Guru Granth Sahib Logo
  
‘ਥਿਤੀ’ ਸ਼ਬਦ ਸੰਸਕ੍ਰਿਤ ਦੇ ‘ਤਿਥਿ’ ਸ਼ਬਦ ਦਾ ਤਦਭਵ ਰੂਪ ਹੈ। ‘ਤਿਥਿ’ ਸ਼ਬਦ ‘ਤ’ ਤੇ ‘ਥ’ ਧੁਨੀਆਂ ਦੇ ਪਰਸਪਰ ਵਟਾਂਦਰੇ ਕਾਰਣ ‘ਥਿਤਿ/ਥਿਤੀ’ ਬਣ ਗਿਆ ਹੈ। ਇਸ ਸ਼ਬਦ ਦੇ ਅਰਥ ਹਨ: ਤਿਥ, ਮਿਤੀ, ਤਾਰੀਖ; ਚੰਦਰਮਾ ਦੀ ਗਤੀ ਅਨੁਸਾਰ ਇਕ ਤੋਂ ਪੰਦਰਾਂ ਤਾਰੀਖ ਤਕ ਕੀਤੀ ਜਾਣ ਵਾਲੀ ਗਿਣਤੀ।
Bani Footnote ਡਾ. ਪ੍ਰੇਮ ਪ੍ਰਕਾਸ਼ ਸਿੰਘ (ਸੰਪਾ.), ਪੰਜਾਬੀ ਯੂਨੀਵਰਸਿਟੀ ਸੰਸਕ੍ਰਿਤ ਪੰਜਾਬੀ ਕੋਸ਼, ਪੰਨਾ ੨੮੦
ਪੰਜਾਬੀ ਵਿਚ ਤਿਥੀ ਅਤੇ ਥਿਤੀ ਦੋਵੇਂ ਸ਼ਬਦ ਹੀ ਵਰਤ ਲਏ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਥਿਤਿ, ਥਿਤੀ, ਥੀਤਿ ਆਦਿ ਰੂਪਾਂ ਵਿਚ ਵਰਤਿਆ ਗਿਆ ਹੈ।

ਚੰਦਰਮਾ ਦੀਆਂ ਵਧਦੀਆਂ-ਘੱਟਦੀਆਂ ਅਵਸਥਾਵਾਂ ਨੂੰ ਵੀ ‘ਥਿਤ’ ਕਿਹਾ ਜਾਂਦਾ ਹੈ। ਇਸੇ ਅਧਾਰ ’ਤੇ ਸਮੇਂ ਨੂੰ ਮਾਪਣ ਲਈ ਪੰਦਰਾਂ ਥਿਤਾਂ ਦੀ ਹੋਂਦ ਸਾਹਮਣੇ ਆਉਂਦੀ ਹੈ। ਪੁਰਾਤਨ ਸਮੇਂ ਤੋਂ ਹੀ ਸਾਲ ਨੂੰ ਮਾਪਣ ਦੇ ਦੋ ਤਰੀਕੇ ਪ੍ਰਚਲਤ ਹਨ। ਪਹਿਲਾ, ਸੂਰਜ ਦੀ ਚਾਲ ਦੇ ਹਿਸਾਬ ਨਾਲ ਅਤੇ ਦੂਜਾ, ਚੰਦਰਮਾ ਦੇ ਵਧਣ-ਘੱਟਣ ਦੇ ਅਧਾਰ ’ਤੇ। ਇਨ੍ਹਾਂ ਦੋਵਾਂ ਗਿਣਤੀਆਂ-ਮਿਣਤੀਆਂ ਦੇ ਹਿਸਾਬ ਨਾਲ ਸਾਲ ਨੂੰ ‘ਸੂਰਜ-ਵਰਸ਼’ ਅਤੇ ‘ਚੰਦਰ-ਵਰਸ਼’ ਨਾਵਾਂ ਨਾਲ ਸੰਬੋਧਤ ਕੀਤਾ ਜਾਂਦਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਧਾਰਮਕ ਰੀਤੀ-ਰਿਵਾਜਾਂ ਲਈ ਮੁੱਖ ਰੂਪ ਵਿਚ ‘ਚੰਦਰ-ਵਰਸ਼’ ਨੂੰ ਹੀ ਜਿਆਦਾ ਮਾਨਤਾ ਦਿੱਤੀ ਜਾਂਦੀ ਹੈ।
