‘ਸਿੱਖ ਰਹਿਤ ਮਰਯਾਦਾ’ ਅਨੁਸਾਰ:
੧. ਅੰਮ੍ਰਿਤ ਛਕਾਉਣ ਲਈ ਇਕ ਖਾਸ ਅਸਥਾਨ ’ਤੇ ਪ੍ਰਬੰਧ ਹੋਵੇ। ਉਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ।
੨. ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ’ਚੋਂ ਇਕ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਅਤੇ
ਬਾਕੀ ਦੇ ਪੰਜ ਅੰਮ੍ਰਿਤ ਛਕਾਉਣ ਲਈ ਹੋਣ। ਇਨ੍ਹਾਂ ਵਿਚ ਸਿੰਘਣੀਆਂ ਵੀ ਹੋ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ।
੩. ਇਨ੍ਹਾਂ ਪੰਜਾਂ ਪਿਅਰਿਆਂ ਵਿਚ ਕੋਈ ਅੰਗ-ਹੀਣ (ਅੰਨ੍ਹਾਂ, ਕਾਣਾ, ਲੰਙਾ, ਲੂਲ੍ਹਾ ਜਾਂ ਦੀਰਗ ਰੋਗ ਵਾਲਾ) ਨਾ ਹੋਵੇ। ਕੋਈ ਤਨਖਾਹੀਆ
੪. ਹਰ ਦੇਸ਼, ਹਰ ਮਜ੍ਹਬ ਤੇ ਹਰ ਜਾਤੀ ਦੇ ਇਸਤਰੀ ਤੇ ਪੁਰਸ਼ ਨੂੰ, ਜੋ ਸਿਖ ਧਰਮ ਗ੍ਰਹਿਣ ਕਰਨ ਅਤੇ ਉਸ ਦੇ ਅਸੂਲਾਂ ਉਪਰ ਚੱਲਣ ਦਾ ਪ੍ਰਣ ਕਰੇ, ਅੰਮ੍ਰਿਤ ਛਕਣ ਦਾ ਅਧਿਕਾਰ ਹੈ। ਪਰ ਉਹ ਬਹੁਤ ਛੋਟੀ ਉਮਰ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ।
੫. ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਅਤੇ ਪੰਜ ਕਕਾਰਾਂ (ਕੇਸ, ਕਿਰਪਾਨ ਗਾਤਰੇ ਵਾਲੀ, ਕਛਹਿਰਾ, ਕੰਘਾ, ਕੜਾ) ਦਾ ਧਾਰਨੀ ਹੋਵੇ। ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਜਾਂ ਟੋਪੀ ਨਾ ਹੋਵੇ, ਛੇਦਕ ਗਹਿਣੇ ਕੋਈ ਨਾ ਹੋਣ। ਅਦਬ ਨਾਲ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਖੜ੍ਹਾ ਹੋਵੇ।
੬. ਜੇ ਕਿਸੇ ਨੇ ਕੁਰਹਿਤ (ਰਹਿਤ ਜਾਂ ਨਿਯਮ ਦੇ ਉਲਟ ਕੀਤਾ ਜਾਣ ਵਾਲਾ ਕੰਮ) ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ ਤਾਂ ਪੰਜ ਪਿਆਰੇ ਉਸ ਨੂੰ ਵਖ ਕਰ ਕੇ ਸੰਗਤ ਵਿਚ ਤਨਖਾਹ ਲਾਉਣ।
