Guru Granth Sahib Logo
  
ਇਸ ਬਾਣੀ ਵਿਚ ਸੰਮਨ, ਮੂਸਨ, ਜਮਾਲ ਅਤੇ ਪਤੰਗ ਦਾ ਜਿਕਰ ਆਇਆ ਹੈ। ਇਨ੍ਹਾਂ ਚਾਰਾਂ ਨੂੰ ਵਖ ਵਖ ਵਿਦਵਾਨਾਂ ਨੇ ਵਖ ਵਖ ਰੂਪਾਂ ਵਿਚ ਅਰਥਾਇਆ ਹੈ। ਸਾਖੀ ਸਾਹਿਤ ਵਿਚ ਇਨ੍ਹਾਂ ਚਾਰਾਂ ਦਾ ਜਿਕਰ ਇਸ ਪ੍ਰਕਾਰ ਮਿਲਦਾ ਹੈ:

ਸੰਮਨ ਤੇ ਮੂਸਨ
ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸੰਮਨ ਤੇ ਮੂਸਨ ਪਿਉ-ਪੁੱਤਰ ਸਨ। ਸੰਮਨ ਪਿਤਾ ਸੀ ਅਤੇ ਮੂਸਨ ਉਸ ਦਾ ਪੁੱਤਰ ਸੀ। ਇਹ ਦੋਵੇਂ ਸਿਖ ਸ਼ਾਹਬਾਜਪੁਰ (ਹਰਿਆਣਾ, ਭਾਰਤ) ਦੇ ਵਸਨੀਕ ਸਨ। ਇਹ ਲਾਹੌਰ ਸ਼ਹਿਰ ਵਿਚ ਇਮਾਰਤਸਾਜੀ ਦਾ ਕੰਮ ਕਰਦੇ ਸਨ। ਆਪਣੀ ਕਮਾਈ ਦੇ ਪੈਸੇ ਨੂੰ ਇਹ ਕਿਸੇ ਸ਼ਾਹੂਕਾਰ ਕੋਲ ਜਮ੍ਹਾਂ ਕਰਵਾ ਦਿੰਦੇ ਸਨ। ਜਦੋਂ ਗੁਰੂ ਅਰਜਨ ਸਾਹਿਬ ਲਾਹੌਰ ਆਏ ਤਾਂ ਇਨ੍ਹਾਂ ਨੇ ਬੜੇ ਪਿਆਰ ਨਾਲ ਗੁਰੂ ਸਾਹਿਬ ਨੂੰ ਆਪਣੇ ਘਰ ਆਉਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਬੇਨਤੀ ਪਰਵਾਨ ਕਰ ਲਈ। ਇਸ ਗੱਲ ਦਾ ਪਤਾ ਗੁਰੂ ਸਾਹਿਬ ਦੇ ਦੋਖੀ ਚੰਦੂ (ਲਾਹੌਰ ਦਾ ਇਕ ਸ਼ਾਹੀ ਮੁਲਾਜਮ, ਕਈ ਸਰੋਤਾਂ ਅਨੁਸਾਰ ਇਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਈ ਵੀ ਜਿੰਮੇਵਾਰ ਸੀ)
Bani Footnote ਡਾ. ਗੁਰਮੁਖ ਸਿੰਘ (ਸੰਪਾ.), ਗੁਰ ਬਿਲਾਸ ਪਾਤਸ਼ਾਹੀ ੬ ਕ੍ਰਿਤ ਭਗਤ ਸਿੰਘ, ਪੰਨਾ ੨੧੪-੨੪੭ (ਅਧਿਆਇ ਸਤਵਾਂ); ਡਾ. ਕਿਰਪਾਲ ਸਿੰਘ (ਸੰਪਾ.), ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ-ਬਿਰਤਾਂਤ (ਭਾਗ ਤੀਜਾ) ਕ੍ਰਿਤ ਮਹਾਂਕਵੀ ਭਾਈ ਸੰਤੋਖ ਸਿੰਘ ਜੀ, ਪੰਨਾ ੪੬੬ ਅਤੇ ੫੬੨; ਗਿ. ਗਿਆਨ ਸਿੰਘ, ਤਵਾਰੀਖ ਗੁਰੂ ਖਾਲਸਾ, ਭਾਗ-ਪਹਿਲਾ, ਪੰ. ੪੩੩-੪੩੯, ੪੫੨
