Guru Granth Sahib Logo
  
ਰਾਗ ਆਸਾ 
ਗੁਰਮਤਿ ਸੰਗੀਤ ਵਿਚ ਆਸਾ ਰਾਗ ਬਹੁਤ ਮਹੱਤਵਪੂਰਨ ਹੈ। ਇਸ ਰਾਗ ਦੀਆਂ ਮਧੁਰ ਸੁਰਾਂਵਲੀਆਂ, ਪੰਜਾਬ ਦੀ ਧਰਤੀ ਦੇ ਕਣ-ਕਣ ਵਿਚ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ‘ਆਸਾ ਕੀ ਵਾਰ’ ਦੇ ਰਾਹੀਂ ਪ੍ਰਵੇਸ਼ ਕਰਦੀਆਂ ਹਨ। ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿਚ ਸਮਾਉਣ ਲਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਂ ‘ਸੋ ਦਰੁ’ ਦੀ ਕੀਰਤੀ ਗਾਉਂਦੀਆਂ ਹਨ।
 
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਆਸਾ ਰਾਗ ਨੂੰ ਤਰਤੀਬ ਅਨੁਸਾਰ ਚਉਥਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ ਅਤੇ ਪੰਜ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੪੭ ਤੋਂ ੪੮੮ ਤਕ ਬਾਣੀ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੭੦, ਗੁਰੂ ਅੰਗਦ ਸਾਹਿਬ ਦੇ ੧੫, ਗੁਰੂ ਅਮਰਦਾਸ ਸਾਹਿਬ ਦੇ ੪੮, ਗੁਰੂ ਰਾਮਦਾਸ ਸਾਹਿਬ ਦੇ ੩੦, ਗੁਰੂ ਅਰਜਨ ਸਾਹਿਬ ਦੇ ੧੮੮, ਗੁਰੂ ਤੇਗਬਹਾਦਰ ਸਾਹਿਬ ਦਾ ੧, ਭਗਤ ਕਬੀਰ ਜੀ ਦੇ ੩੭, ਭਗਤ ਨਾਮਦੇਵ ਜੀ ਦੇ ੫, ਭਗਤ ਰਵਿਦਾਸ ਜੀ ਦੇ ੬, ਭਗਤ ਧੰਨਾ ਜੀ ਅਤੇ ਬਾਬਾ ਫਰੀਦ ਜੀ ਦੇ ੨-੨ ਸ਼ਬਦ ਸ਼ਾਮਲ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ਪਹਿਲਾ, ਪੰਨਾ ੧੦੩-੧੦੮
ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵਧ ਸ਼ਬਦ ਇਸੇ ਹੀ ਰਾਗ ਵਿਚ ਉਚਾਰਣ ਕੀਤੇ ਹਨ।
 
ਆਸਾ ਰਾਗ ਦੇ ਅਨੇਕ ਪ੍ਰਕਾਰ ਪ੍ਰਚਲਤ ਹਨ। ਪੁਰਾਤਨ ਸਮਿਆਂ ਵਿਚ ਰਾਗੀ ਸਿੰਘ ਇਸ ਰਾਗ ਨੂੰ ਵਖ-ਵਖ ਅੰਗਾਂ ਸਹਿਤ ਬਾਖੂਬੀ ਗਾਇਨ ਕਰਦੇ ਸਨ। ਜਿਵੇਂ ਕਿ ਪਹਾੜੀ ਅੰਗ ਨਾਲ, ਬਿਲਾਵਲ ਅੰਗ ਨਾਲ, ਕਲਿਆਣ ਅੰਗ ਨਾਲ ਅਤੇ ਕਾਫੀ ਅੰਗ ਨਾਲ। ਗੁਰੂ ਗ੍ਰੰਥ ਸਾਹਿਬ ਵਿਚ ਆਸਾ ਦੇ ਚਾਰ ਹੋਰ ਪ੍ਰਕਾਰ ਵੀ ਸ਼ਾਮਿਲ ਹਨ ਜਿਵੇਂ ਰਾਗ ਆਸਾ ਕਾਫ਼ੀ, ਆਸਾਵਰੀ ਸੁਧੰਗ, ਆਸਾ ਆਸਾਵਰੀ, ਅਤੇ ਆਸਾਵਰੀ।

ਆਸਾ ਰਾਗ ਹਿੰਦੁਸਤਾਨੀ ਸੰਗੀਤ ਦੇ ਪ੍ਰਚਲਤ ਰਾਗਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਸੰਗੀਤਕ ਗ੍ਰੰਥਾਂ ਵਿਚ ਵੀ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਇਸ ਰਾਗ ਨਾਲ ਮਿਲਦਾ-ਜੁਲਦਾ ਰਾਗ ‘ਮਾਂਡ’ ਵੀ ਹੈ। ਆਸਾ ਰਾਗ ਤੇ ਮਾਂਡ ਰਾਗ ਵਿਚ ਸਵਰ ਬੇਸ਼ਕ ਉਹੀ ਪ੍ਰਯੋਗ ਹੁੰਦੇ ਹਨ, ਪਰ ਵਖੋ-ਵਖਰੇ ਚਲਣ ਕਾਰਨ ਇਹ ਰਾਗ ਇਕ ਦੂਜੇ ਤੋਂ ਭਿੰਨ ਹੋ ਜਾਂਦੇ ਹਨ। ਇਹ ਦੋਵੇਂ ਹੀ ਰਾਗ ਲੋਕ-ਧੁਨਾਂ ‘ਤੇ ਆਧਾਰਤ ਮੰਨੇ ਜਾਂਦੇ ਹਨ। 
 
ਆਸਾ ਰਾਗ ਦੀ ਤਾਸੀਰ ਭਗਤੀ ਰਸ ਵਾਲੀ ਹੈ। ਪਟਿਆਲਾ ਰਿਆਸਤ ਦੇ ਦਰਬਾਰੀ ਰਾਗੀ ਅਤੇ ਕਵੀ, ਮਾਸਟਰ ਭਾਈ ਪ੍ਰੇਮ ਸਿੰਘ, ‘ਰਤਨ ਸੰਗੀਤ ਭੰਡਾਰ’ ਵਿਚ ਲਿਖਦੇ ਹਨ ਕਿ ਰਾਗ ਆਸਾ, ਸਿਰੀ ਰਾਗੁ, ਮੇਘ ਰਾਗ ਅਤੇ ਮਾਰੂ ਰਾਗ ਦੇ ਸੁਮੇਲ ਤੋਂ ਪ੍ਰਾਪਤ ਹੁੰਦਾ ਹੈ। ਇਹ ਸੰਧੀ-ਪ੍ਰਕਾਸ਼ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜੋ ਸਵੇਰੇ ਅਤੇ ਸ਼ਾਮ ਨੂੰ ਗਾਇਆ ਤੇ ਵਜਾਇਆ ਜਾਂਦਾ ਹੈ। ਇਹ ਉਤ੍ਰਾਂਗ ਵਾਦੀ ਰਾਗ ਹੈ।
 
ਆਸਾ ਰਾਗ ਪੰਜਾਬ ਦਾ ਪ੍ਰਸਿਧ ਅਤੇ ਮਿਠਾ ਰਾਗ ਹੈ। ਗੁਰੂ ਨਾਨਕ ਸਾਹਿਬ ਤੋਂ ਕਾਫੀ ਸਮਾਂ ਪਹਿਲਾਂ ਪ੍ਰਚਲਤ ਹੋਈ ‘ਟੁੰਡੇ ਅਸਰਾਜੇ ਦੀ ਵਾਰ’ ਵੀ ਇਸ ਰਾਗ ਵਿਚ ਹੀ ਗਾਈ ਜਾਂਦੀ ਸੀ। ਗੁਰੂ ਨਾਨਕ ਸਾਹਿਬ ਤੋਂ ਪੂਰਬਲੇ ਭਗਤ ਬਾਣੀਕਾਰਾਂ ਦੀ ਬਾਣੀ ਵੀ ਇਸ ਰਾਗ ਵਿਚ ਰਚੀ ਹੋਣ ਕਾਰਣ ਇਹ ਤਥ ਸਥਾਪਤ ਹੋ ਜਾਂਦਾ ਹੈ ਕਿ ਇਹ ਰਾਗ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਹੀ ਪ੍ਰਚਲਤ ਸੀ। ਇਸ ਰਾਗ ਵਿਚ ਗਾਈਆਂ-ਸੁਣਾਈਆਂ ਜਾਂਦੀਆਂ ਲੋਕ ਗਾਥਾਵਾਂ, ਗੀਤ, ਕਿੱਸੇ ਅਤੇ ਧੁਨਾਂ ਅਤਿਅੰਤ ਮਨਮੋਹਕ ਸਨ/ਹਨ। ਆਪਣੀਆਂ ਖਾਸ ਵਿਸ਼ੇਸ਼ਤਾਵਾਂ ਕਰਕੇ ਇਹ ਰਾਗ ਕੀਰਤਨ ਪਰੰਪਰਾ ਤੋਂ ਇਲਾਵਾ, ਲੋਕ ਸੰਗੀਤ, ਅਰਧ ਸ਼ਾਸਤਰੀ ਸੰਗੀਤ ਅਤੇ ਫਿਲਮੀ ਸੰਗੀਤ ‘ਤੇ ਵੀ ਛਾਇਆ ਹੋਇਆ ਹੈ।