Bani Footnote ਸਿਰਦਾਰ ਕਪੂਰ ਸਿੰਘ, ਪੁੰਦ੍ਰੀਕ, ਪੰਨਾ ੪੫


‘ਚੰਦਰ-ਵਰਸ਼’ ਥਿਤਾਂ ਦੇ ਹਿਸਾਬ ਨਾਲ ਗਿਣਿਆ ਜਾਂਦਾ ਹੈ। ਇਹ ੧੨ ਮਹੀਨਿਆਂ ਦਾ ਹੁੰਦਾ ਹੈ ਅਤੇ ਇਕ ਮਹੀਨੇ ਵਿਚ ੩੦ ਥਿਤਾਂ
Bani Footnote ਥਿਤ ਉਹ ਸਮਾਂ ਹੈ, ਜੋ ਚੰਦ ਨੂੰ ਸੂਰਜ ਤੋਂ ੧੨ ਅੰਸ਼ ਦੂਰ ਜਾਣ ਵਿਚ ਲੱਗਦਾ ਹੈ। ਇਸ ਪ੍ਰਕਾਰ ੩੬੦ ਅੰਸ਼ ਪੂਰੇ ਕਰਕੇ ਤੀਹ ਥਿਤਾਂ ਤੋਂ ਬਾਅਦ ਚੰਦ ਤੇ ਸੂਰਜ ਦੇ ਭੂਜਾਂਸਾਂ ਵਿਚ ਕੋਈ ਫਰਕ ਨਹੀਂ ਰਹਿੰਦਾ। ਨਵੇਂ ਚੰਦ ਜਾਂ ਚੰਦ ਤੇ ਸੂਰਜ ਦੀਆਂ ਭੂਜਾਂਸਾਂ ਦੇ ਇਕ ਥਾਂ ਹੋਣ ਦੇ ਸਮੇਂ ਨੂੰ ਮੱਸਿਆ (ਚੰਦ ਤੇ ਸੂਰਜ ਦਾ ਇਕੱਠੇ ਹੋਣਾ) ਆਖਦੇ ਹਨ। ਪੂਰੇ ਚੰਦ ਜਾਂ ਚੰਦ ਤੇ ਸੂਰਜ ਦੇ ਭੂਜਾਂਸਾਂ ਵਿਚ ੧੮੦ ਅੰਸ਼ ਦਾ ਫਰਕ ਹੋਣ ਦੇ ਸਮੇਂ ਨੂੰ ਪੂਰਨਮਾਸ਼ੀ ਆਖਦੇ ਹਨ। -ਕਰਮ ਸਿੰਘ ਹਿਸਟੋਰੀਅਨ, ਗੁਰਪੁਰਬ ਨਿਰਣਯ, ਸਿਮਰਜੀਤ ਸਿੰਘ (ਸੰਪਾ.), ਪੰਨਾ ੬੦
ਹੁੰਦੀਆਂ ਹਨ। ਇਨ੍ਹਾਂ ਦੀ ਗਿਣਤੀ ਵਦੀ ਅਤੇ ਸੁਦੀ ਦੇ ਹਿਸਾਬ ਨਾਲ ੧੫-੧੫ ਹੁੰਦੀ ਹੈ। ਸਾਹਿਤ ਕੋਸ਼ ਅਨੁਸਾਰ ‘ਵਦੀ’ ਸ਼ਬਦ ਸੰਸਕ੍ਰਿਤ ਦੇ ‘ਬਹੁਲ’ ਦਾ ਤਦਭਵ ਰੂਪ ਹੈ। ਬਹੁਲ ਦਾ ਅਰਥ ਹੈ, ਕਾਲਾ। ਇਸ ਨੂੰ ਸ਼ਿਆਮ ਜਾਂ ਕ੍ਰਿਸ਼ਨ ਪਖ ਵੀ ਆਖਦੇ ਹਨ। ਪੰਜਾਬੀ ਵਿਚ ਇਸ ਨੂੰ ਹਨੇਰਾ ਪਖ ਕਿਹਾ ਜਾਂਦਾ ਹੈ। ‘ਸੁਦੀ’ ਸ਼ਬਦ ਸੰਸਕ੍ਰਿਤ ਦੇ ‘ਸ਼ੁਕਲ’ ਦਾ ਤਦਭਵ ਰੂਪ ਹੈ। ਸ਼ੁਕਲ ਦੇ ਅਰਥ ਹਨ, ਚਿੱਟਾ ਜਾਂ ਦਿਨ। ਪੰਜਾਬੀ ਵਿਚ ਇਸ ਨੂੰ ਚਾਨਣਾ ਪਖ ਆਖਿਆ ਜਾਂਦਾ ਹੈ। ਸੋ, ਵਦੀ ਸ਼ਬਦ ‘ਰਾਤ’ ਲਈ ਅਤੇ ਸੁਦੀ ਸ਼ਬਦ ਦਿਨ ਲਈ ਵਰਤਿਆ ਜਾਂਦਾ ਹੈ।
