
ਚਉਬੋਲੇ ਸਾਹਿਤਕ ਪਖ
ਸਾਹਿਤਕ ਪਖ ਤੋਂ ਦੇਖਿਆ ਜਾਵੇ ਤਾਂ ਚਉਬੋਲੇ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਅਤੇ ਕਿਸਮਾਂ ਮਿਲਦੀਆਂ ਹਨ। ‘ਚਉਬੋਲੇ’ ਬਹੁਵਚਨੀ ਰੂਪ ਹੈ, ਜਿਸ ਦਾ ਇਕਵਚਨੀ ਰੂਪ ‘ਚਉਬੋਲਾ/ਚੌਬੋਲਾ’ ਹੈ। ਮਹਾਨ ਕੋਸ਼ ਅਨੁਸਾਰ ‘ਚਉਬੋਲਾ’ ਛੰਦ ਦੀ ਇਕ ਕਿਸਮ ਵੀ ਹੈ ਅਤੇ ਭਾਸ਼ਾਈ ਦ੍ਰਿਸ਼ਟੀਕੋਣ ਤੋਂ ਉਸ ਛੰਦ (ਰਚਨਾ) ਨੂੰ ਵੀ ‘ਚਉਬੋਲਾ’ ਕਿਹਾ ਜਾਂਦਾ ਹੈ, ਜਿਸ ਵਿਚ ਚਾਰ ਭਾਸ਼ਾਵਾਂ ਹੋਣ।

ਉੱਤਰ ਭਾਰਤ ਅਤੇ ਪਾਕਿਸਤਾਨ ਦੀ ਕਾਵਿ-ਪਰੰਪਰਾ ਵਿਚ ਪ੍ਰਚਲਤ ਚਉਬੋਲੇ ਦੀ ਵਰਤੋਂ ਅਕਸਰ ਲੋਕ-ਗੀਤਾਂ ਵਿਚ ਕੀਤੀ ਜਾਂਦੀ ਸੀ। ਇਸ ਦੇ ਨਾਲ ਹੀ ਭਗਤੀ-ਭਾਵ ਵਾਲੇ ਚਉਬੋਲੇ ਵੀ ਲਿਖੇ ਹੋਏ ਮਿਲਦੇ ਹਨ। ਸ੍ਰੀ ਬਿਹਾਰਿਨ ਦੇਵ ਜੀ ਦੁਆਰਾ ਲਿਖੇ ਇਕ ਗ੍ਰੰਥ ‘ਚੌਬੋਲਾ’ ਦਾ ਜਿਕਰ ਵੀ ਮਿਲਦਾ ਹੈ। ਬਾਅਦ ਵਿਚ ਚਉਬੋਲੇ ਦੀ ਵਰਤੋਂ ਛੰਦ ਦੇ ਰੂਪ ਵਿਚ ਨੌਟੰਕੀ ਆਦਿ ਵਿਚ ਵੀ ਕੀਤੀ ਜਾਣ ਲੱਗੀ। ਨੌਟੰਕੀ ਵਿਚ ਚਉਬੋਲੇ ਦੀ ਉਦਾਹਰਣ ਵਜੋਂ ਉਰਦੂ ਦੇ ਪ੍ਰਸਿੱਧ ਨਾਟਕ ‘ਇੰਦਰ ਸਭਾ’ ਵਿਚ ਦੇਵਤਿਆਂ ਦੇ ਰਾਜਾ ‘ਇੰਦਰ’ ਦੇ ਮੂੰਹੋਂ ਅਖਵਾਏ ਵਾਰਤਾਲਾਪ ਨੂੰ ਦੇਖ ਸਕਦੇ ਹਾਂ:
ਰਾਜਾ ਹੂੰ ਮੈਂ ਕੌਮ ਕਾ, ਔਰ ਇੰਦਰ ਮੇਰਾ ਨਾਮ।
ਬਿਨ ਪਰੀਓਂ ਕੀ ਦੀਦ ਕੇ, ਮੁਝੇ ਨਹੀਂ ਅਰਾਮ।
ਮੇਰਾ ਸੰਗਲਦੀਪ ਮੇਂ, ਮੁਲਕੋਂ-ਮੁਲਕੋਂ ਰਾਜ।
ਜੀ ਮੇਰਾ ਹੈ ਚਾਹਤਾ, ਕਿ ਜਲਸਾ ਦੇਖੂੰ ਆਜ।
ਇਕ ਛੰਦ ਵਜੋਂ ਚਉਬੋਲੇ ਦੇ ਮੁੱਖ ਤੌਰ ’ਤੇ ਸੱਤ ਜਾਂ ਅਠ ਰੂਪ ਮੰਨੇ ਜਾਂਦੇ ਹਨ। ਇਨ੍ਹਾਂ ਵਿਚੋਂ ਇਕ ਰੂਪ ਨੂੰ ਦੋਹਰੇ ਛੰਦ ਨਾਲ ਸੰਬੰਧਤ ਕੀਤਾ ਜਾਂਦਾ ਹੈ। ਵਿਚਾਰਧੀਨ ਬਾਣੀ ਵਿਚ ਵੀ ਚਉਬੋਲੇ ਦੇ ਇਸੇ ਰੂਪ ਦੀ ਵਰਤੋਂ ਹੋਈ ਹੈ। ਪਹਿਲਾਂ ਤੁਕ ਦੇ ਇਕ ਹਿੱਸੇ ਨੂੰ (ਠਹਿਰਾਉ ਤੋਂ ਪਹਿਲੇ) ਚਰਣ ਕਿਹਾ ਜਾਂਦਾ ਸੀ, ਜਦਕਿ ਅੱਜਕੱਲ੍ਹ ਪੂਰੀ ਤੁਕ ਨੂੰ ਹੀ ਚਰਣ ਕਿਹਾ ਜਾਂਦਾ ਹੈ।