ਸ੍ਰੀ ਵਿਮਲਕਾਂਤ ਰਾਏ ਚੌਧਰੀ ਨੇ ਹਿੰਦੁਸਤਾਨੀ ਸੰਗੀਤ ਦੇ ਰਾਗ ਆਸ਼ਾ ਦੇ ਦੋ ਸਰੂਪ ਦਿਤੇ ਹਨ। ਇਕ ਵਿਚ ਰੇ ਗਾ ਧਾ ਨੀ ਕੋਮਲ ਅਤੇ ਦੂਜੇ ਸਰੂਪ ਵਿਚ ਨੀ ਕੋਮਲ ਅਤੇ ਜਾਤੀ ਔੜਵ-ਸ਼ਾੜਵ ਦੱਸੀ ਹੈ। ਰਾਗ ਆਸ਼ਾ ਦਾ ਇਹ ਦੂਜਾ ਸਰੂਪ ਗੁਰਮਤਿ ਸੰਗੀਤ ਵਿਚ ਪ੍ਰਚਲਤ ਆਸਾ ਰਾਗ ਦੇ ਸਰੂਪ ਦੇ ਨੇੜੇ ਹੈ,
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੭੦
ਰਾਗ ਨਿਰਣਾਇਕ ਕਮੇਟੀ ਵਲੋਂ ਵੀ ਇਸੇ ਸਰੂਪ ਨੂੰ ਮਾਨਤਾ ਦਿਤੀ ਗਈ ਹੈ
Bani Footnote ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੧੦
ਜੋ ਕਿ ਹੇਠ ਲਿਖੇ ਅਨੁਸਾਰ ਹੈ:
 
ਰਾਗ ਆਸਾ ਦਾ ਸਰੂਪ
ਥਾਟ: ਬਿਲਾਵਲ। 
ਸਵਰ: ਸਾਰੇ ਸ਼ੁਧ।
ਵਰਜਿਤ ਸਵਰ: ਗਾ ।
ਜਾਤੀ: ਔੜਵ-ਸੰਪੂਰਨ। 
ਵਾਦੀ: ਮਧਿਅਮ।
ਸੰਵਾਦੀ: ਸ਼ੜਜ।
ਆਰੋਹ: ਸਾ, ਰੇ ਮਾ, ਪਾ, ਧਾ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ, ਮਾ, ਗਾ ਰੇ ਸਾ ਰੇ ਗਾ ਸਾ।
ਮੁੱਖ ਅੰਗ (ਪਕੜ): ਰੇ ਮਾ, ਪਾ, ਧਾ ਸਾ (ਤਾਰ ਸਪਤਕ), ਨੀ ਧਾ ਪਾ ਮਾ, ਗਾ ਸਾ ਰੇ ਗਾ ਸਾ।

ਗਾਇਨ ਸਮਾਂ
ਸਵੇਰੇ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼।

ਰਾਗ ਤਿਲੰਗ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਤਿਲੰਗ ਰਾਗ ਨੂੰ ਤਰਤੀਬ ਅਨੁਸਾਰ ਚੌਦ੍ਹਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਦੋ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੨੧ ਤੋਂ ੭੨੭ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੬, ਗੁਰੂ ਰਾਮਦਾਸ ਸਾਹਿਬ ਦੇ ੩, ਗੁਰੂ ਅਰਜਨ ਸਾਹਿਬ ਦੇ ੫, ਗੁਰੂ ਤੇਗਬਹਾਦਰ ਸਾਹਿਬ ਦੇ ੩ (੨ ਰਾਗ ਤਿਲੰਗ ਵਿਚ ਅਤੇ ੧ ਮਿਸ਼ਰਤ ਰਾਗ ਤਿਲੰਗ ਕਾਫੀ), ਭਗਤ ਕਬੀਰ ਜੀ ਦਾ ੧ ਅਤੇ ਭਗਤ ਨਾਮਦੇਵ ਜੀ ਦੇ ੨ ਸ਼ਬਦ ਸ਼ਾਮਲ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ਪਹਿਲਾ, ਪੰਨਾ ੧੦੩-੧੧੦