Bani Footnote ਰਤਨ ਸਿੰਘ ਜੱਗੀ (ਸੰਪਾ), ਸਾਹਿੱਤ ਕੋਸ਼, ਪਾਰਿਭਾਸ਼ਿਕ ਸ਼ਬਦਾਵਲੀ, ਪੰਨਾ ੪੭੭
ਇਥੇ ਇਹ ਵੀ ਜਿਕਰਜੋਗ ਹੈ ਕਿ ਏਕਮ ਤੋਂ ਚੌਦਸ ਤਕ ਇਨ੍ਹਾਂ ਦੋਵਾਂ ਪਖਾਂ ਦੀਆਂ ਥਿਤਾਂ ਦੇ ਨਾਮ ਸਮਾਨ ਹੁੰਦੇ ਹਨ, ਪਰ ਪੰਦਰਵੀਂ ਥਿਤ ਕ੍ਰਿਸ਼ਨ ਪਖ ਵਿਚ ਮੱਸਿਆ ਅਤੇ ਸ਼ੁਕਲ ਪਖ ਵਿਚ ਪੂਰਨਮਾਸ਼ੀ ਅਖਵਾਉਂਦੀ ਹੈ।

ਇਸ ਤਰ੍ਹਾਂ ਦੇਸੀ ਮਹੀਨਿਆਂ ਵਿਚ ਚੌਦਾਂ ਦਿਨਾਂ ਜਾਂ ਥਿਤਾਂ ਬਾਅਦ ਪੰਦਰਵੀਂ ਥਿਤ ਵਾਲੀ ਰਾਤ, ਜਦੋਂ ਪੂਰਾ ਚੰਦਰਮਾ ਦਿਖਾਈ ਦਿੰਦਾ ਹੈ ਤਾਂ ‘ਪੂਰਨਮਾਸ਼ੀ’ ਹੁੰਦੀ ਹੈ। ਫਿਰ ਪੰਦਰਾਂ ਦਿਨਾਂ ਬਾਅਦ ਜਦੋਂ ਚੰਦਰਮਾ ਬਿਲਕੁਲ ਨਹੀਂ ਦਿਸਦਾ ਤਾਂ ਮੱਸਿਆ (ਅਮਾਵਸਿਆ) ਹੁੰਦੀ ਹੈ। ਇਸ ਨੂੰ ਦੂਜੀ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈ ਕਿ ਮੱਸਿਆ ਤੋਂ ਬਾਅਦ ਚੰਦਰਮਾ ਸਹਿਜੇ-ਸਹਿਜੇ, ਇਕ-ਇਕ ਕਲਾ (ਥਿਤ) ਕਰਕੇ ਵਧਣਾ ਸ਼ੁਰੂ ਹੁੰਦਾ ਹੈ ਅਤੇ ਚੌਦਾਂ ਕਲਾਂ ਵਿਚ ਪੂਰਨ ਹੁੰਦਾ ਹੈ, ਜਿਸ ਨੂੰ ਪੂਰਨਮਾਸ਼ੀ ਕਹਿੰਦੇ ਹਨ। ਪੂਰਨਮਾਸ਼ੀ ਤੋਂ ਬਾਅਦ ਇਕ-ਇਕ ਕਲਾ ਕਰਕੇ ਘੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਆਖਰ ਮੱਸਿਆ ਦੀ ਰਾਤ ਨੂੰ ਬਿਲਕੁਲ ਅਲੋਪ ਹੋ ਜਾਂਦਾ ਹੈ।

ਥਿਤੀ ਕਾਵਿ-ਰੂਪ
‘ਥਿਤੀ’ ਇਕ ਕਾਵਿ-ਰੂਪ ਵੀ ਹੈ। ਕਾਵਿ-ਰੂਪ ਵਜੋਂ ਇਸ ਦਾ ਅਰਥ ਪੰਦਰਾਂ ਥਿਤਾਂ ’ਤੇ ਅਧਾਰਤ ਰਚਨਾ ਹੁੰਦਾ ਹੈ। ਇਸ ਵਿਚ ਚੰਦਰਮਾ ਦੀਆਂ ੧੫ ਥਿਤਾਂ ਕੇਂਦਰੀ ਸਥਾਨ ਗ੍ਰਹਿਣ ਕਰਦੀਆਂ ਹਨ। ਇਸ ਵਿਚ ਏਕਮ ਤੋਂ ਅਮਾਵਸ ਤਕ ਦੀਆਂ ਥਿਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
