Guru Granth Sahib Logo
  
ਵਣਜਾਰਿਆਂ ਦਾ ਪਿਛੋਕੜ
‘ਵਣਜਾਰਾ’ ਪੰਜਾਬੀ ਸਭਿਆਚਾਰ ਦਾ ਜਾਣਿਆ-ਪਛਾਣਿਆ ਸ਼ਬਦ ਹੈ। ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਸੰਸਕ੍ਰਿਤ ਭਾਸ਼ਾ ਵਿਚ ਇਸ ਸ਼ਬਦ ਦਾ ਮੂਲ ‘ਬਣਿਜ’ (ਵਪਾਰ) ਨਾਲ ਜੋੜਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਫਾਰਸੀ ਦੇ ‘ਬਰਿੰਜਅਰ’ ਸ਼ਬਦ, ਜਿਸ ਦਾ ਅਰਥ ‘ਚਾਵਲ ਢੋਣ ਵਾਲੇ’ ਹੈ, ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਪਰ ਹਿੰਦੁਸਤਾਨ ਵਿਚ ਫਾਰਸੀ ਦੇ ਪ੍ਰਚਲਨ ਤੋਂ ਪਹਿਲਾਂ ਵੀ ਵਣਜਾਰਿਆਂ ਦੀ ਹੋਂਦ ਮਿਲਦੀ ਹੈ। ਸੰਸਕ੍ਰਿਤ ਸਾਹਿਤ ਦੇ ਗ੍ਰੰਥ, ਜਿਵੇਂ ਦੰਡੀ ਦੇ ‘ਦਸ ਕੁਮਾਰ ਚਰਿਤ੍ਰ’ (ਛੇਵੀਂ-ਸਤਵੀਂ ਸਦੀ) ਆਦਿ ਵਿਚ ਵਣਜਾਰਿਆਂ ਦਾ ਜਿਕਰ ਮਿਲਦਾ ਹੈ।
Bani Footnote ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ਅਠਵੀਂ, ਪੰਨਾ ੨੦੮੪-੨੦੮੫


ਵਣਜਾਰਿਆਂ ਦਾ ਮੂਲ ਸਥਾਨ ਮੁਲਤਾਨ (ਪਾਕਿਸਤਾਨ) ਅਤੇ ਇਸ ਦੇ ਨੇੜੇ-ਤੇੜੇ ਦਾ ਇਲਾਕਾ ਦੱਸਿਆ ਜਾਂਦਾ ਹੈ। ਇਹ ਲੋਕ ਸ਼ਹਾਬ-ਉਦੀਨ ਗੌਰੀ (੧੧੪੯-੧੨੦੬ ਈ.) ਦੇ ਸਮੇਂ ਮੁਸਲਮਾਨ ਬਣ ਗਏ। ਇਕ ਹੋਰ ਵਿਚਾਰ ਅਨੁਸਾਰ ਵਣਜਾਰਿਆਂ ਨੂੰ ‘ਚਰਨ’ ਜਾਂ ‘ਭੱਟ’ ਮੰਨਿਆ ਜਾਂਦਾ ਹੈ।
Bani Footnote ਚਰਨ ਜਾਂ ਭੱਟ ਲੋਕ ਵਿਦਵਾਨ ਹੁੰਦੇ ਸਨ। ਇਹ ਆਪਣੀ ਯਾਦਸ਼ਕਤੀ ਆਸਰੇ ਲੋਕਾਂ ਦੇ ਖਾਨਦਾਨਾਂ ਦੇ ਵੇਰਵੇ ਯਾਦ ਰਖਦੇ ਸਨ। ਇਹ ਰਾਜਿਆਂ ਅਤੇ ਅਮੀਰ ਲੋਕਾਂ ਨੂੰ ਉਨ੍ਹਾਂ ਦੇ ਵਡੇਰਿਆਂ ਦੇ ਕਾਰਨਾਮੇ ਸੁਣਾ ਕੇ ਇਨਾਮ ਆਦਿ ਪ੍ਰਾਪਤ ਕਰਦੇ ਸਨ। -ਪੰਜਾਬੀ ਕੋਸ਼, ਜਿਲਦ ਚੌਥੀ, ਪੰਨਾ ੫੦੫