ਚਉਬੋਲੇ ਦੇ ਇਕ ਰੂਪ ਨੂੰ ਤਾਟੰਕ ਛੰਦ ਨਾਲ ਵੀ ਜੋੜਿਆ ਗਿਆ ਹੈ। ਕਈ ਵਿਦਵਾਨਾਂ ਦੇ ਮੱਤ ਅਨੁਸਾਰ ਤਾਟੰਕ ਹੀ ਚਉਬੋਲਾ ਹੈ। ਤਾਟੰਕ ਵੀ ਚਾਰ ਚਰਣਾਂ ਦਾ ਮਾਤ੍ਰਿਕ ਛੰਦ ਹੈ। ਇਸ ਦੀਆਂ ੩੦ ਮਾਤਰਾਵਾਂ ਹੁੰਦੀਆਂ ਹਨ। ਪਹਿਲਾ ਵਿਸ਼ਰਾਮ ੧੬ ਮਾਤਰਾਵਾਂ ਉੱਤੇ ਅਤੇ ਦੂਜਾ ੧੪ ਮਾਤਰਾਵਾਂ ਉਪਰ ਹੁੰਦਾ ਹੈ:
ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ ॥
ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ ॥

ਇਸੇ ਤਰ੍ਹਾਂ ਚਉਬੋਲੇ ਦੇ ਵਖ-ਵਖ ਰੂਪਾਂ ਦਾ ਸੰਬੰਧ ਦੋਹਰੇ ਤੇ ਤਾਟੰਕ ਸਮੇਤ ਅੜਿੱਲ, ਸਵੱਈਆ, ਚੌਪਈ ਆਦਿ ਛੰਦਾਂ ਨਾਲ ਵੀ ਜੋੜਿਆ ਜਾਂਦਾ ਹੈ। ਚਾਰ ਚਰਣਾਂ ਵਾਲੇ ‘ਅੜਿੱਲ’ ਛੰਦ ਦੇ ਇਕ ਰੂਪ, ਜਿਸ ਦਾ ਹਰ ਚਰਣ ੨੧ ਮਾਤਰਾਵਾਂ ਦਾ ਹੁੰਦਾ ਹੈ ਅਤੇ ਅੰਤ ਵਿਚ ਗੁਰੂ-ਲਘੂ-ਗੁਰੂ ਆਉਂਦਾ ਹੈ, ਨੂੰ ਵੀ ਚਉਬੋਲੇ ਦਾ ਨਾਂ ਦਿੱਤਾ ਜਾਂਦਾ ਹੈ। ਇਸ ਰੂਪ ਦੇ ਚੌਥੇ ਚਰਣ ਦੇ ਅਰੰਭ ਵਿਚ ਕੋਈ ਸੰਬੋਧਨੀ ਸ਼ਬਦ (ਹੇ, ਹੈ, ਹੋ ਆਦਿ) ਵੀ ਆਉਂਦਾ ਹੈ। ਡਾ. ਰਤਨ ਸਿੰਘ ਜੱਗੀ ਅਨੁਸਾਰ ਇਸ ਸੰਬੋਧਨੀ ਸ਼ਬਦ ਦੀਆਂ ਮਾਤਰਾਵਾਂ ਗਿਣਤੀ ਤੋਂ ਬਾਹਰ ਹੁੰਦੀਆਂ ਹਨ। ਭਾਵ, ਇਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਚਉਬੋਲੇ ਦੇ ਇਸ ਰੂਪ ਦੀ ਉਦਾਹਰਣ ਇਸ ਪ੍ਰਕਾਰ ਹੈ:
ਸੁਨੈ ਗੁੰਗ ਜੋ ਯਾਹਿ, ਸੁ ਰਸਨਾ ਪਾਵਈ।
ਸੁਨੈ ਮੂੜ੍ਹ ਚਿਤ ਲਾਇ, ਚਤੁਰਤਾ ਆਵਈ।
ਦੂਖ ਦਰਦ ਭੌ ਨਿਕਟ, ਨ ਤਿਨ ਨਰ ਕੇ ਰਹੈ।
ਹੋ! ਜੋ ਯਾਕੀ ਏਕ ਬਾਰ, ਚੌਪਈ ਕੋ ਕਹੈ।

ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਚਾਰ ਭਿੰਨ-ਭਿੰਨ ਤੁਕਾਂਤਾਂ ਵਾਲਾ ਸਵੈਯਾ ਹੀ ‘ਚਉਬੋਲਾ’ ਹੈ।

ਚਉਬੋਲਾ ਸਵੈਯਾ ॥
ਸ੍ਰੀ ਰਘੁਰਾਜ ਸਰਾਸਨ ਲੈ, ਰਿਸ ਠਾਨਿ ਘਨੀ ਰਨਿ ਬਾਨ ਪ੍ਰਹਾਰੇ ॥
ਬੀਰਨ ਮਾਰ ਦੁਸਾਰ ਗਏ ਸਰ, ਅੰਬਰ ਤੇ ਬਰਸੇ ਜਨ ਓਰੇ ॥
ਬਾਜ ਗਜੀ ਰਥ ਸਾਜ ਗਿਰੇ ਧਰ, ਪਤ੍ਰ ਅਨੇਕ ਸੁ ਕਉਨ ਗਨਾਵੈ ॥
ਫਾਗੁਨ ਪਉਨ ਪ੍ਰਚੰਡ ਬਹੇ ਬਨ, ਪਤ੍ਰਨ ਤੇ ਜਨੁ ਪੱਤ੍ਰ ਉਡਾਨੇ ॥

ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਭਾਸ਼ਾਵਾਂ ਵਿਚ ਵੀ ‘ਚਉਬੋਲਾ’ ਇਕ ਛੰਦ ਦੇ ਤੌਰ ’ਤੇ ਵਰਤਿਆ ਮਿਲਦਾ ਹੈ। ਪ੍ਰਾਕ੍ਰਿਤ ਦੇ ਗ੍ਰੰਥ ‘ਪ੍ਰਾਕ੍ਰਿਤ-ਪੈਂਗਲਮ’ ਵਿਚ ਇਸ ਦੀ ਵਰਤੋਂ ਮਿਲਦੀ ਹੈ। ਇਹੀ ਛੰਦ ਪ੍ਰਾਚੀਨ ਗ੍ਰੰਥਾਂ ਵਿਚ ‘ਮਨਮਥਵਿਲਸਿਤ’ ਦੇ ਨਾਂ ਨਾਲ ਅਤੇ ਸੰਸਕ੍ਰਿਤ ਵਿਚ ‘ਚਤੁਸ਼੍ਪਦੀ’ ਨਾਂ ਨਾਲ ਮਿਲਦਾ ਹੈ। ਆਚਾਰਿਆ ਭਿਖਾਰੀਦਾਸ ਦਾ ਚੌਬੋਲਾ ਪ੍ਰਾਕ੍ਰਿਤ ਦੇ ਦੋ ਚਉਬੋਲਿਆਂ ਤੋਂ ਮਿਲ ਕੇ ਬਣਿਆ ਹੈ। ਇਸ ਕਰਕੇ ਇਸ ਦੀ ਤੁਲਨਾ ‘ਤਾਟੰਕ’ ਨਾਲ ਵੀ ਕੀਤੀ ਜਾ ਸਕਦੀ ਹੈ। ਹਿੰਦੀ ਵਿਚ ਚੌਬੋਲਾ ਦਾ ਪ੍ਰਯੋਗ ‘ਚਤੁਸ਼੍ਪਦੀ’ ਦੇ ਬਰਾਬਰ ਹੀ ਹੁੰਦਾ ਹੈ। ਹਿੰਦੀ ਵਿਚ ‘ਕੇਸ਼ਵਦਾਸ, ਸੂਦਨ ਅਤੇ ਰਘੁਰਾਜ’ ਕਵੀਆਂ ਨੇ ਇਸ ਛੰਦ ਦਾ ਪ੍ਰਯੋਗ ਕੀਤਾ ਹੈ।