Bani Footnote ਡਾ. ਸਤਨਾਮ ਸਿੰਘ, ਗੁਰੂ ਅਰਜਨ ਬਾਣੀ-ਕਾਵਿ ਰੂਪ, ਨਾਨਕ ਪ੍ਰਕਾਸ਼ ਪਤ੍ਰਿਕਾ, ਡਾ. ਸਰਬਜਿੰਦਰ ਸਿੰਘ (ਸੰਪਾ.), ਜੂਨ ੨੦੦੬-ਅੰਕ ਪਹਿਲਾ, ਪੰਨਾ ੧੫੪
ਪਰ ਇਹ ਕੋਈ ਪੱਕਾ ਨਿਯਮ ਨਹੀਂ ਹੈ। ਇਸ ਵਿਚ ਅਮਾਵਸ ਤੋਂ ਬਾਅਦ ਵਾਲੀ ਏਕਮ ਤੋਂ ਪੂਰਨਮਾਸ਼ੀ ਤਕ ਦੀਆਂ ਥਿਤਾਂ ਨੂੰ ਵੀ ਅਧਾਰ ਬਣਾਇਆ ਜਾ ਸਕਦਾ ਹੈ। ਪਿਆਰਾ ਸਿੰਘ ਪਦਮ ਅਨੁਸਾਰ ਥਿਤੀ ਕਾਵਿ-ਰੂਪ ਦੀ ਸਭ ਤੋਂ ਪੁਰਾਣੀ ਰਚਨਾ ਗੋਰਖ ਨਾਥ ਦੇ ਨਾਂ ’ਤੇ ‘ਪੰਦ੍ਰਹ ਥਿਤੀ’ ਮਿਲਦੀ ਹੈ।
Bani Footnote ਪਿਆਰਾ ਸਿੰਘ ਪਦਮ, ਗੁਰੂ ਗ੍ਰੰਥ ਸੰਕੇਤ ਕੋਸ਼, ਪੰਨਾ ੧੯੬
ਗੋਰਖਬਾਣੀ ਵਿਚ ਪ੍ਰਾਪਤ ‘ਪੰਦ੍ਰਹ ਥਿਤੀ’ ਦੀ ਉਦਾਹਰਨ ਇਸ ਪ੍ਰਕਾਰ ਹੈ:
ਬੰਦੈ ਗੋਰਖ ਏਕੰਕਾਰ। ਪੰਦਰਹ ਤਿਥਿ ਕਾ ਕਰਹੂ ਵਿਚਾਰ ॥ਟੇਕ॥
ਅਮਾਵਸ ਦ੍ਰਿੜ ਆਸਣ ਹੋਏ। ਆਤਮ ਪਰਚੈ ਮਰੈ ਨ ਕੋਈ ॥
ਮੂਲ ਸਹਸ੍ਰਾਰ ਪਵਨਾ ਬਹੈ। ਬੰਕਨਾਲਿ ਤਬ ਬਹਤ ਰਹੈ ॥੧॥
Bani Footnote ਉਜਾਗਰ ਸਿੰਘ ਸਹਿਗਲ (ਸੰਪਾ. ਤੇ ਵਿਆਖਿਆਕਾਰ), ਗੋਰਖਬਾਣੀ (ਲਿਪੀਅੰਤਰਣ ਵਿਆਖਿਆ ਤੇ ਸੰਪਾਦਨ), ਪੰਨਾ ੨੦੪


ਗੁਰੂ ਗ੍ਰੰਥ ਸਾਹਿਬ ਵਿਚ ਥਿਤੀ ਕਾਵਿ-ਰੂਪ
ਗੁਰੂ ਗ੍ਰੰਥ ਸਾਹਿਬ ਵਿਚ ਰੁੱਤਾਂ, ਮਹੀਨਿਆਂ, ਥਿਤਾਂ, ਵਾਰਾਂ, ਦਿਨ-ਰਾਤ, ਪਹਿਰਾਂ ਆਦਿ ਉਪਰ ਅਧਾਰਤ ਬਾਣੀਆਂ ਵੀ ਮਿਲਦੀਆਂ ਹਨ, ਜਿਵੇਂ:
  • ਦੇਸੀ ਸਾਲ ਦੀਆਂ ੬ ਰੁਤਾਂ ’ਤੇ ਅਧਾਰਤ ‘ਰੁਤੀ।’
  • ਬਾਰਾਂ ਮਹੀਨਿਆਂ ’ਤੇ ਅਧਾਰਤ ‘ਬਾਰਹ ਮਾਹ।’
  • ਚੰਦਰਮਾ ਦੀ ਸਥਿਤੀ ਅਨੁਸਾਰ ਗਿਣੇ ਜਾਣ ਵਾਲੇ ਪਖਾਂ (ਵਦੀ ਤੇ ਸੁਦੀ) ਦੀਆਂ ਥਿਤਾਂ (ਤਰੀਕਾਂ) ’ਤੇ ਅਧਾਰਤ ‘ਥਿਤੀ।’
