ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਗਉੜੀ ਰਾਗ ਨੂੰ ਤਰਤੀਬ ਅਨੁਸਾਰ ਤੀਜਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਤਿੰਨ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੫੧ ਤੋਂ ੩੪੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੪੦, ਗੁਰੂ ਅਮਰਦਾਸ ਸਾਹਿਬ ਦੇ ੩੯, ਗੁਰੂ ਰਾਮਦਾਸ ਸਾਹਿਬ ਦੇ ੧੧੫, ਗੁਰੂ ਅਰਜਨ ਸਾਹਿਬ ਦੇ ੪੬੨, ਗੁਰੂ ਤੇਗ ਬਹਾਦਰ ਸਾਹਿਬ ਦੇ ੯, ਭਗਤ ਕਬੀਰ ਜੀ ਦੇ ੧੪੩, ਭਗਤ ਨਾਮਦੇਵ ਜੀ ਦਾ ੧ ਤੇ ਭਗਤ ਰਵਿਦਾਸ ਜੀ ਦੇ ੫ ਸ਼ਬਦ ਦਰਜ ਹਨ।

ਗਉੜੀ ਗੰਭੀਰ ਪ੍ਰਕਿਰਤੀ ਦਾ ਰਾਗ ਹੈ। ਇਸ ਲਈ ਗੁਰੂ ਸਾਹਿਬ ਨੇ ਇਸ ਰਾਗ ਵਿਚ ਮਨ, ਮਤਿ, ਬੁਧਿ, ਆਤਮਾ, ਮੌਤ, ਮੁਕਤੀ ਆਦਿ ਗੰਭੀਰ ਵਿਸ਼ਿਆਂ ਨਾਲ ਸੰਬੰਧਤ ਬਾਣੀ ਉਚਾਰਨ ਕੀਤੀ ਹੈ।

ਗੁਰਮਤਿ ਸੰਗੀਤ ਵਿਚ ਗਉੜੀ ਰਾਗ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਦੇ ਸਮੂਹ ਰਾਗਾਂ ਵਿਚੋਂ ਸਭ ਤੋਂ ਵੱਧ ਬਾਣੀ ਇਸੇ ਰਾਗ ਵਿਚ ਦਰਜ ਹੈ। ਗੁਰੂ ਅਰਜਨ ਸਾਹਿਬ ਰਾਗ ਗਉੜੀ ਦਾ ਜਿਕਰ ਕਰਦੇ ਹੋਏ ਕਹਿੰਦੇ ਹਨ ਕਿ ਜੀਵ ਰੂਪ ਇਸਤਰੀ ਗਉੜੀ ਰਾਗਣੀ ਗਾ ਕੇ ਤਾਂ ਹੀ ਭਾਗਸ਼ੀਲ ਹੋ ਸਕਦੀ ਹੈ ਜੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਵੇ ਅਤੇ ਸੱਚੇ ਗੁਰ-ਸ਼ਬਦ ਅਨੁਸਾਰ ਚੱਲਣ ਨੂੰ ਆਪਣਾ ਸ਼ਿੰਗਾਰ ਬਣਾਵੇ:
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥
ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ॥ -ਗੁਰੂ ਗ੍ਰੰਥ ਸਾਹਿਬ ੩੧੧
ਗਉੜੀ ਇਕ ਪੁਰਾਤਨ ਰਾਗ ਹੈ। ਹਿੰਦੁਸਤਾਨੀ ਸੰਗੀਤ ਦੇ ਪੁਰਾਤਨ ਗ੍ਰੰਥਾਂ ਵਿਚ ਗਉੜੀ ਰਾਗ ਨੂੰ ਗੋਰੀ, ਗੌੜੀ, ਗਵਰੀ, ਗਉਰੀ ਆਦਿ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ‘ਗਉੜੀ’ ਇਕ ਮੁੱਖ ਰਾਗ ਦੇ ਰੂਪ ਵਿਚ ਵੀ ਆਉਂਦਾ ਹੈ ਅਤੇ ਇਸ ਰਾਗ ਦੇ ੧੧ ਹੋਰ ਮਿਸ਼ਰਤ ਪ੍ਰਕਾਰ ਵੀ ਦਰਜ ਹਨ: ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਬੈਰਾਗਣਿ, ਗਉੜੀ ਚੇਤੀ, ਗਉੜੀ ਦੀਪਕੀ, ਗਉੜੀ ਪੂਰਬੀ, ਗਉੜੀ ਪੂਰਬੀ ਦੀਪਕੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ ਤੇ ਗਉੜੀ ਸੋਰਠਿ।
‘ਸੰਗੀਤ ਰਤਨਾਕਰ ਗ੍ਰੰਥ’ ਵਿਚਲੇ ਪੰਜ ਗੀਤਾਂ ਸ਼ੁਧਾ, ਭਿੰਨਾ, ਗਉੜੀ, ਬੈਸਰਾ, ਸਾਧਾਰਣੀ ਵਿਚੋਂ ‘ਗਉੜੀ’ ਵੀ ਇਕ ਗੀਤ ਹੈ। ਇਸ ਦੇ ਦੋ ਭੇਦ ‘ਗਉੜੀ’ ਅਤੇ ‘ਔਹਾਟੀ’ ਹਨ। ‘ਗਉੜੀ’ ਉਸ ਗੀਤ ਨੂੰ ਕਹਿੰਦੇ ਹਨ, ਜਿਸ ਵਿਚ ਰਾਗ ਦੇ ਅਜਿਹੇ ਸੁਰ ਸਮੂਹਾਂ ਦਾ ਪ੍ਰਯੋਗ ਹੋਵੇ ਜੋ ਸੁਣਨ ਵਿਚ ਚੰਗੇ ਲੱਗਦੇ ਹੋਣ। ਮੰਦਰ, ਮੱਧ ਅਤੇ ਤਾਰ ਸਪਤਕ ਦੀ ਜਗ੍ਹਾ ’ਤੇ ਸਥਿਤੀ ਨਿਰੰਤਰ ਹੋਵੇ, ਕੰਨਾਂ ਨੂੰ ਭਾਉਂਦੀ ਹੋਵੇ ਅਤੇ ਗੌੜਵ/ਗੌੜ (ਪੂਰਬੀ ਬੰਗਾਲ ਅਤੇ ਉੜੀਸਾ ਦੇ ਵਿਚਕਾਰਲੇ) ਦੇਸ਼ ਵਿਚ ਪ੍ਰਸਿੱਧ ਵੀ ਹੋਵੇ।

