
ਸੰਸਕ੍ਰਿਤ ਵਿਚ ਦੇਵਨਾਗਰੀ ਲਿਪੀ ਦੇ ਇਕ ਅੱਖਰ ’ਤੇ ਅਧਾਰਤ: ਏਕਾਕਸ਼ਰੀ।
ਸਿਧ ਮਾਤ੍ਰਿਕਾ ਲਿਪੀ ਦੇ ਚੌਂਤੀ ਅੱਖਰਾਂ ’ਤੇ ਅਧਾਰਤ: ਚੌਂਤੀਸੀ (ਕੰਨ ਪਾਟੇ ਨਾਥਾਂ ਦੀ ਕਵਿਤਾ)।
ਹਿੰਦੀ ਵਿਚ ਦੇਵਨਾਗਰੀ ਲਿਪੀ ਦੇ ਬਵੰਜਾ ਅੱਖਰਾਂ ’ਤੇ ਅਧਾਰਤ: ਬਾਵਨ-ਅੱਖਰੀ।
ਫਾਰਸੀ ਦੇ ਤੀਹ ਅੱਖਰਾਂ ’ਤੇ ਅਧਾਰਤ: ਸੀਹਰਫੀ।
ਪੰਜਾਬੀ ਵਿਚ ਜਿਥੇ ਦੂਜੀਆਂ ਕਾਵਿ-ਪਰੰਪਰਾਵਾਂ ਵਿਚੋਂ ਸੀਹਰਫੀ, ਚੌਂਤੀਸਾ, ਬਾਵਨ-ਅਖਰੀ ਆਦਿ ਲਿਪੀ ਅਧਾਰਤ ਕਾਵਿ-ਰੂਪ ਆਏ, ਉਥੇ ਇਸ ਦੀ ਆਪਣੀ ਲਿਪੀ (ਗੁਰਮੁਖੀ) ਅਧਾਰਤ ਪੱਟੀ ਜਾਂ ਪੈਂਤੀ ਅੱਖਰੀ ਆਦਿ ਮੌਲਿਕ ਕਾਵਿ-ਰੂਪ ਵੀ ਪ੍ਰਚਲਤ ਹੋਏ। ਪਿਆਰਾ ਸਿੰਘ ਪਦਮ ਨੇ ਇਨ੍ਹਾਂ ਰਚਨਾਵਾਂ ਦਾ ਪਿਛੋਕੜ ਸਿਧ ਮਾਤ੍ਰਿਕਾ ਲਿਪੀ ਨਾਲ ਜੋੜਿਆ ਹੈ।

ਪੁਰਾਣੇ ਸਮਿਆਂ ਵਿਚ ਵਿਦਿਆਰਥੀ ਸਕੂਲ ਵਿਚ ਲਿਪੀ ਦੇ ਅੱਖਰ, ਮੁਹਾਰਨੀ ਆਦਿ ਲਿਖਣ ਅਤੇ ਉਸ ਦਾ ਵਾਰ-ਵਾਰ ਅਭਿਆਸ ਕਰਨ ਲਈ ਫੱਟੀ ਅਥਵਾ ਲੱਕੜ ਦੀ ਤਖਤੀ ਦੀ ਵਰਤੋਂ ਕਰਦੇ ਸਨ। ਇਸ ਨੂੰ ‘ਪੱਟੀ’ ਵੀ ਕਿਹਾ ਜਾਂਦਾ ਸੀ। ਸ਼ਾਇਦ ਇਸੇ ਅਧਾਰ ’ਤੇ ਬਾਅਦ ਵਿਚ ਅਜਿਹੀ ਕਾਵਿ-ਰਚਨਾ ਨੂੰ ਪੱਟੀ ਕਿਹਾ ਜਾਣ ਲੱਗਾ, ਜਿਸ ਵਿਚ ਉਸ ਸਮੇਂ ਪ੍ਰਚਲਤ ਲਿਪੀ ਦੇ ਅੱਖਰਾਂ ਨੂੰ ਕ੍ਰਮ ਅਨੁਸਾਰ ਵਰਤ ਕੇ ਕਿਸੇ ਵਿਸ਼ੇ ਦੀ ਵਿਆਖਿਆ ਕੀਤੀ ਗਈ ਹੁੰਦੀ ਸੀ।
ਗੁਰੂ ਗ੍ਰੰਥ ਸਾਹਿਬ ਵਿਚ ਪੱਟੀ ਸਿਰਲੇਖ ਵਾਲੀਆਂ ਦੋ ਬਾਣੀਆਂ ਦਰਜ ਹਨ। ਇਨ੍ਹਾਂ ਵਿਚੋਂ ਪਹਿਲੀ ਬਾਣੀ ਗੁਰੂ ਨਾਨਕ ਸਾਹਿਬ (੧੪੬੯ ਈ.-੧੫੩੯ ਈ.) ਦੀ ਅਤੇ ਦੂਜੀ ਗੁਰੂ ਅਮਰਦਾਸ ਸਾਹਿਬ (੧੫੦੯ ਈ.-੧੫੭੪ ਈ.)