ਤਿਲੰਗ ਇਕ ਲੋਕ-ਪ੍ਰਿਯ ਰਾਗ ਹੈ। ਇਹ ਭਾਰਤੀ ਸੰਗੀਤ ਦੇ ਪ੍ਰਚਲਤ ਤੇ ਸਰਲ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਦੀ ਉਪਜ ਲੋਕ ਗੀਤਾਂ ਅਤੇ ਲੋਕ ਧੁਨਾਂ ’ਤੇ ਅਧਾਰਤ ਮੰਨੀ ਜਾਂਦੀ ਹੈ। ਇਸ ਰਾਗ ਦੀ ਲੋਕ-ਪ੍ਰਿਯਤਾ ਤੇ ਸਰਲਤਾ ਦੇ ਕਾਰਨ ਸਾਧਾਰਣ ਸ੍ਰੋਤੇ ਵੀ ਇਸਦੇ ਸਰੂਪ ਨੂੰ ਪਛਾਣ ਲੈਂਦੇ ਹਨ।
Bani Footnote ਪ੍ਰੋ. ਤਾਰਾ ਸਿੰਘ, ਗੁਰੂ ਰਾਮਦਾਸ ਰਾਗ ਰਤਨਾਵਲੀ, ਪੰਨਾ ੨੨੫
ਸ਼ਾਇਦ, ਇਸੇ ਲਈ ਗੁਰੂ ਨਾਨਕ ਸਾਹਿਬ ਨੇ ਬਾਬਰ ਵਲੋਂ ਸੈਦਪੁਰ (ਐਮਨਾਬਾਦ, ਪਾਕਿਸਤਾਨ) ’ਤੇ ਕੀਤੇ ਹਮਲੇ ਦੌਰਾਨ ਵਾਪਰੇ ਕਤਲੇਆਮ ਤੇ ਅੱਤਿਆਚਾਰ ਦੇ ਦਰਦਨਾਕ ਸਾਕੇ ਦਾ ਵਰਣਨ ਇਸ ਰਾਗ ਵਿਚ ਕੀਤਾ ਹੈ।

ਤਿਲੰਗ ਰਾਗ ਦੀ ਉਪਜ ‘ਖਮਾਜ’ ਥਾਟ ਤੋਂ ਮੰਨੀ ਗਈ ਹੈ। ਭਾਰਤੀ ਸੰਗੀਤ ਦੇ ਗ੍ਰੰਥਾਂ ਵਿਚ ਇਸ ਰਾਗ ਲਈ ‘ਤੇਲੰਗੀ’ ਨਾਮ ਦਾ ਵੀ ਪ੍ਰਯੋਗ ਕੀਤਾ ਗਿਆ ਹੈ ਪ੍ਰੰਤੂ ਪ੍ਰਚਾਰ ਵਿਚ ਤਿਲੰਗ ਹੀ ਹੈ। ‘ਖਮਾਜ’ ਅਤੇ ‘ਤਿਲੰਗ’ ਦੋਵੇਂ ਇਕ ਦੂਸਰੇ ਦੇ ਨਿਕਟਵਰਤੀ ਰਾਗ ਹਨ। ‘ਖਮਾਜ’ ਵਿਚ ਰਿਸ਼ਭ ਅਤੇ ਧੈਵਤ ਸਪਸ਼ਟ ਤੌਰ ’ਤੇ ਵਰਤੇ ਜਾਂਦੇ ਹਨ ਪਰ ਤਿਲੰਗ ਵਿਚ ਧੈਵਤ ਵਰਜਿਤ ਅਤੇ ਰਿਸ਼ਭ ਵੀ ਕਦੇ-ਕਦੇ ਤਾਰ ਸਪਤਕ ਵਿਚ ਵਰਤਿਆ ਜਾਂਦਾ ਹੈ, ਇਸੇ ਕਾਰਣ ਇਹ ‘ਖਮਾਜ’ ਨਾਲੋਂ ਨਿਰਾਲਾ ਰੂਪ ਧਾਰਨ ਕਰ ਲੈਂਦਾ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿਚ ਦੋਵੇਂ ਨਿਸ਼ਾਦ, ਰਿਸ਼ਭ ਧੈਵਤ ਵਰਜਿਤ ਅਤੇ ਹੋਰ ਸੁਰ ਸ਼ੁਧ ਲਗਦੇ ਹਨ। ਇਸ ਦੇ ਆਰੋਹ ਵਿਚ ਸ਼ੁਧ ਨਿਸ਼ਾਦ ਅਤੇ ਅਵਰੋਹ ਵਿਚ ਕੋਮਲ ਨਿਸ਼ਾਦ ਲਾਇਆ ਜਾਂਦਾ ਹੈ। ਇਸ ਰਾਗ ਦੇ ਤਾਰ ਸਪਤਕ ਵਿਚ ਰਿਸ਼ਭ ਸੁਰ ਦੀ ਵਰਤੋਂ ਕਰਨ ਦਾ ਰਿਵਾਜ ਹੈ ਪ੍ਰੰਤੂ ਮਧ ਸਪਤਕ ਵਿਚ ਰਿਸ਼ਭ ਸਦਾ ਹੀ ਵਰਜਿਤ ਰਹਿੰਦਾ ਹੈ। ਦੋ ਸੁਰ ਵਰਜਿਤ ਹੋਣ ਕਾਰਨ ਇਸ ਰਾਗ ਦੀ ਜਾਤੀ ਔੜਵ-ਔੜਵ ਨਿਸ਼ਚਿਤ ਹੁੰਦੀ ਹੈ।
Bani Footnote ਪ੍ਰੋ. ਤਾਰਾ ਸਿੰਘ, ਗੁਰੂ ਰਾਮਦਾਸ ਰਾਗ ਰਤਨਾਵਲੀ, ਪੰਨਾ ੨੨੫.