ਨੂੰ ਲੱਗਾ। ਉਸ ਨੂੰ ਪਤਾ ਸੀ ਕਿ ਇਹ ਦੋਵੇਂ ਸਿਖ ਲੰਗਰ ਆਦਿ ਦੇ ਖਰਚੇ ਲਈ ਸ਼ਾਹੂਕਾਰ ਤੋਂ ਪੈਸੇ ਵਾਪਸ ਮੰਗਣਗੇ। ਉਹ ਸ਼ਾਹੂਕਾਰ ਕੋਲ ਗਿਆ ਅਤੇ ਸ਼ਾਹੀ ਡਰ ਦਿਖਾ ਕੇ ਉਸ ਨੂੰ ਇਕ ਹਫਤੇ ਲਈ ਪੈਸੇ ਵਾਪਸ ਕਰਨ ਤੋਂ ਰੋਕ ਦਿੱਤਾ। ਜਦੋਂ ਇਨ੍ਹਾਂ ਸਿਖਾਂ ਨੇ ਸ਼ਾਹੂਕਾਰ ਕੋਲੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਇਨਕਾਰ ਕਰ ਦਿੱਤਾ। ਫਿਰ ਇਹ ਦੋਵੇਂ ਸਿਖ ਬਜਾਰ ਵਿਚ ਉਧਾਰ ਸਮਾਨ ਲੈਣ ਗਏ ਪਰ ਉਧਰੋਂ ਵੀ ਜਵਾਬ ਮਿਲ ਗਿਆ। ਇਨ੍ਹਾਂ ਨੂੰ ਆਭਾਸ ਹੋ ਗਿਆ ਕਿ ਇਹ ਚੰਦੂ ਦੀ ਹੀ ਸ਼ਰਾਰਤ ਹੈ, ਜਿਸ ਦੇ ਡਰੋਂ ਸਾਰੇ ਉਨ੍ਹਾਂ ਤੋਂ ਮੂੰਹ ਮੋੜ ਰਹੇ ਹਨ।

ਅਖੀਰ, ਇਨ੍ਹਾਂ ਦੋਵਾਂ ਨੇ ਉਸ ਸ਼ਾਹੂਕਾਰ ਦੀ ਦੁਕਾਨ ਦੀ ਛੱਤ ਵਿਚਲੇ ਮਘੋਰੇ ਰਾਹੀਂ ਆਪਣੇ ਪੈਸੇ ਚੁੱਕ ਲਿਆਉਣ ਦੀ ਵਿਉਂਤ ਬਣਾਈ। ਵਿਉਂਤ ਅਨੁਸਾਰ ਰਾਤ ਦੇ ਸਮੇਂ ਦੁਕਾਨ ਅੰਦਰ ਵੜ ਕੇ ਮੂਸਨ ਨੇ ਪੰਜ ਸੌ ਰੁਪਏ ਦੀ ਥੈਲੀ ਛੱਤ ਉਪਰ ਖੜ੍ਹੇ ਆਪਣੇ ਪਿਤਾ ਸੰਮਨ ਨੂੰ ਤਾਂ ਫੜ੍ਹਾ ਦਿੱਤੀ ਪਰ ਉਹ ਆਪ ਵਾਪਸ ਨਾ ਨਿਕਲ ਸਕਿਆ। ਦਿਨ ਚੜ੍ਹਨ ਵਾਲਾ ਸੀ। ਜੇਕਰ ਉਹ ਉਥੇ ਫੜ੍ਹੇ ਜਾਂਦੇ ਤਾਂ ਬਦਨਾਮੀ ਹੋਣੀ ਸੀ। ਸੋ, ਪਹਿਚਾਣ ਛਿਪਾਉਣ ਲਈ ਮੂਸਨ ਦੇ ਜੋਰ ਦੇਣ ’ਤੇ ਸੰਮਨ ਨੇ ਉਸ ਦਾ ਸਿਰ ਕੱਟ ਲਿਆ ਅਤੇ ਪੈਸੇ ਤੇ ਮੂਸਨ ਦਾ ਸਿਰ ਲੈ ਕੇ ਘਰ ਆ ਗਿਆ। ਘਰ ਵਿਚ ਮੂਸਨ ਦਾ ਸਿਰ ਰਖ ਕੇ ਉਹ ਸੌਦਾ ਲੈਣ ਲਈ ਬਜਾਰ ਚਲਾ ਗਿਆ। ਜਦੋਂ ਉਹ ਵਾਪਸ ਘਰ ਆਇਆ ਤਾਂ ਅੱਗੇ ਸ਼ਾਹੂਕਾਰ ਬੈਠਾ ਸੀ। ਸ਼ਾਹੂਕਾਰ ਸੰਮਨ ਦੇ ਪੈਂਰੀ ਪੈ ਕੇ ਮਾਫੀ ਮੰਗਣ ਲੱਗਾ। ਉਸ ਨੇ ਕਿਹਾ ਕਿ ਪੈਸੇ ਦੇਣ ਤੋਂ ਮੁਕਰਨ ਦੀ ਸਜਾ ਮੈਨੂੰ ਮਿਲ ਚੁੱਕੀ ਹੈ। ਮੇਰੀ ਦੁਕਾਨ ਵਿਚ ਇਕ ਧੜ ਡਿੱਗਾ ਪਿਆ ਹੈ। ਜੇਕਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਮੇਰੇ ਸਿਰ ਕਤਲ ਦਾ ਮੁਕੱਦਮਾ ਪੈ ਜਾਵੇਗਾ। ਸ਼ਾਹੂਕਾਰ ਨੇ ਸੰਮਨ ਨੂੰ ਕਿਹਾ ਕਿ ਤੁਸੀਂ ਜਿੰਨੇ ਵੀ ਪੈਸੇ ਚਾਹੋ ਲੈ ਲਵੋ ਪਰ ਇਸ ਬਿਪਤਾ ਤੋਂ ਖਹਿੜਾ ਛੁਡਾਓ। ਸੰਮਨ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਪੈਸਿਆਂ ਨਾਲ ਤਾਂ ਨੌਕਰੀ ਹੁੰਦੀ ਹੈ, ਜਦਕਿ ਸੇਵਾ ਪਿਆਰ ਨਾਲ ਹੁੰਦੀ ਹੈ ਅਤੇ ਉਹ ਸੇਵਾ ਕਰਨ ਨੂੰ ਤਿਆਰ ਹੈ।