‘ਆਇਨ-ਏ-ਅਕਬਰੀ’ ਦੇ ਹਵਾਲੇ ਨਾਲ ਡਾ. ਕਿਰਪਾਲ ਸਿੰਘ ਇਸ ਰਾਗ ਦੀ ਉਤਪਤੀ ਸੰਬੰਧੀ ਦੋ ਵਿਚਾਰ ਪ੍ਰਗਟ ਕਰਦੇ ਹਨ। ਪਹਿਲਾ, ਇਸ ਰਾਗ ਦਾ ਮੁੱਢ ਬੰਗਾਲ ਵਿਚ ਬੱਝਾ ਹੋਵੇਗਾ ਅਤੇ ਦੂਜਾ ਇਹ ਕਿ ਗਉੜੀ/ਗੌਰੀ (ਸ਼ਿਵਜੀ ਦੀ ਪਤਨੀ) ਇਸ ਰਾਗ ਦੀ ਮੋਢੀ ਹੋਵੇਗੀ।

ਰਾਗ-ਰਾਗਣੀ ਪੱਧਤੀ ਵਿਚ ਗਉੜੀ ਰਾਗ ਬਾਰੇ ਵਖ-ਵਖ ਵਿਚਾਰ ਪਾਏ ਜਾਂਦੇ ਹਨ। ਹਨੂੰਮਾਨ ਮਤ ਅਤੇ ਭਰਤ ਮਤ ਵਿਚ ਇਸ ਰਾਗ ਨੂੰ ਮਾਲਕੌਂਸ ਰਾਗ ਦੀ ਰਾਗਣੀ ਮੰਨਿਆ ਗਿਆ ਹੈ।


ਬੈਰਾਰੀ ਕਰਨਾਟੀ ਧਰੀ।। ਗਵਰੀ ਗਾਵਹਿ ਆਸਾਵਰੀ।।
ਤਿਹ ਪਾਛੈ ਸਿੰਧਵੀ ਅਲਾਪੀ।। ਸਿਰੀ ਰਾਗ ਸਿਉ ਪਾਂਚਉ ਥਾਪੀ।। -ਗੁਰੂ ਗ੍ਰੰਥ ਸਾਹਿਬ ੧੪੩੦
ਗਉੜੀ ਵਖ-ਵਖ ਅੰਗਾਂ ਤੋਂ ਗਾਇਆ-ਵਜਾਇਆ ਜਾਣ ਵਾਲਾ ਰਾਗ ਹੈ। ਭਾਈ ਅਵਤਾਰ ਸਿੰਘ ਤੇ ਭਾਈ ਗੁਰਚਰਨ ਸਿੰਘ ਅਨੁਸਾਰ ਗਉੜੀ ‘ਭੈਰਵ’ ਅਤੇ ‘ਪੂਰਵੀ’ ਅੰਗਾਂ ਤੋਂ ਗਾਇਆ ਜਾਣ ਵਾਲਾ ਰਾਗ ਹੈ।





ਰਾਗ ਗਉੜੀ ਦਾ ਸਰੂਪ
ਥਾਟ: ਭੈਰਵ।
ਸਵਰ: ਰਿਸ਼ਭ, ਧੈਵਤ (ਕੋਮਲ), ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਗੰਧਾਰ ਤੇ ਧੈਵਤ।
ਜਾਤੀ: ਔੜਵ-ਸੰਪੂਰਨ।
ਵਾਦੀ: ਰਿਸ਼ਭ।
ਸੰਵਾਦੀ: ਪੰਚਮ।
ਆਰੋਹ: ਸਾ ਰੇ (ਕੋਮਲ), ਗਾ ਰੇ (ਕੋਮਲ), ਮਾ ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ) ਮਾ ਪਾ, ਧਾ (ਕੋਮਲ) ਪਾ ਮਾ ਗਾ, ਰੇ (ਕੋਮਲ) ਗਾ ਰੇ (ਕੋਮਲ), ਸਾ ਨੀ (ਮੰਦਰ ਸਪਤਕ) ਸਾ।
ਮੁੱਖ ਅੰਗ (ਪਕੜ): ਮਾ ਧਾ (ਕੋਮਲ) ਪਾ, ਧਾ (ਕੋਮਲ) ਮਾ ਪਾ ਮਾ ਗਾ ਰੇ (ਕੋਮਲ), ਗਾ ਰੇ (ਕੋਮਲ) ਸਾ ਨੀ (ਮੰਦਰ ਸਪਤਕ), ਸਾ।

ਗਾਇਨ ਸਮਾਂ
ਰਾਤ ਦਾ ਪਹਿਲਾ ਪਹਿਰ।