ਨਿਰਸੰਦੇਹ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਲਿਪੀ ਅਧਾਰਤ ਕਾਵਿ-ਰਚਨਾਵਾਂ ਲਿਖੀਆਂ ਜਾਂਦੀਆਂ ਸਨ। ਗੁਰੂ ਨਾਨਕ ਸਾਹਿਬ ਨੇ ਇਸ ਕਾਵਿ-ਪਰੰਪਰਾ ਦਾ ਅਨੁਸਰਣ ਕਰਦਿਆਂ ਉਸ ਸਮੇਂ ਪ੍ਰਚਲਤ ਅੱਖਰਾਂ ਨੂੰ ਅਧਾਰ ਬਣਾ ਕੇ ਪੱਟੀ ਬਾਣੀ ਦਾ ਉਚਾਰਣ ਕੀਤਾ। ਉਸ ਲਿਪੀ ਦੇ ਵਿਕਾਸ ਵਿਚ ਗੁਰੂ ਸਾਹਿਬਾਨ ਵੱਲੋਂ ਪਾਏ ਯੋਗਦਾਨ ਸਦਕਾ ਉਸ ਨੂੰ ‘ਗੁਰਮੁਖੀ’ ਕਿਹਾ ਜਾਣ ਲੱਗਾ।
ਪੰਜਾਬੀ ਵਿਚ ੧੦੦ ਕੁ ਪੈਂਤੀ ਅੱਖਰੀਆਂ ਜਾਂ ਪੱਟੀਆਂ ਲਿਖੀਆਂ ਮਿਲਦੀਆਂ ਹਨ।

ਗੁਰੂ ਗ੍ਰੰਥ ਸਾਹਿਬ ਵਿਚ ਪੱਟੀ ਤੋਂ ਇਲਾਵਾ ਲਿਪੀ ਅਧਾਰਤ ਕਾਵਿ-ਰੂਪਾਂ ਵਿਚ ਉਚਾਰਣ ਕੀਤੀਆਂ ਹੋਰ ਬਾਣੀਆਂ

ਗੁਰੂ ਅਮਰਦਾਸ ਸਾਹਿਬ ਦੁਆਰਾ ਰਾਗ ਆਸਾ ਵਿਚ ਉਚਾਰਣ ਕੀਤੀ ਪੱਟੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੩੪-੪੩੫ ਉਪਰ ਦਰਜ ਹੈ। ਇਸ ਵਿਚ ਦੋ-ਦੋ ਤੁਕਾਂ ਦੇ ੧੮ ਪਦੇ ਹਨ। ‘ਰਹਾਉ’ ਵਾਲਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਪੱਟੀ ਬਾਣੀ ਤੋਂ ਬਾਅਦ ਦਰਜ ਹੈ। ਇਹ ਬਾਣੀ ਗੁਰਮੁਖੀ ਤੇ ਨਾਗਰੀ ਲਿਪੀਆਂ ਦੇ ਅੱਖਰਾਂ ਸਮੇਤ ਕੁਝ ਨਿਵੇਕਲੇ ਅੱਖਰਾਂ ’ਤੇ ਅਧਾਰਤ ਹੈ।
ਪੱਟੀ ਬਾਣੀ ਦਾ ਸੰਖੇਪ ਭਾਵ
ਇਸ ਬਾਣੀ ਦੇ ‘ਰਹਾਉ’ ਵਾਲੇ ਬੰਦ ਵਿਚ ਇਸ ਦਾ ਮੂਲ ਭਾਵ ਦਰਸਾਇਆ ਗਿਆ ਹੈ। ਇਸ ਵਿਚ ਦੁਨਿਆਵੀ ਲੇਖੇ, ਭਾਵ ਦੁਨੀਆਵੀ ਹਿਸਾਬ-ਕਿਤਾਬ ਨੂੰ ਵਿਅਰਥ ਦੱਸਿਆ ਹੈ। ਬਾਕੀ ਪਦਿਆਂ ਵਿਚ ਜੀਵ ਨੂੰ ਵਿਅਰਥ ਦੀਆਂ ਸ਼ਾਬਦਕ ਕਲਾਬਾਜੀਆਂ ਵਿਚ ਪੈਣ ਦੀ ਬਜਾਏ ਪਰਮਾਤਮਾ ਦੀ ਸੱਚੀ ਭਗਤੀ ਕਰਨ ਦੀ ਪ੍ਰੇਰਣਾ ਦਿੱਤੀ ਹੈ। ਕਿਉਂਕਿ ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਲੱਗ ਕੇ ਹੀ ਮਨੁਖ ਦੁਨੀਆਵੀ ਹਿਸਾਬ-ਕਿਤਾਬ ਤੋਂ ਮੁਕਤ ਅਤੇ ਪ੍ਰਭੂ ਦੀ ਦਰਗਾਹ ਵਿਚ ਸੁਰਖਰੂ ਹੋ ਸਕਦਾ ਹੈ।
ਇਸ ਬਾਣੀ ਦੇ ਕੇਂਦਰ ਵਿਚ ਮਨੁਖ, ਪਾਂਧਾ ਤੇ ਗੁਰੂ ਹਨ। ਜਨਮ, ਮਨੁਖ ਦਾ ਆਦਿ ਹੈ ਅਤੇ ਮੌਤ ਉਸ ਦਾ ਅੰਤ ਹੈ। ਇਨ੍ਹਾਂ ਦੋਵਾਂ ਦੇ ਵਿਚਕਾਰਲੇ ਜੀਵਨ ਵਿਚ ਮਨੁਖ ਆਮ ਕਰਕੇ ਗੁਣਾਂ ਤੋਂ ਔਗੁਣਾਂ ਵੱਲ ਚਲਾ ਜਾਂਦਾ ਹੈ। ਇਸ ਗਿਰਾਵਟ ਦਾ ਕਾਰਣ ਪਾਂਧਾ ਜਾਂ ਅਧਿਆਪਕ ਹੈ, ਜਿਹੜਾ ਆਪ ਗਿਰਾਵਟ ਵਿਚ ਹੈ। ਪਾਂਧੇ ਦੀ ਗਿਰਾਵਟ ਦਾ ਕਾਰਣ ਉਸ ਦੇ ਆਪਣੇ ਜੀਵਨ ਵਿਚ ਗਿਰਾਵਟ ਅਤੇ ਮਰਿਆਦਾ ਦੀ ਘਾਟ ਹੈ। ਇਹ ਘਾਟ ਗੁਰੂ ਪੂਰੀ ਕਰਦਾ ਹੈ।

ਪੱਟੀ ਬਾਣੀ ਦਾ ਅੱਖਰ-ਕ੍ਰਮ ਅਤੇ ਅੱਖਰਾਂ ਦੀ ਗਿਣਤੀ
ਇਸ ਬਾਣੀ ਦਾ ਅੱਖਰ-ਕ੍ਰਮ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀ ਪੱਟੀ ਬਾਣੀ ਦੇ ਅੱਖਰ-ਕ੍ਰਮ ਅਤੇ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਅਜੋਕੀ ਤਰਤੀਬ ਨਾਲੋਂ ਵਖਰਾ ਹੈ। ਇਸ ਦੇ ਨਾਲ ਹੀ ਇਸ ਦੇ ਕੁਝ ਅੱਖਰ ਵੀ ਇਨ੍ਹਾਂ ਦੋਵਾਂ ਦੇ ਅੱਖਰਾਂ ਨਾਲੋਂ ਨਿਵੇਕਲੇ ਹਨ। ਇਸ ਬਾਣੀ ਦੇ ਅੱਖਰ, ਉਨ੍ਹਾਂ ਦਾ ਕ੍ਰਮ ਅਤੇ ਵਰਤੋਂ

ਭਾਈ ਵੀਰ ਸਿੰਘ ਦਾ ਵਿਚਾਰ ਹੈ ਕਿ ਇਸ ਬਾਣੀ ਦੀ ਸ਼ੁਰੂਆਤ ਦੇਵਨਾਗਰੀ ਵਰਣਮਾਲਾ ਦੀ ਰੀਤ ਅਨੁਸਾਰ ਹੋਈ ਹੈ।