ਸੰਮਨ ਸ਼ਾਹੂਕਾਰ ਨਾਲ ਜਾ ਕੇ ਆਪਣੇ ਪੁੱਤਰ ਦਾ ਧੜ ਵੀ ਚੁੱਕ ਲਿਆਇਆ। ਜਦੋਂ ਗੁਰੂ ਸਾਹਿਬ ਉਨ੍ਹਾਂ ਦੇ ਘਰ ਆਏ ਤਾਂ ਇਕੱਲੇ ਸੰਮਨ ਨੂੰ ਹੀ ਸੇਵਾ ਕਰਦੇ ਹੋਏ ਦੇਖ ਕੇ ਉਨ੍ਹਾਂ ਕਿਹਾ ਕਿ ਮੂਸਨ ਨੂੰ ਬੁਲਾਓ। ਸੰਮਨ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਗਰੀਬ ਨਿਵਾਜ! ਮੇਰੇ ਵਿਚ ਉਸ ਨੂੰ ਇਥੇ ਬੁਲਾ ਲੈਣ ਦੀ ਹਿੰਮਤ ਨਹੀਂ। ਗੁਰੂ ਸਾਹਿਬ ਨੇ ਮੂਸਨ ਨੂੰ ਉੱਚੀ-ਉੱਚੀ ਅਵਾਜਾਂ ਮਾਰ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਉਸੇ ਵੇਲੇ ਹੀ ਮੂਸਨ ਹੱਥ ਵਿਚ ਗੰਗਾ ਸਾਗਰ (ਪਾਣੀ ਦਾ ਵਾਲਾ ਇਕ ਬਰਤਨ) ਲੈ ਕੇ ਸੰਗਤ ਦੀ ਸੇਵਾ ਲਈ ਹਾਜ਼ਰ ਹੋ ਗਿਆ।
Bani Footnote ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਦਸਵੀਂ, ਪੰਨਾ ੧੮੯-੧੯੩


ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ) ਵਿਚ ਵੀ ਅਜਿਹੀ ਹੀ ਸਾਖੀ ਦਰਜ ਹੈ। ਇਸ ਸਾਖੀ ਅਨੁਸਾਰ ਸੰਮਨ ਅਤੇ ਮੂਸਨ ਬਹੁਤ ਗਰੀਬ ਸਨ। ਪਰ ਗੁਰੂ ਸਾਹਿਬ ਅਤੇ ਸੰਗਤ ਦੀ ਸੇਵਾ ਕਰਨੀ ਚਾਹੁੰਦੇ ਸਨ। ਇਸ ਲਈ ਰਾਤ ਨੂੰ ਉਨ੍ਹਾਂ ਨੇ ਕਿਸੇ ਬਾਣੀਏ (ਦੁਕਾਨਦਾਰ) ਦੀ ਦੁਕਾਨ ਵਿਚ ਛੱਤ ਉਪਰੋਂ ਪਾੜ ਲਾ ਕੇ ਲੋੜੀਂਦਾ ਸਮਾਨ ਚੁੱਕਣਾ ਸ਼ੁਰੂ ਕਰ ਦਿੱਤਾ। ਸੰਮਨ ਛੱਤ ਉਪਰ ਖੜ੍ਹ ਗਿਆ ਅਤੇ ਮੂਸਨ ਉਸ ਨੂੰ ਦੁਕਾਨ ਵਿਚੋਂ ਸਮਾਨ ਫੜਾਉਣ ਲੱਗਾ। ਖੜਾਕ ਸੁਣ ਕੇ ਬਾਣੀਆ ਜਾਗ ਪਿਆ। ਉਸ ਨੇ ਮੂਸਨ ਦੀ ਲੱਤ ਫੜ ਲਈ। ਸੰਮਨ ਨੇ ਸੋਚਿਆ ਕਿ ਜੇਕਰ ਸਾਡਾ ਕਰਮ ਜ਼ਾਹਰ ਹੋ ਗਿਆ ਤਾਂ ਲੋਕ ਕਹਿਣਗੇ ਕਿ ਗੁਰੂ ਦੇ ਸਿਖ ਅਜਿਹੇ ਘਟੀਆ ਕੰਮ ਕਰਦੇ ਹਨ। ਇਸ ਲਈ ਉਹ ਆਪਣੇ ਪੁੱਤਰ ਦਾ ਸਿਰ ਕੱਟ ਕੇ ਸਮਾਨ ਸਮੇਤ ਘਰ ਲੈ ਆਇਆ। ਘਰ ਆ ਕੇ ਉਸ ਨੇ ਸਮੂਹ ਸੰਗਤ ਲਈ ਲੰਗਰ ਆਦਿ ਤਿਆਰ ਕੀਤਾ। ਗੁਰੂ ਸਾਹਿਬ ਸੰਗਤ ਸਮੇਤ ਲੰਗਰ ਛਕਣ ਲਈ ਬੈਠ ਗਏ। ਜਦੋਂ ਲੰਗਰ ਪਰੋਸਿਆ ਗਿਆ ਤਾਂ ਗੁਰੂ ਸਾਹਿਬ ਨੇ ਸੰਮਨ ਨੂੰ ਕਿਹਾ ਕਿ ਮੂਸਨ ਕਿਥੇ ਹੈ? ਉਸ ਨੂੰ ਬੁਲਾਓ ਤਾਂ ਲੰਗਰ ਛਕਾਂਗੇ। ਇਹ ਸੁਣ ਕੇ ਸੰਮਨ ਚੁੱਪ ਕਰ ਗਿਆ। ਗੁਰੂ ਸਾਹਿਬ ਨੇ ਅਵਾਜ ਮਾਰੀ ਕਿ ਆਓ ਮੂਸਨ ਲੰਗਰ ਛਕੀਏ। ਗੁਰੂ ਸਾਹਿਬ ਵੱਲੋਂ ਇਹ ਬਚਨ ਕਰਦਿਆਂ ਹੀ ਮੂਸਨ ਨੇ ਆ ਕੇ ਉਨ੍ਹਾਂ ਨੂੰ ਨਮਸਕਾਰ ਕੀਤੀ। ਗੁਰੂ ਸਾਹਿਬ ਨੇ ਲੰਗਰ ਛਕਿਆ। ਜਦੋਂ ਗੁਰੂ ਸਾਹਿਬ ਲੰਗਰ ਛਕ ਕੇ ਬੈਠ ਗਏ ਤਾਂ ਸੰਮਨ ਦੇ ਮਨ ਵਿਚ ਆਇਆ ਕਿ ਮੈਂ ਆਪਣੇ ਪੁੱਤਰ ਦਾ ਸਿਰ ਕੱਟ ਦਿੱਤਾ ਸੀ। ਇਸ ਲਈ ਇਸ ਦੇ ਮਨ ਵਿਚ ਮੇਰੇ ਲਈ ਕੋਈ ਗੁੱਸਾ ਜਾਂ ਰੋਸ ਨਾ ਹੋਵੇ। ਫਿਰ ਦੋਵਾਂ ਨੇ ਆਪਸ ਵਿਚ ਵਾਪਰੀ ਘਟਨਾ ਸੰਬੰਧੀ ਚਰਚਾ ਕੀਤੀ। ਇਸ ਚਰਚਾ ਨੂੰ ਹੀ ਗੁਰੂ ਸਾਹਿਬ ਨੇ ਇਸ ਬਾਣੀ ਦੇ ਰੂਪ ਵਿਚ ਉਚਾਰਣ ਕੀਤਾ।
Bani Footnote ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਪੰਨਾ ੨੭੬੬-੨੭੬੭


ਸੰਮਨ ਤੇ ਮੂਸਨ ਵਾਲੀ ਇਸ ਸਾਖੀ ਦਾ ਇਕ ਹੋਰ ਰੂਪ ਵੀ ਮਿਲਦਾ ਹੈ। ਇਸ ਅਨੁਸਾਰ ਇਹ ਦੋਵੇਂ ਪਿਤਾ ਅਤੇ ਪੁੱਤਰ ਲਾਹੌਰ ਵਿਚ ਮਿਹਨਤ ਮਜਦੂਰੀ ਕਰਦੇ ਸਨ। ਮਾਇਕੀ ਤੰਗੀ ਦੇ ਬਾਵਜੂਦ ਇਹ ਗੁਰੂ ਅਰਜਨ ਸਾਹਿਬ ਨੂੰ ਲੰਗਰ ਛਕਾਉਣਾ ਚਾਹੁੰਦੇ ਸਨ। ਇਨ੍ਹਾਂ ਨੇ ਜਿਆਦਾ ਉਜਰਤ ਦਿਵਾਉਣ ਵਾਲੇ ਬੁਰਜ ਦੀ ਉਸਾਰੀ ਲਈ ਮਜਦੂਰੀ ਕਰਨੀ ਸ਼ੁਰੂ ਕਰ ਦਿੱਤੀ। ਲੰਗਰ ਛਕਾਉਣ ਵਾਲੇ ਨਿਸ਼ਚਿਤ ਦਿਨ ਮੂਸਨ ਪੈੜ ਤੋਂ ਹੇਠਾਂ ਡਿੱਗ ਕੇ ਗੁਜਰ ਗਿਆ। ਸੰਮਨ ਨੇ ਅਡੋਲ ਮਨ ਨਾਲ ਉਸ ਦੀ ਲਾਸ਼ ਘਰ ਦੇ ਇਕ ਕੋਠੇ ਵਿਚ ਬੰਦ ਕਰ ਕੇ ਗੁਰੂ ਸਾਹਿਬ ਲਈ ਲੰਗਰ ਤਿਆਰ ਕੀਤਾ। ਗੁਰੂ ਸਾਹਿਬ ਘਰ ਆਏ ਤੇ ਉਨ੍ਹਾਂ ਮੂਸਨ ਬਾਰੇ ਪੁੱਛਿਆ। ਸੰਮਨ ਨੇ ਕਿਹਾ ਕਿ ਤੁਸੀਂ ਆਪ ਅੰਤਰਜਾਮੀ ਹੋ, ਮੈਥੋਂ ਕੀ ਪੁੱਛਦੇ ਹੋ? ਗੁਰੂ ਸਾਹਿਬ ਨੇ ਅਵਾਜ ਮਾਰੀ ਤਾਂ ਮੂਸਨ ਗੁਰੂ ਸਾਹਿਬ ਦੇ ਸਨਮੁਖ ਹਾਜ਼ਰ ਹੋ ਗਿਆ।
Bani Footnote ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੩੯੧