ਉਪਰੋਕਤ ਦਰਸਾਏ ਵਖ-ਵਖ ਛੰਦਾਂ ਦੀਆਂ ਬੇਸ਼ੱਕ ਆਪੋ-ਆਪਣੀਆਂ ਵਿਸ਼ੇਸ਼ਤਾਵਾਂ ਹਨ, ਪਰ ਇਨ੍ਹਾਂ ਸਾਰਿਆਂ ਦਾ ਇਕ ਸਾਂਝਾ ਲੱਛਣ ਇਹ ਹੈ ਕਿ ਇਨ੍ਹਾਂ ਦੇ ਚਰਣਾਂ ਦੀ ਗਿਣਤੀ ਆਮ ਕਰਕੇ ਚਾਰ ਮੰਨੀ ਜਾਂਦੀ ਹੈ। ਸੋ, ਕਿਹਾ ਜਾ ਸਕਦਾ ਹੈ ਕਿ ਚਉਬੋਲੇ ਦਾ ਸੰਬੰਧ ਇਨ੍ਹਾਂ ਛੰਦਾਂ ਦੀਆਂ ਕਿਸੇ ਹੋਰ ਵਿਸ਼ੇਸ਼ਤਾਵਾਂ ਨਾਲੋਂ ਇਨ੍ਹਾਂ ਦੇ ਚਾਰ ਚਰਣਾਂ ਨਾਲ ਹੈ।
ਭਾਸ਼ਾਈ ਦ੍ਰਿਸ਼ਟੀਕੋਣ ਤੋਂ ਉਸ ਰਚਨਾ ਨੂੰ ਚਉਬੋਲਾ ਕਿਹਾ ਜਾਂਦਾ ਹੈ, ਜਿਸ ਦੀਆਂ ਚਾਰੇ ਤੁਕਾਂ ਵਿਚ ਚਾਰ ਵਖ-ਵਖ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੋਵੇ। ਉਦਾਹਰਣ ਵਜੋਂ ‘ਰਾਮਾਵਤਾਰ’ ਦੇ ਹੇਠ ਲਿਖੇ ਚਉਬੋਲੇ ਦੀਆਂ ਤੁਕਾਂ ਵਿਚ ਕ੍ਰਮਵਾਰ ਬ੍ਰਜ, ਮੁਲਤਾਨੀ, ਡਿੰਗਲ ਅਤੇ ਹਿੰਦੀ ਭਾਸ਼ਾਵਾਂ ਦੀ ਕੀਤੀ ਗਈ ਵਰਤੋਂ ਨੂੰ ਦੇਖ ਸਕਦੇ ਹਾਂ:
ਗਾਜੇ ਮਹਾਂ ਸੂਰ ਘੂੰਮੀ ਰਣੰ ਹੂਰ, ਭ੍ਰਮੀ ਨਭੰ ਪੂਰ ਬੇਖ ਅਨੂਪੰ।
ਵਲੇ ਵਲੀ ਸਾਂਈ ਜੀਵੀਂ ਜੁਗ ਤਾਈਂ, ਤੈਡੇ ਘੋਲ ਜਾਈ ਅਲਾਵੀਤ ਐਸੇ।
ਲਗੋਂ ਲਾਰ ਥਾਨੇ ਬਰੋ ਰਾਜ ਮ੍ਹਾਨੇ, ਕਹੋ ਔਰ ਕਾਨੇ ਹਠੀ ਛਾਡ ਥੈਸੇ।
ਬਰੋ ਆਨ ਮੋਕੋ ਭਜੋ ਆ ਤੋਕੋ, ਚਲੋ ਦੇਵ ਲੋਕੇ ਤਜੋ ਬੇਗ ਲੰਕਾ।

