਸਬਾਈ।
ਛਡਿ ਨ ਸਕੈ ਸੰਤ ਜਨ ਰਾਜ ਦੁਆਰਿ ਨ ਸੇਵ ਕਮਾਈ।
ਸੈਣ ਰੂਪਿ ਹਰਿ ਜਾਇ ਕੈ ਆਇਆ ਰਾਣੈ ਨੋ ਰੀਝਾਈ।
ਸਾਧ ਜਨਾਂ ਨੋ ਵਿਦਾ ਕਰਿ ਰਾਜ ਦੁਆਰਿ ਗਇਆ ਸਰਮਾਈ।
ਰਾਣੈ ਦੂਰਹੁੰ ਸਦਿਕੈ ਗਲਹੁੰ ਕਵਾਇ ਖੋਲ੍ਹਿ ਪੈਨ੍ਹਾਈ।
ਵਸਿ ਕੀਤਾ ਹਉਂ ਤੁਧੁ ਅਜੁ ਬੋਲੈ ਰਾਜ ਸੁਣੈ ਲੁਕਾਈ।
ਪਰਗਟੁ ਕਰੈ ਭਗਤਿ ਵਡਿਆਈ ॥੧੬॥

ਪਰਸ਼ੂਰਾਮ ਚਤੁਰਵੇਦੀ ਨੇ ਇਸ ਰਿਵਾਇਤ ਦੇ ਪ੍ਰਸੰਗ ਵਿਚ ਬੀ. ਐੱਸ. ਪੰਡਿਤ ਵੱਲੋਂ ਦਿੱਤੇ ਇਕ ਹਵਾਲੇ ਨੂੰ ਵਿਚਾਰ ਅਧੀਨ ਲਿਆਂਦਾ ਹੈ। ਇਸ ਹਵਾਲੇ ਅਨੁਸਾਰ ਭਗਤ ਸੈਣ ਜੀ ਦੀ ਜਾਣ-ਪਛਾਣ ਮਰਾਠੀ ਕਵੀ ਮਹੀਪਤੀ ਦੀ ‘ਭਕਤਿ ਵਿਜੈ’ ਨਾਮੀ ਰਚਨਾ ਰਾਹੀਂ ਹੁੰਦੀ ਹੈ। ਮਹੀਪਤੀ ਦੀ ਰਚਨਾ ਵੀ ਸ੍ਰੀ ਨਾਭਾ ਦਾਸ ਕ੍ਰਿਤ ਭਕਤਮਾਲ ਉੱਪਰ ਅਧਾਰਤ ਹੈ। ਬੀ. ਐੱਸ. ਪੰਡਿਤ ਦਾ ਕਥਨ ਹੈ ਕਿ ਮਹੀਪਤੀ ਸ੍ਰੀ ਨਾਭਾ ਦਾਸ ਜੀ ਦੇ ਕਥਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ। ਉਸ ਨੇ ਕਈ ਭੁੱਲਾਂ ਕਰ ਦਿੱਤੀਆਂ। ਭਗਤ ਸੈਣ ਜੀ ਅਸਲ ਵਿਚ ਬਾਂਧਵਗੜ੍ਹ ਦੇ ਹੀ ਨਿਵਾਸੀ ਸਨ ਅਤੇ ਉਥੋਂ ਦੇ ਸ਼ਾਸਕ ‘ਰਾਜਾਰਾਜ’ ਦੇ ਕਰਮਚਾਰੀ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ੧੫੦ ਦੇ ਲਗਭਗ ਅਭੰਗਾਂ ਦੇ ਸੰਬੰਧ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਜਾਂ ਤਾਂ ਕਿਸੇ ਅਗਿਆਤ ਕਵੀ ਨੇ ਉਨ੍ਹਾਂ ਦੇ ਨਾਮ ’ਤੇ ਲਿਖ ਦਿੱਤੇ ਜਾਂ ਉਨ੍ਹਾਂ ਨੇ ਕੁਝ ਦਿਨ ਮਹਾਂਰਾਸ਼ਟਰ ਵਿਚ ਰਹਿ ਕੇ ਇਨ੍ਹਾਂ ਦੀ ਉਸੇ ਤਰ੍ਹਾਂ ਰਚਨਾ ਕੀਤੀ, ਜਿਵੇਂ ਭਗਤ ਨਾਮਦੇਵ ਜੀ ਨੇ ਪੰਜਾਬ ਵਿਚ ਰਹਿ ਕੇ ਆਪਣੇ ਸ਼ਬਦ ਰਚੇ ਸਨ। ਬੀ. ਐੱਸ. ਪੰਡਿਤ ਦੇ ਇਸ ਵਿਚਾਰ ਸੰਬੰਧੀ ਪਰਸ਼ੂਰਾਮ ਚਤੁਰਵੇਦੀ ਦਾ ਤਰਕ ਹੈ ਕਿ ਉਹ ਇਹ ਨਹੀਂ ਦੱਸ ਸਕੇ ਕਿ ਕਵੀ ਮਹੀਪਤੀ ਨੇ ਕਿਸ ਤਰ੍ਹਾਂ ਦੀਆਂ ਭੁੱਲਾਂ ਕੀਤੀਆਂ ਹਨ? ਨਾ ਹੀ ਇਸ ਗੱਲ ਦਾ ਵਿਸ਼ੇਸ਼ ਕਾਰਣ ਦੱਸ ਸਕੇ ਹਨ ਕਿ ਮਰਾਠੀ ਅਭੰਗਾਂ ਨੂੰ ਉਚਿਤ ਮਹੱਤਵ ਕਿਉਂ ਨਾ ਦਿੱਤਾ ਜਾਵੇ? ਇਸ ਤੋਂ ਇਲਾਵਾ ਜੇਕਰ ਭਗਤ ਸੈਣ ਜੀ ਨੂੰ ਰਾਜਾਰਾਮ (੧੫੫੪-੧੫੯੧ ਈ.) ਦੇ ਕਰਮਚਾਰੀ ਮੰਨਿਆ ਜਾਵੇ ਤਾਂ ਉਹ ਰਾਮਾਨੰਦ ਜੀ (੧੩੬੬-੧੪੬੭ ਈ.) ਦੇ ਸਮਕਾਲੀ ਸਿਧ ਨਹੀਂ ਹੁੰਦੇ।
Bani Footnote ਪਰਸ਼ੂਰਾਮ ਚਤੁਰਵੇਦੀ, ਉੱਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ ੧੭੦


