ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਸਾਰੰਗ ਰਾਗ ਨੂੰ ਤਰਤੀਬ ਅਨੁਸਾਰ ਛੱਬੀਵਾਂ ਸਥਾਨ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦੇ ‘ਸਾਰੰਗ’ ਅਤੇ ‘ਸਾਰਗ’ ਦੋ ਸ਼ਬਦ-ਰੂਪ ਵਰਤੇ ਮਿਲਦੇ ਹਨ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੧੯੭ ਤੋਂ ੧੨੫੩ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੩੮, ਗੁਰੂ ਅੰਗਦ ਸਾਹਿਬ ਦੇ ੯, ਗੁਰੂ ਅਮਰਦਾਸ ਸਾਹਿਬ ਦੇ ੨੬, ਗੁਰੂ ਰਾਮਦਾਸ ਸਾਹਿਬ ਦੇ ੫੪, ਗੁਰੂ ਅਰਜਨ ਸਾਹਿਬ ਦੇ ੧੪੭, ਗੁਰੂ ਤੇਗ ਬਹਾਦਰ ਸਾਹਿਬ ਦੇ ੪, ਭਗਤ ਕਬੀਰ ਜੀ ਤੇ ਭਗਤ ਨਾਮਦੇਵ ਜੀ ਦੇ ਤਿੰਨ-ਤਿੰਨ ਅਤੇ ਭਗਤ ਸੂਰਦਾਸ ਜੀ ਤੇ ਭਗਤ ਪਰਮਾਨੰਦ ਜੀ ਦਾ ਇਕ-ਇਕ ਸ਼ਬਦ ਦਰਜ ਹੈ।
ਸਾਰੰਗ ਇਕ ਸ਼ਾਂਤ, ਸਰਲ, ਮਧੁਰ ਅਤੇ ਲੋਕ-ਪ੍ਰਿਅ ਰਾਗ ਹੈ। ਹਿੰਦੁਸਤਾਨੀ ਸੰਗੀਤ ਵਿਚ ਇਹ ਰਾਗ ਕਈ ਸਦੀਆਂ ਤੋਂ ਪ੍ਰਚਲਤ ਹੈ। ਪੰਜਾਬ ਅਤੇ ਰਾਜਸਥਾਨ ਦੇ ਲੋਕ ਗਾਇਕਾਂ ਦਾ ਇਹ ਬਹੁਤ ਪਿਆਰਾ ਰਾਗ ਹੈ। ਸਪੇਰੇ ਵੀ ਆਪਣੀ ਬੀਨ ਉਤੇ ਆਮ ਤੌਰ ’ਤੇ ਇਸੇ ਰਾਗ ਦੀਆਂ ਸੁਰਾਂ ਵਜਾਉਂਦੇ ਹਨ। ਅਨੇਕ ਲੋਕ ਗੀਤਾਂ ਦੀਆਂ ਧੁਨਾਂ ਇਸ ਰਾਗ ’ਤੇ ਅਧਾਰਤ ਹਨ।
ਮਾਹੀਆ! ਮੈਂ ਲੌਂਗ ਗਵਾ ਆਈ ਆਂ। ਸੋਹਣੀਏ! ਨੀ ਕਿੱਥੇ ਗਵਾ ਆਈ ਏਂ?
