ਭਗਤ ਸੂਰਦਾਸ ਜੀ (੧੪੭੮-੧੫੮੩ ਈ.) ਉਨ੍ਹਾਂ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ੬ ਗੁਰੂ ਸਾਹਿਬਾਨ, ੧੫ ਭਗਤਾਂ, ੩ ਗੁਰ-ਸਿਖਾਂ ਅਤੇ ੧੧ ਭੱਟਾਂ ਦੀ ਬਾਣੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੀ ਕੇਵਲ ਇਕ ਤੁਕ ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਸ਼ਾਮਲ ਹੈ। ਇਹ ਤੁਕ ਰਾਗ ਸਾਰੰਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੨੫੩ ਉਪਰ ਦਰਜ ਹੈ। ਇਸ ਤੁਕ ਵਿਚ ਜਾਂ ਇਸ ਦੇ ਸਿਰਲੇਖ ਵਿਚ ਕਿਤੇ ਵੀ ਇਸ ਦੇ ਉਚਾਰਣ ਕਰਤਾ ਦਾ ਨਾਮ ਨਹੀਂ ਹੈ। ਪਰ ਸਿਖ ਵਿਦਵਾਨਾਂ ਨੇ ਇਸ ਨੂੰ ਭਗਤ ਸੂਰਦਾਸ ਜੀ ਦੀ ਮੰਨਿਆ ਹੈ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਜਿਲਦ ੪, ਪੰਨਾ ੨੫੫੨; ਸੰਤ ਕਿਰਪਾਲ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਟੀਕਾ, ਪੋਥੀ ਨੌਵੀਂ, ਪੰਨਾ ੨੬੬; ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਚੌਥੀ, ਪੰਨਾ ੧੨੫੩; ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੨੨੫; ਪ੍ਰੋ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਨੌਵੀਂ, ਪੰਨਾ ੧੨੯-੧੩੬; ਗਿ. ਗੁਰਦਿੱਤ ਸਿੰਘ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੪੧੩
ਗੁਰੂ ਗ੍ਰੰਥ ਸਾਹਿਬ ਵਿਚ ਭਗਤ ਸੂਰਦਾਸ ਜੀ ਦੀ ਇਸ ਤੁਕ ਤੋਂ ਬਾਅਦ ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰਣ ਕੀਤਾ ਹੋਇਆ
ਸ਼ਬਦ ਦਰਜ ਹੈ। ਇਸ ਸ਼ਬਦ ਦਾ ਸਿਰਲੇਖ ‘ਸਾਰੰਗ ਮਹਲਾ ੫ ਸੂਰਦਾਸ’ ਹੈ। ਮੰਨਿਆ ਜਾਂਦਾ ਹੈ ਕਿ ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਭਗਤ ਸੂਰਦਾਸ ਜੀ ਦੁਆਰਾ ਉਚਾਰਣ ਕੀਤੀ ਤੁਕ ਦੀ ਵਿਆਖਿਆ ਕੀਤੀ ਹੈ।
ਪ੍ਰੋ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਨੌਵੀਂ, ਪੰਨਾ ੧੨੯-੧੩੬
ਸੂਰਸਾਗਰ ਗ੍ਰੰਥ ਅਤੇ ਵਿਚਾਰ ਅਧੀਨ ਤੁਕ
ਸੂਰਸਾਗਰ ਗ੍ਰੰਥ ਭਗਤ ਸੂਰਦਾਸ ਜੀ ਦਾ ਮੰਨਿਆ ਜਾਂਦਾ ਹੈ। ਇਸ ਗ੍ਰੰਥ ਦੀਆਂ ਬਹੁਤ ਸਾਰੀਆਂ ਹੱਥ-ਲਿਖਤਾਂ ਅਤੇ ਪ੍ਰਕਾਸ਼ਤ ਛਾਪਾਂ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਵਖ-ਵਖ ਛਾਪਾਂ ਵਿਚ ਦਰਜ ਪਦਿਆਂ ਦੀ ਗਿਣਤੀ ਇਕ ਸਮਾਨ ਨਹੀ ਹੈ ਅਤੇ ਇਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਵੀ ਵਿਦਵਾਨ ਇਕਮਤ ਨਹੀਂ ਹਨ। ਇਹ ਇਸ਼ਾਰਾ ਬਹੁਤ ਸਾਰੇ ਵਿਦਵਾਨਾਂ ਨੇ ਕੀਤਾ ਹੈ ਕਿ ਸੂਰਸਾਗਰ ਗ੍ਰੰਥ ਵਿਚ ਭਗਤ ਸੂਰਦਾਸ ਜੀ ਦੇ ਨਾਮ ਉਪਰ ਬਹੁਤ ਸਾਰੀ ਬਾਹਰੀ ਰਚਨਾ ਦਰਜ ਹੈ।
ਕੈਨੀਥ ਈ. ਬ੍ਰਾਯੰਟ (ਸੰਪਾ.), ਸੂਰਦਾਸ ਸੁਰ’ਜ਼ ਓਸ਼ਨ: ਪੋਇਮਜ ਫਰਾਮ ਦਿ ਅਰਲੀ ਟਰਡੀਸ਼ਨ, ਜਾਨ ਸਟ੍ਰੈਟਨ ਹੌਲੇ (ਅਨੁ.), ਪੰਨਾ vii-xv; ਗਿ. ਗੁਰਦਿੱਤ ਸਿੰਘ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੪੧੩
‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਤੁਕ ਮਾਮੂਲੀ ਅੰਤਰ ਸਹਿਤ ਸੂਰਸਾਗਰ ਗ੍ਰੰਥ ਦੀਆਂ ਕੁਝ ਛਾਪਾਂ ਵਿਚ ਦਰਜ ਇਕ ਪਦੇ ਦੀ ਅਰੰਭਕ ਤੁਕ ਵੀ ਹੈ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਤ ਸੂਰਸਾਗਰ ਗ੍ਰੰਥ ਦੇ ਪੰਜਾਬੀ ਅਨੁਵਾਦ ‘ਸੂਰ ਰਚਨਾਵਲੀ’ ਵਿਚ ਦਿੱਤਾ ਗਿਆ ਇਸ ਪਦੇ ਦਾ ਪਾਠ ਇਸ ਪ੍ਰਕਾਰ ਹੈ:
ਰਾਗ ਸਾਰੰਗ
ਤਜੌ ਮਨ, ਹਰਿ ਬਿਮੁਖਨਿ ਕੌ ਸੰਗ।
ਜਿਨ ਕੈਂ ਸੰਗ ਕੁਮਤਿ ਉਪਜਤਿ ਹੈ, ਪਰਤ ਭਜਨ ਮੈਂ ਭੰਗ।
ਕਹਾ ਹੋਤ ਪਯ ਪਾਨ ਕਰਾਐਂ, ਬਿਸ਼ ਨਹਿੰ ਤਜਤ ਭੁਜੰਗ।
ਕਾਗਹਿੰ ਕਹਾ ਕਪੂਰ ਚੁਗਾਐਂ, ਸ੍ਵਾਨ ਨਵਾਐਂ ਗੰਗ।
ਖਰ ਕੋ ਕਹਾ ਅਰਗਜਾ ਲੇਪਨ ਮਰਕਟ ਭੂਸ਼ਨ ਅੰਗ।
ਗਜ ਕੋ ਕਹਾ ਸਰਿਤ ਅਨ੍ਹਵਾਐਂ, ਬਹੁਰਿ ਖਰੈ ਵਹ ਢੰਗ।
ਪਾਹਨ ਪਤਿਤ ਬਾਨ ਨਹਿੰ ਬੇਧਤ ਮੰਤੋ ਕਰਤ ਨਿਸੰਗ।
ਸੂਰਦਾਸ ਕਾਰੀ ਕਾਮਰਿ ਪੈ, ਚੜ੍ਹਤ ਨ ਦੂਜੌ ਰੰਗ।
ਸੂਰ ਰਚਨਾਵਲੀ, ਪੰਨਾ ੩੮
ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਵਿਚ ਇਸ ਤੁਕ ਦੀ ਸਥਿਤੀ