ਰਿਵਾਇਤ ੩
ਇਸ ਰਿਵਾਇਤ ਦਾ ਵੇਰਵਾ ਗਿ. ਗੁਰਦਿੱਤ ਸਿੰਘ ਨੇ ਦਿੱਤਾ ਹੈ। ਇਸ ਵਿਚ ਭਗਤ ਸੈਣ ਜੀ ਨੂੰ ਪੰਜਾਬੀ ਦਰਸਾਇਆ ਗਿਆ ਹੈ। ਇਸ ਰਿਵਾਇਤ ਦਾ ਅਧਾਰ ਵੈਦ ਪਰਸ ਰਾਮ ਦੁਆਰਾ ਲਿਖੀ ਭਗਤ ਸੈਣ ਜੀ ਦੀ ਜੀਵਨੀ ਹੈ। ਇਸ ਵਿਚ ਲੇਖਕ ਨੇ ਭਗਤ ਸੈਣ ਜੀ ਦਾ ਜਨਮ ਅਸਥਾਨ ਪਿੰਡ ਸੋਹਲ (ਅੰਮ੍ਰਿਤਸਰ) ਲਿਖਿਆ ਹੈ। ਗੁਰੀਆਂ ਨਾਂ ਦੇ ਸਾਧੂ ਦੇ ਵਰ ਨਾਲ ੧੪੦੦ ਈ. (ਸੰਮਤ ੧੪੫੭ ਮਘਰ ਪ੍ਰਵਿਸ਼ਟਾ ਪੂਰਨਮਾਸ਼ੀ) ਨੂੰ ਭਗਤ ਸੈਣ ਜੀ ਪੈਦਾ ਹੋਏ। ਆਪ ਜੀ ਦੇ ਪਿਤਾ ਦਾ ਨਾਮ ਮੁਕੰਦ ਰਾਏ ਅਤੇ ਮਾਤਾ ਦਾ ਨਾਮ ਜੀਵਨ ਦੇਵੀ ਸੀ। ਆਪ ਜੀ ਦੀ ਜਾਤ ਜਾਂ ਗੋਤ ‘ਗੋਹਲਨ’ ਸੀ। ੧੨ ਵਰ੍ਹੇ ਦੀ ਉਮਰ ਵਿਚ ਆਪ ਜੀ ਲਾਹੌਰ ਗਏ। ਉਥੇ ਖਲੀਫਾ ਅਜ਼ੀਮ ਖਾਂ ਦੇ ਸ਼ਗਿਰਦ ਬਣੇ। ਆਪਣੀ ਭੂਆ ਸੋਭੀ ਦੇ ਘਰ ਰਹਿ ਕੇ ਹਜਾਮਤ ਬਣਾਉਣ ਤੇ ਮਾਲਸ਼ ਦਾ ਕੰਮ ਸਿੱਖਿਆ। ਅਠਾਰ੍ਹਾਂ ਸਾਲ ਦੀ ਉਮਰ ਵਿਚ ਸਾਹਿਬ ਦੇਵੀ ਨਾਲ ਵਿਆਹ ਹੋਇਆ। ਆਪ ਜੀ ਦੇ ਘਰ ਇਕ ਪੁੱਤਰ ਪੈਦਾ ਹੋਇਆ। ਉਸ ਦਾ ਨਾਮ ‘ਨੋਈ’ ਰਖਿਆ ਗਿਆ।

ਭਗਤ ਸੈਣ ਜੀ ਪੈਦਲ ਚੱਲ ਕੇ ਹਰਿਦੁਆਰ (ਉੱਤਰ ਪ੍ਰਦੇਸ਼, ਭਾਰਤ) ਦੀ ਯਾਤਰਾ ਨੂੰ ਗਏ। ਰਸਤੇ ਵਿਚ ਇਕ ਸਾਧੂ ਨੇ ਆਪ ਜੀ ਦੇ ਪੈਰਾਂ ਵਿਚ ਪਦਮ ਰੇਖਾ ਦੇਖ ਕੇ ਕਿਹਾ ਕਿ ਤੁਸੀਂ ਕਿਸੇ ਰਿਆਸਤ ਦੇ ਰਾਜਾ ਬਣਨਾ ਹੈ ਜਾਂ ਹੋਰ ਉੱਚੀ ਪਦਵੀ ਉੱਤੇ ਪੁੱਜਣਾ ਹੈ। ਆਪ ਜੀ ਨੇ ਜਵਾਬ ਵਿਚ ਕਿਹਾ ਕਿ ਮੇਰਾ ਕੰਮ ਤਾਂ ਟਹਿਲ ਸੇਵਾ ਕਰਨਾ ਹੈ। ਮੈਂ ਗਰੀਬ ਕੀ ਬਣ ਸਕਦਾ ਹਾਂ? ਆਪ ਜੀ ਹਰਿਦੁਆਰ ਤੋਂ ਦਿੱਲੀ ਪੁੱਜੇ। ਫਿਰ ਬਾਂਧਵਗੜ੍ਹ (ਹੁਣ ਰੇਵਾ, ਮੱਧ ਪ੍ਰਦੇਸ਼) ਚਲੇ ਗਏ।

ਭਗਤ ਸੈਣ ਜੀ ਆਪਣੇ ਕੰਮ ਵਿਚ ਨਿਪੁੰਨ ਹੋਣ ਕਾਰਣ ਬਾਂਧਵਗੜ੍ਹ ਦੇ ਰਾਜੇ ਜੈ ਪਾਲ ਸਿੰਘ ਦੇ ਨਿੱਜੀ ਟਹਿਲੀਏ ਬਣ ਗਏ। ਆਪ ਜੀ ਆਪਣੇ ਕੰਮ ਦੇ ਨਾਲ-ਨਾਲ ਸਤਿਸੰਗ ਵੀ ਕਰਦੇ ਸਨ। ਭਗਵਾਨ ਵੱਲੋਂ ਆਪ ਜੀ ਦਾ ਰੂਪ ਧਾਰ ਕੇ ਰਾਜੇ ਦੀ ਸੇਵਾ ਕਰਨ ਵਾਲਾ ਚਮਤਕਾਰ ਇਥੇ ਹੀ ਹੋਇਆ ਸੀ। ਰਾਜੇ ਨੂੰ ਸ਼ੀਸ਼ੇ ਵਿਚ ਚਤਰਭੁਜੀ ਮੂਰਤੀ ਦਾ ਦੈਵੀ ਝਲਕਾਰਾ ਵੱਜਣ ਵਾਲੀ ਦੂਜੀ ਘਟਨਾ ਵੀ ਇਥੇ ਹੀ ਵਾਪਰੀ ਸੀ। ਕੁਝ ਚਿਰ ਬਾਅਦ ਆਪ ਜੀ ਆਪਣੀ ਨਿਸ਼ਾਨੀ ਵਜੋਂ ਆਪਣੀਆਂ ਖੜ੍ਹਾਵਾਂ ਇਥੇ ਰਖ ਕੇ ਕਾਂਸ਼ੀ (ਬਨਾਰਸ, ਉੱਤਰ ਪ੍ਰਦੇਸ਼, ਭਾਰਤ) ਜਾ ਬਿਰਾਜੇ ਅਤੇ ਭਗਤ ਰਾਮਾਨੰਦ ਜੀ ਕੋਲ ਰਹਿਣ ਲੱਗੇ। ਇਥੇ ਆਪ ਜੀ ਨੇ ਬਾਰਾਂ ਸਾਲ ਤਪੱਸਿਆ ਕੀਤੀ ਅਤੇ ਭਗਤ ਨਾਮਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਧੰਨਾ ਜੀ, ਭਗਤ ਰਵਿਦਾਸ ਜੀ ਆਦਿ ਨਾਲ ਸਤਿਸੰਗ ਵਿਚ ਜੁੜਦੇ ਰਹੇ।