ਡਾ. ਰਤਨ ਸਿੰਘ ਜੱਗੀ ਨੇ ਸੰਮਨ ਅਤੇ ਮੂਸਨ ਨਾਲ ਸੰਬੰਧਤ ਸਾਖੀ ਨੂੰ ਲੋਕ-ਕਥਾ ਨਾਲ ਜੋੜਦਿਆਂ ਇਸ ਦੀਆਂ ਕਥਾਨਕ ਰੂੜ੍ਹੀਆਂ (ਲੋਕ-ਕਥਾ ਵਿਚ ਵਾਰ-ਵਾਰ ਦੁਹਰਾਇਆ ਜਾਂਦਾ ਸੰਪੂਰਨ ਅਰਥ ਰਖਣ ਵਾਲਾ ਤੱਤ ਜਾਂ ਮੋਟਿਫ) ਦਾ ਇਤਿਹਾਸ ਢਾਈ ਹਜਾਰ ਸਾਲ ਪੁਰਾਣਾ ਦੱਸਿਆ ਹੈ। ਉਨ੍ਹਾਂ ਅਨੁਸਾਰ ਇਸ ਕਥਾ ਦਾ ਮੁੱਢ ਭਾਵੇਂ ਮਿਸਰ ਵਿਚ ਬੱਝਾ ਪਰ ਸਮੇਂ ਨਾਲ ਵਖ-ਵਖ ਦੇਸ਼ਾਂ ਦੇ ਸਭਿਆਚਾਰਾਂ ਵਿਚ ਇਸ ਦੇ ਸਰੂਪ ਅਤੇ ਕਥਾਨਕ ਵਿਚ ਕਈ ਪ੍ਰਕਾਰ ਦਾ ਫਰਕ ਆ ਗਿਆ। ਭਾਰਤ ਵਿਚ ਇਸ ਲੋਕ-ਕਥਾ ਦਾ ਆਗਮਨ ਵਪਾਰੀਆਂ ਰਾਹੀਂ ਹੋਇਆ ਅਤੇ ਇਥੋਂ ਦੇ ਸਭਿਆਚਾਰ ਅਨੁਸਾਰ ਇਸ ਨੇ ਆਪਣਾ ਰੂਪ ਢਾਲ ਲਿਆ। ਇਸ ਦੇ ਪਾਤਰਾਂ ਦੇ ਨਾਵਾਂ ਦਾ ਵੀ ਭਾਰਤੀਕਰਨ ਹੋ ਗਿਆ। ਪਹਿਲਾਂ ਇਹ ‘ਕਥਾ ਸਰਿਤ ਸਾਗਰ’ ਵਿਚ ‘ਘਟ ਅਤੇ ਕਰਪਰਾ’ ਰੂਪ ਵਿਚ ਸੋਮਦੇਵ ਨੇ ਚਿਤਰੀ। ਬਾਅਦ ਵਿਚ ਘਟ ਅਤੇ ਕਰਪਰਾ ਨਾਂ ਦੇ ਦੋਵਾਂ ਚੋਰਾਂ ਦੀ ਥਾਂ ਸੰਮਨ ਅਤੇ ਮੂਸਨ ਦੀ ਕਲਪਨਾ ਕੀਤੀ ਜਾਣ ਲੱਗੀ। ਸੰਸਕ੍ਰਿਤ ਦਾ ‘ਸੁਮਨਸ੍’ (ਚੰਗੇ ਮਨ ਵਾਲਾ) ਸ਼ਬਦ ‘ਸੰਮਨ’ ਦਾ ਰੂਪ ਧਾਰ ਗਿਆ ਅਤੇ ‘ਮੂਸ਼ਣ’ (ਚੋਰੀ ਕਰਨਾ) ਸ਼ਬਦ ਦਾ ਅਪਭ੍ਰੰਸ਼ ਰੂਪ ‘ਮੂਸਨ’ ਬਣਿਆ। ਰਿਵਾਇਤ ਅਨੁਸਾਰ ਗੁਰੂ ਅਰਜਨ ਸਾਹਿਬ ਸਿਖਾਂ ਨੂੰ ਸੱਚੀ ਅਤੇ ਨਿਸ਼ਕਾਮ ਭਗਤੀ ਬਾਰੇ ਉਪਦੇਸ਼ ਦੇਣ ਸਮੇਂ ਸੰਮਨ ਅਤੇ ਮੂਸਨ ਦੀ ਸਾਖੀ ਸੁਣਾਇਆ ਕਰਦੇ ਸਨ। ਪਰ ਬਾਅਦ ਵਿਚ ਪ੍ਰਚਾਰਕਾਂ ਨੇ ਬਿਨਾਂ ਕਿਸੇ ਇਤਿਹਾਸਕ ਅਧਾਰ ਦੇ ਇਨ੍ਹਾਂ ਦੋਵਾਂ ਨੂੰ ਗੁਰੂ ਸਾਹਿਬ ਦੇ ਸਿਖ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਦੀ ‘ਚਉਬੋਲੇ’ ਬਾਣੀ ਨੂੰ ਇਨ੍ਹਾਂ ਨਾਲ ਸੰਬੰਧਤ ਕਿਹਾ ਜਾਣ ਲੱਗ ਪਿਆ। ਸੰਮਨ ਅਤੇ ਮੂਸਨ ਦੀ ਕਥਾ ਦੀਆਂ ਮੁੱਖ ਰੂੜ੍ਹੀਆਂ ਮਿਸਰ ਦੀ ‘ਰੇਂਪਸਿਨੀਤਸ’ ਦੀ ਲੋਕ-ਕਥਾ ਅਤੇ ਯੂਨਾਨ ਦੀ ‘ਆਗਮੇਦਜ਼-ਟਰੋਫੋਨੀਅਸ’ ਦੀ ਲੋਕ-ਕਥਾ ਨਾਲ ਵੀ ਸਮਾਨਤਾ ਰਖਦੀਆਂ ਹਨ।
Bani Footnote ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੩੯੧-੩੯੨


ਜਮਾਲ ਤੇ ਪਤੰਗ
ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜਮਾਲ ਅਤੇ ਪਤੰਗ ਵੀ ਲਾਹੌਰ ਸ਼ਹਿਰ ਵਿਚ ਹੀ ਰਹਿੰਦੇ ਸਨ। ਜਮਾਲ ਪਠਾਣ ਸੀ ਅਤੇ ਪਤੰਗ ਧਨਾਢ ਸ਼ਾਹੂਕਾਰ ਸੀ। ਲੋਕ ਆਪਣਾ ਧਨ ਅਤੇ ਅਮਾਨਤਾਂ ਪਤੰਗ ਕੋਲ ਰਖ ਜਾਂਦੇ ਸਨ। ਇਕ ਦਿਨ ਜਮਾਲ ਨੂੰ ਪਸ਼ੌਰ (ਪਾਕਿਸਤਾਨ) ਵਿਚ ਜਰੂਰੀ ਕੰਮ ਪੈ ਗਿਆ। ਉਹ ਪਤੰਗ ਕੋਲ ਆਪਣਾ ਧਨ ਰਖ ਗਿਆ, ਕਿਉਂਕਿ ਰਸਤੇ ਵਿਚ ਉਸ ਨੂੰ ਧਨ ਲੁੱਟੇ ਜਾਣ ਦਾ ਖਤਰਾ ਸੀ। ਉਸ ਸਮੇਂ ਪਤੰਗ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਵਹੀ ਉਪਰ ਲਿਖਣਾ ਭੁੱਲ ਗਿਆ। ਦੂਜੇ ਪਾਸੇ, ਜਮਾਲ ਨੂੰ ਵੀ ਕਾਹਲ ਸੀ ਅਤੇ ਉਹ ਪਤੰਗ ਦੀ ਇਮਾਨਦਾਰੀ ਬਾਰੇ ਵੀ ਜਾਣਦਾ ਸੀ। ਕੁਝ ਮਹੀਨੇ ਬਾਅਦ ਵਾਪਸ ਆ ਕੇ ਜਮਾਲ ਨੇ ਆਪਣਾ ਧਨ ਮੰਗਿਆ। ਪਰ ਪਤੰਗ ਇਸ ਗੱਲ ਨੂੰ ਭੁੱਲ ਚੁੱਕਾ ਸੀ। ਉਸ ਨੇ ਆਪਣੀ ਲਿਖਤ ਦੇਖੀ, ਜਿਸ ਵਿਚ ਜਮਾਲ ਦੇ ਧਨ ਦਾ ਕੋਈ ਵੇਰਵਾ ਨਾ ਹੋਣ ਕਾਰਣ ਉਸ ਨੇ ਆਪਣੇ ਕੋਲ ਉਸ ਦੀ ਕੋਈ ਅਮਾਨਤ ਹੋਣ ਤੋਂ ਇਨਕਾਰ ਕਰ ਦਿੱਤਾ। ਗੱਲ ਵਧ ਕੇ ਕਚਹਿਰੀ ਤਕ ਜਾ ਪਹੁੰਚੀ। ਤਤਕਾਲੀ ਕਾਨੂੰਨ ਅਨੁਸਾਰ ਸਚਾਈ ਦੀ ਪ੍ਰੀਖਿਆ ਗਰਮ ਤੇਲ ਦੇ ਕੜਾਹੇ ਵਿਚ ਦੋਵਾਂ ਦੇ ਹੱਥ ਪਵਾ ਕੇ ਕੀਤੀ ਜਾਣੀ ਸੀ। ਜਿਹੜਾ ਸੱਚਾ ਹੁੰਦਾ ਉਸ ਦਾ ਹੱਥ ਸਲਾਮਤ ਰਹਿਣਾ ਸੀ ਅਤੇ ਝੂਠ ਬੋਲਣ ਵਾਲੇ ਦਾ ਹੱਥ ਸੜ ਜਾਣਾ ਸੀ। ਇਸ ਪ੍ਰੀਖਿਆ ਸਮੇਂ ਜਮਾਲ ਦਾ ਹੱਥ ਸੜ ਗਿਆ ਅਤੇ ਪਤੰਗ ਦਾ ਬਚਾਅ ਹੋ ਗਿਆ। ਇਸ ਘਟਨਾ ਤੋਂ ਬਾਅਦ ਜਮਾਲ ਦਾ ਸੱਚ ਤੋਂ ਵਿਸ਼ਵਾਸ਼ ਉਠਣ ਲੱਗਾ। ਦੂਜੇ ਪਾਸੇ ਪਤੰਗ ਨੇ ਜਦੋਂ ਆਪਣੇ ਧਨ ਦੀ ਗਿਣਤੀ ਕੀਤੀ ਤਾਂ ਸੱਤ ਸੌ ਰੁਪਏ ਵਧ ਨਿਕਲੇ। ਉਹ ਪੈਸੇ ਲੈ ਕੇ ਜਮਾਲ ਕੋਲ ਪੁੱਜਾ ਅਤੇ ਕਿਹਾ ਕਿ ਤੁਸੀਂ ਸੱਚੇ ਸੀ। ਤੁਹਾਡੇ ਰੁਪਏ ਮਿਲ ਗਏ ਹਨ। ਜਮਾਲ ਨੇ ਕਿਹਾ ਕਿ ਕਲਜੁਗ ਵਿਚ ਸੱਚਿਆਂ ਦੇ ਹੱਥ ਸੜ ਜਾਂਦੇ ਹਨ, ਪਰ ਝੂਠਿਆਂ ਦੇ ਹੱਥ ਪਾਉਣ ਨਾਲ ਗਰਮ ਕੜਾਹੇ ਠਰ ਜਾਂਦੇ ਹਨ।