  • ਹਫਤੇ ਦੇ ਸਤ ਦਿਨਾਂ ’ਤੇ ਅਧਾਰਤ ‘ਵਾਰ ਸਤ।’
  • ਦਿਨ ਅਤੇ ਰਾਤ ’ਤੇ ਅਧਾਰਤ ‘ਦਿਨ ਰੈਣਿ।’
  • ਦਿਨ ਜਾਂ ਰਾਤ ਦੇ ਚਾਰ ਪਹਿਰਾਂ ’ਤੇ ਅਧਾਰਤ ‘ਪਹਰੇ।’
ਗੁਰੂ ਗ੍ਰੰਥ ਸਾਹਿਬ ਵਿਚ ‘ਥਿਤੀ’ ਸਿਰਲੇਖ ਹੇਠ ਤਿੰਨ ਬਾਣੀਆਂ ਦਰਜ ਹਨ:
ਲੜੀ ਨੰ. ਬਾਣੀ ਦਾ ਸਿਰਲੇਖ ਬਾਣੀਕਾਰ ਰਾਗ ਪੰਨਾ ਨੰ.
ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ਗੁਰੂ ਨਾਨਕ ਸਾਹਿਬ ਬਿਲਾਵਲ ੮੩੮-੮੪੦
ਥਿਤੀ ਗਉੜੀ ਮਹਲਾ ੫ ਗੁਰੂ ਅਰਜਨ ਸਾਹਿਬ ਗਉੜੀ ੨੯੬-੩੦੦
ਰਾਗੁ ਗਉੜੀ ਥਿਤੰੀ ਕਬੀਰ ਜੀ ਕੰੀ ਭਗਤ ਕਬੀਰ ਜੀ ਗਉੜੀ ੩੪੩-੩੪੪

ਮੱਸਿਆ (ਅਮਾਵਸ) ਅਤੇ ਪੁੰਨਿਆ (ਪੂਰਨਮਾਸ਼ੀ) ਨੂੰ ਛੱਡ ਕੇ ਚੰਦਰ-ਮਹੀਨੇ ਦੀ ਹਰੇਕ ਥਿਤ ਦਾ ਨਾਮ ਗਿਣਤੀ ਦੇ ਅਧਾਰ ’ਤੇ ਹੈ। ਉਪਰੋਕਤ ਬਾਣੀਆਂ ਵਿਚ ਇਹ ਗਿਣਤੀ ਇਕ ਤੋਂ ਲੈ ਕੇ ਚੌਦਾਂ ਤਕ ਇਕਸਾਰ ਚਲਦੀ ਹੈ। ਇਸ ਤੋਂ ਮਗਰੋਂ ਮੱਸਿਆ ਅਤੇ ਪੂਰਨਮਾਸ਼ੀ ਦਾ ਉਲੇਖ ਹੈ। ਪਰ ਵਿਚਾਰ ਅਧੀਨ ਬਾਣੀ ਮੱਸਿਆ ’ਤੇ ਹੀ ਜਾ ਕੇ ਸਮਾਪਤ ਹੋ ਜਾਂਦੀ ਹੈ। ਇਸ ਵਿਚ ਪੂਰਨਮਾਸ਼ੀ ਦਾ ਜਿਕਰ ਨਹੀਂ ਹੈ। ਰਤਨ ਸਿੰਘ ਜੱਗੀ ਅਨੁਸਾਰ ਇਸ ਬਾਣੀ ਵਿਚ ਗੁਰੂ ਸਾਹਿਬ ਕ੍ਰਿਸ਼ਨ ਪਖ (ਹਨੇਰਾ ਪਖ) ਦੀਆਂ ਥਿਤਾਂ ਦਾ ਚਿਤਰਣ ਕਰ ਰਹੇ ਹਨ। ਇਹ ਚਿਤਰਣ ਭਾਵਾਨੁਕੂਲ ਵੀ ਹੈ, ਕਿਉਂਕਿ ਸੰਸਾਰ ਅਗਿਆਨ ਰੂਪੀ ਕ੍ਰਿਸ਼ਨ ਪਖ (ਹਨੇਰੇ) ਵਿਚ ਪਥ-ਭ੍ਰਿਸ਼ਟ ਹੋਇਆ ਪਿਆ ਹੈ। ਗੁਰੂ ਦੀ ਸਿਖਿਆ ਅਤੇ ਉਪਦੇਸ਼ ਦੀ ਪੂਰਨਮਾਸ਼ੀ ਵਿਚ ਹੀ ਮਨੁਖ ਆਪਣੇ ਸਹੀ ਮਾਰਗ ਨੂੰ ਪ੍ਰਾਪਤ ਕਰ ਸਕਦਾ ਹੈ।