ਕਾਂਸ਼ੀ ਵਿਖੇ ਬਾਂਧਵਗੜ੍ਹ ਦਾ ਰਾਜਾ ਆਪ ਜੀ ਦੇ ਦਰਸ਼ਨਾਂ ਲਈ ਆਇਆ। ਉਸ ਨੇ ਪੰਜ ਸੌ ਮੁਹਰਾਂ ਆਪ ਜੀ ਨੂੰ ਭੇਟ ਕਰਨੀਆਂ ਚਾਹੀਆਂ। ਪਰ ਆਪ ਜੀ ਨੇ ਮੁਹਰਾਂ ਲੈਣ ਤੋਂ ਇਨਕਾਰ ਕਰ ਦਿੱਤਾ। ਆਪ ਜੀ ਨੇ ਕਿਹਾ ਕਿ ਉਹ ਮੁਹਰਾਂ ਅਗਲੇ ਜਨਮ ਵਿਚ ਲੈਣਗੇ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਖ ਦੇ ਰੂਪ ਵਿਚ ਸੀਸ ਭੇਟ ਕਰਨਗੇ। ਇਥੇ ਲੇਖਕ ਨੇ ਭਗਤ ਜੀ ਦੇ ਪੁਨਰ-ਜਨਮ ਨੂੰ ਗੁਰੂ ਗੋਬਿੰਦ ਸਿੰਘ ਦੇ ਪੰਜਾਂ ਪਿਆਰਿਆਂ ਵਿਚੋਂ ਇਕ ਪਿਆਰੇ ਭਾਈ ਸਾਹਿਬ ਸਿੰਘ ਨਾਲ ਜੋੜਿਆ ਹੈ। ਭਾਈ ਸਾਹਿਬ ਸਿੰਘ ਜੀ ਵੀ ਬਿਦਰ ਦੇ ਨਿਵਾਸੀ ਸਨ ਅਤੇ ਅਖੌਤੀ ਸਮਾਜਕ ਵਰਗ ਵੰਡ ਅਨੁਸਾਰ ਭਗਤ ਸੈਣ ਜੀ ਦੀ ਬਰਾਦਰੀ ਨਾਲ ਹੀ ਸੰਬੰਧ ਰਖਦੇ ਸਨ।

ਭਗਤ ਸੈਣ ਜੀ ਨੇ ਆਪਣੀ ਮੌਤ ਸੰਬੰਧੀ ਪਹਿਲਾਂ ਹੀ ਭਗਤ ਨਾਮਦੇਵ ਜੀ ਨੂੰ ਦੱਸ ਦਿੱਤਾ। ਭਗਤ ਨਾਮਦੇਵ ਜੀ ਨੇ ਆਪ ਜੀ ਦੇ ਪੁੱਤਰ ਨੂੰ ਪੰਜਾਬ ਤੋਂ ਸੱਦ ਲਿਆ। ਆਪ ਜੀ ਦੀ ਅਰਥੀ ਨੂੰ ਭਗਤ ਤ੍ਰਿਲੋਚਨ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ ਆਦਿ ਨੇ ਮੋਢਾ ਦਿੱਤਾ। ਕਾਂਸ਼ੀ ਵਿਚ ਹੀ ਆਪ ਜੀ ਦਾ ਸਸਕਾਰ ਕੀਤਾ ਗਿਆ। ਇਸ ਸਮੇਂ ਤਕ ਬਾਂਧਵਗੜ੍ਹ ਦਾ ਰਾਜਾ ਮਰ ਚੁੱਕਾ ਸੀ। ਪਰ ਉਸ ਦਾ ਭਰਾ ਆਪ ਜੀ ਦੇ ਚਲਾਣੇ ਸਮੇਂ ਪੂਜਾ ਭੇਟ ਲੈ ਕੇ ਪੁੱਜਾ।

ਭਗਤ ਸੈਣ ਜੀ ਦੀ ਯਾਦ ਵਿਚ ਪਿੰਡ ਸੋਹਲ (ਜਿਲ੍ਹਾ ਤਰਨਤਾਰਨ, ਪੰਜਾਬ) ਵਿਚ ‘ਨਈਆਣਾ’ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਲਾਹੌਰ, ਭਵਾਨੀ (ਹਰਿਆਣਾ, ਭਾਰਤ), ਪਿੰਡ ਬੜਵਾ ਤੇ ਨੂਰਪੁਰ ਬੇਦੀ (ਜਿਲ੍ਹਾ ਰੋਪੜ, ਪੰਜਾਬ), ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਆਦਿ ਵਿਚ ਵੀ ਆਪ ਜੀ ਨਾਲ ਸੰਬੰਧਤ ਸਥਾਨ ਬਣੇ ਹੋਏ ਹਨ। ‘ਨਈਆਣਾ’ ਗੁਰਦੁਆਰਾ ਸਾਹਿਬ ਵਿਖੇ ਆਪ ਜੀ ਦੀਆਂ ਖੜਾਵਾਂ ਪਈਆਂ ਦੱਸੀਆਂ ਜਾਂਦੀਆਂ ਹਨ। ਆਪ ਜੀ ਦੇ ਪੁੱਤਰ ਦੇ ਨਾਮ ਬਾਂਧਵਗੜ੍ਹ ਦੇ ਰਾਜੇ ਨੇ ਹੁੰਡੀ (ਲਿਖਤੀ ਅਧਿਕਾਰ-ਪੱਤਰ, ਇਕ ਕਿਸਮ ਦਾ ਚੈੱਕ ਜਾਂ ਡਰਾਫਟ) ਕਰਾ ਕੇ ਇਕ ਹਜਾਰ ਮੁਹਰ ਭੇਂਟ ਕੀਤੀ ਸੀ। ਇਹ ਹੁੰਡੀ ਸੇਠ ਸੁੰਦਰ ਦਾਸ, ਗੁਰੂ ਬਜਾਰ ਚੱਕ ਰਾਮਦਾਸ ਦੇ ਰਾਹੀਂ ਆਈ ਸੀ। ਇਨ੍ਹਾਂ ਮੁਹਰਾਂ ਨਾਲ ਸੋਹਲ ਦਾ ‘ਨਈਆਣਾ’ ਗੁਰਦੁਆਰਾ ਸਾਹਿਬ ਬਣਿਆ। ਇਹ ਮਾਨਤਾ ਸੋਹਲ ਪਿੰਡ ਦੇ ਵਸਨੀਕਾਂ ਵਿਚ ਪ੍ਰਚਲਤ ਹੈ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੨੫੯-੨੬੭