ਤਿਲੰਗ ਰਾਗ ਵਿਚ ਦੋ ਸੁਰ ਸੰਗਤੀਆਂ “ਨੀ (ਕੋਮਲ) ਪ” ਅਤੇ “ਗ ਮ ਗ” ਅਤਿਅੰਤ ਮਹਤਵਪੂਰਣ ਹਨ, ਜਿਨ੍ਹਾਂ ਦੇ ਆਧਾਰ ’ਤੇ ਰਾਗੀ ਇਸ ਰਾਗ ਦਾ ਸਰੂਪ ਸਥਾਪਤ ਕਰਦੇ ਹਨ। ਇਸ ਰਾਗ ਦਾ ਵਿਸਤਾਰ ਮਧ ਤੇ ਤਾਰ ਸਪਤਕ ਵਿਚ ਵਧੇਰੇ ਅਤੇ ਮੰਦਰ ਸਪਤਕ ਵਿਚ ਬਹੁਤ ਘੱਟ ਹੁੰਦਾ ਹੈ। ਕਈ ਲੇਖਕ ਇਸ ਰਾਗ ਨੂੰ ਸ਼ਿੰਗਾਰ ਰਸ ਦਾ ਭਾਗ ਮੰਨਦੇ ਹਨ ਅਤੇ ਇਸ ਨੂੰ ਚੰਚਲ ਪ੍ਰਕਿਰਤੀ ਦੇ ਰਾਗਾਂ ਦੇ ਵਰਗ ਵਿਚ ਸ਼ਾਮਲ ਕਰਦੇ ਹਨ।

‘ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ,’ ‘ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ’ ਆਦਿ ਸੰਗੀਤਕ ਗ੍ਰੰਥਾਂ ਵਿਚ ਅਤੇ ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰ. ਸੁਖਵੰਤ ਸਿੰਘ, ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੪੧
ਵਲੋਂ ਵੀ ਤਿਲੰਗ ਰਾਗ ਦੇ ਜਿਸ ਸਰੂਪ ਨੂੰ ਮਾਨਤਾ ਦਿੱਤੀ ਗਈ ਹੈ, ਇਥੇ ਉਹੀ ਸਰੂਪ ਦਿੱਤਾ ਜਾ ਰਿਹਾ।

ਰਾਗ ਤਿਲੰਗ ਦਾ ਸਰੂਪ
ਰਾਗ: ਤਿਲੰਗ।
ਥਾਟ: ਖਮਾਜ।
ਸਵਰ: ਦੋਵੇਂ ਨਿਸ਼ਾਦ ਹੋਰ ਸਭ ਸ਼ੁਧ।
ਵਰਜਿਤ ਸਵਰ: ਰਿਸ਼ਭ ਤੇ ਧੈਵਤ।
ਜਾਤੀ: ਔੜਵ-ਔੜਵ।
ਵਾਦੀ: ਗੰਧਾਰ।
ਸੰਵਾਦੀ: ਨਿਸ਼ਾਦ।
ਆਰੋਹ: ਸਾ ਗਾ, ਮਾ ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਪਾ, ਮਾ ਗਾ, ਸਾ।
ਪਕੜ: ਨੀ (ਕੋਮਲ ਮੰਦਰ ਸਪਤਕ ) ਸਾ ਗਾ ਮਾ ਪਾ, ਨੀ (ਕੋਮਲ) ਪਾ, ਗਾ ਮਾ ਗਾ, ਸਾ।

ਗਾਇਨ ਸਮਾਂ
ਦਿਨ ਦਾ ਤੀਸਰਾ ਪਹਿਰ।