ਗੁਰੂ ਗ੍ਰੰਥ ਸਾਹਿਬ ਦੀ ਕਰਤਾਰਪੁਰੀ ਬੀੜ,
ਇਹ ਗੁਰੂ ਗ੍ਰੰਥ ਸਾਹਿਬ ਦੀ ਬਹੁ-ਚਰਚਿਤ ਬੀੜ ਹੈ। ਇਸ ਬਾਰੇ ਪ੍ਰਸਿੱਧ ਹੈ ਕਿ ਇਹ ਉਹੀ ਬੀੜ ਹੈ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਤੋਂ ੧੬੦੪ ਈ. ਵਿਚ ਲਿਖਵਾਇਆ ਸੀ। ਡਾ. ਰਤਨ ਸਿੰਘ ਜੱਗੀ (ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੫੪੨-੫੪੩) ਨੇ ਇਸ ਨੂੰ ਪ੍ਰਮਾਣਕ ਬੀੜ ਮੰਨਿਆ ਹੈ। ਪਰ ਜੀ. ਬੀ. ਸਿੰਘ (ਪ੍ਰਾਚੀਨ ਬੀੜਾਂ, ਪੰਨਾ ੯੧-੧੦੭ ਅਤੇ ੨੪੭-੨੭੩), ਪਿਆਰ ਸਿੰਘ (ਗਾਥਾ ਸ੍ਰੀ ਆਦਿ ਗ੍ਰੰਥ, ਪੰਨਾ ੨੦੦-੨੦੯) ਆਦਿ ਵਿਦਵਾਨਾਂ ਨੇ ਇਸ ਦੀ ਪ੍ਰਮਾਣਕਤਾ ਨੂੰ ਸ਼ੱਕੀ ਮੰਨਿਆ ਹੈ। ਡਾ. ਹਰਜਿੰਦਰ ਸਿੰਘ ਦਿਲਗੀਰ ਸਿੰਘ (ਨਵਾਂ ਮਹਾਨ ਕੋਸ਼, ਦਿਲਗੀਰ ਕੋਸ਼: ਜਿਲਦ ਦੂਜੀ, ਸ ਤੋਂ ਛ ਤਕ, ਪੰਨਾ ੭੮੦) ਅਨੁਸਾਰ ਅਸਲੀ ਕਰਤਾਰਪੁਰ ਵਾਲੀ ਬੀੜ ੧੭੫੭ ਈ. ਵਿਚ ਅਫਗਾਨਾਂ ਦੁਆਰਾ ਕੀਤੇ ਹਮਲੇ ਵਿਚ ਸੜ ਗਈ ਸੀ। ਜਿਸ ਸਰੂਪ ਨੂੰ ਕਰਤਾਪੁਰ ਵਾਲੀ ਬੀੜ ਕਿਹਾ ਜਾਂਦਾ ਹੈ, ਉਹ ਇਕ ਨਹੀਂ ਬਲਕਿ ਚਾਰ ਹਨ। ਦਰਅਸਲ ਇਹ ਸਾਰੀਆਂ ਬੀੜਾਂ ਭਾਈ ਬੰਨੋ ਵਾਲੀ ਬੀੜ ਦੀ ਨਕਲ ਹਨ। ਪਰ ਡਾ. ਗੁਰਸ਼ਰਨ ਜੀਤ ਸਿੰਘ (ਅਜੋਕੇ ਪ੍ਰਸੰਗ ਵਿਚ ਗੁਰੂ ਗ੍ਰੰਥ ਸਾਹਿਬ: ਪਰੰਪਰਾ ਅਤੇ ਇਤਿਹਾਸ, ਪੰਨਾ ੧੩੫) ਨੇ ਮਹਿੰਦਰ ਸਿੰਘ ਜੋਸ਼ ਦਾ ਜਿਹੜਾ ਹਵਾਲਾ ਦਿੱਤਾ ਹੈ, ਉਸ ਵਿਚ ਇਨ੍ਹਾਂ ਬੀੜਾਂ ਨੂੰ ਮੂਲ ਸਰੂਪ ਦੇ ਉਤਾਰੇ ਦਰਸਾਇਆ ਗਿਆ ਹੈ।
ਭਾਈ ਬੰਨੋ ਵਾਲੀ ਬੀੜ,
ਇਹ ਬੀੜ ਗੁਰੂ ਅਰਜਨ ਸਾਹਿਬ ਦੁਆਰਾ ਸੰਪਾਦਤ ਆਦਿ ਗ੍ਰੰਥ ਜਾਂ ਆਦਿ ਬੀੜ ਦਾ ਉਤਾਰਾ ਮੰਨੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਅਰਜਨ ਸਾਹਿਬ ਦੀ ਆਗਿਆ ਨਾਲ ਭਾਈ ਬੰਨੋ ਆਦਿ ਗ੍ਰੰਥ ਦੀ ਜਿਲਦਬੰਦੀ ਲਈ ਲਾਹੌਰ ਗਏ ਤਾਂ ਉਨ੍ਹਾਂ ਨੇ ਕੁਝ ਲਿਖਾਰੀਆਂ ਦੀ ਸਹਾਇਤਾ ਨਾਲ ਇਸ ਬੀੜ ਦਾ ਉਤਾਰਾ ਕਰ ਲਿਆ। ਇਸ ਵਿਚ ਮੂਲ ਨਾਲੋਂ ਕੁਝ ਵਾਧੂ ਬਾਣੀ ਵੀ ਲਿਖ ਲਈ। ਜਦੋਂ ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਬੀੜ ਨੂੰ ‘ਖਾਰੀ ਬੀੜ’ ਕਹਿ ਕੇ ਰੱਦ ਕਰ ਦਿੱਤਾ। ਡਾ. ਗੁਰਸ਼ਰਨ ਜੀਤ ਸਿੰਘ ਅਨੁਸਾਰ ਇਹ ਗੱਲ ਸਹੀ ਨਹੀਂ ਜਾਪਦੀ ਕਿਉਂਕਿ ਇੰਨੇ ਵੱਡ-ਅਕਾਰੀ ਗ੍ਰੰਥ ਦਾ ਉਤਾਰਾ ਦੋ- ਚਾਰ ਦਿਨਾਂ ਵਿਚ ਕਰਨਾ ਸੰਭਵ ਨਹੀਂ। ਅਸਲੀਅਤ ਇਹ ਹੈ ਕਿ ਭਾਈ ਬੰਨੋ ਦਾ ਪਿੰਡ ਖਾਰਾ ਸੀ। ਇਸ ਕਰਕੇ ਭਾਈ ਬੰਨੋ ਵਾਲੀ ਬੀੜ ਦਾ ਇਕ ਨਾਂ ‘ਖਾਰੇ ਵਾਲੀ’ ਜਾਂ ‘ਖਾਰੀ ਬੀੜ’ ਪ੍ਰਚਲਤ ਹੋ ਗਿਆ। ਇਹ ਬੀੜ ਕਾਨ੍ਹਪੁਰ (ਯੂ.ਪੀ.) ਦੇ ਜਵਾਹਰ ਨਗਰ ਗੁਰਦੁਆਰੇ ਵਿਚ ਪਈ ਦੱਸੀ ਜਾਂਦੀ ਹੈ। ਇਸ ਬੀੜ ਦੇ ਰਚੇ ਜਾਣ ਦਾ ਸੰਮਤ ੧੬੯੯ (੧੬੪੨ ਈ.) ਬੀੜ ਉਪਰ ਦਰਜ ਹੈ, ਜੋ ਕਿਸੇ ਨੇ ਕੱਟ ਕੇ ੧੬੫੯ (੧੬੦੨ ਈ.) ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਕਿ ਡਾ. ਗੁਰਸ਼ਰਨ ਜੀਤ ਸਿੰਘ ਨੇ ਆਪ ਇਸ ਬੀੜ ਦੇ ਦਰਸ਼ਨ ਨਹੀਂ ਕੀਤੇ ਪਰ ਉਨ੍ਹਾਂ ਨੇ ਇਸ ਬੀੜ ਬਾਰੇ ਕਾਫੀ ਸੂਚਨਾ ਦਿੱਤੀ ਹੈ, ਜਿਵੇਂ ਇਸ ਬੀੜ ਵਿਚ ਗੁਰੂ ਅਰਜਨ ਸਾਹਿਬ ਦਾ ਨਿਸ਼ਾਨ ਹੋਣ ਦੀ ਸੂਚਨਾ ਆਦਿ। - ਡਾ. ਗੁਰਸ਼ਰਨ ਜੀਤ ਸਿੰਘ, ਅਜੋਕੇ ਪ੍ਰਸੰਗ ਵਿਚ ਗੁਰੂ ਗ੍ਰੰਥ ਸਾਹਿਬ: ਪਰੰਪਰਾ ਅਤੇ ਇਤਿਹਾਸ, ਪੰਨਾ ੧੩੫-੧੩੬
ਗੁਰੂ ਹਰਿ ਸਹਾਇ ਵਾਲੀ ਪੋਥੀ
ਇਹ ਪੋਥੀ ਫਿਰੋਜ਼ਪੁਰ (ਪੰਜਾਬ) ਜਿਲ੍ਹੇ ਦੇ ਪਿੰਡ ਗੁਰੂ ਹਰਿ ਸਹਾਇ ਦੇ ਸੋਢੀ ਪਰਵਾਰ ਕੋਲ ਸੁਰੱਖਿਅਤ ਸੀ। ਇਸ ਨੂੰ ਗੁਰੂ ਨਾਨਕ ਸਾਹਿਬ ਦੇ ਸਮੇਂ ਵਿਚ ਤਿਆਰ ਹੋਈ ਕਿਹਾ ਜਾਂਦਾ ਸੀ। ਗੁਰੂ ਅਰਜਨ ਸਾਹਿਬ ਤੋਂ ਬਾਅਦ ਇਹ ਪੋਥੀ ਉਨ੍ਹਾਂ ਦੇ ਵੱਡੇ ਭਰਾ ਪਿਰਥੀ ਚੰਦ ਦੇ ਪਰਵਾਰ ਕੋਲ ਰਹੀ। ੧੯੭੦ ਵਿਚ ਜਸਵੰਤ ਸਿੰਘ ਸੋਢੀ ਕੋਲੋਂ ਰੇਲ ਦੇ ਸਫਰ ਦੌਰਾਨ ਚੋਰੀ ਹੋ ਗਈ। -ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਵਿਸ਼ਵਕੋਸ਼, ਭਾਗ ਪਹਿਲਾ, ਪੰਨਾ ੪੨੩
ਅਤੇ ਕੁਝ ਹੋਰ ਹੱਥ-ਲਿਖਤ ਬੀੜਾਂ ਵਿਚ ਇਸ ਤੁਕ ਦੀ ਸਥਿਤੀ ਵਖੋ-ਵਖਰੀ ਹੈ। ਉਦਾਹਰਣ ਵਜੋਂ ਹੱਥ-ਲਿਖਤ ੦੭, ਪੰਨਾ ੫੯੨, ਹੱਥ-ਲਿਖਤ ੦੮, ਪੰਨਾ ੫੩੧ ਵਿਚ ਭਗਤ ਸੂਰਦਾਸ ਜੀ ਦੀ ਵਿਚਾਰ ਅਧੀਨ ਤੁਕ ਦਰਜ ਨਹੀਂ ਹੈ। ਹੱਥ-ਲਿਖਤ ੦੨, ਪੰਨਾ ੪੭੧, ਹੱਥ-ਲਿਖਤ ੦੫, ਪੰਨਾ ੬੧੦ ਅਤੇ ਹੱਥ-ਲਿਖਤ ੧੨, ਪੰਨਾ ੪੧੬-੧੭ ਵਿਚ ਇਸ ਤੁਕ ਦੇ ਨਾਲ ਪੂਰਾ ਪਦਾ ਦਿੱਤਾ ਹੋਇਆ ਹੈ।
ਗਿ. ਗੁਰਦਿੱਤ ਸਿੰਘ ਨੇ ਗੁਰੂ ਹਰਿ ਸਹਾਇ ਵਾਲੀ ਪੋਥੀ ਵਿਚ ਭਗਤ ਸੂਰਦਾਸ ਦੀ ਇਸ ਤੁਕ ਜਾਂ ਪਦੇ ਦਾ ਜਿਕਰ ਨਹੀਂ ਕੀਤਾ। ਪ੍ਰੰਤੂ ਉਨ੍ਹਾਂ ਨੇ ਮਦਨ ਮੋਹਨ ਸੂਰਦਾਸ ਦੇ ਕਿਸੇ ਹੋਰ ਪਦੇ ਦੀ ਗੱਲ ਕੀਤੀ ਹੈ, ਜਿਹੜਾ ਭਾਵਾਂ ਪਖੋਂ ਇਸ ਪਦੇ ਨਾਲ ਮਿਲਦਾ ਹੈ:
ਉਹ ਕੁਛ ਚੇਤ ਬਾਵਰੇ ਲੋਗ॥੧॥ ਰਹਾਉ॥
ਜਾਕੇ ਕਹਿਤ ਸਭੇ ਸੁਖੀ ਤਾਕੋ ਬਿਖੈ ਅਭੋਗ॥
ਜਿਉ ਗਜ ਧੂਰ ਉਡਾਵਤ ਸਿਰ ਪਰ ਤਾਕੋ ਕਹਿਤ ਅਰੋਗ।
ਦੁਖਦਾਈ ਕੁਟੰਬ ਕੋ ਹੈ ਆਖਤ ਭੂਲ ਸੰਜੋਗ।
ਸੂਰਦਾਸ ਮਦਨ ਮੋਹਨ ਭਜਿਲੈ, ਇਹੋ ਤੁਹਾਰੋ ਜੋਗ।
ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੫੪੯-੫੫੦
ਬਲਵੰਤ ਸਿੰਘ ਢਿਲੋਂ ਅਤੇ ਪਿਸ਼ੌਰਾ ਸਿੰਘ ਨੇ ਗਿ. ਗੁਰਦਿੱਤ ਸਿੰਘ ਦੇ ਹਵਾਲੇ ਨਾਲ ਉਪਰੋਕਤ ਸੂਚਨਾ ਦਿੱਤੀ ਹੈ।
ਬਲਵੰਤ ਸਿੰਘ ਢਿਲੋਂ, ਅਰਲੀ ਸਿਖ ਸਕਰਿਪਚੁਰਲ ਟਰੈਡੀਸ਼ਨ: ਮਿਥ ਐਂਡ ਰੀਅਲਟੀ, ਪੰਨਾ ੭੧; ਪਸ਼ੌਰਾ ਸਿੰਘ, ਦੀ ਗੁਰੂ ਗਰੰਥ ਸਾਹਿਬ: ਕੈਨਨ, ਮੀਨਿੰਗ ਐਡ ਅਥੌਰਿਟੀ, ਪੰਨਾ ੩੪
ਕਰਤਾਰਪੁਰੀ ਬੀੜ ਸੰਬੰਧੀ ਪ੍ਰੋ. ਸਾਹਿਬ ਸਿੰਘ ਲਿਖਦੇ ਹਨ ਕਿ ਇਸ ਬੀੜ ਵਿਚ ਭਗਤ ਸੂਰਦਾਸ ਜੀ ਦੀ ਕੇਵਲ ਇਹ ਤੁਕ ਦਰਜ ਹੈ। ਉਹ ਬਿਨਾਂ ਨਾਮ ਲਏ ਕਿਸੇ ਅਜਿਹੇ ਸੱਜਣ ਦਾ ਜਿਕਰ ਵੀ ਕਰਦੇ ਹਨ, ਜਿਸ ਨੇ ਲਿਖਿਆ ਹੈ ਕਿ ਕਰਤਾਰਪੁਰ ਵਾਲੀ ਬੀੜ ਵਿਚ ਭਗਤ ਜੀ ਦਾ ਸਾਰਾ ਸ਼ਬਦ ਪ੍ਰਾਪਤ ਸੀ, ਪਰ ਇਸ ਤੁਕ ਨੂੰ ਛੱਡ ਕੇ ਬਾਕੀ ਉਪਰ ਹੜਤਾਲ ਫੇਰੀ (ਕਲਮ ਨਾਲ ਮੇਟਣ ਦੀ ਕੋਸ਼ਿਸ਼) ਹੋਈ ਹੈ। ਸ਼ਾਇਦ ਗਲਤੀ ਨਾਲ ਇਹ ਤੁਕ ਬਚ ਗਈ। ਇਸ ਦਾ ਭਾਵ ਇਹ ਹੈ ਕਿ ਉਹ ਸੱਜਣ ਇਸ ਤੁਕ ਨੂੰ ਇਸ ਬੀੜ ਵਿਚ ਵਾਧੂ ਜਾਂ ਬੇਲੋੜਾ ਮੰਨਦਾ ਹੈ। ਪਰ ਪ੍ਰੋ. ਸਾਹਿਬ ਸਿੰਘ ਅਨੁਸਾਰ ਇਸ ਬੀੜ ਵਿਚ ਬਾਕੀ ਦੇ ਪਦੇ ਜਾਂ ਹੜਤਾਲ ਫੇਰੀ ਦਾ ਇਸ ਬੀੜ ਵਿਚ ਕੋਈ ਨਿਸ਼ਾਨ ਨਹੀਂ ਹੈ।
ਪ੍ਰੋ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਨੌਵੀਂ, ਪੰਨਾ ੧੨੯-੧੩੬
ਭਾਈ ਜੋਧ ਸਿੰਘ ਵੀ ਇਹੀ ਲਿਖਦੇ ਹਨ ਕਿ ਇਸ ਬੀੜ ਵਿਚ ਇਹ ਇਕ ਤੁਕ ਹੀ ਦਰਜ ਹੈ ਅਤੇ ਹੜਤਾਲ ਫੇਰੀ ਨਹੀਂ ਹੋਈ। ਪਰ ਉਹ ਇਹ ਵੀ ਲਿਖਦੇ ਹਨ ਕਿ ਇਸ ਇਕ ਤੁਕ ਤੋਂ ਅੱਗੇ ਚਾਰ ਤੁਕਾਂ ਦੀ ਖਾਲੀ ਥਾਂ ਹੈ।
ਭਾਈ ਜੋਧ ਸਿੰਘ, ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ, ਪੰਨਾ ੧੧੩
ਡਾ. ਗੁਰਸ਼ਰਨ ਜੀਤ ਸਿੰਘ ਚਾਰ ਤੁਕਾਂ ਦੀ ਛੱਡੀ ਗਈ ਖਾਲੀ ਥਾਂ ਦਾ ਇਹ ਭਾਵ ਲੈਂਦੇ ਹਨ ਕਿ ਲਿਖਾਰੀ ਕੋਲ ਦਰਜ ਕਰਨ ਲਈ ਪੂਰਾ ਸ਼ਬਦ ਨਹੀਂ ਸੀ।
ਡਾ. ਗੁਰਸ਼ਰਨ ਜੀਤ ਸਿੰਘ, ਅਜੋਕੇ ਪ੍ਰਸੰਗ ਵਿਚ ਗੁਰੂ ਗ੍ਰੰਥ ਸਾਹਿਬ: ਪਰੰਪਰਾ ਅਤੇ ਇਤਿਹਾਸ ਪੰਨਾ ੧੩੫-੧੩੬
ਗਿ. ਗੁਰਦਿੱਤ ਸਿੰਘ ਲਿਖਦੇ ਹਨ ਕਿ ਆਦਿ ਬੀੜ (ਕਰਤਾਰਪੁਰੀ ਬੀੜ) ਦੀਆਂ ਕਈ ਨਕਲਾਂ ਵਿਚ ਇਕੋ ਤੁਕ ਮਿਲਦੀ ਹੈ। ਕੁਝ ਲਿਖਾਰੀਆਂ ਤੋਂ ਇਕ ਤੁਕ ਵੀ ਰਹਿ ਗਈ ਜਾਂ ਛੱਡੀ ਗਈ। ਕੁਝ ਨੇ ਬੀੜਾਂ ਵਿਚ ਜਿਥੇ ਪਹਿਲਾਂ ਪੂਰਾ ਪਦਾ ਲਿਖਿਆ ਸੀ, ਉਸ ਉੱਤੇ ਪਿਛੋਂ ਹੜਤਾਲ ਫੇਰ ਦਿੱਤੀ ਸੀ।
ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੪੧੩
ਡਾ. ਅਮਰ ਸਿੰਘ ਲਿਖਦੇ ਹਨ ਕਿ ਭਾਈ ਬੰਨੋ ਵਾਲੀ ਬੀੜ ਅਤੇ ਇਸ ਦੇ ਉਤਾਰਿਆਂ ਵਿਚ ਇਸ ਤੁਕ ਦੇ ਹੋਰ ਪਦੇ ਵੀ ਮਿਲਦੇ ਹਨ।
ਡਾ. ਅਮਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਦੇ ਦਰਸ਼ਨ (ਵਿਵਰਨਾਤਮਿਕ ਸੂਚੀ), ਭਾਗ-ਪਹਿਲਾ, ਪੰਨਾ ੨੭੮
ਇਸ ਬੀੜ ਅਤੇ ਇਸ ਦੇ ਉਤਾਰਿਆਂ ਵਿਚ ਮਿਲਦੇ ਪੂਰੇ ਪਦੇ ਬਾਰੇ ਡਾ. ਪਿਆਰ ਸਿੰਘ ਦਾ ਮੱਤ ਹੈ ਕਿ ਇਕ ਤੁਕ ਮੂਲ ਲਿਖਾਰੀ ਦੀ ਲਿਖੀ ਹੋਈ ਹੈ। ਬਾਕੀ ਪਦਾ ਕਿਸੇ ਹੋਰ ਹੱਥ ਦਾ ਲਿਖਿਆ ਹੋਇਆ ਹੈ।
ਪਿਆਰ ਸਿੰਘ, ਗਾਥਾ ਸ੍ਰੀ ਆਦਿ ਗ੍ਰੰਥ, ਪੰਨਾ ੨੪੩
ਜਿਨ੍ਹਾਂ ਬੀੜਾਂ ਵਿਚ ਇਹ ਪਦਾ ਪੂਰਾ ਲਿਖਿਆ ਮਿਲਦਾ ਹੈ, ਉਨ੍ਹਾਂ ਵਿਚ ਇਸ ਦੇ ਪਾਠ ਭੇਦ ਵੀ ਮਿਲਦੇ ਹਨ।
ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੪੧੩; ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਨੌਵੀਂ, ਪੰਨਾ ੨੬੧
ਕੇਵਲ ਇਕ ਤੁਕ ਦਰਜ ਕਰਨ ਦੇ ਕਾਰਣ
ਆਮ ਤੌਰ ’ਤੇ ਇਹ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਸੂਰਦਾਸ ਜੀ ਦੀ ਕੇਵਲ ਇਕ ਤੁਕ ਹੀ ਦਰਜ ਹੋਣ ਦੇ ਕੀ ਕਾਰਣ ਹਨ? ਇਸ ਸੰਬੰਧੀ ਸੰਪਰਦਾਈ ਵਿਆਖਿਆਕਾਰਾਂ, ਗਿ. ਗੁਰਬਚਨ ਸਿੰਘ ਭਿੰਡਰਾਂਵਾਲੇ, ਪੰਡਿਤ ਨਰੈਣ ਸਿੰਘ, ਸੰਤ ਹਰੀ ਸਿੰਘ ‘ਰੰਧਾਵੇ ਵਾਲੇ’ ਆਦਿ ਦਾ ਵਿਚਾਰ ਹੈ ਕਿ ਜਦੋਂ ਭਗਤ ਸੂਰਦਾਸ ਜੀ ਗੁਰੂ ਅਰਜਨ ਸਾਹਿਬ ਦੇ ਸਨਮੁਖ ਸ਼ਬਦ (ਪਦਾ) ਉਚਾਰ ਰਹੇ ਸਨ ਤਾਂ ਇਹ ਤੁਕ ਉਚਾਰਣ ਤੋਂ ਬਾਅਦ ਆਪ ਜੀ ਦੀ ਸਮਾਧੀ ਲੱਗ ਗਈ।
ਗਿ. ਗੁਰਬਚਨ ਸਿੰਘ ਭਿੰਡਰਾਂਵਾਲੇ, ਗੁਰਬਾਣੀ ਪਾਠ ਦਰਪਣ, ਪੰਨਾ ੫੭੬; ਪੰਡਿਤ ਨਰੈਣ ਸਿੰਘ ਜੀ ਗਿਆਨੀ ਮੁਜੰਗ (ਲਾਹੌਰ), ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਭਗਤ ਬਾਣੀ ਸਟੀਕ, ਪੰਨਾ ੩੧੬; ਸੰਤ ਹਰੀ ਸਿੰਘ ‘ਰੰਧਾਵੇ ਵਾਲੇ’, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਸਟੀਕ ਗੁਰਬਾਣੀ ਅਰਥ ਭੰਡਾਰ, ਪੋਥੀ ਦਸਵੀਂ, ਪੰਨਾ ੮੩੭
ਇਸ ਕਾਰਣ ਇਕ ਤੁਕ ਹੀ ਦਰਜ ਹੋਈ।
ਸ਼ਬਦਾਰਥੀ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਵਾਲੀ ਤੁਕ ਤੋਂ ਬਿਨਾਂ ਇਸ ਸ਼ਬਦ ਦੀਆਂ ਬਾਕੀ ਤੁਕਾਂ ਵਿਚ ਬੇਮੁਖ ਨੂੰ ਸੱਪ, ਹਾਥੀ, ਕਾਂ, ਗਦੋਂ (ਗਧਾ), ਪੱਥਰ ਅਤੇ ਕਾਲੀ ਕਮਲੀ (ਕੰਬਲੀ) ਨਾਲ ਤਸ਼ਬੀਹ ਦੇ ਕੇ ਸਦਾ ਲਈ ਅਮੋੜ ਤੇ ਅਭਿੱਜ ਸਾਬਤ ਕੀਤਾ ਹੋਇਆ ਹੈ ਅਤੇ ਸੁਧਾਰ ਦੀ ਕੋਈ ਆਸ ਨਹੀਂ ਦੱਸੀ ਹੋਈ, ਇਸ ਲਈ ਗੁਰੂ ਸਾਹਿਬ ਨੇ ਸੂਚਨਾ ਮਾਤਰ ਇਕ ਤੁਕ ਦੇ ਕੇ ਬਾਕੀ ਦੀਆਂ ਤੁਕਾਂ ਛੱਡ ਦਿੱਤੀਆਂ ਮਲੂਮ ਹੁੰਦੀਆਂ ਹਨ।
ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਚੌਥੀ, ਪੰਨਾ ੧੨੫੩
