ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਆਸਾ ਰਾਗ ਨੂੰ ਤਰਤੀਬ ਅਨੁਸਾਰ ਚਉਥਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ ਅਤੇ ਪੰਜ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੪੭ ਤੋਂ ੪੮੮ ਤਕ ਬਾਣੀ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੭੦, ਗੁਰੂ ਅੰਗਦ ਸਾਹਿਬ ਦੇ ੧੫, ਗੁਰੂ ਅਮਰਦਾਸ ਸਾਹਿਬ ਦੇ ੪੮, ਗੁਰੂ ਰਾਮਦਾਸ ਸਾਹਿਬ ਦੇ ੩੦, ਗੁਰੂ ਅਰਜਨ ਸਾਹਿਬ ਦੇ ੧੮੮, ਗੁਰੂ ਤੇਗਬਹਾਦਰ ਸਾਹਿਬ ਦਾ ੧, ਭਗਤ ਕਬੀਰ ਜੀ ਦੇ ੩੭, ਭਗਤ ਨਾਮਦੇਵ ਜੀ ਦੇ ੫, ਭਗਤ ਰਵਿਦਾਸ ਜੀ ਦੇ ੬, ਭਗਤ ਧੰਨਾ ਜੀ ਅਤੇ ਬਾਬਾ ਫਰੀਦ ਜੀ ਦੇ ੨-੨ ਸ਼ਬਦ ਸ਼ਾਮਲ ਹਨ।