ਪਤੰਗ ਨੇ ਉਸ ਨੂੰ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਜਿਸ ਸਮੇਂ ਤੁਸੀਂ ਆਏ ਸੀ, ਉਸ ਸਮੇਂ ਮੈਂ ਧਿਆਨ ਨਹੀਂ ਦੇ ਸਕਿਆ। ਮੇਰੇ ’ਤੇ ਵਿਸ਼ਵਾਸ਼ ਕਰ ਕੇ ਤੁਸੀਂ ਆਪਣੀ ਕਮਾਈ ਮੈਨੂੰ ਸੌਂਪ ਕੇ ਚਲੇ ਗਏ। ਮੈਂ ਆਪਣੀ ਵਹੀ ਵਿਚ ਲਿਖਣਾ ਭੁੱਲ ਗਿਆ। ਮੈਂ ਵੀ ਦਿਲੋਂ ਸੱਚਾ ਸੀ, ਇਸ ਕਰਕੇ ਮੇਰੀ ਲਾਜ ਗੁਰੂ ਅਰਜਨ ਸਾਹਿਬ ਨੇ ਰਖ ਲਈ। ਗੁਰੂ ਸਾਹਿਬ ਬਾਰੇ ਸੁਣ ਕੇ ਜਮਾਲ ਦੇ ਮਨ ਵਿਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਹੋਈ। ਉਹ ਪਤੰਗ ਨਾਲ ਅੰਮ੍ਰਿਤਸਰ ਆਇਆ। ਉਸ ਨੇ ਗੁਰੂ ਸਾਹਿਬ ਅੱਗੇ ਆਪਣੀ ਸ਼ੰਕਾ ਪਰਗਟ ਕੀਤੀ ਕਿ ਸੱਚਾ ਹੋਣ ਦੇ ਬਾਵਜੂਦ ਵੀ ਮੇਰਾ ਹੱਥ ਕਿਉਂ ਸੜ ਗਿਆ? ਗੁਰੂ ਸਾਹਿਬ ਨੇ ਕਿਹਾ ਕਿ ਪਤੰਗ ਸਿਦਕੀ ਸਿਖ ਹੈ। ਇਸ ਨੇ ਕੇਵਲ ਗੁਰੂ-ਘਰ ਉਪਰ ਨਿਸ਼ਚਾ ਰਖਿਆ। ਦੂਜੇ ਪਾਸੇ, ਤੁਸੀਂ ਕਈ ਫਕੀਰ ਧਿਆਏ। ਸ਼ਰਧਾ ਅਤੇ ਸਿਦਕ-ਦਿਲੀ ਨਾ ਹੋਣ ਕਾਰਣ ਤੁਹਾਡਾ ਹੱਥ ਸੜ ਗਿਆ। ਗੁਰੂ ਸਾਹਿਬ ਦੇ ਬਚਨ ਸੁਣ ਕੇ ਜਮਾਲ ਗੁਰੂ ਸਾਹਿਬ ਦਾ ਸਿਖ ਬਣ ਗਿਆ।
Bani Footnote ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਦਸਵੀਂ, ਪੰਨਾ ੨੦੧-੨੦੨


ਇਸ ਟੀਕੇ ਅਨੁਸਾਰ ਇਸ ਬਾਣੀ ਦੇ ੧੧ ਪਦਿਆਂ (ਚਉਬੋਲਿਆਂ) ਵਿਚੋਂ ਅਠਵਾਂ ਪਦਾ ਗੁਰੂ ਅਰਜਨ ਸਾਹਿਬ ਨੇ ਉਚਾਰ ਕੇ ਸੰਮਨ ਅਤੇ ਮੂਸਨ ਨੂੰ ਅਸ਼ੀਰਵਾਦ ਦਿੱਤਾ ਹੈ। ਨਾਵਾਂ ਪਦਾ ਜਮਾਲ ਨੇ ਅਤੇ ਗਿਆਰ੍ਹਵਾਂ ਪਤੰਗ ਨੇ ਉਚਾਰਿਆ ਹੈ।
Bani Footnote ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਦਸਵੀਂ, ਪੰਨਾ ੧੮੯
ਪਰ ਇਸ ਬਾਣੀ ਦੇ ਸਿਰਲੇਖ ‘ਚਉਬੋਲੇ ਮਹਲਾ ੫’ ਤੋਂ ਸਪਸ਼ਟ ਹੈ ਕਿ ਇਸ ਬਾਣੀ ਦੇ ਸਾਰੇ ਹੀ ਪਦੇ ਗੁਰੂ ਅਰਜਨ ਸਾਹਿਬ ਦੁਆਰਾ ਉਚਾਰੇ ਗਏ ਹਨ।