ਇਸ ਰਿਵਾਇਤ ਨੂੰ ਡਾ. ਸਰੂਪ ਸਿੰਘ ਅਲੱਗ, ਗਿ. ਸੁਰਿੰਦਰ ਸਿੰਘ ਨਿਮਾਣਾ, ਸ. ਲਖਵਿੰਦਰਪਾਲ ਸਿੰਘ ਕੂਮਕਲਾਂ ਆਦਿ ਨੇ ਵੀ ਸਵੀਕਾਰਿਆ ਹੈ। ਭਾਈ ਕਾਨ੍ਹ ਸਿੰਘ ਨਾਭਾ, ਪਿਆਰਾ ਸਿੰਘ ਪਦਮ, ਮੈਕਾਲਿਫ, ਗਿ. ਪ੍ਰਤਾਪ ਸਿੰਘ ਆਦਿ ਨੇ ਉਪਰੋਕਤ ਰਿਵਾਇਤਾਂ ਵਿਚੋਂ ਕਿਸੇ ਨਾ ਕਿਸੇ ਰਿਵਾਇਤ ਦਾ ਜਿਕਰ ਜਰੂਰ ਕੀਤਾ ਹੈ। ਪਰ ਇਨ੍ਹਾਂ ਵਿਚੋਂ ਸ੍ਰੀ ਭਕਤਮਾਲ ਵਾਲੀ ਰਿਵਾਇਤ ਹੀ ਜਿਆਦਾ ਪ੍ਰਚਲਤ ਹੈ। ਡਾ. ਸਰੂਪ ਸਿੰਘ ਅਲੱਗ ਨੇ ਬਿਦਰ (ਦਖਣੀ ਭਾਰਤ) ਵਾਲੀ ਰਿਵਾਇਤ ਦਾ ਜਿਕਰ ਕਰਦਿਆਂ ਭਗਤ ਸੈਣ ਜੀ ਦੇ ਜਨਮ ਦਾ ਸਾਲ ੧੩੯੦ ਈ. ਦੱਸਿਆ ਹੈ। ਜਦੋਂ ਕਿ ਪੰਜਾਬ ਵਾਲੀ ਰਵਾਇਤ ਅਨੁਸਾਰ ੧੩੪੩ ਈ. ਹੈ। ਗਿ. ਸੁਰਿੰਦਰ ਸਿੰਘ ਨਿਮਾਣਾ ਨੇ ਆਪ ਜੀ ਦਾ ਜੀਵਨ ਕਾਲ ੧੩੧੦-੧੪੪੦ ਈ. ਲਿਖਿਆ ਹੈ।
Bani Footnote ਸੁਖਦੇਵ ਸਿੰਘ ਸ਼ਾਂਤ, ਪੰਦਰਾਂ ਭਗਤ ਸਾਹਿਬਾਨ, ਪੰਨਾ ੨੧੭-੨੧੯ ਤੋਂ ਅਨੁਕੂਲਿਆ।


ਗਿ. ਗੁਰਦਿੱਤ ਸਿੰਘ ਨੇ ਜਨਮਸਾਖੀਆਂ ਦੇ ਅਧਾਰ ’ਤੇ ਭਗਤ ਸੈਣ ਜੀ ਦਾ ਗੁਰੂ ਨਾਨਕ ਸਾਹਿਬ ਨਾਲ ਅਯੁਧਿਆ ਅਤੇ ਬਨਾਰਸ ਵਿਖੇ ਮੇਲ ਹੋਣਾ ਵੀ ਲਿਖਿਆ ਹੈ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੨੬੭
ਭਾਵੇਂ ਉਨ੍ਹਾਂ ਨੇ ਇਥੇ ਕਿਸੇ ਵਿਸ਼ੇਸ਼ ਜਨਮਸਾਖੀ ਦਾ ਹਵਾਲਾ ਨਹੀਂ ਦਿੱਤਾ ਪਰ ਮਿਹਰਬਾਨ ਵਾਲੀ ਜਨਮਸਾਖੀ ਵਿਚ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ, ਭਗਤ ਧੰਨਾ ਜੀ ਅਤੇ ਭਗਤ ਬੇਣੀ ਜੀ ਦੇ ਨਾਲ ਭਗਤ ਸੈਣ ਜੀ ਦਾ ਵੀ ਗੁਰੂ ਸਾਹਿਬ ਨੂੰ ਮਿਲਣ ਦਾ ਹਵਾਲਾ ਮਿਲਦਾ ਹੈ।
Bani Footnote ਕਿਰਪਾਲ ਸਿੰਘ, ਸਮਸ਼ੇਰ ਸਿੰਘ ਅਸ਼ੋਕ (ਸੰਪਾ.) ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਤ ਸ੍ਰੀ ਮਿਹਰਬਾਨ ਜੀ ਸੋਢੀ, ਪੰਨਾ ੧੯੦


ਭਗਤ ਰਵਿਦਾਸ ਜੀ ਨੇ ਵੀ ਕਿਉਂਕਿ ਆਪਣੀ ਬਾਣੀ ਵਿਚ ਆਪ ਜੀ ਦਾ ਜਿਕਰ ਕੀਤਾ ਹੈ, ਇਸ ਅਧਾਰ ’ਤੇ ਆਪ ਜੀ ਨੂੰ ਭਗਤ ਰਵਿਦਾਸ ਜੀ (੧੩੭੭-੧੫੨੮ ਈ.) ਤੋਂ ਪਹਿਲਾਂ ਹੋਏ ਮੰਨਿਆ ਜਾਂਦਾ ਹੈ।
Bani Footnote ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼ (ਭਾਗ ਪਹਿਲਾ), ਪੰਨਾ ੩੮੭-੩੮੮
ਪਰ ਗਿ. ਗੁਰਦਿੱਤ ਸਿੰਘ ਨੇ ਆਪ ਜੀ ਨੂੰ ਭਗਤ ਕਬੀਰ (੧੩੯੮-੧੫੧੮ ਈ.) ਅਤੇ ਭਗਤ ਰਵਿਦਾਸ ਜੀ ਦਾ ਸਮਕਾਲੀ ਮੰਨਿਆ ਹੈ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੨੬੧-੨੬੨