Bani Footnote ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ, ਭਾਗ ਦੂਜਾ, ਪੰਨਾ ੩੦


ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ ਅਤੇ ਲੋਕ-ਭਾਸ਼ਾ ਵਿਚ ਥਿਤਾਂ ਦੇ ਨਾਮ ਦੀ ਸਾਰਣੀ ਗਿ. ਹਰਿਬੰਸ ਸਿੰਘ ਜੀ ਨੇ ਇਸ ਤਰ੍ਹਾਂ ਦਿੱਤੀ ਹੈ:
Bani Footnote ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਚੌਥੀ, ਪੰਨਾ ੨੩੦

ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਭਗਤ ਕਬੀਰ ਜੀ ਲੋਕ-ਭਾਸ਼ਾ
ਏਕਮ ਏਕਮ ਪਰਿਵਾ ਏਕਮ/ਪਹਿਲਾ
ਦੂਜੀ ਦੁਤੀਆ ਦੁਤੀਆ ਦੂਜ
ਤ੍ਰਿਤੀਆ ਤ੍ਰਿਤੀਆ ਤ੍ਰਿਤੀਆ ਤੀਜ
ਚਉਥਿ ਚਤੁਰਥਿ ਚਉਥਹਿ ਚੌਥ
ਪੰਚਮੀ ਪੰਚਮਿ ਪਾਂਚੈ ਪੰਚਮੀ
ਖਸਟੀ ਖਸਟਮਿ ਛਠਿ ਛਠ
ਸਪਤਮੀ ਸਪਤਮਿ ਸਾਤੈਂ ਸਤੇ/ਸੱਤੋ
ਅਸਟਮੀ ਅਸਟਮੀ ਅਸਟਮੀ ਅੱਠੇ
ਨਉਮੀ ਨਉਮੀ ਨਉਮੀ ਨੌਮੀ
ਦਸਮੀ ਦਸਮੀ ਦਸਮੀ ਦਸਵੀਂ
ਏਕਾਦਸੀ ਏਕਾਦਸੀ ਏਕਾਦਸੀ ਏਕਾਦਸੀ
ਦੁਆਦਸਿ/ਦੁਆਦਸੀ ਦੁਆਦਸੀ ਬਾਰਸਿ ਦੁਆਦਸੀ
ਤੇਰਸਿ ਤ੍ਰਉਦਸੀ ਤੇਰਸਿ ਤ੍ਰੇਈ/ਤੇਰਾਂ
ਚਉਦਸਿ ਚਉਦਹਿ ਚਉਦਸਿ ਚੌਦਸ
ਅਮਾਵਸਿਆ ਅਮਾਵਸਿ ਅੰਮਾਵਸ ਮੱਸਿਆ
- ਪੂਰਨਮਾ ਪੂਨਿਉ ਪੁੰਨਿਆ/ਪੂਰਨਮਾਸੀ

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ
ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਰਾਗ ਬਿਲਾਵਲ ਵਿਚ ਉਚਾਰਣ ਕੀਤੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੩੮-੮੪੦ ਉਪਰ ਦਰਜ ਹੈ। ਇਸ ਬਾਣੀ ਦੀਆਂ ੨੦ ਪਉੜੀਆਂ ਹਨ। ਪਹਿਲੀ ਪਉੜੀ ਵਿਚ ਦੋ ਤੁਕਾਂ ਵਾਲਾ ਰਹਾਉ ਦਾ ਵੀ ਇਕ ਪਦਾ ਹੈ।