ਇਨ੍ਹਾਂ ਨੇ ਆਪਣਾ ਭੱਟਾਂ ਵਾਲਾ ਕੰਮ (ਗੀਤਾਂ ਰਾਹੀਂ ਲੋਕਾਂ ਦੀ ਪ੍ਰਸੰਸਾ ਕਰਨੀ ਅਤੇ ਉਨ੍ਹਾਂ ਦੀਆਂ ਬੰਸਾਵਲੀਆਂ ਨੂੰ ਯਾਦ ਰਖਣਾ) ਛੱਡ ਕੇ ਖਾਨਾਬਦੋਸ਼ੀ ਵਾਲਾ ਜੀਵਨ ਅਪਣਾ ਲਿਆ। ਹੌਲੀ-ਹੌਲੀ ਬਹੁਤ ਸਾਰੇ ਕਬੀਲਿਆਂ ਦੇ ਲੋਕਾਂ ਦੁਆਰਾ ਇਨ੍ਹਾਂ ਵਿਚ ਰਲਣ ਨਾਲ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਗਿਆ। ਵਣਜਾਰਿਆਂ ਦੁਆਰਾ ਵਸਾਈਆਂ ਅਬਾਦੀਆਂ ਨੂੰ ‘ਟਾਂਡਾ’ ਕਿਹਾ ਜਾਂਦਾ ਹੈ।
Bani Footnote ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ਅਠਵੀਂ, ਪੰਨਾ ੨੦੮੪-੨੦੮੫
ਇਸ ਪ੍ਰਸੰਗ ਵਿਚ ਇਹ ਸ਼ਬਦ ਗੁਰਬਾਣੀ ਵਿਚ ਵੀ ਆਇਆ ਹੈ: ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ॥ -ਗੁਰੂ ਗ੍ਰੰਥ ਸਾਹਿਬ ੩੪੫

ਸਿਖ ਸਾਹਿਤ, ਖਾਸ ਕਰ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੇ ਜੀਵਨ ਨਾਲ ਸੰਬੰਧਤ ‘ਜਨਮਸਾਖੀਆਂ’ ਵਿਚ ਗੁਰੂ ਸਾਹਿਬ ਦਾ ਵਣਜਾਰਿਆਂ ਨੂੰ ਮਿਲਣ ਦਾ ਜਿਕਰ ਆਉਂਦਾ ਹੈ।
Bani Footnote ਸੈਦੋਂ ਜੱਟ, ਸਾਖੀ ਬਾਬੇ ਨਾਨਕ ਜੀ ਕੀ (ਪੁਰਾਤਨ ਜਨਮਸਾਖੀ), ਸ. ਸ. ਪਦਮ (ਸੰਪਾ.), ਪੰਨਾ ੧੨੬
ਇਸ ਤੋਂ ਇਲਾਵਾ ਵਣਜਾਰਿਆਂ ਨਾਲ ਹੀ ਸੰਬੰਧਤ ਭਾਈ ਮੱਖਣ ਸ਼ਾਹ ਲੁਬਾਣਾ
Bani Footnote ਇਹ ਪਿੰਡ ਮੋਟਾ ਟਾਂਡਾ ਪਰਗਣਾ ਮੁਜ਼ਫਰਾਬਾਦ (ਕਸ਼ਮੀਰ, ਭਾਰਤ) ਦੇ ਵਸਨੀਕ ਸਨ। ਮੱਖਣ ਸ਼ਾਹ ਦਾ ਜਨਮ ੧੫੮੯ ਈ. (੧੬੪੬ ਬਿ.) ਨੂੰ ਪਿਸ਼ਾਵਰ ਵਿਖੇ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਦੀ ਕਸ਼ਮੀਰ ਫੇਰੀ ਸਮੇਂ ਇਹ ਸਿੱਖ ਬਣੇ। ਗੁਰੂ ਹਰਿਰਾਇ ਸਾਹਿਬ ਵੀ ਕਸ਼ਮੀਰ ਵਿਖੇ ਇਨ੍ਹਾਂ ਕੋਲ ਰਹੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਪਰਗਟ ਕਰਨ ਵਿਚ ਵੀ ਭਾਈ ਸਾਹਿਬ ਦਾ ਮੋਹਰੀ ਯੋਗਦਾਨ ਸੀ। ਇਸ ਨੇ ਆਪਣੇ ਪੁੱਤਰਾਂ (ਲਾਲ ਚੰਦ, ਖੁਸ਼ਹਾਲ ਚੰਦ ਅਤੇ ਚੰਦੂ ਲਾਲ) ਨਾਲ ਤ੍ਰਿਮੂ (ਰਾਵੀ, ਝਨਾਂ, ਜੇਹਲਮ ਨਦੀਆਂ ਦਾ ਸੰਗਮ) ਦੇ ਮੁਕਾਮ ’ਤੇ ਲੱਦਿਆ ਬੇੜਾ ਪਾਰ ਲੱਗ ਜਾਣ ਕਾਰਣ ਬਕਾਲੇ ਆ ਕੇ ਮੋਹਰਾਂ ਭੇਟ ਕਰਕੇ ਗੁਰੂ ਸਾਹਿਬ ਲਈ ਆਪਣੀ ਕ੍ਰਿਤੱਗਤਾ ਪ੍ਰਗਟਾਈ ਸੀ। -ਪ੍ਰੋ. ਪਿਆਰਾ ਸਿੰਘ ਪਦਮ, ਵਣਜਾਰੇ, ਭੁੱਲੇ ਵਿਸਰੇ ਨਾਨਕ ਪੰਥੀ, ਸੁਖਦੇਵ ਸਿੰਘ ਲਾਜ (ਸੰਪਾ.), ਪੰਨਾ ੧੨੮
(੧੫੮੯-੧੬੭੪ ਈ.) ਅਤੇ ਭਾਈ ਲੱਖੀ ਸ਼ਾਹ ਵਣਜਾਰਾ
Bani Footnote ਇਹ ਪਿੰਡ ਖੈਰਪੁਰ ਸੱਦਾਤ, ਤਹਿਸੀਲ ਅਲੀਪੁਰ, ਜਿਲ੍ਹਾ ਮੁਜ਼ੱਫਰਗੜ੍ਹ (ਪਾਕਿਸਤਾਨ) ਦੇ ਰਹਿਣ ਵਾਲੇ ਸਨ। ਇਨ੍ਹਾਂ ਦੇ ਪਿਤਾ ਦਾ ਨਾਂ ਗੋਧੂ ਰਾਮ ਅਤੇ ਮਾਤਾ ਦਾ ਨਾਂ ਸ਼ਰਨੀ ਸੀ। ਇਹ ਕਾਰੋਬਾਰ ਕਰਕੇ ਦਿੱਲੀ ਨੇੜੇ ਰਾਇਸੀਨਾ ਪਿੰਡ ਵਿਚ ਰਹਿੰਦੇ ਸਨ। ਇਨ੍ਹਾਂ ਦੇ ਅੱਠ ਪੁੱਤਰ, ਨਗਾਹੀਆ, ਹੇਮਾ, ਹਾੜੀ, ਸੀਤੂ, ਪੰਡਾਰਾ, ਬਖਸ਼ੀ, ਬਾਲਾ, ਜਵਾਹਰ ਵੀ ਗੁਰੂ ਘਰ ਦੇ ਸ਼ਰਧਾਲੂ ਸਨ। ਇਨ੍ਹਾਂ ਦੀ ਪੁੱਤਰੀ ਸੀਤੋ ਭਾਈ ਮਨੀ ਸਿੰਘ ਨਾਲ ਵਿਆਹੀ ਸੀ। ਭਾਈ ਲੱਖੀ ਸ਼ਾਹ ਨੇ ੧੧ ਨਵੰਬਰ ੧੬੭੫ ਈ. ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਮੇਂ ਆਪਣੇ ਪੁੱਤਰ ਭਾਈ ਨਗਾਹੀਆ ਜੀ ਨਾਲ ਰਲਕੇ ਗੁਰੂ ਸਾਹਿਬ ਦਾ ਧੜ ਆਪਣੇ ਰੂੰ ਨਾਲ ਭਰੇ ਇਕ ਗੱਡੇ ਵਿਚ ਰਖ ਕੇ ਆਪਣੇ ਘਰ ਲਿਆਂਦਾ। ਗੁਰੂ ਸਾਹਿਬ ਦੇ ਸਰੀਰ ਦਾ ਸਸਕਾਰ ਕਰਨ ਲਈ ਇਨ੍ਹਾਂ ਨੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਚੌਥਾ, ਪੰਨਾ ੧੭੪੯
(੧੬੧੩-੧੬੮੦ ਈ.) ਦਾ ਗੁਰੂ ਤੇਗ ਬਹਾਦਰ ਸਾਹਿਬ (੧੬੨੧-੧੬੭੫ ਈ.) ਦੇ ਨਾਲ ਕਾਫੀ ਗੂੜ੍ਹਾ ਸੰਬੰਧ ਰਿਹਾ ਹੈ।

ਵਣਜਾਰਾ’ ਬਾਣੀ ਦਾ ਇਤਿਹਾਸ
ਭਾਈ ਵੀਰ ਸਿੰਘ ਅਨੁਸਾਰ ਸੰਪਰਦਾਈ ਵਿਦਵਾਨ ਦੱਸਦੇ ਹਨ ਕਿ ਇਹ ਬਾਣੀ ਗੁਰੂ ਰਾਮਦਾਸ ਸਾਹਿਬ ਕੋਲ ਉਪਦੇਸ਼ ਲੈਣ ਆਏ ਕਿਸੇ ਵਣਜਾਰੇ ਪਰਥਾਇ ਉਚਾਰਣ ਹੋਈ ਹੈ। ਇਸ ਬਾਣੀ ਦੇ ਪਹਿਲੇ ਤੇ ਛੇਵੇਂ ਪਦੇ ਦੀਆਂ ‘ਰਹਾਉ’ ਵਾਲੀਆਂ ਤੁਕਾਂ ਵਿਚ ਦੋ ਵਾਰ ‘ਵਣਜਾਰਾ’ ਸੰਬੋਧਨ ਆਇਆ ਹੈ। ਇਸ ਤੋਂ ਵੀ ਜਾਪਦਾ ਹੈ ਕਿ ਬਾਣੀ ਕਿਸੇ ਵਣਜਾਰੇ ਪਰਥਾਇ ਉਚਾਰਣ ਹੋਈ ਹੈ।
Bani Footnote ਭਾਈ ਵੀਰ ਸਿੰਘ, ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਦੂਜੀ, ਪੰਨਾ ੭੦੩
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ) ਅਤੇ ਸੰਤ ਹਰੀ ਸਿੰਘ ‘ਰੰਧਾਵੇ ਵਾਲੇ’ ਦੇ ਟੀਕੇ ‘ਗੁਰਬਾਣੀ ਅਰਥ-ਭੰਡਾਰ’ ਵਿਚ ਵੀ ਇਹੀ ਜਾਣਕਾਰੀ ਦਰਜ ਹੈ।