ਇਸ ਪ੍ਰਕਾਰ ਭਗਤ ਸੈਣ ਜੀ ਦੇ ਜੀਵਨ ਸੰਬੰਧੀ ਵਖ-ਵਖ ਸਰੋਤਾਂ ਤੋਂ ਮਿਲਦੀ ਜਾਣਕਾਰੀ ਬਹੁਤੀ ਸਪਸ਼ਟ ਨਹੀਂ ਹੈ। ਆਪ ਜੀ ਦੇ ਜੀਵਨ ਨਾਲ ਸੰਬੰਧਤ ਰਿਵਾਇਤਾਂ ਦੇ ਅਧਾਰ ’ਤੇ ਵਿਦਵਾਨਾਂ ਵੱਲੋਂ ਆਪ ਜੀ ਦੇ ਜੀਵਨ ਨਾਲ ਸੰਬੰਧਤ ਦਰਸਾਈਆਂ ਮਿਤੀਆਂ ਵਿਚ ਭਿੰਨਤਾ ਪਾਈ ਜਾਂਦੀ ਹੈ। ਜਿਵੇਂ ਆਪ ਜੀ ਦੀਆਂ ਜਨਮ ਮਿਤੀਆਂ ੧੩੧੦, ੧੩੮੩, ੧੩੯੦, ੧੪੦੦ ਈ. ਅਤੇ ਦੇਹਾਂਤ ਦੀਆਂ ਮਿਤੀਆਂ ੧੪੪੦, ੧੪੪੮ ਈ. ਆਦਿ ਦਰਸਾਈਆਂ ਹਨ। ਇਸ ਸਥਿਤੀ ਵਿਚ ਕਿਸੇ ਇਕ ਜਨਮ ਮਿਤੀ ਨੂੰ ਪ੍ਰਮਾਣਕ ਮੰਨਣਾ ਬਹੁਤ ਮੁਸ਼ਕਲ ਹੈ। ਇਸ ਲਈ ਅਸੀਂ ਆਪ ਜੀ ਦਾ ਜੀਵਨ-ਕਾਲ ੧੪ਵੀਂ-੧੫ਵੀਂ ਸਦੀ ਮੰਨਦੇ ਹਾਂ। ਆਪ ਜੀ ਦੀ ਮਾਤਾ ਦਾ ਨਾਂ ਜੀਵਨ ਦੇਵੀ ਅਤੇ ਪਿਤਾ ਦਾ ਨਾਂ ਮੁਕੰਦ ਰਾਏ ਸੀ। ਆਪ ਜੀ ਦੇ ਨਾਮ ਦੇ ਨਾਲ ‘ਨਾਈ’
Bani Footnote ਇਹ ਸ਼ਬਦ ਭਾਰਤ ਦੀ ਇਕ ਵਿਸ਼ੇਸ਼ ਜਾਤੀ ਨਾਲ ਜੁੜਿਆ ਹੈ। ਇਸ ਜਾਤੀ ਦੇ ਵਿਅਕਤੀ, ਲੋਕਾਂ ਦੇ ਨਹੁੰ ਲਾਹੁਣ, ਭਾਂਡੇ ਮਾਂਜਣ, ਵਾਲ ਕੱਟਣ ਜਾਂ ਸੰਵਾਰਨ, ਮੁਠੀ-ਚਾਪੀ ਕਰਨ, ਖੁਸ਼ੀ-ਗਮੀ ਸਮੇਂ ਸੁਨੇਹੇ ਦੇਣ ਆਦਿ ਦਾ ਕਾਰਜ ਕਰਦੇ ਸਨ। ਇਸ ਤੋਂ ਇਲਾਵਾ ਕੁੜਮਾਈ ਜਾਂ ਵਿਆਹ ਦੀ ਤਾਰੀਖ ਨਿਸ਼ਚਿਤ ਕਰਨ ਵਿਚ ਇਨ੍ਹਾਂ ਦਾ ਅਹਿਮ ਯੋਗਦਾਨ ਹੁੰਦਾ ਸੀ। ਭਗਤ ਸੈਣ ਜੀ ਦੀਆਂ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਰਾਜੇ ਦੀ ਮੁਠੀ ਚਾਪੀ ਕਰਨ ਅਤੇ ਵਾਲ ਸੰਵਾਰਨ ਦੀ ਸੇਵਾ ਕਰਦੇ ਸਨ। ਪਰ ਗਿ. ਹਜਾਰਾ ਸਿੰਘ ਨੇ ਭਾਈ ਗੁਰਦਾਸ ਜੀ ਦੁਆਰਾ ਭਗਤ ਜੀ ਲਈ ਵਰਤੇ ਸ਼ਬਦ ‘ਬੁਤਕਾਰੀਆ’ ਦੇ ਅਧਾਰ ’ਤੇ ਲਿਖਿਆ ਹੈ ਕਿ ਸ਼ਾਇਦ ਉਹ ਕੇਵਲ ਸੁਨੇਹੇ ਦੇਣ ਦਾ ਕੰਮ ਕਰਦੇ ਸਨ। -ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੬੮੮, ਡਾ. ਹਰਭਜਨ ਸਿੰਘ (ਸੰਪਾ.), ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ ਸ਼੍ਰੀ ਗੁਰੂ ਗ੍ਰੰਥ ਕੋਸ਼, ਜਿਲਦ ਦੂਜੀ, ਪੰਨਾ ੬੭; ਰਛਪਾਲ ਸਿੰਘ ਗਿੱਲ (ਸੰਪਾ.), ਪੰਜਾਬ ਕੋਸ਼, ਜਿਲਦ ਦੂਜੀ, ਪੰਨਾ ੨੧੫
ਸ਼ਬਦ ਜੁੜਿਆ ਹੋਇਆ ਹੈ। ਇਹ ਆਪ ਜੀ ਦੇ ਕਿੱਤੇ, ਭਾਰਤੀ ਸਮਾਜ ਵਿਚ ਪ੍ਰਚਲਤ ਜਾਤ-ਬਰਾਦਰੀ ਜਾਂ ਇਨ੍ਹਾਂ ਦੋਵਾਂ ਦਾ ਵੀ ਸੂਚਕ ਹੋ ਸਕਦਾ ਹੈ।