੭. ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਵਿਚੋਂ ਕੋਈ ਇਕ ਸੱਜਣ ਅੰਮ੍ਰਿਤ ਛਕਣ ਦੇ ਅਭਿਲਾਖੀਆਂ ਨੂੰ ਸਿਖ ਧਰਮ ਦੇ ਅਸੂਲ ਸਮਝਾਵੇ ਕਿ ਸਿਖ ਧਰਮ ਵਿਚ ਕਿਰਤਮ ਦੀ ਪੂਜਾ ਤਿਆਗ ਕੇ ਇਕ ਕਰਤਾਰ ਦੀ ਪ੍ਰੇਮਾ-ਭਗਤੀ ਤੇ ਉਪਾਸਨਾ ਦੱਸੀ ਗਈ ਹੈ। ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ, ਸਾਧ-ਸੰਗਤ ਤੇ ਪੰਥ ਦੀ ਸੇਵਾ, ਉਪਕਾਰ, ਨਾਮ ਨਾਲ ਪ੍ਰੇਮ ਅਤੇ ਅੰਮ੍ਰਿਤ ਛਕ ਕੇ ਰਹਿਤ-ਬਹਿਤ ਰਖਣਾ ਮੁੱਖ ਸਾਧਨ ਹਨ। ਪੰਜ ਪਿਆਰਿਆਂ ਵਿਚੋਂ ਫਿਰ ਕੋਈ ਇਕ ਸੱਜਣ ਅੰਮ੍ਰਿਤ ਛਕਣ ਦੇ ਅਭਿਲਾਖੀਆਂ ਨੂੰ ਪ੍ਰਸ਼ਨ ਕਰੇ ਕਿ ਕੀ ਤੁਸੀਂ ਉਪਰੋਕਤ ਨੇਮਾਂ ਦੀ ਪਾਲਣਾ ਕਰਦਿਆਂ ਸਿਖ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ?
੮. ਅੰਮ੍ਰਿਤ ਛਕਣ ਵਾਲਿਆਂ ਵੱਲੋਂ ‘ਹਾਂ’ ਦਾ ਜਵਾਬ ਆਉਣ ’ਤੇ ਪੰਜਾਂ ਪਿਅਰਿਆਂ ਵਿਚੋਂ ਇਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਵੇ। ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ (ਅੰਮ੍ਰਿਤ ਤਿਆਰ ਕਰਨ ਵਾਲਾ ਬਰਤਨ) ਕੋਲ ਆ ਬੈਠਣ।
੯. ਬਾਟਾ ਸਰਬ-ਲੋਹ ਦਾ ਹੋਵੇ ਅਤੇ ਚੌਂਕੀ, ਸੁਨਹਿਰੇ (ਕੂੰਡੇ) ਆਦਿ ਨੂੰ ਕਿਸੇ ਸਾਫ ਚੀਜ ਉਪਰ ਰਖਿਆ ਹੋਵੇ।
੧੦. ਬਾਟੇ ਵਿਚ ਸਾਫ ਜਲ ਤੇ ਪਤਾਸੇ ਪਾਏ ਜਾਣ। ਪੰਜ ਪਿਆਰੇ ਬਾਟੇ ਦੇ ਇਰਦ-ਗਿਰਦ ਬੀਰ ਆਸਣ ਹੋ ਕੇ ਬੈਠ ਜਾਣ।
੧੧. ਪੰਜਾਂ ਪਿਆਰਿਆਂ ਵੱਲੋਂ ਵਾਰੀ ਸਿਰ ਇਨ੍ਹਾਂ ਬਾਣੀਆਂ ਵਿਚੋਂ ਕਿਸੇ ਇਕ-ਇਕ ਬਾਣੀ ਦਾ ਜਾਪ/ਪਾਠ ਕੀਤਾ ਜਾਵੇ: ਜਪੁ, ਜਾਪ, ੧੦ ਸਵੱਯੇ (‘ਸ੍ਰਾਵਗ ਸੁਧ’ ਵਾਲੇ), ਬੇਨਤੀ ਚੌਪਈ (‘ਹਮਰੀ ਕਰੋਂ ਹਾਥ ਦੇ ਰੱਛਾ’ ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ ਤਕ), ਅਨੰਦ ਸਾਹਿਬ।
੧੨. ਬਾਣੀ ਪੜ੍ਹਨ ਵਾਲਾ ਆਪਣਾ ਖੱਬਾ ਹੱਥ ਬਾਟੇ ਦੇ ਕੰਢੇ ’ਤੇ ਧਰੇ ਤੇ ਸੱਜੇ ਹੱਥ ਨਾਲ ਜਲ ਵਿਚ ਖੰਡਾ ਫੇਰੀ ਜਾਵੇ। ਸੁਰਤ ਇਕਾਗਰ ਹੋਵੇ। ਬਾਕੀਆਂ ਦੇ ਦੋਵੇਂ ਹੱਥ ਬਾਟੇ ਦੇ ਕੰਢੇ ’ਤੇ ਅਤੇ ਧਿਆਨ ਅੰਮ੍ਰਿਤ ਵੱਲ ਟਿਕੇ।