ਇਨ੍ਹਾਂ ਸਾਖੀਆਂ ਵਿਚ ਸਾਖੀ ਸਾਹਿਤ ਵਾਂਗ ਕਰਾਮਤੀ ਅੰਸ਼ ਵੀ ਭਾਰੂ ਹੈ ਅਤੇ ਡਾ. ਰਤਨ ਸਿੰਘ ਜੱਗੀ ਨੇ ਸੰਮਨ ਤੇ ਮੂਸਨ ਵਾਲੀ ਸਾਖੀ ਦੀਆਂ ਕਥਾਨਕ ਰੂੜ੍ਹੀਆਂ ਨੂੰ ਵਿਦੇਸ਼ੀ ਕਥਾਵਾਂ ਨਾਲ ਵੀ ਸੰਬੰਧਤ ਕੀਤਾ ਹੈ। ਇਸ ਦੇ ਨਾਲ ਹੀ ਪ੍ਰੋ. ਸਾਹਿਬ ਸਿੰਘ ਨੇ ਵੀ ਇਸ ਬਾਣੀ ਵਿਚ ਆਏ ਸੰਮਨ, ਮੂਸਨ, ਜਮਾਲ ਅਤੇ ਪਤੰਗ ਦੇ ਅਰਥ ਕਰਮਵਾਰ ਦਾਨੀ ਮਨੁਖ, ਆਤਮਕ ਜੀਵਨ ਵਲੋਂ ਲੁੱਟੇ ਜਾ ਰਹੇ ਮਨੁਖ, ਕੋਮਲ ਸੁੰਦਰਤਾ ਅਤੇ ਪਤੰਗਾ ਕੀਤੇ ਹਨ। ਪਤੰਗ ਨੂੰ ਤਾਂ ਲਗਭਗ ਸਾਰੇ ਹੀ ਵਿਦਵਾਨਾਂ ਨੇ ਜੀਵ/ਕੀਟ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਸ ਤੋਂ ਇਹ ਜਾਪਦਾ ਹੈ ਕਿ ਸੰਮਨ, ਮੂਸਨ, ਜਮਾਲ ਤੇ ਪਤੰਗ ਗੁਰੂ ਸਾਹਿਬ ਦੇ ਸਮੇਂ ਦੇ ਸਿਖ ਨਹੀਂ ਸਨ। ਹੋ ਸਕਦਾ ਹੈ ਕਿ ਗੁਰੂ ਸਾਹਿਬ ਸੰਗਤਾਂ ਨੂੰ ਉਪਦੇਸ਼ ਕਰਨ ਲਈ ਇਨ੍ਹਾਂ ਕਥਾਵਾਂ ਦੀ ਵਰਤੋਂ ਦ੍ਰਿਸ਼ਟਾਂਤ ਵਜੋਂ ਕਰਦੇ ਹੋਣ। ਬਾਕੀ, ਗੁਰੂ-ਘਰ ਵਿਚ ਸਿਦਕੀ ਸਿਖਾਂ ਦੀ ਕਦੇ ਵੀ ਘਾਟ ਨਹੀਂ ਰਹੀ। ਇਸ ਲਈ ਇਹ ਵੀ ਸੰਭਾਵਨਾ ਹੋ ਸਕਦੀ ਹੈ ਕਿ ਅਜਿਹੇ ਹੀ ਸਿਦਕੀ ਸਿਖ ਗੁਰੂ ਸਾਹਿਬ ਦੇ ਸਮੇਂ ਵਿਚ ਵੀ ਰਹੇ ਹੋਣ, ਜਿਨ੍ਹਾਂ ਦੇ ਸਿਦਕ ਨੂੰ ਇਨ੍ਹਾਂ ਸਾਖੀਆਂ ਵਿਚਲੇ ਸਿਦਕੀ ਵਿਅਕਤੀਆਂ ਨਾਲ ਜੋੜ ਕੇ ਗੁਰੂ ਸਾਹਿਬ ਨੇ ਇਸ ਬਾਣੀ ਰੂਪ ਵਿਚ ਪੇਸ਼ ਕੀਤਾ ਹੋਵੇ।

ਅਸਲ ਵਿਚ ਅਜਿਹੀਆਂ ਕਥਾਵਾਂ ਨੂੰ ਬਾਣੀ ਦੇ ਉਚਾਰਣ ਨਾਲ ਜੋੜ ਕੇ ਦਰਜ ਕਰਨਾ ਟੀਕਾਕਾਰਾਂ ਦੀ ਪ੍ਰਚਾਰਾਤਮਕ ਭਾਵਨਾ ਨੂੰ ਦਰਸਾਉਂਦਾ ਹੈ। ਇਸ ਬਾਣੀ ਦੇ ਅਰਥਾਂ ਦੇ ਪਿਛੋਕੜ ਵਿਚ ਕਾਰਜਸ਼ੀਲ ਇਨ੍ਹਾਂ ਕਥਾਵਾਂ ਵਿਚੋਂ ਗੁਰੂ ਦੇ ਸਰਬ-ਸਮਰੱਥ ਹੋਣ ਦੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ। ਇਸ ਤੋਂ ਇਲਾਵਾ ਸਿਖ ਦੀ ਗੁਰੂ ਲਈ ਸਿਦਕਵਾਨ ਹੋਣ ਦੀ ਭਾਵਨਾ ਦਾ ਉਲੇਖ ਵੀ ਇਹ ਸਾਖੀਆਂ ਕਰਦੀਆਂ ਹਨ। ਇਹ ਪੁਰਾਤਨ ਵਿਆਖਿਆ ਦਾ ਇਕ ਢੰਗ ਹੈ, ਜਿਸ ਰਾਹੀਂ ਗੁਰਬਾਣੀ ਲੋਕ-ਮਾਨਸਿਕਤਾ ਦਾ ਅੰਗ ਬਣਦੀ ਹੈ। ਇਸ ਲਈ ਬਾਣੀ ਦੇ ਉਚਾਰਣ ਨਾਲ ਜੁੜੀਆਂ ਇਨ੍ਹਾਂ ਸਾਖੀਆਂ ਦਾ ਇਤਿਹਾਸਕ ਮਹੱਤਵ ਭਾਵੇਂ ਗੌਣ ਦਰਜੇ ਦਾ ਹੈ ਪਰ ਸ਼ਰਧਾ ਅਤੇ ਵਿਸ਼ਵਾਸ਼ ਦੇ ਮਾਮਲੇ ਵਿਚ ਸਧਾਰਨ ਪਾਠਕ ਜਾਂ ਸ਼ਰਧਾਵਾਨ ਸਿਖ ਲਈ ਇਹ ਪ੍ਰੇਰਨਾ ਦਾ ਸੋਮਾ ਹਨ।