ਗੁਰਮਤਿ ਸੰਗੀਤ ਵਿਚ ਆਸਾ ਰਾਗ ਬਹੁਤ ਮਹੱਤਵਪੂਰਨ ਹੈ। ਇਸ ਰਾਗ ਦੀਆਂ ਮਧੁਰ ਸੁਰਾਂਵਲੀਆਂ, ਪੰਜਾਬ ਦੀ ਧਰਤੀ ਦੇ ਕਣ-ਕਣ ਵਿਚ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ‘ਆਸਾ ਕੀ ਵਾਰ’ ਦੇ ਰਾਹੀਂ ਪ੍ਰਵੇਸ਼ ਕਰਦੀਆਂ ਹਨ। ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿਚ ਸਮਾਉਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਂ ‘ਸੋ ਦਰੁ’ ਦੀ ਕੀਰਤੀ ਗਾਉਂਦੀਆਂ ਹਨ।
ਆਸਾ ਰਾਗ ਦੇ ਅਨੇਕ ਪ੍ਰਕਾਰ ਪ੍ਰਚਲਤ ਹਨ। ਪੁਰਾਤਨ ਸਮਿਆਂ ਵਿਚ ਰਾਗੀ ਸਿੰਘ ਇਸ ਰਾਗ ਨੂੰ ਵਖ-ਵਖ ਅੰਗਾਂ ਸਹਿਤ ਬਾਖੂਬੀ ਗਾਇਨ ਕਰਦੇ ਸਨ। ਜਿਵੇਂ ਕਿ ਪਹਾੜੀ ਅੰਗ ਨਾਲ, ਬਿਲਾਵਲ ਅੰਗ ਨਾਲ, ਕਲਿਆਣ ਅੰਗ ਨਾਲ ਅਤੇ ਕਾਫੀ ਅੰਗ ਨਾਲ। ਗੁਰੂ ਗ੍ਰੰਥ ਸਾਹਿਬ ਵਿਚ ਆਸਾ ਦੇ ਚਾਰ ਹੋਰ ਪ੍ਰਕਾਰ ਵੀ ਸ਼ਾਮਲ ਹਨ, ਜਿਵੇਂ ਰਾਗ ਆਸਾ ਕਾਫੀ, ਆਸਾਵਰੀ ਸੁਧੰਗ, ਆਸਾ ਆਸਾਵਰੀ, ਅਤੇ ਆਸਾਵਰੀ।
ਆਸਾ ਰਾਗ ਹਿੰਦੁਸਤਾਨੀ ਸੰਗੀਤ ਦੇ ਪ੍ਰਚਲਤ ਰਾਗਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਸੰਗੀਤਕ ਗ੍ਰੰਥਾਂ ਵਿਚ ਵੀ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਇਸ ਰਾਗ ਨਾਲ ਮਿਲਦਾ-ਜੁਲਦਾ ਰਾਗ ‘ਮਾਂਡ’ ਵੀ ਹੈ। ਆਸਾ ਰਾਗ ਤੇ ਮਾਂਡ ਰਾਗ ਵਿਚ ਸਵਰ ਬੇਸ਼ੱਕ ਉਹੀ ਪ੍ਰਯੋਗ ਹੁੰਦੇ ਹਨ, ਪਰ ਵਖੋ-ਵਖਰੇ ਚਲਣ ਕਾਰਣ ਇਹ ਰਾਗ ਇਕ ਦੂਜੇ ਤੋਂ ਭਿੰਨ ਹੋ ਜਾਂਦੇ ਹਨ। ਇਹ ਦੋਵੇਂ ਹੀ ਰਾਗ ਲੋਕ-ਧੁਨਾਂ ’ਤੇ ਅਧਾਰਤ ਮੰਨੇ ਜਾਂਦੇ ਹਨ।
ਆਸਾ ਰਾਗ ਦੀ ਤਾਸੀਰ ਭਗਤੀ ਰਸ ਵਾਲੀ ਹੈ। ਪਟਿਆਲਾ ਰਿਆਸਤ ਦੇ ਦਰਬਾਰੀ ਰਾਗੀ ਅਤੇ ਕਵੀ ਮਾਸਟਰ ਭਾਈ ਪ੍ਰੇਮ ਸਿੰਘ ‘ਰਤਨ ਸੰਗੀਤ ਭੰਡਾਰ’ ਵਿਚ ਲਿਖਦੇ ਹਨ ਕਿ ਰਾਗ ਆਸਾ, ਸਿਰੀ ਰਾਗੁ, ਮੇਘ ਰਾਗ ਅਤੇ ਮਾਰੂ ਰਾਗ ਦੇ ਸੁਮੇਲ ਤੋਂ ਪ੍ਰਾਪਤ ਹੁੰਦਾ ਹੈ। ਇਹ ਸੰਧੀ-ਪ੍ਰਕਾਸ਼ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜੋ ਸਵੇਰੇ ਅਤੇ ਸ਼ਾਮ ਨੂੰ ਗਾਇਆ ਤੇ ਵਜਾਇਆ ਜਾਂਦਾ ਹੈ। ਇਹ ਉਤ੍ਰਾਂਗ ਵਾਦੀ ਰਾਗ ਹੈ।
ਆਸਾ ਰਾਗ ਪੰਜਾਬ ਦਾ ਪ੍ਰਸਿੱਧ ਅਤੇ ਮਿੱਠਾ ਰਾਗ ਹੈ। ਗੁਰੂ ਨਾਨਕ ਸਾਹਿਬ ਤੋਂ ਕਾਫੀ ਸਮਾਂ ਪਹਿਲਾਂ ਪ੍ਰਚਲਤ ਹੋਈ ‘ਟੁੰਡੇ ਅਸਰਾਜੇ ਦੀ ਵਾਰ’ ਵੀ ਇਸ ਰਾਗ ਵਿਚ ਹੀ ਗਾਈ ਜਾਂਦੀ ਸੀ। ਗੁਰੂ ਨਾਨਕ ਸਾਹਿਬ ਤੋਂ ਪੂਰਬਲੇ ਭਗਤ ਬਾਣੀਕਾਰਾਂ ਦੀ ਬਾਣੀ ਵੀ ਇਸ ਰਾਗ ਵਿਚ ਰਚੀ ਹੋਣ ਕਾਰਣ ਇਹ ਤੱਥ ਸਥਾਪਤ ਹੋ ਜਾਂਦਾ ਹੈ ਕਿ ਇਹ ਰਾਗ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਹੀ ਪ੍ਰਚਲਤ ਸੀ। ਇਸ ਰਾਗ ਵਿਚ ਗਾਈਆਂ-ਸੁਣਾਈਆਂ ਜਾਂਦੀਆਂ ਲੋਕ-ਗਾਥਾਵਾਂ, ਗੀਤ, ਕਿੱਸੇ ਅਤੇ ਧੁਨਾਂ ਅਤਿਅੰਤ ਮਨਮੋਹਕ ਹਨ। ਆਪਣੀਆਂ ਖਾਸ ਵਿਸ਼ੇਸ਼ਤਾਵਾਂ ਕਰਕੇ ਇਹ ਰਾਗ ਕੀਰਤਨ ਪਰੰਪਰਾ ਤੋਂ ਇਲਾਵਾ, ਲੋਕ-ਸੰਗੀਤ, ਅਰਧ-ਸ਼ਾਸਤਰੀ ਸੰਗੀਤ ਅਤੇ ਫਿਲਮੀ ਸੰਗੀਤ ’ਤੇ ਵੀ ਛਾਇਆ ਹੋਇਆ ਹੈ।
ਸ੍ਰੀ ਵਿਮਲਕਾਂਤ ਰਾਏ ਚੌਧਰੀ ਨੇ ਹਿੰਦੁਸਤਾਨੀ ਸੰਗੀਤ ਦੇ ਰਾਗ ਆਸ਼ਾ ਦੇ ਦੋ ਸਰੂਪ ਦਿੱਤੇ ਹਨ। ਇਕ ਵਿਚ ਰੇ ਗਾ ਧਾ ਨੀ ਕੋਮਲ ਅਤੇ ਦੂਜੇ ਸਰੂਪ ਵਿਚ ਨੀ ਕੋਮਲ ਅਤੇ ਜਾਤੀ ਔੜਵ-ਸ਼ਾੜਵ ਦੱਸੀ ਹੈ। ਰਾਗ ਆਸ਼ਾ ਦਾ ਇਹ ਦੂਜਾ ਸਰੂਪ ਗੁਰਮਤਿ ਸੰਗੀਤ ਵਿਚ ਪ੍ਰਚਲਤ ਆਸਾ ਰਾਗ ਦੇ ਸਰੂਪ ਦੇ ਨੇੜੇ ਹੈ।

ਰਾਗ ਆਸਾ ਦਾ ਸਰੂਪ
ਥਾਟ: ਬਿਲਾਵਲ।
ਸਵਰ: ਸਾਰੇ ਸ਼ੁਧ।
ਵਰਜਿਤ ਸਵਰ: ਗਾ ਤੇ ਨੀ (ਅਰੋਹ ਵਿਚ)।
ਜਾਤੀ: ਔੜਵ-ਸੰਪੂਰਨ।
ਵਾਦੀ: ਮਧਿਅਮ।
ਸੰਵਾਦੀ: ਸ਼ੜਜ।
ਆਰੋਹ: ਸਾ, ਰੇ ਮਾ, ਪਾ, ਧਾ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ, ਮਾ, ਗਾ ਰੇ ਸਾ ਰੇ ਗਾ ਸਾ।
ਮੁੱਖ ਅੰਗ (ਪਕੜ): ਰੇ ਮਾ, ਪਾ, ਧਾ ਸਾ (ਤਾਰ ਸਪਤਕ), ਨੀ ਧਾ ਪਾ ਮਾ, ਗਾ ਸਾ ਰੇ ਗਾ ਸਾ।

ਗਾਇਨ ਸਮਾਂ
ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼।