Guru Granth Sahib Logo
  
ਇਤਿਹਾਸ ਵਿਚ ਸੂਰਦਾਸ ਨਾਮ ਦੇ ਦੋ ਭਗਤ ਹੋਏ ਹਨ। ਇਹ ਦੋਵੇਂ ਹੀ ਵਿਸ਼ਨੂੰ ਜੀ ਦੇ ਅਵਤਾਰ, ਕ੍ਰਿਸ਼ਨ ਜੀ ਦੀ ਭਗਤੀ ਕਰਨ ਵਾਲੇ ਵੈਸ਼ਨਵ ਭਗਤ ਸਨ। ਇਨ੍ਹਾਂ ਦੋਵਾਂ ਸੰਬੰਧੀ ਜਾਣਕਾਰੀ ਇਸ ਪ੍ਰਕਾਰ ਮਿਲਦੀ ਹੈ:

ਭਗਤ ਸੂਰਦਾਸ ਜੀ (੧੪੭੮-੧੫੮੩ ਈ.) ਪਹਿਲੇ
ਆਪ ਜੀ ਵੱਲਭਾਚਾਰਯ (੧੪੭੯-੧੫੩੧ਈ.) ਦੇ ਚੇਲੇ ਅਤੇ ਉਨ੍ਹਾਂ ਵੱਲੋਂ ਚਲਾਏ ਪੁਸ਼ਟੀ ਮਾਰਗ
Bani Footnote ‘ਪੁਸ਼ਟੀ’ ਸ਼ਬਦ ‘ਭਗਵਾਨ ਦੀ ਕਿਰਪਾ’ ਦਾ ਸੂਚਕ ਹੈ। ਸ੍ਰੀ ਵੱਲਭਾਚਾਰਯ ਨੇ ਬ੍ਰਜਮੰਡਲ (ਮਥੁਰਾ ਅਤੇ ਉਸ ਦੇ ਆਲੇ-ਦੁਆਲੇ ਦਾ ਲਗਭਗ ੩੮੦੦ ਵਰਗ ਕਿ. ਮੀ. ਦਾ ਇਲਾਕਾ, ਜਿਹੜਾ ਰਾਜਸਥਾਨ ਅਤੇ ਹਰਿਆਣਾ ਨਾਲ ਲੱਗਦਾ ਹੈ) ਵਿਚ ਕ੍ਰਿਸ਼ਨ ਭਗਤੀ ਦੇ ‘ਪੁਸ਼ਟੀ ਮਾਰਗ’ ਦਾ ਪ੍ਰਚਾਰ ਕੀਤਾ। -ਡਾ. ਨਗੇਂਦਰ, ਡਾ. ਹਰਦਯਾਲ (ਸੰਪਾ.), ਹਿੰਦੀ ਸਾਹਿਤਯ ਕਾ ਇਤਿਹਾਸ, ਪੰਨਾ ੧੮੭
ਦੇ ਪ੍ਰਸਿੱਧ ਕਵੀ ਸਨ। ਆਪ ਜੀ ਦਾ ਨਾਮ ਬ੍ਰਜਮੰਡਲ ਦੇ ਉਨ੍ਹਾਂ ਅੱਠ ਪ੍ਰਸਿੱਧ ਕਵੀਆਂ ਵਿਚ ਵੀ ਮੋਹਰੀ ਵਜੋਂ ਲਿਆ ਜਾਂਦਾ ਹੈ, ਜਿਹੜੇ ‘ਅਸ਼ਟਛਾਪ’ ਦੇ ਰੂਪ ਵਿਚ ਪ੍ਰਸਿੱਧ ਸਨ।
Bani Footnote ਇਨ੍ਹਾਂ ਕਵੀਆਂ ਵਿਚ ਆਪ ਜੀ ਸਮੇਤ ਭਗਤ ਪਰਮਾਨੰਦ ਦਾਸ, ਕੁੰਭਨਦਾਸ, ਕ੍ਰਿਸ਼ਨਦਾਸ, ਗੋਬਿੰਦ ਸ੍ਵਾਮੀ, ਛੀਤ ਸ੍ਵਾਮੀ, ਚਤੁਰਭੁਜਦਾਸ ਅਤੇ ਨੰਦਦਾਸ ਸ਼ਾਮਲ ਸਨ। ‘ਅਸ਼ਟਛਾਪ’ ਦੀ ਸਥਾਪਨਾ ੧੫੪੫ ਈ. (੧੬੦੨ ਬਿ.) ਵਿਚ ਹੋਈ। -ਡਾ. ਨਗੇਂਦਰ, ਡਾ. ਹਰਦਯਾਲ (ਸੰਪਾ.), ਹਿੰਦੀ ਸਾਹਿਤਯ ਕਾ ਇਤਿਹਾਸ, ਪੰਨਾ ੧੮੭; ਡਾ. ਧਰਮ ਪਾਲ ਸਿੰਗਲ, ਹਿੰਦੀ ਸਾਹਿੱਤ ਦਾ ਇਤਿਹਾਸ, ਪੰਨਾ ੬੩
ਆਪ ਜੀ ਦਾ ਜਨਮ ੧੪੭੮ ਈ. ਨੂੰ ਰੁਨਕਤਾ (ਉੱਤਰ ਪ੍ਰਦੇਸ਼, ਭਾਰਤ) ਵਿਚ ਰਾਮਦਾਸ ਜਾਂ ਰਾਮਚੰਦ ਨਾਮੀ ਬ੍ਰਾਹਮਣ ਦੇ ਘਰ ਹੋਇਆ। ਕੁਝ ਵਿਦਵਾਨ ਆਪ ਜੀ ਦਾ ਜਨਮ ਹਰਿਆਣਾ ਦੇ ਫਰੀਦਾਬਾਦ ਨੇੜੇ ‘ਸੀਹੀ’ ਨਾਮਕ ਪਿੰਡ ਦਾ ਵੀ ਮੰਨਦੇ ਹਨ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੨੨੫; ਡਾ. ਨਗੇਂਦਰ, ਡਾ. ਹਰਦਯਾਲ (ਸੰਪਾ.), ਹਿੰਦੀ ਸਾਹਿਤਯ ਕਾ ਇਤਿਹਾਸ, ਪੰਨਾ ੧੮੮; ਭਗਤ ਸਿੰਘ ਵੇਦੀ, ਮਹਾਤਮਾ ਸੂਰਦਾਸ, ਪੰਨਾ ੪-੮
ਆਪ ਜੀ ਬ੍ਰਾਹਮਣ ਜਾਤੀ ਦੀ ਭੱਟ ਕੁਲ ਨਾਲ ਸੰਬੰਧਤ ਸਨ। ਆਪ ਜੀ ਬਚਪਨ ਤੋਂ ਨੇਤਰਹੀਣ ਸਨ ਜਾਂ ਨਹੀਂ? ਇਸ ਬਾਰੇ ਵਿਵਾਦ ਹੈ। ਜਾਨ ਸਟ੍ਰੈਟਨ ਹੌਲੀ ਨੇ ਆਪਣੀ ਪੁਸਤਕ ‘ਭਕਤਿ ਕੇ ਤੀਨ ਸਵਰ: ਮੀਰਾਂ, ਸੂਰ, ਕਬੀਰ’ ਵਿਚ ਦਲੀਲਾਂ ਸਹਿਤ ਸਿਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਪ ਜੀ ਬਾਅਦ ਵਿਚ ਨੇਤਰਹੀਣ ਹੋਏ ਸਨ।
Bani Footnote ਜਾਨ ਸਟ੍ਰੈਟਨ ਹੌਲੀ, ਭਕਤਿ ਕੇ ਤੀਨ ਸਵਰ: ਮੀਰਾਂ, ਸੂਰ, ਕਬੀਰ, ਅਸ਼ੋਕ ਕੁਮਾਰ (ਅਨੁ.), ਪੰਨਾ ੧੪੨-੧੫੮


ਵੰਸ਼ਗਤ ਤੌਰ ’ਤੇ ਆਪ ਜੀ ਨੇ ਆਪਣਾ ਸੰਬੰਧ ਪ੍ਰਿਥਵੀ ਰਾਜ ਚੌਹਾਨ ਦੇ ਦਰਬਾਰੀ ਕਵੀ ਚਾਂਦ ਬਰਦਾਈ ਨਾਲ ਜੋੜਿਆ ਹੈ। ਆਪ ਜੀ ਦੇ ਛੇ ਭਰਾ ਸਿਕੰਦਰ ਲੋਧੀ ਦੀ ਫੌਜ ਖਿਲਾਫ ਲੜਦੇ ਹੋਏ ਮਾਰੇ ਗਏ ਸਨ। ਭਰਾਵਾਂ ਦੀ ਮੌਤ ਨੇ ਆਪ ਜੀ ਨੂੰ ਉਪਰਾਮ ਕਰ ਦਿੱਤਾ ਅਤੇ ਆਪ ਜੀ ਘਰ ਛੱਡ ਕੇ ਚਲੇ ਗਏ। ਰਸਤੇ ਵਿਚ ਕਿਸੇ ਖੂਹ ਵਿਚ ਡਿੱਗ ਪਏ। ਮੰਨਿਆ ਜਾਂਦਾ ਹੈ ਕਿ ਸੱਤ ਦਿਨਾਂ ਬਾਅਦ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਹੱਥੀਂ ਆਪ ਜੀ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਆਪ ਜੀ ਜਮਨਾ ਕਿਨਾਰੇ ਗਊਘਾਟ (ਮਥੁਰਾ, ਉੱਤਰ ਪ੍ਰਦੇਸ਼, ਭਾਰਤ) ਦੇ ਇਕ ਮੰਦਰ ਵਿਚ ਪ੍ਰਭੂ-ਭਗਤੀ ਵਿਚ ਲੀਨ ਰਹਿਣ ਲੱਗ ਪਏ।
Bani Footnote ਭਗਤ ਸਿੰਘ ਵੇਦੀ, ਮਹਾਤਮਾ ਸੂਰਦਾਸ, ਪੰਨਾ ੪-੮


੧੫੦੯-੧੦ ਈ. ਵਿਚ ਆਪ ਜੀ ਦਾ ਮੇਲ ਵੱਲਭਾਚਾਰਯ (੧੪੭੯-੧੫੩੧ਈ.) ਨਾਲ ਹੋਇਆ ਅਤੇ ਆਪ ਜੀ ਉਨ੍ਹਾਂ ਦੇ ਚੇਲੇ ਬਣ ਗਏ। ਇਸ ਤੋਂ ਬਾਅਦ ਆਪ ਜੀ ਚੰਦਰਸਰੋਵਰ (ਉੱਤਰ ਪ੍ਰਦੇਸ਼, ਭਾਰਤ) ਕੋਲ ਪਰਸੌਲੀ ਨਾਂ ਦੇ ਪਿੰਡ ਵਿਚ ਰਹਿਣ ਲੱਗੇ। ਇਸ ਪਿੰਡ ਦੇ ਬਾਹਰ ਆਪ ਜੀ ਆਪਣੀ ਰਚਨਾ ਦੇ ਗਾਇਨ ਦੁਆਰਾ ਭਗਤੀ ਵਿਚ ਲੱਗੇ ਰਹਿੰਦੇ। ਮੁਗਲ ਬਾਦਸ਼ਾਹ ਅਕਬਰ (੧੫੪੨-੧੬੦੫ ਈ.) ਨੇ ਵੀ ਆਪ ਜੀ ਦੇ ਦਰਸ਼ਨ ਕੀਤੇ।
Bani Footnote ਡਾ. ਨਗੇਂਦਰ, ਡਾ. ਹਰਦਯਾਲ (ਸੰਪਾ.), ਹਿੰਦੀ ਸਾਹਿਤਯ ਕਾ ਇਤਿਹਾਸ, ਪੰਨਾ ੧੮੮
੧੫੮੩ ਈ. ਵਿਚ ਆਪ ਜੀ ਦਾ ਦੇਹਾਂਤ ਹੋ ਗਿਆ। ਆਪ ਜੀ ਦੁਆਰਾ ਰਚੀਆਂ ਗਈਆਂ ਕਈ ਪੁਸਤਕਾਂ ਜਿਵੇਂ, ਸੂਰਸਾਗਰ, ਸੂਰਸਾਰਾਵਲੀ, ਸਾਹਿਤਯ ਲਹਰੀ ਆਦਿ ਹਨ। ਇਨ੍ਹਾਂ ਵਿਚੋਂ ਸੂਰਸਾਗਰ ਦਾ ਲਿਪੀਅੰਤਰਣ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਕਰਵਾਏ ਜਾਣ ਦਾ ਹਵਾਲਾ ਵੀ ਮਿਲਦਾ ਹੈ।
Bani Footnote ਪ੍ਰੋ. ਪਿਆਰਾ ਸਿੰਘ ਪਦਮ, ਭਗਤ ਸੂਰਦਾਸ ਜੀ, ਸੇ ਭਗਤਿ ਸਤਿਗੁਰ ਮਨਿ ਭਾਏ, ਰੂਪ ਸਿੰਘ (ਸੰਪਾ.), ਪੰਨਾ ੧੪੭


ਭਗਤ ਸੂਰਦਾਸ ਜੀ (ਜਨਮ ਅਨੁਮਾਨਤ ੧੫੧੩/੧੫੨੯ ਈ.) ਦੂਜੇ
ਆਪ ਜੀ ਨੂੰ ‘ਮਦਨ ਮੋਹਨ/ਸੂਰਦਾਸ ਮਦਨ ਮੋਹਨ’ (ਮਦਨ ਮੋਹਨ ਭਗਵਾਨ ਕ੍ਰਿਸ਼ਨ ਦਾ ਇਕ ਨਾਮ ਹੈ) ਵੀ ਕਿਹਾ ਜਾਂਦਾ ਸੀ। ਆਪ ਜੀ ਦਾ ਜਨਮ ਅਨੁਮਾਨਤ ੧੫੧੩ ਈ. ਦਾ ਮੰਨਿਆ ਜਾਂਦਾ ਹੈ।
Bani Footnote ਡਾ. ਨਗੇਂਦਰ, ਡਾ. ਹਰਦਯਾਲ (ਸੰਪਾ.), ਹਿੰਦੀ ਸਾਹਿਤਯ ਕਾ ਇਤਿਹਾਸ, ਪੰਨਾ ੨੧੫
ਪਰ ਭਾਈ ਕਾਨ੍ਹ ਸਿੰਘ ਨਾਭਾ ਅਤੇ ਸ਼ਬਦਾਰਥੀ ਵਿਦਵਾਨਾਂ ਨੇ ਆਪ ਜੀ ਦਾ ਜਨਮ ੧੫੨੯ ਈ. (ਸੰਮਤ ੧੫੮੬) ਦਾ ਮੰਨਿਆ ਹੈ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੨੨੫; ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਚੌਥੀ, ਪੰਨਾ ੧੨੫੩
ਆਪ ਜੀ ਦੇ ਮਾਤਾ-ਪਿਤਾ ਅਤੇ ਜਨਮ ਸਥਾਨ ਦਾ ਕੋਈ ਪਤਾ ਨਹੀਂ ਲੱਗਦਾ। ਆਪ ਜੀ ਸ੍ਰੀ ਸਨਾਤਨ ਗੋਸ੍ਵਾਮੀ (੧੪੮੮-੧੫੫੮ ਈ.) ਦੇ ਚੇਲੇ ਸਨ ਅਤੇ ਸੰਸਕ੍ਰਿਤ, ਫਾਰਸੀ ਆਦਿ ਭਾਸ਼ਾਵਾਂ ਤੇ ਸੰਗੀਤ ਦੇ ਵਿਦਵਾਨ ਸਨ। ‘ਸ੍ਰੀ ਭਕਤ ਮਾਲ’ ਅਨੁਸਾਰ ਪਹਿਲਾਂ ਆਪ ਜੀ ਆਪਣੀਆਂ ਰਚਨਾਵਾਂ ਵਿਚ ‘ਸੂਰਦਾਸ’ ਨਾਮ ਦੀ ਛਾਪ ਹੀ ਲਾਇਆ ਕਰਦੇ ਸਨ। ਬਾਅਦ ਵਿਚ ਆਪਣੇ ਇਸ਼ਟ, ਭਗਵਾਨ ਕ੍ਰਿਸ਼ਨ ਜੀ ਦੇ ਨਾਮ ਦੀ ਵਰਤੋਂ ਕਰਦਿਆਂ ‘ਮਦਨ ਮੋਹਨ’ ਲਾਉਣਾ ਸ਼ੁਰੂ ਕਰ ਦਿੱਤਾ। ਇਕ ਵਾਰ ਕਿਸੇ ਰਚਨਾ ਦਾ ਪਦਾ ਪੂਰਾ ਨਹੀਂ ਹੋ ਰਿਹਾ ਸੀ। ਆਪ ਜੀ ਨੂੰ ਨੀਂਦ ਆ ਗਈ। ਦੂਜੇ ਦਿਨ ਆਪ ਜੀ ਨੇ ਆਪਣੀ ਰਚਨਾ ਨੂੰ ਦੇਖਿਆ ਤਾਂ ਪਦਾ ਪੂਰਾ ਹੋਇਆ ਪਿਆ ਸੀ ਅਤੇ ਉਸ ਦੇ ਅੰਤ ਵਿਚ ‘ਸੂਰਦਾਸ ਮਦਨ ਮੋਹਨ’ ਦੀ ਛਾਪ ਲੱਗੀ ਹੋਈ ਸੀ। ਇਸ ਤੋਂ ਬਾਅਦ ਆਪ ਜੀ ਨੇ ਇਹੀ ਨਾਮ ਵਰਤਣਾ ਸ਼ੁਰੂ ਕਰ ਦਿੱਤਾ। ਆਪ ਜੀ ਦੇ ੨੨੫ ਪਦੇ ਪ੍ਰਾਪਤ ਹੁੰਦੇ ਹਨ। ਇਨ੍ਹਾਂ ਪਦਿਆਂ ਦਾ ਰਚਨਾਕਾਲ ੧੫੩੩-੧੫੪੩ ਈ. ਹੈ।
Bani Footnote ਸ੍ਰੀ ਨਾਭਾਦਾਸ ਜੀ ਕ੍ਰਿਤ ਸ਼੍ਰੀ ਭਕਤ ਮਾਲ (ਸ੍ਰੀ ਪ੍ਰਿਆਦਾਸ ਜੀ ਕ੍ਰਿਤ ਭਕਤਿ ਰਸ ਬੋਧਨੀ ਟੀਕਾ ਏਵੰ ਹਿੰਦੀ ਵਿਆਖਿਆ ਸਹਿਤ), ਪੰਨਾ ੬੯੨


ਕਲਾਕਾਰਾਂ ਅਤੇ ਵਿਦਵਾਨਾਂ ਦੇ ਸਰਪ੍ਰਸਤ ਮੁਗਲ ਬਾਦਸ਼ਾਹ ਅਕਬਰ ਨੇ ਆਪ ਜੀ ਨੂੰ ਸੰਦੀਲਾ (ਉੱਤਰ ਪ੍ਰਦੇਸ਼, ਭਾਰਤ) ਵਿਖੇ ਦੀਵਾਨ ਜਾਂ ਆਮੀਨ (ਕਰ ਇਕੱਠਾ ਕਰਨ ਵਾਲਾ) ਨਿਯੁਕਤ ਕੀਤਾ। ਇਕ ਵਾਰ ਖਜਾਨੇ ਵਿਚ ਤੇਰਾਂ ਲੱਖ ਰੁਪਏ ਦਾ ਸਲਾਨਾ ਮੁਆਮਲਾ ਇਕੱਠਾ ਹੋਇਆ। ਆਪ ਜੀ ਨੇ ਇਹ ਸਾਰਾ ਧਨ ਸਾਧੂਆਂ ਦੀ ਸੇਵਾ ਵਿਚ ਖਰਚ ਕਰ ਦਿੱਤਾ ਅਤੇ ਆਪ ਬ੍ਰਿੰਦਾਵਨ ਚਲੇ ਗਏ। ਸ਼ਾਹੀ ਖਜਾਨੇ ਨੂੰ ਭੇਜੇ ਗਏ ਵੇਰਵੇ ਵਿਚ ਲਿਖ ਕੇ ਭੇਜ ਦਿੱਤਾ: ਤੇਰਹ ਲਾਖ ਸੰਡੀਲੇ ਉਪਜੇ, ਸਭ ਸਾਧੁਨ ਮਿਲਿ ਗਟਕੇ। ਸੂਰਦਾਸ ਮਦਨ ਮੋਹਨ, ਬ੍ਰਿੰਦਾਵਨ ਕੋ ਸਟਕੇ॥
Bani Footnote ਡਾ. ਨਗੇਂਦਰ, ਡਾ. ਹਰਦਯਾਲ (ਸੰਪਾ.), ਹਿੰਦੀ ਸਾਹਿਤਯ ਕਾ ਇਤਿਹਾਸ, ਪੰਨਾ ੨੧੫


ਬਾਦਸ਼ਾਹ ਅਕਬਰ ਆਪ ਜੀ ਦੀ ਫਰਾਖ-ਦਿਲੀ ਅਤੇ ਸੰਤਾਂ ਦੀ ਸੇਵਾ ਬਾਰੇ ਜਾਣ ਕੇ ਪ੍ਰਸੰਨ ਹੋਇਆ। ਇਸ ਲਈ ਉਸ ਨੇ ਇਕ ਹੁਕਮ ਰਾਹੀਂ ਆਪ ਜੀ ਨੂੰ ਮਾਫ ਕਰ ਦਿੱਤਾ। ਪ੍ਰੰਤੂ ਨਾਲ ਹੀ ਆਪ ਜੀ ਨੂੰ ਦਰਬਾਰ ਵਿਚ ਪੇਸ਼ ਹੋਣ ਲਈ ਵੀ ਕਿਹਾ। ਆਪ ਜੀ ਨੇ ਪੇਸ਼ ਹੋਣ ਤੋਂ ਨਾਂਹ ਕਰਦਿਆਂ ਕਿਹਾ ਕਿ ਕਿਸੇ ਪ੍ਰਾਂਤ ਦਾ ਹਾਕਮ ਜਾਂ ਦੀਵਾਨ ਬਣਨ ਦੀ ਬਜਾਇ ਸੰਤਾਂ ਦੀਆਂ ਜੁੱਤੀਆਂ ਝਾੜਨ ਵਾਲਾ ਬਣਨਾ ਬਿਹਤਰ ਕਾਰਜ ਹੈ। ਬਾਦਸ਼ਾਹ ਅਕਬਰ ਦਾ ਵਿੱਤ ਮੰਤਰੀ ਟੋਡਰ ਮੱਲ (੧੫੦੦-੧੫੮੯ ਈ.) ਇਸ ਗੱਲ ਨੂੰ ਸਹਾਰ ਨਾ ਸਕਿਆ। ਉਸ ਨੇ ਬਾਦਸ਼ਾਹ ਨੂੰ ਕਿਹਾ ਕਿ ਜੇਕਰ ਅਜਿਹੇ ਵਿਅਕਤੀ ਸਰਕਾਰੀ ਧਨ ਨੂੰ ਮਨ-ਮਰਜੀ ਨਾਲ ਖਰਚ ਕੇ ਭੱਜ ਜਾਣ ਤਾਂ ਸਰਕਾਰ ਦਾ ਰਾਜ-ਪ੍ਰਬੰਧ ਖਤਮ ਹੋ ਜਾਵੇਗਾ। ਬਾਦਸ਼ਾਹ ਅਕਬਰ ਨੇ ਆਪਣਾ ਪਹਿਲਾ ਫੈਸਲਾ ਬਦਲ ਕੇ ਆਪ ਜੀ ਨੂੰ ਗ੍ਰਿਫਤਾਰ ਕਰਕੇ ਕੈਦ ਕਰਨ ਦਾ ਹੁਕਮ ਦੇ ਦਿੱਤਾ। ਆਪ ਜੀ ਨੂੰ ਦਸਤਮ ਖਾਂ ਨਾਮੀ ਜੇਲ੍ਹਰ ਦੇ ਹਵਾਲੇ ਕੀਤਾ ਗਿਆ। ਉਸ ਦੇ ਜੁਲਮ ਤੋਂ ਤੰਗ ਆ ਕੇ ਆਪ ਜੀ ਨੇ ਬਾਦਸ਼ਾਹ ਨੂੰ ਇਕ ਦੋਹਾ ਲਿਖ ਕੇ ਭੇਜਿਆ: ਏਕ ਤਮ ਤੋ ਅੰਧੇਰਾ ਕਰੈ ਯੇ ਤੋ ਦਸਤਮ ਆਹ। ਦਸਤਮ ਸੇ ਰਕਸ਼ਾ ਕਰੋ ਦਿਨਮਣਿ ਅਕਬਰ ਸ਼ਾਹ॥
Bani Footnote ਸ੍ਰੀ ਨਾਭਾਦਾਸ ਜੀ ਕ੍ਰਿਤ ਸ਼੍ਰੀ ਭਕਤ ਮਾਲ (ਸ੍ਰੀ ਪ੍ਰਿਆਦਾਸ ਜੀ ਕ੍ਰਿਤ ਭਕਤਿ ਰਸ ਬੋਧਨੀ ਟੀਕਾ ਏਵੰ ਹਿੰਦੀ ਵਿਆਖਿਆ ਸਹਿਤ), ਪੰਨਾ ੬੯੨


ਮੈਕਸ ਆਰਥਰ ਮੈਕਾਲਿਫ਼ ਨੇ ਜੇਲ੍ਹਰ ਦਾ ਨਾਮ ‘ਤਿਮੀਰ ਦਾਸ’ ਲਿਖਿਆ ਹੈ। ਤਿਮੀਰ ਸ਼ਬਦ ਤੋਂ ਭਾਵ ਹੈ, ਰਾਤ ਜਾਂ ਹਨੇਰਾ ਅਤੇ ਦਾਸ ਸ਼ਬਦ ਨੂੰ ਜੇਕਰ ਬਿਨਾਂ ਕੰਨੇ ਦੀ ਅਵਾਜ਼ ਦੇ ਬੋਲੀਏ ਤਾਂ ਇਸ ਦਾ ਅਰਥ ਹੈ ਦਸ। ਮੈਕਾਲਿਫ ਅਨੁਸਾਰ ਉਪਰੋਕਤ ਦੋਹੇ ਦਾ ਭਾਵ ਹੈ ਕਿ ਰਾਤ ਦੇ ਹਨੇਰੇ ਕੋਲੋਂ ਇਕ ਛੋਟਾ ਦੀਵਾ ਆਪਣੀ ਰੌਸ਼ਨੀ ਨਾਲ ਛੁਟਕਾਰਾ ਦਿਵਾ ਦਿੰਦਾ ਹੈ। ਹੇ ਬਾਦਸ਼ਾਹ ਅਕਬਰ! ਤੂੰ ਇਕ ਸੂਰਜ ਵਾਂਗ ਮੈਨੂੰ ਦਸ ਰਾਤਾਂ (ਤਿਮੀਰ ਦਾਸ) ਤੋਂ ਛੁਟਕਾਰਾ ਦਿਵਾ। ਇਹ ਦੋਹਾ ਪੜ੍ਹ ਕੇ ਬਾਦਸ਼ਾਹ ਨੇ ਆਪ ਜੀ ਨੂੰ ਰਿਹਾਅ ਕਰ ਦਿੱਤਾ।
Bani Footnote ਮੈਕਸ ਆਰਥਰ ਮੈਕਾਲਿਫ, ਸਿੱਖ ਧਰਮ, ਗੁਰੂ ਸਾਹਿਬਾਨ, ਪਵਿੱਤਰ ਰਚਨਾਵਾਂ ਅਤੇ ਰਚਨਾਕਾਰ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਯੋਗਦਾਨੀ ਭਗਤ), ਡਾ. ਧਰਮ ਸਿੰਘ (ਅਨੁ.), ਪੰਨਾ ੧੩੩


ਗੁਰੂ ਗ੍ਰੰਥ ਸਾਹਿਬ ਵਿਚਲੀ ਤੁਕ ਦੇ ਉਚਾਰਣ-ਕਰਤਾ ਸੰਬੰਧੀ
ਉਪਰੋਕਤ ਦੋਵੇਂ ਭਗਤ ਹੀ ਆਪੋ-ਆਪਣੀ ਸ਼ਖਸੀਅਤ ਕਰਕੇ ਹਿੰਦੁਸਤਾਨ ਦੀ ਭਗਤੀ ਲਹਿਰ ਵਿਚ ਮਹੱਤਵਪੂਰਨ ਸਥਾਨ ਰਖਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚਲੀ ਤੁਕ ਇਨ੍ਹਾਂ ਵਿਚੋਂ ਕਿਸ ਦੀ ਉਚਾਰੀ ਹੋਈ ਹੈ? ਇਸ ਬਾਰੇ ਵਿਦਵਾਨਾਂ ਦੇ ਵਿਚਾਰ ਵਖੋ-ਵਖਰੇ ਹਨ।

ਇਸ ਤੁਕ ਨੂੰ ਪਹਿਲੇ ਭਗਤ ਸੂਰਦਾਸ ਜੀ ਦੀ ਮੰਨਣ ਵਾਲੇ ਵਿਦਵਾਨਾਂ ਵਿਚ ਪ੍ਰੋ. ਪਿਆਰਾ ਸਿੰਘ ਪਦਮ, ਡਾ. ਮਦਨ ਗੋਪਾਲ ਅਚਾਰੀਆ, ਡਾ. ਰਾਮ ਪ੍ਰਕਾਸ਼, ਡਾ. ਜੀ. ਐੱਸ. ਚੌਹਾਨ, ਸੁਖਦੇਵ ਸਿੰਘ ਸ਼ਾਂਤ ਆਦਿ ਵਿਦਵਾਨ ਹਨ।
Bani Footnote ਪ੍ਰੋ. ਪਿਆਰਾ ਸਿੰਘ ਪਦਮ, ਭਗਤ ਸੂਰਦਾਸ ਜੀ, ਸੇ ਭਗਤਿ ਸਤਿਗੁਰ ਮਨਿ ਭਾਏ, ਰੂਪ ਸਿੰਘ (ਸੰਪਾ.), ਪੰਨਾ ੧੪੭; ਡਾ. ਮਦਨ ਗੋਪਾਲ ਅਚਾਰੀਆ, ਆਦਿ ਗ੍ਰੰਥ ਵਿਚ ਸੰਕਲਿਤ ਭਗਤ ਬਾਣੀ ਵਿਚ ਨੈਤਿਕਤਾ ਦਾ ਸੰਕਲਪ, ਪੰਨਾ ੫੫; ਡਾ. ਰਾਮ ਪ੍ਰਕਾਸ਼, ਪੰਜਾਬ ਵਿਚ ਰਚੇ ਗਏ ਮੱਧ-ਕਾਲੀਨ ਕ੍ਰਿਸ਼ਣ-ਕਾਵਿ ਉਤੇ ਸੂਰਦਾਸ ਦਾ ਪ੍ਰਭਾਵ, ਪੰਜਾਬੀ ਕ੍ਰਿਸ਼ਣ ਕਾਵਿ ਅਤੇ ਸੂਰਦਾਸ, ਗੁਰਸ਼ਰਨ ਕੌਰ ਜੱਗੀ (ਸੰਪਾ.), ਪੰਨਾ ੧੯; ਡਾ. ਜੀ. ਐਸ. ਚੌਹਾਨ, ਬਾਣੀ ਆਫ ਭਗਤਾਜ਼, ਪੰਨਾ ੧੪੮; ਸੁਖਦੇਵ ਸਿੰਘ ਸ਼ਾਂਤ, ਪੰਦਰਾਂ ਭਗਤ ਸਾਹਿਬਾਨ, ਪੰਨਾ ੩੧੪-੩੧੭
ਇਨ੍ਹਾਂ ਵਿਚੋਂ ਪ੍ਰੋ. ਪਿਆਰਾ ਸਿੰਘ ਪਦਮ ਅਤੇ ਸੁਖਦੇਵ ਸਿੰਘ ਸ਼ਾਂਤ ਦੇ ਵਿਚਾਰ ਵਿਸ਼ੇਸ਼ ਤੌਰ ’ਤੇ ਉਲੇਖਜੋਗ ਹਨ। ਪ੍ਰੋ. ਪਿਆਰਾ ਸਿੰਘ ਪਦਮ ਦਾ ਵਿਚਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਵਾਲੀ ਤੁਕ ਸੂਰਸਾਗਰ ਗ੍ਰੰਥ ਵਿਚ ਥੋੜ੍ਹੇ ਬਹੁਤ ਫਰਕ ਨਾਲ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜਾ ਪੂਰਾ ਪਦਾ ਕੁਝ ਹੱਥ-ਲਿਖਤ ਬੀੜਾਂ ਵਿਚ ਮੌਜੂਦ ਹੈ, ਉਸ ਵਿਚ ‘ਸੂਰਦਾਸ’ ਕਾਵਿ-ਛਾਪ ਹੈ। ਜੇਕਰ ਇਹ ਪਦਾ ਭਗਤ ਮਦਨ ਮੋਹਨ ਸੂਰਦਾਸ ਜੀ ਦਾ ਹੁੰਦਾ ਤਾਂ ਸੂਰਦਾਸ ਨਾਮ ਨਹੀਂ ਸੀ ਆਉਣਾ।
Bani Footnote ਪ੍ਰੋ. ਪਿਆਰਾ ਸਿੰਘ ਪਦਮ, ਭਗਤ ਸੂਰਦਾਸ ਜੀ, ਸੇ ਭਗਤਿ ਸਤਿਗੁਰ ਮਨਿ ਭਾਏ, ਰੂਪ ਸਿੰਘ (ਸੰਪਾ.), ਪੰਨਾ ੧੪੭


ਸੁਖਦੇਵ ਸਿੰਘ ਸ਼ਾਂਤ ਨੇ ਆਪਣੇ ਵਿਚਾਰ ਦੇ ਪਖ ਵਿਚ ਕੁਝ ਦਲੀਲਾਂ ਦਿੱਤੀਆਂ ਹਨ। ਉਨ੍ਹਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚਲੀ ਤੁਕ (ਛਾਡਿ ਮਨ ਹਰਿ ਬਿਮੁਖਨ ਕੋ ਸੰਗੁ) ਅਤੇ ਸੂਰਸਾਗਰ ਗ੍ਰੰਥ ਵਿਚਲੇ ਪਦੇ ਦੀ ਪਹਿਲੀ ਤੁਕ (ਤਜੌ ਮਨ, ਹਰਿ ਬਿਮੁਖਨਿ ਕੌ ਸੰਗ) ਵਿਚ ਇਕ ਸ਼ਬਦ ‘ਛਾਡਿ’ ਅਤੇ ‘ਤਜੌ’ ਦਾ ਹੀ ਅੰਤਰ ਹੈ। ਪਰ ਇਨ੍ਹਾਂ ਦੋਵਾਂ ਦਾ ਅਰਥ ਇਕ ਹੀ ਹੈ। ਦੋਵੇਂ ਥਾਂ ਇਹ ਤੁਕਾਂ ਸਾਰੰਗ ਰਾਗ ਵਿਚ ਹੀ ਹਨ। ਇਹ ਗੱਲ ਵੀ ਮਹੱਤਵਪੂਰਨ ਹੈ ਕਿ ਭਗਤ ਸੂਰਦਾਸ ਜੀ ਤੋਂ ਇਲਾਵਾ ਭਗਤ ਪਰਮਾਨੰਦ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ। ਇਹ ਦੋਵੇਂ ‘ਅਸ਼ਟਛਾਪ’ ਦੇ ਕਵੀ ਹਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਸੂਰਸਾਗਰ ਗ੍ਰੰਥ ਦਾ ਲਿਪੀਅੰਤਰਣ ਕਰਵਾਉਣਾ ਭਗਤ ਸੂਰਦਾਸ ਜੀ ਦੀ ਮਹਾਨਤਾ ਦਾ ਸੂਚਕ ਹੈ।
Bani Footnote ਸੁਖਦੇਵ ਸਿੰਘ ਸ਼ਾਂਤ, ਪੰਦਰਾਂ ਭਗਤ ਸਾਹਿਬਾਨ, ਪੰਨਾ ੩੧੫


ਦੂਜੇ ਪਾਸੇ, ਇਸ ਤੁਕ ਨੂੰ ਭਗਤ ਸੂਰਦਾਸ ਜੀ ਦੂਜੇ, ਭਾਵ ਮਦਨ ਮੋਹਨ ਜੀ ਦਾ ਮੰਨਣ ਵਾਲੇ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ, ਮੈਕਸ ਆਰਥਰ ਮੈਕਾਲਿਫ, ਭਾਈ ਜੋਧ ਸਿੰਘ, ਸ਼ਬਦਾਰਥੀ ਵਿਦਵਾਨ, ਗਿ. ਗੁਰਦਿੱਤ ਸਿੰਘ, ਗਿ. ਪ੍ਰਤਾਪ ਸਿੰਘ ਆਦਿ ਹਨ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੨੨੫; ਮੈਕਸ ਆਰਥਰ ਮੈਕਾਲਿਫ, ਸਿੱਖ ਧਰਮ, ਗੁਰੂ ਸਾਹਿਬਾਨ, ਪਵਿੱਤਰ ਰਚਨਾਵਾਂ ਤੇ ਰਚਨਾਕਾਰ (ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਯੋਗਦਾਨੀ ਭਗਤ), ਡਾ. ਧਰਮ ਸਿੰਘ (ਅਨੁ.), ਛੇਵੀਂ ਜਿਲਦ, ਪੰਨਾ ੧੩੨; ਭਾਈ ਜੋਧ ਸਿੰਘ, ਭਗਤ ਨਾਮਦੇਵ ਤਥਾ ਹੋਰ ਭਗਤ: ਜੀਵਨੀ ਤੇ ਰਚਨਾ, ਪੰਨਾ ੯੮; ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਚੌਥੀ, ਪੰਨਾ ੧੨੫੩; ਗਿ. ਗੁਰਦਿੱਤ ਸਿੰਘ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੪੧੩; ਗਿ. ਪ੍ਰਤਾਪ ਸਿੰਘ, ਭਗਤ ਦਰਸ਼ਨ, ਪੰਨਾ ੧੩੦
ਗਿ. ਗੁਰਦਿੱਤ ਸਿੰਘ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਰੰਗ ਰਾਗ ਵਿਚ ਸੂਰਦਾਸ ਜੀ ਦੇ ਨਾਮ ਹੇਠ ਜੋ ਤੁਕ ਹੈ, ਉਹ ਮਦਨ ਮੋਹਨ ਸੂਰਦਾਸ ਜੀ ਦੀ ਹੈ। ਆਪ ਜੀ ਦੀਆਂ ਲਿਖਤਾਂ ਇੰਨੀਆਂ ਰਸਭਰੀਆਂ ਹੁੰਦੀਆਂ ਸਨ ਕਿ ਸੂਰਦਾਸ ਅਤੇ ਆਪ ਜੀ ਦੀ ਰਚਨਾ ਨੂੰ ਨਿਖੇੜਨਾ ਔਖਾ ਹੋ ਜਾਂਦਾ ਹੈ। ਦੋਵਾਂ ਦੇ ਸਮਕਾਲੀ ਹੋਣ ਕਾਰਣ ਹੋਰ ਔਖ ਹੋ ਜਾਂਦੀ ਹੈ। ਇਸ ਵਿਚਾਰ ਨੂੰ ਉਹ ਦਿਆਲ ਗੁਪਤ ਦੀ ਪੁਸਤਕ ‘ਅਸ਼ਟਸ਼ਾਪ ਔਰ ਵੱਲਭ ਸੰਪਰਦਾਇ’ ਦੇ ਹਵਾਲੇ ਨਾਲ ਲਿਖਦੇ ਹਨ। ਦਿਆਲ ਗੁਪਤ ਨੇ ਆਪਣੀ ਇਸ ਪੁਸਤਕ ਵਿਚ ਲਿਖਿਆ ਹੈ ਕਿ ਭਗਤ ਸੂਰਦਾਸ ਜੀ ਦੀ ਰਚਨਾ ਵਿਚ ਉਨ੍ਹਾਂ ਦੇ ਜਿਉਂਦੇ-ਜੀਅ ਹੀ ਹੋਰਨਾਂ ਦੀਆਂ ਲਿਖਤਾਂ ਸ਼ਾਮਲ ਹੋਣੀਆਂ ਸ਼ੁਰੂ ਹੋ ਗਈਆਂ ਸਨ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਗਤ ਬਾਣੀ ਭਾਗ), ਪੰਨਾ ੪੧੩


ਉਪਰੋਕਤ ਚਰਚਾ ਤੋਂ ਜਾਪਦਾ ਹੈ ਕਿ ਇਸ ਸਬਦ ਦਾ ਰਚਨਾਕਾਰ ਪਹਿਲੇ ਭਗਤ ਸੂਰਦਾਸ ਜੀ ਨੂੰ ਮੰਨਣ ਵਾਲੇ ਵਿਦਵਾਨਾਂ ਦੀ ਦਲੀਲ ਜਿਆਦਾ ਢੁਕਵੀਂ ਹੈ। ਇਸ ਦਾ ਕਾਰਣ ਸੂਰਸਾਗਰ ਵਿਚ ਇਸ ਸ਼ਬਦ ਦਾ ਮੌਜੂਦ ਹੋਣਾ ਹੈ। ਹਾਲਾਂਕਿ ਸੂਰਸਾਗਰ ਗ੍ਰੰਥ ਦੀਆਂ ਕੁਝ ਛਾਪਾਂ ਵਿਚ ਇਹ ਪਦਾ ਨਹੀਂ ਵੀ ਮਿਲਦਾ। ਦੂਜਾ, ਹਾਲੇ ਤਕ ਕਿਸੇ ਵੀ ਵਿਦਵਾਨ ਨੇ ਇਹ ਨਿਰਣਾ ਨਹੀਂ ਕੀਤਾ ਕਿ ਸੂਰਸਾਗਰ ਵਿਚਲਾ ਉਪਰੋਕਤ ਪਦਾ ਕਿਸੇ ਹੋਰ ਭਗਤ ਦਾ ਹੈ। ਤੀਜਾ, ਭਗਤ ਮਦਨ ਮੋਹਨ ਸੂਰਦਾਸ ਜੀ ਦੀ ਕੋਈ ਵਖਰੀ ਰਚਨਾ, ਜਿਸ ਵਿਚ ਇਹ ਪਦਾ ਸੂਰਸਾਗਰ ਗ੍ਰੰਥ ਵਾਂਗ ਮਿਲਦਾ ਹੋਵੇ, ਕਿਸੇ ਵਿਦਵਾਨ ਨੇ ਨਹੀਂ ਲੱਭੀ।