ਇਸ ਬਾਣੀ ਵਿਚ ਚੰਦਰਮਾ ਦੀ ਗਤੀ ਅਨੁਸਾਰ ਮੰਨੀਆਂ ਗਈਆਂ ਥਿਤਾਂ (ਤਰੀਕਾਂ) ਦਾ ਅਧਿਆਤਮਕ ਵਿਸ਼ਲੇਸ਼ਣ ਕੀਤਾ ਗਿਆ ਹੈ। ਲੋਕਾਈ ਦੇ ਭਰਮ ਦੂਰ ਕਰਨ ਲਈ ‘ਰਹਾਉ’ ਵਾਲੀਆਂ ਤੁਕਾਂ ਵਿਚ ਇਕ ਪਰਮਾਤਮਾ ਦੇ ਸਿਮਰਨ ਉਪਰ ਜੋਰ ਦਿੱਤਾ ਗਿਆ ਹੈ।
Bani Footnote ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਤੀਜੀ, ਪੰਨਾ ੮੩੮; ਪ੍ਰੋ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਛੇਵੀਂ, ਪੰਨਾ ੨੩੦


ਥਿਤਾਂ ਨਾਲ ਜੁੜੇ ਵਹਿਮ-ਭਰਮ
ਥਿਤਾਂ ਅਸਲ ਵਿਚ ਚੰਦਰਮਾ ਨਾਲ ਸੰਬੰਧਤ ਤਰੀਖਾਂ ਹਨ। ਪਰ ਜੋਤਸ਼ੀਆਂ ਨੇ ਇਨ੍ਹਾਂ ਦੇ ਨਾਲ ਵਹਿਮ-ਭਰਮ ਜੋੜ ਦਿੱਤੇ। ਜਿਵੇਂ, ਏਕਮ ਜਾਂ ਚੰਦਰ-ਮਹੀਨੇ ਦੀ ਪਹਿਲੀ ਅਤੇ ਸੋਲ੍ਹਵੀਂ ਥਿਤ ਨੂੰ ਪੜ੍ਹਨ-ਪੜ੍ਹਾਉਣ ਦੀ ਛੁੱਟੀ ਹੁੰਦੀ ਸੀ। ਪਰ ਇਸ ਨਾਲ ਇਹ ਵਹਿਮ ਜੋੜ ਲਿਆ ਗਿਆ ਕਿ ਜੇ ਕੋਈ ਵਿਅਕਤੀ ਏਕਮ ਵਾਲੇ ਦਿਨ ਪੜ੍ਹਾਈ ਕਰੇਗਾ ਤਾਂ ਉਸ ਨਾਲ ਵਿਦਿਆ ਰੁੱਸ ਜਾਵੇਗੀ।
Bani Footnote ਭਾਈ ਵੀਰ ਸਿੰਘ, ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਡਾ. ਬਲਬੀਰ ਸਿੰਘ (ਸੰਪਾ.) ਪੋਥੀ ਚਉਥੀ, ਪੰਨਾ ੧੭੭੯
ਇਸ ਤਰ੍ਹਾਂ ਕੁਝ ਥਿਤਾਂ ਸ਼ੁਭ ਅਤੇ ਕੁਝ ਅਸ਼ੁਭ ਮੰਨੀਆਂ ਜਾਣ ਲੱਗੀਆਂ। ਜਿਵੇਂ, ਇਕਾਦਸ਼ੀ ਤੇ ਪੂਰਨਮਾਸ਼ੀ ਸ਼ੁਭ ਅਤੇ ਮੱਸਿਆ ਅਸ਼ੁਭ ਮੰਨੀ ਜਾਂਦੀ ਹੈ।

