ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਸਿਰੀਰਾਗ/ਸ੍ਰੀਰਾਗ


ਸਿਰੀਰਾਗ ਇਕ ਪੁਰਾਤਨ, ਮਧੁਰ ਅਤੇ ਕਠਿਨ ਰਾਗ ਹੈ। ਇਸ ਰਾਗ ਸੰਬੰਧੀ ਗੁਰੂ ਅਮਰਦਾਸ ਸਾਹਿਬ ਦਾ ਫਰਮਾਨ ਹੈ ਕਿ ਸਾਰੇ ਰਾਗਾਂ ਵਿਚੋਂ ਸਿਰੀਰਾਗ ਪ੍ਰਧਾਨ ਰਾਗ ਹੈ। ਪਰ ਇਹ ਰਾਗ ਗਾਇਆ ਤਾਂ ਹੀ ਸਫਲ ਹੈ, ਜੇ ਜੀਵ ਇਸ ਰਾਹੀਂ ਸਦਾ-ਥਿਰ ਪ੍ਰਭੂ ਨਾਲ ਪਿਆਰ ਪਾਵੇ।
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ -ਗੁਰੂ ਗ੍ਰੰਥ ਸਾਹਿਬ ੮੩
ਭਾਈ ਗੁਰਦਾਸ ਜੀ ਵੀ ਇਸ ਰਾਗ ਨੂੰ ਸਰਵੋਤਮ ਰਾਗ ਮੰਨਦੇ ਹਨ।
ਪੰਛੀਅਨ ਮੈ ਹੰਸ ਮ੍ਰਿਗ ਰਾਜਨ ਮੈ ਸਾਰਦੂਲ ਰਾਗਨ ਮੇ ਸਿਰੀਰਾਗੁ ਪਾਰਸ ਪਖਾਨ ਹੈ ॥ -ਭਾਈ ਗੁਰਦਾਸ ਜੀ, ਕਬਿਤ ੩੭੬/੩
ਗੁਰਮਤਿ ਪਰੰਪਰਾ ਤੋਂ ਇਲਾਵਾ ਵੀ, ਰਾਗ-ਰਾਗਨੀ ਪਰੰਪਰਾ ਨੂੰ ਮਾਨਤਾ ਦੇਣ ਵਾਲੇ ਭਿੰਨ-ਭਿੰਨ ਮਤਾਂ ਨੇ ਸਿਰੀਰਾਗ ਨੂੰ ਇਕ ਪ੍ਰਮੁੱਖ ਪੁਰਖ ਰਾਗ ਮੰਨਿਆ ਹੈ। ਪੰਡਤ ਓਅੰਕਾਰ ਨਾਥ ਠਾਕੁਰ, ਪ੍ਰਚਲਤ ਮਿਥਹਾਸਕ ਦ੍ਰਿਸ਼ਟੀਕੋਣ ਤੋਂ ਇਸ ਰਾਗ ਦੇ ਨਾਮ ਸੰਬੰਧੀ ਲਿਖਦੇ ਹਨ ਕਿ “ਸ਼ੰਕਰ ਦੇ ਪੰਜ ਮੁਖਾਂ ਤੋਂ ਬਾਕੀ ਪੰਜ ਰਾਗਾਂ ਦੀ ਅਤੇ ਪਾਰਬਤੀ ਦੇ ‘ਸ੍ਰੀ’ ਮੁਖ ਤੋਂ ਇਸ ਛੇਵੇਂ ਰਾਗ ਦੀ ਉਤਪਤੀ ਮੰਨੀ ਜਾਣ ਦੇ ਕਾਰਣ, ਇਸ ਦਾ ਨਾਮ ‘ਸ੍ਰੀ’ ਹੈ।” ਇਸ ਮਿਥਹਾਸਕਤਾ ਵਿਚ ਸਚਾਈ ਦਾ ਕਿੰਨਾ ਕੁ ਅੰਸ਼ ਮੌਜੂਦ ਹੈ, ਇਹ ਕਹਿਣਾ ਕਠਿਨ ਹੈ। ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਇਹ ਇਕ ਪ੍ਰਾਚੀਨ ਰਾਗ ਹੈ।

ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਵਿਚ ਇਸ ਰਾਗ ਨੂੰ ਪਹਿਲੇ ਸਥਾਨ ’ਤੇ ਰਖੇ ਜਾਣ ਸੰਬੰਧੀ ਪ੍ਰੋ. ਤਾਰਾ ਸਿੰਘ