੧੩. ਉਪਰੋਕਤ ਪੰਜਾਂ ਬਾਣੀਆਂ ਦਾ ਪਾਠ ਸੰਪੂਰਨ ਹੋਣ ਤੋਂ ਬਾਅਦ ਪੰਜਾਂ ਪਿਆਰਿਆਂ ਵਿਚੋਂ ਕੋਈ ਇਕ ਸੱਜਣ ਅਰਦਾਸ ਕਰੇ।
੧੪. ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ ’ਚ ਹਿੱਸਾ ਲਿਆ ਹੈ, ਉਹੀ ਅੰਮ੍ਰਿਤ ਛਕਣ ਦਾ ਅਧਿਕਾਰੀ ਹੋ ਸਕਦਾ ਹੈ, ਅਧਵਾਟੇ ਆਉਣ ਵਾਲਾ ਨਹੀਂ।
੧੫. ਸ੍ਰੀ ਕਲਗੀਧਰ ਦਸਮੇਸ਼ ਪਿਤਾ ਦਾ ਧਿਆਨ ਧਰ ਕੇ ਹਰ ਇਕ ਅੰਮ੍ਰਿਤ ਛਕਣ ਵਾਲੇ ਨੂੰ ਬੀਰ-ਆਸਣ ਕਰਾ ਕੇ ਉਸ ਦੇ ਖੱਬੇ ਹੱਥ ਉਪਰ ਸੱਜਾ ਹੱਥ ਰਖਾ ਕੇ ਪੰਜ ਚੂਲੇ ਅੰਮ੍ਰਿਤ ਦੇ ਛਕਾਏ ਜਾਣ ਅਤੇ ਹਰ ਚੂਲੇ ਨਾਲ ਇਹ ਕਿਹਾ ਜਾਵੇ:
‘ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।’ ਅੰਮ੍ਰਿਤ ਛਕਣ ਵਾਲਾ ਚੂਲਾ ਛਕ ਕੇ ਕਹੇ: ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।’ ਇਸੇ ਪ੍ਰਕਾਰ ਅੰਮ੍ਰਿਤ ਦੇ ਪੰਜ ਛੱਟੇ ਨੇਤਰਾਂ ’ਤੇ ਮਾਰੇ ਜਾਣ। ਫੇਰ ਪੰਜ ਛੱਟੇ ਕੇਸਾਂ ਵਿਚ ਪਾਏ ਜਾਣ। ਹਰ ਇਕ ਛੱਟੇ ਨਾਲ ਅੰਮ੍ਰਿਤ ਛਕਣ ਵਾਲਾ ਛਕਾਉਣ ਵਾਲੇ ਦੇ ਪਿਛੇ-ਪਿਛੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਗਜਾਈ ਜਾਵੇ। ਜੋ ਅੰਮ੍ਰਿਤ ਬਾਕੀ ਬਚੇ, ਉਸ ਨੂੰ ਅੰਮ੍ਰਿਤ ਛਕਣ ਵਾਲੇ ਸਾਰੇ (ਸਿੰਘ ਤੇ ਸਿੰਘਣੀਆਂ) ਰਲ ਕੇ ਛਕਣ।
੧੬. ਇਸ ਉਪਰੰਤ ਪੰਜ ਪਿਆਰੇ ਰਲ ਕੇ ਇਕੋ ਆਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ‘ਵਾਹਿਗੁਰੂ’ ਦਾ ਨਾਮ ਦੱਸ ਕੇ ਮੂਲ ਮੰਤਰ ਸੁਣਾਉਣ ਤੇ ਉਨ੍ਹਾਂ ਪਾਸੋਂ ਇਸ ਦਾ ਰਟਨ ਕਰਾਉਣ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
੧੭. ਪੰਜਾਂ ਪਿਆਰਿਆ ਵਿਚੋਂ ਕੋਈ ਇਕ ਸੱਜਣ ਰਹਿਤ-ਮਰਿਯਾਦਾ (ਸਿਖ ਦੀ ਜੀਵਨ-ਜਾਚ) ਦੱਸੇ ਕਿ ਅੱਜ ਤੋਂ ਤੁਸੀਂ ‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ (ਗੁਰੂ ਗ੍ਰੰਥ ਸਾਹਿਬ ੯੪੦)’ ਹੈ ਅਤੇ ਖਾਲਸਾ ਪੰਥ ਵਿਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਕ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧਾਰਮਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਤੇ ਤੁਸੀਂ ਵਾਸੀ ਅਨੰਦਪੁਰ ਸਾਹਿਬ ਦੇ ਹੋ। ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿਚ ਤੇ ਹੋਰ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਕ ਭਰਾਤਾ ਹੋ। ਤੁਸੀਂ ਪਿਛਲੀ ਕੁਲ, ਕਿਰਤ, ਕਰਮ, ਧਰਮ ਦਾ ਤਿਅਗ ਕਰਕੇ, ਅਰਥਾਤ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼੍ਹਬ ਦਾ ਖਿਆਲ ਤਕ ਛੱਡ ਕੇ ਨਿਰੋਲ ਖਾਲਸਾ ਬਣ ਗਏ ਹੋ। ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ, ਦੇਵਤੇ, ਅਵਤਾਰ, ਪੈਗੰਬਰ ਦੀ ਉਪਾਸਨਾ ਨਹੀਂ ਕਰਨੀ। ਦਸਾਂ ਗੁਰੂ ਸਹਿਬਾਨ ਤੇ ਉਨ੍ਹਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ। ਤੁਸੀਂ ਗੁਰਮੁਖੀ ਜਾਣਦੇ ਹੋ (ਜੇ ਨਹੀਂ ਜਾਣਦੇ ਤਾਂ ਸਿਖ ਲਓ) ਅਤੇ ਹਰ ਰੋਜ਼ ਘੱਟੋ-ਘੱਟ ਇਨ੍ਹਾਂ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਜਾਂ ਸੁਣਨਾ ਹੈ: ਜਪੁ, ਜਾਪੁ, ੧੦ ਸਵੱਯੇ (ਸ੍ਰਾਵਗ ਸੁਧ ਵਾਲੇ), ਸੋ ਦਰੁ ਰਹਿਰਾਸ ਤੇ ਸੋਹਿਲਾ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਜਾਂ ਸੁਣਨਾ ਅਤੇ ਪੰਜਾਂ ਕੱਕਿਆਂ (ਕੇਸ, ਕਿਰਪਾਨ, ਕਛਹਿਰਾਂ, ਕੰਘਾ, ਕੜਾ) ਨੂੰ ਹਰ ਵੇਲੇ ਅੰਗ-ਸੰਗ ਰਖਣਾ ਹੈ।
ਇਹ ਚਾਰ ਕੁਰਹਿਤਾਂ ਨਹੀਂ ਕਰਨੀਆਂ:
ੳ) ਕੇਸਾਂ ਦੀ ਬੇਅਦਬੀ।
ਅ) ਕੁੱਠਾ (ਮੁਸਲਮਾਨੀ ਤਰੀਕੇ ਨਾਲ ਭਾਵ ਹਲਾਲ ਕਰਕੇ ਤਿਆਰ ਕੀਤਾ ਮਾਸ) ਖਾਣਾ।
ੲ) ਪਰ-ਇਸਤਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ)।
ਸ) ਤੰਬਾਕੂ ਦਾ ਵਰਤਣਾ।
ਇਨ੍ਹਾਂ ਵਿਚੋਂ ਕੋਈ ਕੁਰਹਿਤ ਹੋ ਜਾਵੇ ਤਾਂ ਦੁਬਾਰਾ ਅੰਮ੍ਰਿਤ ਛਕਣਾ ਪਏਗਾ। ਆਪਣੀ ਇੱਛਾ ਵਿਰੁਧ ਅਨਭੋਲ ਹੀ ਕੋਈ ਕੁਰਹਿਤ ਹੋ ਜਾਵੇ ਤਾਂ ਕੋਈ ਦੰਡ ਨਹੀ।