ਥਿਤਾਂ ਦੀ ਇਸ ਮਾਨਤਾ ਦੇ ਅਧਾਰ ’ਤੇ ਕੀਤੇ ਜਾਣ ਵਾਲੇ ਕਰਮ-ਕਾਂਡਾਂ ਵਿਚੋਂ ਪੂਰਨਮਾਸ਼ੀ ਦੇ ਵਰਤ ਰਖਣ ਸੰਬੰਧੀ ਗਿਆਨੀ ਹਰਿਬੰਸ ਸਿੰਘ ਦਾ ਵਿਚਾਰ ਹੈ ਕਿ ਵਰਤਮਾਨ ਸਮੇਂ ਵਿਚ ਪੂਰਨਮਾਸ਼ੀ ਦਾ ਵਰਤ ਰਖਣ ਵਾਲਿਆਂ ਦੀ ਗਿਣਤੀ ਦਿਨ ਬ-ਦਿਨ ਵਧਦੀ ਜਾ ਰਹੀ ਹੈ। ਇਹ ਬੀਮਾਰੀ ਗੁਰਦੁਆਰਿਆਂ ਵਿਚ ਵੀ ਧਸ ਗਈ ਹੈ। ਕਥਾ ਪੂਰਨਮਾਸ਼ੀ ਪੜ੍ਹਨ ਦੀ ਵਾਦੀ ਇਥੋਂ ਤਕ ਵਧ ਗਈ ਹੈ ਕਿ ਬੀਬੀਆਂ ਗੁਰਦੁਆਰਿਆਂ ਵਿਚ ਵਿਸ਼ੇਸ਼ ਪ੍ਰੋਗਰਾਮ ਕਰਨ ਲੱਗ ਪਈਆਂ ਹਨ। ਪੂਰਨਮਾਸ਼ੀ ਦੀ ਕਲਪਤ ਕਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਦਯਾ ਸਿੰਘ ਨਾਲ ਜੋੜਨਾ, ਮਹਾਂ ਮੂੜ੍ਹਤਾ ਹੈ। ‘ਗੁਰੂ ਨਾਨਕ ਦਰਪਣ’ ਦੇ ਕਰਤਾ ਨੇ ਨਿਜੀ ਜਾਣਕਾਰੀ ਦੇ ਅਧਾਰ ਤੇ ਇਹ ਦੱਸਿਆ ਹੈ ਕਿ ਪੂਰਨਮਾਸ਼ੀ ਦੀ ਕਥਾ ਦੇ ਤਿੰਨ ਰੂਪ ਮਿਲਦੇ ਹਨ, ਇਕ ਛੰਦਾਬੰਦੀ ਵਿਚ, ਦੂਜਾ ਵਾਰਤਕ ਵਿਚ, ਤੀਜਾ ਬਾਰ੍ਹਾਂ ਮਹੀਨਿਆਂ ਦੀਆਂ ਕਥਾਵਾਂ ਵਿਚ। ਇਹ ਕਥਾ ਸਭ ਤੋਂ ਪਹਿਲਾਂ ਸੰਤ ਪੂਰਨ ਸਿੰਘ, ਪਿੰਡ ਬਲਕਸਰ, ਤਹਿਸੀਲ ਚਕਵਾਲ, ਜਿਲਾ ਜਿਹਲਮ ਵਾਲੇ ਨੇ ਲਿਖੀ ਸੀ, ਫਿਰ ਉਸ ਨੇ ਆਪ ਹੀ ਸੰਨ ੧੯੦੯ ਵਿਚ ਪਿੰਡ ਮੁਰੀਦ, ਤਹਿਸੀਲ ਚਕਵਾਲ (ਜਿਹਲਮ) ਵਿਚ ਖਾਲਸਾ ਦੀਵਾਨ ਸਮੇਂ ਆਪਣੀ ਭੁੱਲ ਉੱਤੇ ਸ਼ਰਮਸਾਰ ਹੋ ਕੇ ਬਾਹਵਾਂ ਉੱਚੀਆਂ ਕਰ ਕੇ ਹੇਠ ਲਿਖੇ ਸ਼ਬਦਾਂ ਰਾਹੀਂ ਖਿਮਾ ਮੰਗੀ ਸੀ: ਦੁਹਾਈ ਰੱਬ ਦੀ, ਦੁਹਾਈ ਰੱਬ ਦੀ, ਮੈਂ ਜੋ ਕੁਝ ਕੀਤਾ ਅਨਰਥ ਕੀਤਾ, ਮੈਂ ਕੁਫਰ ਤੋਲਿਆ, ਲੋਕੋਂ ਮੈਂ ਕੁਫਰ ਤੋਲਿਆ।
Bani Footnote ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਣ ਨਿਰਣੈ ਸਟੀਕ, ਪੋਥੀ ਚੌਥੀ, ਪੰਨਾ ੨੫੫