ਇਸ ਬਾਣੀ ਦੇ ਅੱਖਰਾਂ ਦੀ ਗਿਣਤੀ ਨੂੰ ਲੈ ਕੇ ਵਿਦਵਾਨਾਂ ਵਿਚ ਮੱਤਭੇਦ ਪਾਇਆ ਜਾਂਦਾ ਹੈ। ਇਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
੧. | ਭਾਈ ਵੀਰ ਸਿੰਘ ਨੇ ‘ਅਯੋ ਅੰਙੈ’ ਨੂੰ ਅ, ਆ, ਇ, ਈ, ਉ, ਊ, ਏ, ਐ, ਓ, ਔ, ਅੰ, ਆਂ, ਭਾਵ ੧੨ ਅੱਖਰਾਂ ਦਾ ਸੰਕੇਤਕ ਮੰਨਿਆ ਹੈ, ਜਦਕਿ ਦੂਜੇ ਪਾਸੇ ਪ੍ਰੋ. ਸਾਹਿਬ ਸਿੰਘ ‘ਅਯੋ’ ਨੂੰ ਅ, ੲ, ੳ ਅਤੇ ‘ਅੰਙੈ’ ਨੂੰ ਅੰ, ਅ:, ਭਾਵ ਕੁਲ ੦੫ ਅੱਖਰਾਂ ਦਾ ਸੰਕੇਤਕ ਮੰਨਦੇ ਹਨ।![]() |
੨. | ਇਸ ਬਾਣੀ ਦੇ ਕੁਲ ੧੮ ਪਦੇ ਹਨ। ਇਨ੍ਹਾਂ ਵਿਚੋਂ ਕੁਝ ਪਦਿਆਂ ਵਿਚ ਇਕ ਤੋਂ ਜਿਆਦਾ ਅੱਖਰ ਹਨ। ਡਾ. ਮਹਿੰਦਰ ਕੌਰ ਗਿੱਲ ਨੇ ਇਨ੍ਹਾਂ ਪਦਿਆਂ ਦੇ ਪਹਿਲੇ ਅੱਖਰਾਂ ਨੂੰ ਹੀ ਇਸ ਬਾਣੀ ਦਾ ਅੱਖਰ-ਕ੍ਰਮ ਮੰਨਿਆ ਹੈ। ਇਨ੍ਹਾਂ ਦੀਆਂ ਦੂਜੀਆਂ ਸਤਰਾਂ ਵਿਚ ਆਏ ਅੱਖਰਾਂ ਨੂੰ ਨਜਰ-ਅੰਦਾਜ ਕੀਤਾ ਹੈ। ਉਨ੍ਹਾਂ ਅਨੁਸਾਰ ਇਸ ਬਾਣੀ ਦਾ ਅੱਖਰ-ਕ੍ਰਮ ਇਸ ਪ੍ਰਕਾਰ ਹੈ: ਅ, ਸ, ਬ, ਜ, ਭ, ਸ, ਮ, ਕ, ਤ, ਪ, ਭ, ਵ, ਝ, ਧ, ਗ, ਹ, ਰ, ਤ।![]() |
੩. | ਡਾ. ਬਲਬੀਰ ਸਿੰਘ ਦਿਲ ਅਨੁਸਾਰ ਇਸ ਬਾਣੀ ਵਿਚ ਗੁਰਮੁਖੀ ਵਰਣਮਾਲਾ ਦੇ ੨੩ ਅੱਖਰ ਮਿਲਦੇ ਹਨ। ਇਨ੍ਹਾਂ ਵਿਚ ‘ਕ’ ਅਤੇ ‘ਗ’ ਦੀ ਵਰਤੋਂ ਦੋ ਵਾਰ ਹੋਣ ਕਰਕੇ ਇਨ੍ਹਾਂ ਦੀ ਗਿਣਤੀ ੨੫ ਹੋ ਜਾਂਦੀ ਹੈ: ਅ, ੲ, ੳ, ਕ, ਖ, ਗ, ਘ, ਙ, ਨ, ਛ, ਬ, ਜ, ਸ, ਮ, ਕ, ਘ, ਦ, ਪ, ਭ, ਵ, ਝ, ਧ, ਗ, ਹ ਅਤੇ ਰ।![]() |
੪. | ਸੁਰਿੰਦਰ ਸਿੰਘ ਕੋਹਲੀ ਨੇ ਇਸ ਬਾਣੀ ਦੇ ‘ਅ, ੲ, ੳ, ਅੰ, ਅ:, ਕ, ਖ, ਗ, ਘ, ਙ, ਰਿ, ਰੀ, ਲਿ, ਲੀ, ਛ, ਬ, ਜ, ਸ, ਮ, ਕ, ਤ, ਥ, ਘ, ਪ, ਭ, ਵ, ਝ, ਧ, ਗ, ਹ, ਅ’ ੩੧ ਅੱਖਰ ਮੰਨੇ ਹਨ।![]() |
੫. | ਡਾ. ਬਲਜਿੰਦਰ ਸਿੰਘ ਨੇ ਇਸ ਬਾਣੀ ਦੇ ਅੱਖਰਾਂ ਨੂੰ ਗੁਰਮੁਖੀ ਅਤੇ ਦੇਵਨਾਗਰੀ ਲਿਪੀਆਂ ਦੇ ਅਧਾਰ ’ਤੇ ਵਰਗੀਕ੍ਰਿਤ ਕੀਤਾ ਹੈ। ਉਨ੍ਹਾਂ ਅਨੁਸਾਰ ਇਸ ਬਾਣੀ ਵਿਚ ਓ, ਅ, ੲ, ਸ, ਹ, ਕ, ਖ, ਗ, ਘ, ਙ, ਛ, ਜ, ਝ, ਤ, ਥ, ਦ, ਧ, ਨ, ਪ, ਬ, ਭ, ਮ, ਰ, ਲ, ਵ ਇਹ ੨੫ ਅੱਖਰ ਗੁਰਮੁਖੀ ਦੇ ਅਤੇ ਰਿ, ਰੀ, ਲਰੀ, ਅੰ, ਅ: ਆਦਿ ਪੰਜ ਅੱਖਰ ਦੇਵਨਾਗਰੀ ਲਿਪੀ ਦੇ ਹਨ।![]() |
੬. | ਡਾ. ਰਤਨ ਸਿੰਘ ਜੱਗੀ ਦਾ ਮੱਤ ਹੈ ਕਿ ਇਸ ਬਾਣੀ ਵਿਚ ਜੇ ‘ਅਯੋ’ ਨੂੰ ੳ, ਅ, ੲ ਦਾ ਸੂਚਕ ਮੰਨ ਲਿਆ ਜਾਵੇ ਅਤੇ ‘ਅੰਙੈ’ ਤੋਂ ‘ਙ’ ਅਤੇ ‘ਲਲੀ’ ਤੋਂ ‘ਲ’ ਵਰਣ ਵੱਲ ਸੰਕੇਤ ਹੋਇਆ ਸਮਝ ਲਿਆ ਜਾਵੇ, ਤਾਂ ਵੀ ਗਿਆਰਾਂ ਅੱਖਰਾਂ (ਖ, ਚ, ਞ, ਟ, ਠ, ਡ, ਢ, ਣ, ਫ, ਯ, ੜ) ਦਾ ਉਲੇਖ ਨਹੀਂ ਹੋਇਆ। ਕਈ ਵਿਦਵਾਨ ‘ਕਾਖੈ ਘੰਙੈ’ ਨੂੰ ‘ਕਵਰਗ’ ਸੂਚਕ ਮੰਨਦੇ ਹਨ, ਪਰ ਇਸ ਬਾਣੀ ਵਿਚ ‘ਖ’ ਨੂੰ ਛੱਡ ਕੇ ‘ਕਵਰਗ’ ਦੇ ਬਾਕੀ ਅੱਖਰਾਂ ਦਾ ਸੁਤੰਤਰ ਚਿਤਰਣ ਹੋਇਆ ਹੈ। ਇਸ ਲਈ ਇਹ ਮਾਨਤਾ ਸਹੀ ਨਹੀਂ ਜਾਪਦੀ। ਬਾਕੀ ਦੇ ੨੫ ਅੱਖਰਾਂ ਦਾ ਉਚਾਰਣ ਗੁਰਮੁਖੀ ਲਿਪੀ ਅਨੁਸਾਰ ਹੈ।![]() |