ਸੈਣ ਸਾਗਰ ਗ੍ਰੰਥ
ਗਿ. ਗੁਰਦਿੱਤ ਸਿੰਘ ਨੇ ਭਗਤ ਸੈਣ ਜੀ ਨਾਲ ਸੰਬੰਧਤ ਇਕ ਪੁਰਾਤਨ ਗ੍ਰੰਥ ‘ਸੈਣ ਸਾਗਰ’ ਬਾਰੇ ਵੀ ਲਿਖਿਆ ਹੈ। ਉਨ੍ਹਾਂ ਅਨੁਸਾਰ ਇਸ ਗ੍ਰੰਥ ਦੀ ਫੋਟੋ ਕਾਪੀ ਦੇ ਦਰਸ਼ਨ ਉਨ੍ਹਾਂ ਨੇ ਗੁਰਦੁਆਰਾ ਨਈਆਣਾ ਵਿਚ ਕੀਤੇ। ਇਸ ਦੀ ਮੂਲ ਕਾਪੀ ਜਲੰਧਰ ਦੇ ਕਿਸੇ ਸੱਜਣ ਕੋਲ ਹੈ। ਇਹ ਭਗਤ ਸੈਣ ਜੀ ਦੇ ਕਿਸੇ ਉਦਮੀ ਭਗਤ ਕਵੀ ਦੀ ਰਚਨਾ ਹੈ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ, ਰਾਗ, ਸ਼ਬਦਾਂ ਦੀ ਬਣਤਰ ਅਤੇ ਲਹਿਜਾ ਰਖਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਗ੍ਰੰਥ ਦੇ ਅਰੰਭ ਵਿਚ ਜਪੁ ਜੀ ਸਾਹਿਬ ਅਤੇ ਫਿਰ ਆਰਤੀ ਹੈ। ਇਸ ਤੋਂ ਬਾਅਦ ਭਗਤ ਸੈਣ ਜੀ ਦੀ ਜਨਮਸਾਖੀ ਆਉਂਦੀ ਹੈ। ਜਨਮਸਾਖੀ ਲਿਖਾਉਣ ਵਾਲੇ ਭਗਤ ਸੈਣ ਜੀ ਦੇ ਪਿਤਾ ਮੁਕੰਦ ਰਾਏ ਅਤੇ ਲਿਖਾਰੀ ਦਾ ਨਾਮ ਕੋਲੂ ਬ੍ਰਾਹਮਣ ਹੈ।

ਭਗਤ ਸੈਣ ਜੀ ਦੀ ਜਨਮਸਾਖੀ ਤੋਂ ਬਾਅਦ ਵਿਸ਼ੇਸ਼ ਰਚਨਾ ‘ਪਰਚੀਆਂ ਸ੍ਰੀ ਸੈਣ ਭਗਤ ਕੀਆਂ’ ਹਨ। ਪਰਚੀਆਂ ਵਿਚ ਭਗਤ ਜੀ ਦੇ ਜੀਵਨ ਦੀਆਂ ਕਹਾਣੀਆਂ ਤੇ ਚਮਤਕਾਰਾਂ ਨੂੰ ਮੁੜ-ਮੁੜ ਦੁਹਰਾਇਆ ਗਿਆ ਹੈ। ਇਨ੍ਹਾਂ ਵਿਚ ਭਗਤ ਧੰਨਾ ਜੀ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ, ਭਗਤ ਨਾਮਦੇਵ ਜੀ ਅਤੇ ਭਗਤ ਸੂਰਦਾਸ ਜੀ ਦੇ ਨਾਮ ਵੀ ਆਉਂਦੇ ਹਨ।

ਇਸ ਗ੍ਰੰਥ ਵਿਚ ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਧਨਾਸਰੀ, ਟੋਡੀ, ਰਾਗ ਕਲਿਆਣ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਹਿੰਡੋਲ, ਜੈਜਾਵੰਤੀ, ਨਟ, ਮਾਲੀਗਉੜਾ, ਕੇਦਾਰਾ, ਮਲ੍ਹਾਰ, ਕਾਨੜਾ, ਪ੍ਰਭਾਤੀ, ਵਡਹੰਸ, ਭੈਰਉ, ਤੁਖਾਰੀ, ਭੈਰਵੀ ਮਾਝ, ਗੋਂਡ, ਸੂਹੀ ਰਾਗਾਂ ਦੇ ਸਿਰਲੇਖ ਦੇ ਕੇ, ਭਗਤ ਸੈਣ ਜੀ ਵੱਲੋਂ ਉਚਾਰਣ ਕੀਤੀ ਅਧਿਆਤਮਕ ਭਾਵ ਦੀ ਬਾਣੀ ਵੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਗ੍ਰੰਥ ਵਿਚ ਭਗਤ ਸੈਣ ਜੀ ਨਾਲ ਜੁੜੀਆਂ ਬਹੁਤ ਸਾਰੀਆਂ ਚਮਤਕਾਰੀ ਘਟਨਾਵਾਂ ਅਤੇ ਭਵਿੱਖਤ ਬਚਨ ਦਰਜ ਕੀਤੇ ਹੋਏ ਹਨ। ਜਿਵੇਂ, ਉਹ ਭਾਈ ਸਾਹਿਬ ਸਿੰਘ (ਪੰਜ ਪਿਆਰਿਆਂ ਵਿਚੋਂ ਇਕ) ਦੇ ਰੂਪ ਵਿਚ ਆ ਕੇ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ ਸਜਣਗੇ।

ਗਿ. ਗੁਰਦਿੱਤ ਸਿੰਘ ਨੇ ਕੁਝ ਵਿਦਵਾਨਾਂ ਦੀ ਸਹਾਇਤਾ ਨਾਲ ਇਸ ਗ੍ਰੰਥ ਦੀ ਮੂਲ ਲਿਖਤ ਦੇ ਅਧਾਰ ’ਤੇ ਇਹ ਸਿੱਟਾ ਕੱਢਿਆ ਹੈ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ (੧੬੬੬-੧੭੦੮ ਈ.) ਦੇ ਸਮੇਂ ਦੀ ਹੈ। ਸੋ, ਇਸ ਨੂੰ ਭਗਤ ਸੈਣ ਜੀ ਦੀ ਕਿਰਤ ਮੰਨਣਾ ਭੁੱਲ ਹੋਵੇਗੀ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੨੬੯-੨੭੦