ਪਿਸ਼ੌਰਾ ਸਿੰਘ ਨੇ ਵੀ ਸ਼ਬਦਾਰਥੀ ਵਿਦਵਾਨਾਂ ਵਾਂਗ ਹੀ ਵਿਚਾਰ ਪੇਸ਼ ਕੀਤਾ ਹੈ। ਪਿਸ਼ੌਰਾ ਸਿੰਘ ਅਨੁਸਾਰ ਭਗਤ ਸੂਰਦਾਸ ਜੀ ਪ੍ਰਭੂ ਵੱਲੋਂ ਬੇਮੁਖ ਹੋਏ ਮਨਖਾਂ ਨਾਲ ਕਿਸੇ ਵੀ ਤਰ੍ਹਾਂ ਦੀ ਨੇੜਤਾ ਦੇ ਸਖਤ ਵਿਰੋਧੀ ਜਾਪਦੇ ਹਨ। ਇਸ ਦਾ ਕਾਰਣ ਹੈ ਕਿ ਬੇਮੁਖ ਮਨੁਖ ਸੰਸਾਰ ਵਿਚ ਪੂਰੀ ਤਰ੍ਹਾਂ ਖਚਿਤ ਹੋਏ ਹੰਦੇ ਹਨ ਤੇ ਉਨ੍ਹਾਂ ਲਈ ਮੁਕਤੀ ਦੇ ਦਰਵਾਜੇ ਬੰਦ ਹੋ ਜਾਂਦੇ ਹਨ। ਪਰ ਭਗਤ ਸੂਰਦਾਸ ਜੀ ਦਾ ਇਹ ਵਿਚਾਰ ਆਸ਼ਾਵਾਦੀ ਸਿਖ ਵਿਚਾਰਧਾਰਾ ਦਾ ਅਨੁਸਾਰੀ ਨਹੀਂ ਹੈ। ਇਸ ਵਿਚਾਰਧਾਰਾ ਅਨੁਸਾਰ ਰੱਬ ਦੇ ਘਰ ਵੱਲ ਕਦੇ ਵੀ ਮੁੜਿਆ ਜਾ ਸਕਦਾ ਹੈ ਅਤੇ ਹਰ ਮਨੁਖ ਇਕ ਸੰਭਾਵੀ ਸੰਤ ਹੈ। ਜਾਪਦਾ ਹੈ ਕਿ ਇਸੇ ਕਾਰਣ ਗੁਰੂ ਅਰਜਨ ਸਾਹਿਬ ਨੇ ਭਗਤ ਸੂਰਦਾਸ ਜੀ ਦੀ ਬਾਣੀ ਦੀ ਕੇਵਲ ਪਹਿਲੀ ਤੁਕ ਨੂੰ ਹੀ ਸਵੀਕਾਰ ਕੀਤਾ ਅਤੇ ਬਾਕੀ ਸ਼ਬਦ ਨੂੰ ਛੱਡ ਦਿੱਤਾ।
ਪਸ਼ੌਰਾ ਸਿੰਘ, ਦੀ ਗੁਰੂ ਗ੍ਰੰਥ ਸਾਹਿਬ: ਕੈਨਨ, ਮੀਨਿੰਗ ਐਂਡ ਅਥੌਰਿਟੀ, ਪੰਨਾ ੧੯੭
ਸ਼ਬਦਾਰਥੀ ਵਿਦਵਾਨਾਂ ਦੇ ਇਨ੍ਹਾਂ ਵਿਚਾਰਾਂ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਏ ਡਾ. ਪਿਆਰ ਸਿੰਘ ਲਿਖਦੇ ਹਨ ਕਿ ਇਸ ਸ਼ਬਦ ਦੇ ਪ੍ਰਾਪਤ ਪਾਠ ਵਿਚ ਵੀ ਕੋਈ ਗੱਲ ਅਜਿਹੀ ਨਹੀਂ ਜਾਪਦੀ, ਜਿਹੜੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੋਣ ਤੋਂ ਰੋਕਦੀ ਹੋਵੇ। ਦੂਜਾ, ਭਾਈ ਬੰਨੋ ਵਾਲੀ ਬੀੜ ਵਿਚ ਵੀ ਜਿਵੇਂ ਉਪਰ ਦੱਸਿਆ ਗਿਆ ਹੈ ਕਿ ਇਕ ਤੁਕ ਮੂਲ ਲਿਖਾਰੀ ਦੀ ਲਿਖੀ ਹੋਈ ਹੈ। ਬਾਕੀ ਸ਼ਬਦ ਕਿਸੇ ਹੋਰ ਹੱਥ ਦਾ ਲਿਖਿਆ ਹੋਇਆ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਭਗਤ ਜੀ ਦੇ ਸ਼ਬਦ ਦੀ ਇਹੋ ਤੁਕ ਹੀ ਪ੍ਰਾਪਤ ਸੀ।
ਪਿਆਰ ਸਿੰਘ, ਗਾਥਾ ਸ੍ਰੀ ਆਦਿ ਗ੍ਰੰਥ, ਪੰਨਾ ੪੮੬
ਡਾ. ਗੁਰਿੰਦਰ ਸਿੰਘ ਮਾਨ ਨੇ ਵੀ ਇਸੇ ਵਿਚਾਰ ਦਾ ਸਮਰਥਨ ਕੀਤਾ ਹੈ ਕਿ ਉਸ ਸਮੇਂ ਭਗਤ ਜੀ ਦੀ ਇਹੋ ਤੁਕ ਹੀ ਪ੍ਰਾਪਤ ਸੀ।
ਗੁਰਿੰਦਰ ਸਿੰਘ ਮਾਨ, ਦੀ ਮੇਕਿੰਗ ਆਫ ਸਿਖ ਸਕਰਿਪਚਰ, ਪੰਨਾ ੧੧੬
ਉਪਰੋਕਤ ਵਿਚਾਰ-ਚਰਚਾ ਤੋਂ ਬਾਅਦ ਡਾ. ਪਿਆਰ ਸਿੰਘ ਵਾਲਾ ਵਿਚਾਰ ਦਰੁਸਤ ਜਾਪਦਾ ਹੈ। ਕਈ ਵਿਦਵਾਨ ਵੀ ਇਸੇ ਵਿਚਾਰ ਦਾ ਸਮਰਥਨ ਕਰਦੇ ਹਨ। ਇਸ ਨਾਲ ਸਹਿਮਤ ਹੋਇਆ ਜਾ ਸਕਦਾ ਹੈ।