ਸੰਗੀਤਕ ਖੇਤਰ ਵਿਚ ਚਤੁਰੰਗ ਨੂੰ ਚਉਬੋਲਾ ਕਿਹਾ ਜਾਂਦਾ ਹੈ। ਚਤੁਰੰਗ ਅਜਿਹਾ ਸੰਗੀਤਕ ਪ੍ਰਬੰਧ ਹੁੰਦਾ ਹੈ, ਜਿਸ ਵਿਚ ਸਧਾਰਨ ਗੀਤ, ਸਰਗਮ, ਤਰਾਨਾ ਅਤੇ ਮ੍ਰਿਦੰਗ ਦੇ ਬੋਲ ਸ਼ਾਮਲ ਹੁੰਦੇ ਹਨ।

ਡਾ. ਰਤਨ ਸਿੰਘ ਜੱਗੀ ਅਨੁਸਾਰ ਪਾਕਿਸਤਾਨੀ ਪੰਜਾਬ ਵਿਚ ਬੋਲੀ ਜਾਣ ਵਾਲੀ ਪੰਜਾਬੀ ਦੀ ਇਕ ਉਪਭਾਸ਼ਾ ‘ਆਵਾਣਕਾਰੀ’ ਵਿਚ ਕਈ ਵਾਰ ‘ਚਉਬੋਲੇ’ ਸ਼ਬਦਾਂ ਦੀ ਵਰਤੋਂ ਕਰ ਕੇ ਵਿਅੰਗ ਅਤੇ ਪ੍ਰੇਮਮਈ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਸ ਉਪਭਾਸ਼ਾਈ ਖੇਤਰ ਦੀ ਲੋਕ-ਪਰੰਪਰਾ ਵਿਚ ‘ਚਉਬੋਲੇ’ ਕਿਸੇ ਪ੍ਰੇਮਮਈ ਮਨੋਵੇਗ ਦੇ ਪ੍ਰਗਟਾਵੇ ਦਾ ਵਾਚਕ ਹੈ, ਜਿਸ ਦਾ ਅਧਾਰ ਵਿਅੰਗ ਜਾਂ ਨਿਹੋਰਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ‘ਚਾਰੁ-ਬੋਲ’ (ਮਨੋਹਰ-ਬੋਲ) ਦਾ ਅਪਭ੍ਰੰਸ਼ ਰੂਪ ਵੀ ਦੱਸਿਆ ਜਾਂਦਾ ਹੈ।

ਚਉਬੋਲੇ ਬਾਣੀ
ਵਿਚਾਰਧੀਨ ਚਉਬੋਲੇ ਬਾਣੀ ਸੰਬੰਧੀ ਪਰੰਪਰਾ ਵਜੋਂ ਮੰਨਿਆ ਜਾਂਦਾ ਹੈ ਕਿ ਇਹ ਬਾਣੀ ਚਾਰ ਪ੍ਰੇਮੀ ਗੁਰਸਿਖਾਂ ਸੰਮਨ, ਮੂਸਨ, ਜਮਾਲ ਅਤੇ ਪਤੰਗ ਨੂੰ ਸੰਬੋਧਤ ਹੈ।