ਸ਼ਬਦ ਦਾ ਉਚਾਰਣ
ਸੰਤ ਕਿਰਪਾਲ ਸਿੰਘ ਦੇ ‘ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਇਸ ਸ਼ਬਦ ਦੇ ਉਚਾਰਣ ਸੰਬੰਧੀ ਲਿਖਿਆ ਹੈ ਕਿ ਇਕ ਸਮੇਂ ਭਗਵਾਨ ਨੇ ਭਗਤ ਸੈਣ ਜੀ ਦੀ ਪ੍ਰੇਮਾ ਭਗਤੀ ਤੋਂ ਪ੍ਰਸੰਨ ਹੋ ਕੇ ਦਰਸ਼ਨ ਦਿੱਤੇ ਤਾਂ ਅੱਗੋਂ ਭਗਤ ਸੈਣ ਜੀ ਨੇ ਬੜੇ ਸਤਿਕਾਰ ਸਹਿਤ ਉੱਠ ਕੇ ਨਮਸਕਾਰ ਕੀਤੀ ਅਤੇ ਭਗਵਾਨ ਦੇ ਸਰਗੁਣ ਸਰੂਪ ਦੀ ਵਿਧੀ ਪੂਰਵਕ ਆਰਤੀ ਕੀਤੀ।
Bani Footnote ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੈਂਚੀ ਪੰਜਵੀਂ, ਪੰਨਾ ੯੧੪


ਸੰਤ ਹਰੀ ਸਿੰਘ ‘ਰੰਧਾਵੇ ਵਾਲੇ’ ਨੇ ਭਗਤ ਸੈਣ ਜੀ ਨਾਲ ਜੁੜੀ ਬਾਂਧਵਗੜ੍ਹ ਦੇ ਰਾਜੇ ਵਾਲੀ ਰਿਵਾਇਤ ਨੂੰ ਹੋਰ ਵਿਸਥਾਰ ਦਿੰਦਿਆਂ ਲਿਖਿਆ ਹੈ ਕਿ ਜਿਸ ਸਮੇਂ ਭਗਤ ਸੈਣ ਜੀ ਨੂੰ ਪਤਾ ਲੱਗਾ ਕਿ ਭਗਵਾਨ ਉਨ੍ਹਾਂ ਦੀ ਇੱਜਤ ਰਖਣ ਲਈ ਰਾਜੇ ਦੀ ਸੇਵਾ ਕਰ ਕੇ ਗਏ ਹਨ ਤਾਂ ਆਪ ਜੀ ਵੈਰਾਗ ਵਿਚ ਆ ਕੇ ਭਗਵਾਨ ਦੇ ਦਰਸ਼ਨਾਂ ਲਈ ਵਿਆਕੁਲ ਹੋ ਗਏ। ਦੂਜੇ ਪਾਸੇ ਰਾਜੇ ਨੇ ਵਜੀਰਾਂ ਦੀ ਸਲਾਹ ਨਾਲ ਆਪ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਆਪ ਜੀ ਨੂੰ ਸਿੰਘਾਸਣ (ਰਾਜਗੱਦੀ) ’ਤੇ ਬਿਠਾ ਦਿੱਤਾ। ਆਪ ਜੀ ਪਿਆਰ ਅਤੇ ਨਿਮਰਤਾ ਵਿਚ ਸਿੰਘਾਸਣ ਤੋਂ ਹੇਠਾਂ ਨੂੰ ਡਿੱਗਣ ਲੱਗੇ ਤਾਂ ਭਗਵਾਨ ਨੇ ਸਰਗੁਣ ਸਰੂਪ ਵਿਚ ਆਪ ਜੀ ਨੂੰ ਗਲਵਕੜੀ ਵਿਚ ਲੈ ਲਿਆ। ਆਪ ਜੀ ਨੇ ਭਗਵਾਨ ਨੂੰ ਬੇਨਤੀ ਕੀਤੀ ਕਿ ਮੇਰੇ ਲਈ ਕੀ ਆਗਿਆ ਹੈ ਤਾਂ ਭਗਵਾਨ ਕਹਿਣ ਲੱਗੇ ਕਿ ਜਿਸ ਤਰ੍ਹਾਂ ਹੋਰਨਾਂ ਭਗਤਾਂ ਨੇ ਮੇਰੀ ਆਰਤੀ ਕੀਤੀ ਹੈ ਉਸੇ ਤਰ੍ਹਾਂ ਤੁਸੀਂ ਵੀ ਕਰੋ। ਭਗਵਾਨ ਦੀ ਆਗਿਆ ਅਨੁਸਾਰ ਭਗਤ ਸੈਣ ਜੀ ਨੇ ਇਹ ਸ਼ਬਦ ਉਚਾਰਣ ਕੀਤਾ।
Bani Footnote ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਰਦਾਈ ਸਟੀਕ ਗੁਰਬਾਣੀ ਅਰਥ-ਭੰਡਾਰ, ਪੋਥੀ ਛੇਵੀਂ,ਪੰਨਾ ੭੯੦


ਉਪਰੋਕਤ ਦੋਵੇਂ ਵਿਆਖਿਆਵਾਂ ਵਿਚ ਇਸ ਸ਼ਬਦ ਨੂੰ ਭਗਵਾਨ ਦੇ ਸਰਗੁਣ ਸਰੂਪ ਦੀ ਆਰਤੀ ਨਾਲ ਜੋੜਨ ਲਈ ਉਥਾਨਕਾ ਸਿਰਜੀ ਗਈ ਹੈ। ਪਰ ਜਿਵੇਂ ਸ਼ੁਰੂ ਵਿਚ ਹੀ ਲਿਖਿਆ ਗਿਆ ਹੈ ਕਿ ਇਹ ਆਰਤੀ ਪਰਮੇਸ਼ਰ ਦੇ ਨਿਰਗੁਣ ਸਰੂਪ ਦੀ ਹੈ। ਇਸ ਵਿਚਾਰ ਦੇ ਸਮਰਥਕਾਂ ਵਿਚ ਪ੍ਰੋ. ਸਾਹਿਬ ਸਿੰਘ ਸਮੇਤ ਹੋਰ ਵੀ ਕਈ ਵਿਦਵਾਨ ਹਨ।