ਸਿਰਗੁੰਮ (ਜੋ ਕੇਸਧਾਰੀ ਹੋ ਕੇ ਕੇਸ ਕੱਟ ਦੇਵੇ) ਤੇ ਨੜੀ ਮਾਰ (ਤੰਬਾਕੂ ਪੀਣ ਵਾਲੇ) ਦਾ ਸੰਗ ਨਹੀਂ ਕਰਨਾ। ਪੰਥ ਦੀ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿਚ ਤਤਪਰ ਰਹਿਣਾ, ਆਪਣੀ ਕਮਾਈ ਵਿਚੋਂ ਗੁਰੂ ਕਾ ਦਸਵੰਧ (ਆਪਣੀ ਕਮਾਈ ਦਾ ਦਸਵਾਂ ਹਿੱਸਾ) ਦੇਣਾ ਆਦਿ ਸਾਰੇ ਕੰਮ ਗੁਰਮਤਿ ਅਨੁਸਾਰ ਕਰਨੇ।
ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿਚ ਇਕ ਸੂਤ ਪਰੋਏ ਰਹਿਣਾ। ਰਹਿਤ ਵਿਚ ਕੋਈ ਭੁੱਲ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਬੇਨਤੀ ਕਰਕੇ ਤਨਖਾਹ ਬਖਸ਼ਾਉਣੀ। ਅੱਗੇ ਲਈ ਸਾਵਧਾਨ ਰਹਿਣਾ।
੧੮. ਮੀਣੇ,
੧੯. ਉਪਰੋਕਤ ਰਹਿਤ-ਮਰਿਯਾਦਾ ਦੱਸਣ ਉਪਰੰਤ ਪੰਜਾਂ ਪਿਆਰਿਆਂ ਵਿਚੋਂ ਕੋਈ ਸੱਜਣ ਅਰਦਾਸਾ ਕਰੇ। ਤਾਬਿਆ ਬੈਠਾ ਸਿੰਘ ‘ਹੁਕਮ’ ਲਵੇ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਉਨ੍ਹਾਂ ਵਿਚੋਂ ਜੇ ਕਿਸੇ ਦਾ ਨਾਮ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਰਖਿਆ ਹੋਇਆ ਤਾਂ ਉਸ ਦਾ ਨਾਮ ਬਦਲ ਕੇ ਰਖਿਆ ਜਾਵੇ।
੨੦. ਅੰਤ ਵਿਚ ਕੜਾਹ ਪ੍ਰਸ਼ਾਦਿ ਵਰਤੇ। ਜਹਾਜ਼ ਚੜ੍ਹੇ (ਭਾਵ ਸਿਖੀ ਰੂਪੀ ਜਹਾਜ ’ਤੇ ਸਵਾਰ ਹੋਏ) ਸਾਰੇ ਸਿੰਘ ਤੇ ਸਿੰਘਣੀਆਂ ਇਕੋ ਬਾਟੇ ਵਿਚੋਂ ਕੜਾਹ ਪ੍ਰਸਾਦ ਰਲ ਕੇ ਛਕਣ।
ਅੰਮ੍ਰਿਤ ਤਿਆਰ ਕਰਨ ਸਮੇਂ ਬੇਸ਼ੱਕ ਉਪਰੋਕਤ ਨਿਰਧਾਰਤ ਬਾਣੀਆਂ ਹੀ ਪੜ੍ਹੀਆਂ ਜਾਂਦੀਆਂ ਹਨ। ਪਰ ਆਮ ਤੌਰ ’ਤੇ ਅੰਮ੍ਰਿਤ ਸੰਸਕਾਰ ਨਾਲ ਜੋੜ ਕੇ ਜਾਂ ਅੰਮ੍ਰਿਤ ਛਕਣ ਲਈ ਪ੍ਰੇਰਣਾ ਰੂਪ ਜਿਹੜੇ ਸ਼ਬਦ ਪੜ੍ਹੇ ਜਾਂ ਗਾਏ ਜਾਂਦੇ ਹਨ, ਉਨ੍ਹਾਂ ਵਿਚੋਂ ਇਹ ਪ੍ਰਮੁੱਖ ਹਨ:
(੧) ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ॥ -ਗੁਰੂ ਗ੍ਰੰਥ ਸਾਹਿਬ ੯੧੮
(੨) ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ -ਗੁਰੂ ਗ੍ਰੰਥ ਸਾਹਿਬ ੯੪੦
(੩) ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ॥ -ਗੁਰੂ ਗ੍ਰੰਥ ਸਾਹਿਬ ੫੩੮-੫੩੯
(੪) ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ॥ -ਗੁਰੂ ਗ੍ਰੰਥ ਸਾਹਿਬ ੫੯੮
(੫) ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ॥ -ਗੁਰੂ ਗ੍ਰੰਥ ਸਾਹਿਬ ੧੦੦੭
ਸ਼ਬਦ ੧
ਇਹ ਸ਼ਬਦ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੁਆਰਾ ਰਾਗ ਰਾਮਕਲੀ ਵਿਚ ਉਚਾਰਣ ਕੀਤੀ ਬਾਣੀ ‘ਅਨੰਦੁ’ ਦੀ ੧੩ਵੀਂ ਪਉੜੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੧੮ ਉਪਰ ਦਰਜ ਹੈ। ਇਸ ਦੀਆਂ ਪੰਜ ਤੁਕਾਂ ਹਨ।
ਸ਼ਬਦ ੨
ਇਹ ਸ਼ਬਦ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਰਾਗ ਰਾਮਕਲੀ ਵਿਚ ਉਚਾਰਣ ਕੀਤੀ ਬਾਣੀ ‘ਸਿਧ ਗੋਸਟਿ’ ਦੀ ੨੦ਵੀਂ ਪਉੜੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੪੦ ਉਪਰ ਦਰਜ ਹੈ। ਇਸ ਦੀਆਂ ਛੇ ਤੁਕਾਂ ਹਨ।
ਸ਼ਬਦ ੩
ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਰਾਗ ਬਿਹਾਗੜਾ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੩੮-੫੩੯ ਉਪਰ ਦਰਜ ਹੈ। ਇਸ ਸ਼ਬਦ ਦੇ ਚਾਰ ਬੰਦ ਹਨ।
ਸ਼ਬਦ ੪
ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਰਾਗ ਸੋਰਠਿ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੯੮ ਉਪਰ ਦਰਜ ਹੈ। ਇਸ ਸ਼ਬਦ ਦੇ ਚਾਰ ਬੰਦ ਹਨ। ‘ਰਹਾਉ’ ਵਾਲਾ ਬੰਦ ਇਨ੍ਹਾਂ ਤੋਂ ਵਖਰਾ ਹੈ, ਭਾਵੇਂ ਕਿ ਇਸ ਨੂੰ ਕੋਈ ਵਖਰਾ ਅੰਕ ਨਹੀਂ ਦਿੱਤਾ ਹੋਇਆ।
ਸ਼ਬਦ ੫
ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਰਾਗ ਮਾਰੂ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੦੦੭ ਉਪਰ ਦਰਜ ਹੈ। ਇਸ ਸ਼ਬਦ ਦੇ ਦੋ ਬੰਦ ਹਨ। ‘ਰਹਾਉ’ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ।



