ਇਸੇ ਵਿਚਾਰ ਦੇ ਹੱਕ ਵਿਚ ਦਲੀਲ-ਉਸਾਰੀ ਕਰਦਿਆਂ ਭਾਈ ਵੀਰ ਸਿੰਘ ਲਿਖਦੇ ਹਨ ਕਿ ਇਸ ਬਾਣੀ ਦੇ ਸਿਰਲੇਖ ਵਿਚ ‘ਪਟੀ ਲਿਖੀ’ ਤੇ ‘ਮਹਲਾ ੧’ ਹੋਣਾ ਦੱਸਦਾ ਹੈ ਕਿ ਇਹ ਉਹੋ ਪੱਟੀ ਹੈ, ਜੋ ਗੁਰੂ ਨਾਨਕ ਸਾਹਿਬ ਨੇ ਪਾਂਧੇ ਦੀ ਮੁਹਾਰਨੀ ਵਾਲੀ ਪੱਟੀ ਪੜ੍ਹਦਿਆਂ, ਪਰਮਾਰਥਕ ਅਰਥਾਂ ਵਾਲੀ ਪੱਟੀ ਆਪ ਲਿਖੀ ਸੀ।
ਦੂਜੇ ਵਿਚਾਰ ਅਨੁਸਾਰ, ਇਸ ਬਾਣੀ ਦੀ ਰਚਨਾ ਗੁਰੂ ਸਾਹਿਬ ਨੇ ਆਪਣੀ ਪ੍ਰੌੜ ਅਵਸਥਾ ਵਿਚ ਕੀਤੀ। ਇਸ ਵਿਚਾਰ ਨੂੰ ਪੇਸ਼ ਕਰਦਿਆਂ ਡਾ. ਕਿਰਪਾਲ ਸਿੰਘ ਲਿਖਦੇ ਹਨ ਕਿ ਇਸ ਬਾਣੀ ਵਿਚ ਜੀਵਨ ਦੇ ਵਿਸ਼ਾਲ ਤਜਰਬੇ ਦਾ ਵਰਣਨ ਹੈ, ਜਿਵੇਂ; ‘ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ’ (ਗੁਰੂ ਗ੍ਰੰਥ ਸਾਹਿਬ, ੪੩੩) ‘ਨਾਨਕ ਸਾਇਰ ਇਵ ਕਹਿਆ’ (ਗੁਰੂ ਗ੍ਰੰਥ ਸਾਹਿਬ, ੪੩੪)। ਇਸ ਲਈ ਇਹ ਰਚਨਾ ਸੱਤ-ਅੱਠ ਸਾਲ ਦੀ ਛੋਟੀ ਉਮਰ ਵਿਚ ਨਹੀਂ ਹੋਈ ਜਾਪਦੀ।
ਇਸੇ ਪ੍ਰਕਾਰ ਦਾ ਵਿਚਾਰ ਪੇਸ਼ ਕਰਦਿਆਂ ਡਾ. ਰਤਨ ਸਿੰਘ ਜੱਗੀ ਲਿਖਦੇ ਹਨ ਕਿ ਇਕ ਤਾਂ ਜਨਮਸਾਖੀ-ਸਾਹਿਤ ਵਿਚ ਬਾਣੀਆਂ/ਸ਼ਬਦਾਂ ਦੀਆਂ ਉਥਾਨਕਾਵਾਂ ਸੰਬੰਧੀ ਦਿੱਤੀ ਗਈ ਜਾਣਕਾਰੀ ਭ੍ਰਾਂਤੀਪੂਰਣ ਹੈ। ਦੂਜਾ, ‘ਪੱਟੀ’ ਇਕ ਕਾਵਿ-ਰੂਪ ਹੈ। ਕਾਵਿ-ਪਰੰਪਰਾ ਦਾ ਅਨੁਸਰਣ ਕਰਦੇ ਹੋਏ ਹੀ ਗੁਰੂ ਨਾਨਕ ਸਾਹਿਬ ਨੇ ਇਸ ਕਾਵਿ-ਰੂਪ ਵਿਚ ਆਪਣੇ ਵਿਚਾਰ ਪ੍ਰਗਟਾਏ ਹਨ। ਇਸ ਲਈ ਇਸ ਨੂੰ ਪਾਂਧੇ ਵਾਲੇ ਪ੍ਰਸੰਗ ਨਾਲ ਸੰਬੰਧਤ ਕਰਨਾ ਉਚਿਤ ਪ੍ਰਤੀਤ ਨਹੀਂ ਹੁੰਦਾ। ਤੀਜਾ, ਜੇ ਪੱਟੀ ਲਿਖਣ ਦਾ ਸਮਾਂ ਗੁਰੂ ਨਾਨਕ ਸਾਹਿਬ ਦਾ ਬਾਲ-ਕਾਲ ਹੈ, ਤਾਂ ੭੦ ਵਰ੍ਹਿਆਂ ਦੀ ਉਮਰ ਵਿਚ ਗੁਰਤਾਗੱਦੀ ਉਪਰ ਬੈਠਣ ਵਾਲੇ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਣ ਕੀਤੀ ਬਾਣੀ ‘ਪੱਟੀ’ ਉਨ੍ਹਾਂ ਨੇ ਕਿਸ ਪਾਂਧੇ ਪ੍ਰਤੀ ਉਚਾਰਣ ਕੀਤੀ ਸੀ? ਚੌਥਾ, ਇਸ ਰਚਨਾ ਦੀ ਆਖਰੀ ਤੁਕ ਵਿਚ ਗੁਰੂ ਸਾਹਿਬ ਨੇ ਆਪਣੇ-ਆਪ ਨੂੰ ‘ਸਾਇਰ’ (ਸ਼ਾਇਰ/ਕਵੀ) ਕਿਹਾ ਹੈ। ਇਸ ਸ਼ਬਦ ਦੀ ਤਦ ਹੀ ਵਰਤੋਂ ਹੋ ਸਕਣੀ ਸੰਭਵ ਹੈ, ਜਦੋਂ ਗੁਰੂ ਸਾਹਿਬ ਦੀ ਕਾਵਿ-ਪ੍ਰਤਿਭਾ ਵਿਕਸਤ ਹੋ ਚੁੱਕੀ ਹੋਵੇਗੀ। ਪੰਜਵਾਂ, ਬਾਲ-ਕਾਲ ਦਾ ਸਰਲ ਨਿਰੂਪਣ ਵੀ ਇਸ ਰਚਨਾ ਵਿਚ ਕਿਤੇ ਨਹੀਂ ਮਿਲਦਾ। ਫਲਸਰੂਪ, ਇਹ ਬਾਲ-ਕਾਲ ਦੀ ਰਚਨਾ ਸਿਧ ਨਹੀਂ ਹੁੰਦੀ। ਅਸਲ ਵਿਚ ਪੰਡਿਤ ਨੂੰ ਸੰਬੋਧਨ ਕੀਤੇ ਜਾਣ ਕਾਰਣ ਹੀ ਇਸ ਪ੍ਰਕਾਰ ਦੀਆਂ ਉਥਾਨਕਾਵਾਂ ਕਲਪੀਆਂ ਗਈਆਂ ਹਨ। ਪੰਡਿਤ ਨੂੰ ਤਾਂ ਇਸ ਲਈ ਸੰਬੋਧਨ ਕੀਤਾ ਗਿਆ ਹੈ ਕਿਉਂਕਿ ਅੱਖਰ-ਬੋਧ ਉਸੇ ਤੋਂ ਹੁੰਦਾ ਹੈ।
ਡਾ. ਤਾਰਨ ਸਿੰਘ ਦਾ ਵੀ ਅਜਿਹਾ ਹੀ ਵਿਚਾਰ ਹੈ। ਉਹ ਲਿਖਦੇ ਹਨ ਕਿ ੧੫੨੧ ਤੋਂ ੧੫੩੯ ਈ. ਦੇ ਸਮੇਂ ਦੌਰਾਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਿਚ ਰਹੇ। ਪ੍ਰਤੀਤ ਹੁੰਦਾ ਹੈ ਕਿ ‘ਪੱਟੀ’ ਸਮੇਤ ਆਪ ਦੀਆਂ ਸਾਰੀਆਂ ਲੰਮੀਆਂ ਬਾਣੀਆਂ ਇਸ ਕਾਲ ਵਿਚ ਹੀ ਰਚੀਆਂ ਗਈਆਂ ਹਨ। ਕਿਉਂਕਿ ਲੰਮੀਆਂ ਬਾਣੀਆਂ ਦੀ ਰਚਨਾ ਲਈ ਟਿਕਾਅ ਦੀ ਲੋੜ ਸੀ। ਸਫਰ ਵਿਚ ਲੰਮੀ ਰਚਨਾ ਕਰਨਾ ਸੰਭਵ ਨਹੀਂ ਹੈ। ਇਨ੍ਹਾਂ ਰਚਨਾਵਾਂ ਵਿਚ ਵਿਸ਼ਾਲ ਗਿਆਨ, ਡੂੰਘੀ ਨੀਝ ਅਤੇ ਲੰਮੇ ਤਜਰਬੇ ਦੀ ਗਵਾਹੀ ਮਿਲਦੀ ਹੈ। ਇਨ੍ਹਾਂ ’ਤੇ ਬਜੁਰਗੀ ਦੀ ਛਾਪ ਹੈ। ਇਨ੍ਹਾਂ ਵਿਚ ਸਾਂਝੀਵਾਲਤਾ ਦਾ ਸੁਨੇਹਾ ਹੈ। ਦਾਰਸ਼ਨਕ ਪਖ ਤੋਂ ਇਹ ਅਹਿਮ ਹਨ।
ਇਸ ਬਾਣੀ ਦੇ ਉਚਾਰੇ ਜਾਣ ਦੇ ਪ੍ਰਸੰਗ ਵਿਚ ਵਖ-ਵਖ ਵਿਦਵਾਨਾਂ ਵੱਲੋਂ ਦਿੱਤੀਆਂ ਦਲੀਲਾਂ ਦੇ ਅਧਾਰ ’ਤੇ ਇਹ ਸੰਭਾਵਨਾ ਜਾਪਦੀ ਹੈ ਕਿ ਇਸ ਬਾਣੀ ਦਾ ਉਚਾਰਣ ਗੁਰੂ ਨਾਨਕ ਸਾਹਿਬ ਨੇ ਆਪਣੀ ਵਡੇਰੀ ਉਮਰ ਵਿਚ ਕਰਤਾਰਪੁਰ ਰਹਿੰਦਿਆਂ ਕੀਤਾ। ਪਰ ਦੂਜੇ ਪਾਸੇ ਜਨਮਸਾਖੀ ਸਾਹਿਤ ਦੀ ਉਥਾਨਕਾ ਨੂੰ ਵੀ ਸੰਪੂਰਨ ਰੂਪ ਵਿਚ ਰੱਦ ਨਹੀਂ ਕੀਤਾ ਜਾ ਸਕਦਾ। ਸਿਖ ਜਗਤ ਵਿਚ ਗੁਰੂ ਨਾਨਕ ਸਾਹਿਬ ਦੀ ਹਸਤੀ ਕੇਵਲ ਸ਼ਾਇਰ ਜਾਂ ਵਿਦਵਾਨ ਵਾਲੀ ਨਹੀਂ। ਉਹ ਗੁਰੂ ਹਨ ਅਤੇ ਗੁਰੂ ਜਾਹਰਾ ਰੂਪ ਵਿਚ ਕਰਨ-ਕਾਰਣ ਸਮਰੱਥ ਪਰਮਾਤਮਾ ਦਾ ਹੀ ਰੂਪ ਹੁੰਦਾ ਹੈ। ਇਸ ਲਈ ਇਸ ਬਾਣੀ ਦਾ ਪ੍ਰਕਾਸ਼ ਗੁਰੂ ਸਾਹਿਬ ਨੂੰ ਬਚਪਨ ਵਿਚ ਹੀ ਹੋਇਆ ਹੋਵੇ, ਇਹ ਕੋਈ ਵੱਡੀ ਗੱਲ ਨਹੀਂ। ਸੋ, ਇਸ ਬਾਣੀ ਦੇ ਉਚਾਰਣ-ਸਮੇਂ ਸੰਬੰਧੀ ਨਿਸ਼ਚਿਤ ਰੂਪ ਵਿਚ ਕੁਝ ਕਹਿਣਾ ਮੁਸ਼ਕਲ ਹੈ।