ਸਾਡੇ ਅਨੁਸਾਰ ਇਸ ਬਾਣੀ ਵਿਚ ਕੁੱਲ ੩੩ ਅੱਖਰਾਂ ਦੀ ਵਰਤੋਂ ਹੋਈ ਹੈ। ਇਸ ਬਾਣੀ ਵਿਚ ਆਏ ‘ਸਿਧੰਙਾਇਆ’ ਸੰਬੰਧੀ ਵਖ-ਵਖ ਵਿਚਾਰ ਮਿਲਦੇ ਹਨ। ਭਾਈ ਵੀਰ ਸਿੰਘ, ਪ੍ਰੋ. ਸਾਹਿਬ ਸਿੰਘ ਆਦਿ ਵਿਦਵਾਨ ਇਹ ਮੰਨਦੇ ਹਨ ਕਿ ਇਸ ਨੂੰ ਬੱਚੇ ਦੀ ਫੱਟੀ ਉੱਤੇ ਪਾਂਧੇ ਪਹਿਲਾਂ ਮੰਗਲ, ਭਾਵ ਸ਼ੁਭ-ਕਾਮਨਾਵਾਂ ਦੇ ਰੂਪ ਵਿਚ ਲਿਖਦੇ ਸਨ, ਜਿਸ ਦਾ ਭਾਵ ਹੁੰਦਾ ਸੀ ਕਿ ਪੜ੍ਹਨ ਵਾਲੇ ਨੂੰ ਵਿੱਦਿਆ ਵਿਚ ਸਫਲਤਾ ਪ੍ਰਾਪਤ ਹੋਵੇ।

ਡਾ. ਗੋਬਿੰਦ ਨਾਥ ਰਾਜਗੁਰੂ ਅਨੁਸਾਰ ‘ਸਿਧੰਙਾਇਆ’ ਵਰਣਮਾਲਾ ਦਾ ਹੀ ਨਾਮ ਹੈ। ਉਨ੍ਹਾਂ ਅਨੁਸਾਰ ਸ, ਧ, ਙ ਕ੍ਰਮ ਸਾਡੀਆਂ ਅਨੇਕ ਲਿਪੀਆਂ ਵਿਚ ਮਿਲਦਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ‘ਪਟੀ’ ਅਤੇ ‘ਓਅੰਕਾਰ’ ਵਿਚ ਵਰਣਾਂ ਦਾ ਕ੍ਰਮ ਸ, ਧ, ਙ ਹੀ ਹੈ।

ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥ -ਗੁਰੂ ਗ੍ਰੰਥ ਸਾਹਿਬ ੪੩੪
ਇਸ ਬਾਣੀ ਵਿਚ ਆਏ ਅੱਖਰਾਂ ਦੀ ਗਿਣਤੀ ਨੂੰ ਇਸ ਪ੍ਰਕਾਰ ਸਮਝਿਆ ਜਾ ਸਕਦਾ ਹੈ:
ਲੜੀ ਨੰਬਰ | ਅੱਖਰਾਂ/ਅੱਖਰ-ਜੁੱਟਾਂ ਦੇ ਵਰਤੇ ਗਏ ਕਾਰਕੀ ਰੂਪ | ਅਜੋਕਾ ਗੁਰਮੁਖੀ ਰੂਪ/ਚਿੰਨ੍ਹ/ਵਿਸਤਾਰ | ਅੱਖਰਾਂ ਦੀ ਗਿਣਤੀ |
੧ | ਅਯੋ | ਅ, ੲ, ੳ | ੦੩ |
੨ | ਅੰਙੈ | ਅੰ, ਅ: | ੦੨ |
੩ | ਕਾਖੈ | ਕ, ਖ | ੦੨ |
੪ | ਘੰਙੈ | ਗ, ਘ, ਙ | ੦੩ |
੫ | ਰੀਰੀ | ਰਿ, ਰੀ | ੦੨ |
੬ | ਲਲੀ | ਲਿ, ਲੀ | ੦੨ |
੭ | ਨੰਨੈ, ਛਛੈ, ਬਬੈ, ਜਜੈ, ਸਸੈ, ਮੰਮੈ, ਕਕੈ, ਤਤੈ, ਥਥੈ, ਘਘੈ, ਦਦੈ, ਪਪੈ, ਭਭੈ, ਵਵੈ, ਝਝੈ, ਧਧੈ, ਗਗੈ, ਹਾਹੈ, ਰਾਰੈ | ਨ, ਛ, ਬ, ਜ, ਸ, ਮ, ਕ, ਤ, ਥ, ਘ, ਦ, ਪ, ਭ, ਵ, ਝ, ਧ, ਗ, ਹ, ਰ | ੧੯ |
ਕੁੱਲ ਅੱਖਰ | ੩੩ |