ਅਤੇ
ਮਾਏਂ ਨੀ ਮਾਏਂ ਤੇਰੀ ਲਾਡਲੀ, ਨੀ ਤੇਰੀ ਬਾਲੜੀ, ਚਲੀ ਮਾਰ ਉਡਾਰੀ।
ਹਿੰਦੁਸਤਾਨੀ ਸੰਗੀਤ ਪਰੰਪਰਾ ਵਿਚ ਸਾਰੰਗ ਰਾਗ ਨੂੰ ਬ੍ਰਿੰਦਾਬਨੀ ਸਾਰੰਗ ਵੀ ਆਖਿਆ ਜਾਂਦਾ ਹੈ। ਕੁਝ ਲੋਕਾਂ ਦਾ ਵਿਚਾਰ ਹੈ ਕਿ ਕ੍ਰਿਸ਼ਨ-ਲੀਲਾਵਾਂ ਲਈ ਜਾਣੇ ਜਾਂਦੇ ਬ੍ਰਿੰਦਾਬਨ (ਮਥੁਰਾ) ਵਿਚ ਸਾਰੰਗ ਰਾਗ ਬਹੁਤ ਲੋਕ ਪ੍ਰਿਅ ਹੈ। ਇਸੇ ਕਰਕੇ ਇਸ ਰਾਗ ਦਾ ਨਾਮ ਬ੍ਰਿੰਦਾਬਨੀ ਸਾਰੰਗ ਪੈ ਗਿਆ।
ਗੁਰਮਤਿ ਸੰਗੀਤ ਪਰੰਪਰਾ ਵਿਚ ਜਿਥੇ ਮਾਘੀ ਤੋਂ ਲੈ ਕੇ ਹੋਲੇ-ਮਹੱਲੇ ਤਕ ਕੀਰਤਨ ਕਰਦੇ ਸਮੇਂ ਬਸੰਤ ਰਾਗ ਦਾ ਗਾਇਨ ਕਰਨਾ ਲਾਜ਼ਮੀ ਹੈ, ਉਥੇ ਇਸ ਸਮੇਂ ਦੌਰਾਨ ਸਾਰੰਗ ਰਾਗ ਦਾ ਗਾਇਨ ਨਾ ਕੀਤੇ ਜਾਣ ਦੀ ਵੀ ਪਰੰਪਰਾ ਚਲੀ ਆ ਰਹੀ ਹੈ।
ਸਾਰੰਗ ਰਾਗ ਦੀ ਉਤਪਤੀ ਕਾਫੀ ਥਾਟ ਤੋਂ ਮੰਨੀ ਗਈ ਹੈ। ਬੇਸ਼ੱਕ ਕੁਝ ਵਿਦਵਾਨ ਇਸ ਨੂੰ ਖਮਾਜ ਥਾਟ ਦਾ ਰਾਗ ਵੀ ਮੰਨਦੇ ਹਨ, ਪਰ ਕਾਫੀ ਥਾਟ ਵਾਲਾ ਮਤ ਵਧੇਰੇ ਪ੍ਰਚਾਰ ਵਿਚ ਹੈ।
ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ।। ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ।। -ਗੁਰੂ ਗ੍ਰੰਥ ਸਾਹਿਬ ੧੪੩੦
ਵਰਤਮਾਨ ਸਮੇਂ ਵਿਚ ਸਾਰੰਗ ਨੂੰ ਕਾਫੀ ਥਾਟ ਤੋਂ ਜਨਮਿਆ ਔੜਵ-ਔੜਵ ਜਾਤੀ ਦਾ ਰਾਗ ਮੰਨਿਆ ਜਾਂਦਾ ਹੈ। ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਡਾ. ਗੁਰਨਾਮ ਸਿੰਘ ਅਤੇ ਰਾਗ ਨਿਰਣਾਇਕ ਕਮੇਟੀ ਨੇ ਇਸ ਰਾਗ ਦਾ ਔੜਵ ਜਾਤੀ ਵਾਲਾ ਪ੍ਰਚਲਤ ਸਰੂਪ ਹੀ ਦਿੱਤਾ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ:
ਰਾਗ ਸਾਰੰਗ ਦਾ ਸਰੂਪ
ਥਾਟ: ਕਾਫੀ।
ਸਵਰ: ਦੋਵੇਂ ਨਿਸ਼ਾਦ, ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਗੰਧਾਰ ਤੇ ਧੈਵਤ।
ਜਾਤੀ: ਔੜਵ-ਔੜਵ।
ਵਾਦੀ: ਰਿਸ਼ਭ।
ਸੰਵਾਦੀ: ਪੰਚਮ।
ਆਰੋਹ: ਸਾ, ਰੇ ਮਾ ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਪਾ, ਮਾ ਰੇ, ਨੀ (ਮੰਦਰ ਸਪਤਕ) ਸਾ।
ਮੁੱਖ ਅੰਗ (ਪਕੜ): ਨੀ (ਮੰਦਰ ਸਪਤਕ) ਸਾ ਰੇ, ਮਾ ਰੇ, ਪਾ ਮਾ ਰੇ, ਨੀ (ਮੰਦਰ ਸਪਤਕ) ਸਾ।
ਗਾਇਨ ਸਮਾਂ
ਦਿਨ ਦਾ ਤੀਜਾ ਪਹਿਰ।