ਰਾਮਾਨੰਦ ਅਤੇ ਪਰਮਾਨੰਦ
ਇਸ ਸ਼ਬਦ ਵਿਚ ‘ਰਾਮਾਨੰਦ’ ਅਤੇ ‘ਪਰਮਾਨੰਦ’ ਦੋ ਅਜਿਹੇ ਸ਼ਬਦ ਆਏ ਹਨ, ਜਿਨ੍ਹਾਂ ਬਾਰੇ ਵਿਦਵਾਨਾਂ ਵਿਚ ਮਤਭੇਦ ਪਾਇਆ ਜਾਂਦਾ ਹੈ। ਕੁਝ ਵਿਦਵਾਨ ਇਨ੍ਹਾਂ ਨੂੰ ਭਗਤ ਸਾਹਿਬਾਨਾਂ ਨਾਲ ਜੋੜਦੇ ਹਨ ਅਤੇ ਕੁਝ ਇਹ ਮੰਨਦੇ ਹਨ ਕਿ ਇਹ ਦੋਵੇਂ ਸ਼ਬਦ ਪਰਮਾਤਮਾ ਲਈ ਵਰਤੇ ਗਏ ਹਨ। ਪ੍ਰੋ. ਸਾਹਿਬ ਸਿੰਘ ਲਿਖਦੇ ਹਨ ਕਿ ਭਗਤ ਬਾਣੀ ਦੇ ਕਿਸੇ ਵਿਰੋਧੀ ਸੱਜਣ ਨੇ ਲਿਖਿਆ ਹੈ ਕਿ ਇਸ ਸ਼ਬਦ ਦੁਆਰਾ ਭਗਤ ਸੈਣ ਜੀ ਨੇ ਆਪਣੇ ਗੁਰੂ ਗੁਸਾਈਂ ਰਾਮਾਨੰਦ ਜੀ ਅੱਗੇ ਆਰਤੀ ਉਤਾਰੀ ਹੈ। ਪਰ ਪ੍ਰੋ. ਸਾਹਿਬ ਸਿੰਘ ਦਾ ਵਿਚਾਰ ਹੈ ਕਿ ਭਗਤ ਸੈਣ ਜੀ ਜਿਸ ਦੀ ਉਸਤਤਿ ਇਸ ਸ਼ਬਦ ਵਿਚ ਕਰ ਰਹੇ ਹਨ, ਉਸ ਵਾਸਤੇ ਉਨ੍ਹਾਂ ਨੇ ਕਮਲਾਪਤੀ, ਹਰਿ, ਰਾਜਾ ਰਾਮ, ਨਿਰੰਜਨ, ਪੂਰਨ, ਪਰਮਾਨੰਦ, ਮਦਨ-ਮੂਰਤਿ, ਭੈ-ਤਾਰਿ, ਗੋਬਿੰਦ ਆਦਿ ਸ਼ਬਦ ਵਰਤੇ ਹਨ। ਇਨ੍ਹਾਂ ਸ਼ਬਦਾਂ ਵਿਚ ਭਗਤ ਸੈਣ ਜੀ ਦੇ ਗੁਰੂ ਦਾ ਕੋਈ ਜਿਕਰ ਨਹੀਂ ਹੈ। ਇਉਂ ਜਾਪਦਾ ਹੈ ਕਿ ਸ਼ੱਕ ਕਰਨ ਵਾਲੇ ਸੱਜਣ ਨੇ ਸ਼ਬਦ ਦੇ ਤੀਜੇ ਬੰਦ ਵਿਚ ਵਰਤੇ ਲਫਜ ‘ਰਾਮਾਨੰਦ’ ਤੋਂ ਉਕਾਈ ਖਾਧੀ ਹੈ। ਇਸ ਤੁਕ ਦਾ ਅਰਥ ਇਉਂ ਹੈ: ਜੋ ਮਨੁਖ ਸਰਬ ਵਿਆਪਕ ਪਰਮ-ਅਨੰਦ ਸਰੂਪ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਉਸ ਰਾਮ ਦੇ ਮਿਲਾਪ ਦਾ ਅਨੰਦ ਮਾਣਦਾ ਹੈ।
Bani Footnote ਪ੍ਰੋ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਪੰਜਵੀਂ, ਪੰਨਾ ੧੮੩


ਗਿ. ਗੁਰਦਿੱਤ ਸਿੰਘ ਦਾ ਵਿਚਾਰ ਹੈ ਕਿ ਇਸ ਸ਼ਬਦ ਦੀ ‘ਤੂੰ ਹੀ ਨਿਰੰਜਨ ਕਮਲਾਪਾਤੀ’ ਤੁਕ ਸਪਸ਼ਟ ਕਰਦੀ ਹੈ ਕਿ ਭਗਤ ਜੀ ਆਰਤੀ ਰਾਮਾਨੰਦ ਜੀ ਦੀ ਨਹੀਂ, ਨਿਰੰਜਨ ਦੀ ਕਰ ਰਹੇ ਹਨ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੨੬੦


ਰਾਮਾਨੰਦ ਵਾਂਗ ਪਰਮਾਨੰਦ ਸ਼ਬਦ ਨੂੰ ਵੀ ਟੀਕਾਕਾਰਾਂ ਨੇ ਦੋ ਅਰਥਾਂ, ਭਾਵ ਭਗਤ ਪਰਮਾਨੰਦ ਅਤੇ ਪਰਮ-ਅਨੰਦ ਪ੍ਰਭੂ ਵਜੋਂ ਅਰਥਾਇਆ ਹੈ। ਬੇਸ਼ੱਕ ਗਿ. ਹਰਨਾਮ ਸਿੰਘ ਭਿੰਡਰਵਾਲਿਆਂ ਨੇ ਇਹ ਦੋਵੇਂ ਅਰਥ ਕੀਤੇ ਹਨ, ਪਰ ਸੰਤ ਕਿਰਪਾਲ ਸਿੰਘ, ਮਨਮੋਹਨ ਸਿੰਘ, ਡਾ. ਰਤਨ ਸਿੰਘ ਜੱਗੀ ਆਦਿ ਜਿਆਦਾਤਰ ਟੀਕਾਕਾਰਾਂ ਨੇ ‘ਪਰਮਾਨੰਦੁ’ ਨੂੰ ‘ਪਰਮ-ਅਨੰਦ ਪ੍ਰਭੂ’ ਵਜੋਂ ਅਰਥਾਇਆ ਹੈ।
Bani Footnote ਗਿ. ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਸ਼੍ਰੋਮਣੀ ਦਮਦਮੀ ਸਟੀਕ, ਪੋਥੀ ਅਠਵੀਂ, ਪੰਨਾ ੬੮੭-੬੮੯; ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਪੰਜਵੀਂ, ਪੰਨਾ ੯੧੫; ਮਨਮੋਹਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ (ਇੰਗਲਿਸ਼ ਐਂਡ ਪੰਜਾਬੀ ਟਰਾਂਸਲੇਸ਼ਨ), ਭਾਗ ੪, ਪੰਨਾ ੨੨੭੫; ਡਾ. ਰਤਨ ਸਿੰਘ ਜੱਗੀ, ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਗ ਚੌਥਾ, ਪੰਨਾ ੨੧੭੨
ਪ੍ਰਸੰਗ ਅਨੁਸਾਰ ਵੀ ਇਹੀ ਅਰਥ ਢੁਕਵੇਂ ਹਨ।