ਟੀਕਾ/ਟੀਕਾਕਾਰ | ਸੰਮਨ | ਮੂਸਨ | ਜਮਾਲ | ਪਤੰਗ |
ਆਦਿ ਗੁਰੂ ਗ੍ਰੰਥ ਸਾਹਿਬ (ਫਰੀਦਕੋਟ ਵਾਲਾ ਟੀਕਾ) | ਸੰਮਨ ਜੀ | ਮੂਸਨ ਜੀ | ਜਮਾਲ ਨਾਮਾ ਸੰਤ | ਪਤੰਗਾ, ਪਤੰਗ ਭਗਤ |
ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ | ਹੇ ਸੰਮਨ! | ਹੇ ਮੂਸਨ! | ਹੇ ਜਮਾਲ! | ਪਤੰਗਾ, ਪਤੰਗ ਸਿਖ |
ਭਾਈ ਵੀਰ ਸਿੰਘ | ਹੇ ਸੰਮਨ! | ਹੇ ਮੂਸਨ! | ਸੁੰਦਰਤਾ | ਪਰਵਾਨਾ, ਭਮੱਕੜ, ਭੰਵਰਾ, ਫਕੀਰ ਦਾ ਨਾਂ |
ਪ੍ਰੋ. ਸਾਹਿਬ ਸਿੰਘ | ਹੇ ਦਾਨੀ ਮਨੁਖ! | ਆਤਮਕ ਜੀਵਨ ਵਲੋਂ ਲੁੱਟੇ ਜਾ ਰਹੇ ਮਨੁਖ! | ਕੋਮਲ ਸੁੰਦਰਤਾ | ਪਤੰਗਾ |
ਸੰਤ ਕਿਰਪਾਲ ਸਿੰਘ | ਹੇ ਸੰਮਨ! | ਹੇ ਮੂਸਨ! | ਜਮਾਲ ਸਾਈਂ | ਪਤੰਗ ਸਾਈਂ, ਸੂਰਜ ਦੀ ਤਰ੍ਹਾਂ |
ਗਿ. ਹਰਿਬੰਸ ਸਿੰਘ | ਹੇ ਸੰਮਨ! | ਹੇ ਮੂਸਨ! | ਹੇ ਜਮਾਲ! | ਭੰਬਟ |
ਡਾ. ਰਤਨ ਸਿੰਘ ਜੱਗੀ | ਹੇ ਸੰਮਨ! | ਹੇ ਮੂਸਨ! | ਹੇ ਜਮਾਲ! | ਮਮੂਲੀ ਜਿਹਾ ਪਤੰਗਾ |
Sant Singh Khalsa | O Samman! | O Musan! | O Jamal! | Moth |
Harjinder Singh Dilgeer | O Saman! | O Musan! | O Jamal! | Moth |
Gurbachan Singh Talib | Listen Samman! | Listen Musan! | Listen Jamal! | Listen Patang! |
Manmohan Singh | Saman | Musan | Beauteous | Moth |
ਉਪਰੋਕਤ ਵਿਦਵਾਨਾਂ ਵਿਚੋਂ ਪ੍ਰੋ. ਸਾਹਿਬ ਸਿੰਘ ਤੋਂ ਇਲਾਵਾ ਬਾਕੀ ਸਾਰੇ ਵਿਦਵਾਨਾਂ ਨੇ ਸੰਮਨ ਤੇ ਮੂਸਨ ਨੂੰ ਵਿਅਕਤੀ ਰੂਪ ਵਿਚ ਦਰਸਾਇਆ ਹੈ। ਡਾ. ਰਤਨ ਸਿੰਘ ਜੱਗੀ ਨੇ ਵੀ ਭਾਵੇਂ ਇਨ੍ਹਾਂ ਦੇ ਅਰਥ ਹੇ ਸੰਮਨ ਅਤੇ ਹੇ ਮੂਸਨ ਕੀਤੇ ਹਨ। ਪਰ ਉਨ੍ਹਾਂ ਨੇ ਸੰਮਨ ਅਤੇ ਮੂਸਨ ਨੂੰ ਲੋਕ-ਕਥਾ ਨਾਲ ਜੋੜਦਿਆਂ ਇਸ ਦੀਆਂ ਕਥਾਨਕ ਰੂੜ੍ਹੀਆਂ (ਲੋਕ-ਕਥਾ ਵਿਚ ਵਾਰ-ਵਾਰ ਦੁਹਰਾਇਆ ਜਾਂਦਾ ਸੰਪੂਰਨ ਅਰਥ ਰਖਣ ਵਾਲਾ ਤੱਤ ਜਾਂ ਮੋਟਿਫ) ਦਾ ਇਤਿਹਾਸ ਢਾਈ ਹਜਾਰ ਸਾਲ ਪੁਰਾਣਾ ਦੱਸਿਆ ਹੈ।

ਉਪਰੋਕਤ ਸਮੁੱਚੀ ਵਿਚਾਰ-ਚਰਚਾ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਚਉਬੋਲੇ ਚਾਰ ਚਰਣਾਂ ਅਤੇ ਨਾਟਕੀ ਅੰਸ਼ਾਂ ਵਾਲੀ ਪ੍ਰੇਮ ਭਾਵਨਾਵਾਂ ਨਾਲ ਭਰਪੂਰ ਕਾਵਿ ਰਚਨਾ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਚਉਬੋਲੇ ਸਿਰਲੇਖ ਵਾਲੀ ਬਾਣੀ ਵੀ ਇਨ੍ਹਾਂ ਗੁਣਾਂ ਨਾਲ ਭਰਪੂਰ ਹੈ।