ਸੰਤ ਕਿਰਪਾਲ ਸਿੰਘ ਨੇ ਇਸ ਪਾਂਧੇ ਨੂੰ ਗੋਇੰਦਵਾਲ ਦਾ ਰਹਿਣ ਵਾਲਾ ਦੱਸਿਆ ਹੈ। ਉਨ੍ਹਾਂ ਅਨੁਸਾਰ ਕਪਟੀ ਹੋਣ ਕਰਕੇ ਇਹ ਪਾਂਧਾ ਵਿਦਿਆਰਥੀਆਂ ਨੂੰ ਵੀ ਖੋਟੀ ਸਿਖਿਆ ਹੀ ਦਿੰਦਾ ਸੀ। ਇਸ ਨੇ ਇਕ ਲੜਕੀ ਦਾ ਵਿਆਹ ਕਰਵਾਉਣ ਵੇਲੇ ਉਸ ਵਿਚੋਂ ਵੱਢੀ ਖਾਧੀ ਸੀ। ਇਸ ਦੇ ਅਜਿਹੇ ਕੰਮਾਂ ਬਾਰੇ ਸੁਣ ਕੇ ਗੁਰੂ ਸਾਹਿਬ ਨੇ ਇਹ ਬਾਣੀ ਉਚਾਰੀ।
ਇਸ ਸਾਖੀ ਨੂੰ ਸੰਤ ਹਰੀ ਸਿੰਘ ‘ਰੰਧਾਵੇ ਵਾਲੇ’ ਨੇ ਵਿਸਥਾਰ ਨਾਲ ਚਿਤਰਦਿਆਂ ਪਾਂਧੇ ਦੇ ਪੜ੍ਹਾਉਣ ਦੇ ਕਾਰਜ ਤੋਂ ਇਲਾਵਾ ਵਿਆਹਾਂ ਵਿਚ ਵਿਚੋਲਗੀ ਕਰਨ ਅਤੇ ਝੂਠ ਮਾਰ ਕੇ ਪੈਸੇ ਖਾਣ ਆਦਿ ਦਾ ਵੇਰਵਾ ਵੀ ਦਿੱਤਾ ਹੈ। ਇਸ ਸਾਖੀ ਅਨੁਸਾਰ ਪਾਂਧੇ ਦਾ ਅਜਿਹਾ ਝੂਠ ਫੜਿਆ ਗਿਆ ਅਤੇ ਉਸ ਨੂੰ ਫੜ ਕੇ ਗੁਰੂ ਅਮਰਦਾਸ ਸਾਹਿਬ ਕੋਲ ਲਿਆਂਦਾ ਗਿਆ। ਗੁਰੂ ਸਾਹਿਬ ਨੇ ਪਾਂਧੇ ਦੀ ਕਰਤੂਤ ਸੁਣ ਕੇ ਉਸ ਨੂੰ ਸਿਖਿਆ ਦਿੰਦਿਆਂ ਇਸ ਬਾਣੀ ਦਾ ਉਚਾਰਨ ਕੀਤਾ।
ਉਪਰੋਕਤ ਸਾਖੀ ਸਮੇਤ ਇਹ ਸੰਭਾਵਨਾ ਵੀ ਜਾਪਦੀ ਹੈ ਕਿ ਇਸ ਬਾਣੀ ਦਾ ਨਾਮ ‘ਪਟੀ’ ਹੋਣ ਕਰਕੇ ਸੁਭਾਵਕ ਹੀ ਇਸ ਦਾ ਸੰਬੰਧ ਪਾਂਧੇ ਨਾਲ ਜੁੜ ਗਿਆ ਅਤੇ ਇਸ ਬਾਣੀ ਦੀ ਵਿਆਖਿਆ ਲਈ ਸਿਰਜੇ ਬਿਰਤਾਂਤਕ ਜਤਨਾਂ ਵਜੋਂ ਇਹ ਸਾਖੀ ਪੈਦਾ ਹੋ ਗਈ। ਇਸ ਬਾਣੀ ਤੋਂ ਜੀਵ ਨੂੰ ਮਿਲਦੀ ਸਿਖਿਆ ਦੇ ਨਾਲ-ਨਾਲ ਤਤਕਾਲੀ ਅਧਿਆਪਨ ਦੀ ਝਲਕ ਵੀ ਮਿਲਦੀ ਹੈ। ਸਮਾਜ ਵਿਚ ਹਮੇਸ਼ਾ ਹੀ ਸਿਖਿਆ-ਦਾਤੇ ਦਾ ਕਿਰਦਾਰ ਉਚੇਰਾ ਹੋਣ ਦੀ ਆਸ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਉਪਰੋਕਤ ਸਾਖੀ ਰਾਹੀਂ ਇਸ ਬਾਣੀ ਵਿਚੋਂ ਸਿਖਿਆ-ਦਾਤੇ ਅਤੇ ਸਿਖਿਆਰਥੀ, ਦੋਵਾਂ ਲਈ ਉਚੇਰੇ ਜੀਵਨ ਵੱਲ ਵਧਣ ਦਾ ਉਪਦੇਸ਼ ਉਭਾਰਿਆ ਗਿਆ ਹੈ।