ਮੱਧਕਾਲ ਵਿਚ ਸ਼ੁਧ-ਸਵਰ ਸਪਤਕ ਵਿਚ ਗੰਧਾਰ ਤੇ ਨਿਸ਼ਾਦ ਕੋਮਲ ਦਾ ਪ੍ਰਯੋਗ ਹੁੰਦਾ ਸੀ, ਜੋ ਅੱਜ ਦੇ ਕਾਫੀ ਥਾਟ ਦੇ ਸਮਾਨ ਹੈ। ਸਿਰੀਰਾਗ ਵੀ ਕਾਫੀ ਥਾਟ ਦੇ ਸਵਰਾਂ ’ਤੇ ਹੀ ਗਾਇਆ ਜਾਂਦਾ ਸੀ। ਅੱਜ ਵੀ ਦਖਣੀ ਸੰਗੀਤ ਪ੍ਰਣਾਲੀ ਵਿਚ ਸਿਰੀਰਾਗ ਦਾ ਇਹ ਉੱਤਰੀ ਭਾਰਤ ਵਾਲਾ ਕਾਫੀ ਥਾਟ ਵਾਲਾ ਸਰੂਪ ਹੀ ਪ੍ਰਚਲਤ ਹੈ, ਜਿਸ ਨੂੰ ਉਹ ‘ਖਰਹਰ ਪ੍ਰਿਆ’ ਕਹਿੰਦੇ ਹਨ।

ਆਧੁਨਿਕ ਥਾਟ ਪਧਤੀ ਦੇ ਸਮਰਥਕਾਂ ਨੇ ਸਿਰੀਰਾਗ ਦਾ ਵਰਗੀਕਰਣ ਪੂਰਵੀ ਥਾਟ ਦੇ ਅੰਤਰਗਤ ਕੀਤਾ ਹੈ। ਨਾਦ ਸ਼ਾਸਤਰ ਦੇ ਦ੍ਰਿਸ਼ਟੀਕੋਣ ਅਨੁਸਾਰ ਇਸ ਰਾਗ ਵਿਚ ਰਿਸ਼ਭ ਧੈਵਤ ਕੋਮਲ, ਮਧਿਅਮ ਤੀਵਰ ਅਤੇ ਹੋਰ ਸੁਰ ਸ਼ੁਧ ਲੱਗਦੇ ਹਨ। ਇਸ ਦੇ ਆਰੋਹ ਵਿਚ ਗੰਧਾਰ ਤੇ ਧੈਵਤ ਵਰਜਿਤ ਕਰਨ ਦੀ ਪ੍ਰਥਾ ਹੈ। ਅਵਰੋਹ ਵਿਚ ਵਕਰ ਰੀਤ ਨਾਲ ਸੱਤ ਸੁਰ ਵਰਤੇ ਜਾਂਦੇ ਹਨ। ਇਸ ਕਾਰਣ ਇਸ ਦੀ ਜਾਤੀ ਔੜਵ-ਵਕਰ ਸੰਪੂਰਨ ਹੈ। ਇਸ ਦਾ ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਕੁਝ ਵਿਦਵਾਨ ਇਸ ਦਾ ਵਾਦੀ ਰਿਸ਼ਭ ਤੇ ਸੰਵਾਦੀ ਧੈਵਤ ਮੰਨਦੇ ਹਨ।

ਭਾਈ ਵੀਰ ਸਿੰਘ ਨੇ ਸਿਰੀਰਾਗ ਨੂੰ ਗੁਰਮਤਿ ਸੰਗੀਤ ਵਿਚ ਖਾਲਸ ਸ਼ੁਧ ਰਾਗ ਮੰਨਿਆ ਹੈ।


ਰਾਗ ਸਿਰੀਰਾਗ ਦਾ ਸਰੂਪ
ਥਾਟ: ਪੂਰਵੀ।
ਸਵਰ: ਰਿਸ਼ਭ, ਧੈਵਤ ਕੋਮਲ, ਮਧਿਅਮ ਤੀਵਰ ਹੋਰ ਸਭ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਗੰਧਾਰ ਅਤੇ ਧੈਵਤ।
ਜਾਤੀ: ਔੜਵ-ਸੰਪੂਰਨ।
ਵਾਦੀ: ਰਿਸ਼ਭ।
ਸੰਵਾਦੀ: ਪੰਚਮ।
ਆਰੋਹ: ਸਾ ਰੇ (ਕੋਮਲ), ਮਾ (ਤੀਵਰ) ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ) ਪਾ, ਮਾ (ਤੀਵਰ), ਗਾ, ਰੇ (ਕੋਮਲ), ਸਾ।
ਮੁੱਖ ਅੰਗ (ਪਕੜ): ਸਾ, ਰੇ (ਕੋਮਲ), ਰੇ (ਕੋਮਲ), ਪਾ, ਪਾ ਮਾ (ਤੀਵਰ) ਗਾ ਰੇ (ਕੋਮਲ), ਰੇ (ਕੋਮਲ) ਸਾ।

ਗਾਇਨ ਸਮਾਂ
ਸ਼ਾਮ ਦਾ ਸੰਧੀ ਪ੍ਰਕਾਸ਼।