Guru Granth Sahib Logo
  
ਸ਼ਬਦ
ਬਹੁਗਿਣਤੀ ਸਿਖ ਵਿਦਵਾਨਾਂ ਦਾ ਮਤ ਹੈ ਕਿ ਵਿਚਾਰ-ਅਧੀਨ ਸ਼ਬਦ (ਖੁਰਾਸਾਨ ਖਸਮਾਨਾ ਕੀਆ…) ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਕਾਰਣ ਸੈਦਪੁਰ
Bani Footnote ਇਹ ਪੱਛਮੀ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਵਿਚ ਪੈਂਦੇ ਇਕ ਨਗਰ ਐਮਨਾਬਾਦ ਦਾ ਪੁਰਾਣਾ ਨਾਮ ਹੈ। ਇਸ ਨਗਰ ਨੂੰ ਸਿਆਲਕੋਟ ਦੇ ਰਾਜਾ ਸਲਵਾਨ (੭੮ ਈ. ਲਗਭਗ) ਨੇ ਵਸਾਇਆ ਸੀ। ਜਨਮਸਾਖੀ ਸਾਹਿਤ ਵਿਚ ਇਸ ਦੇ ਕਈ ਨਾਮ ਮਿਲਦੇ ਹਨ। ਪੁਰਾਤਨ ਜਨਮਸਾਖੀ, ਮਿਹਰਬਾਨ ਵਾਲੀ ਜਨਮਸਾਖੀ ਅਤੇ ਆਦਿ ਸਾਖੀਆਂ ਵਿਚ ਇਸ ਨੂੰ ਸੈਦਪੁਰ ਸਲੋਈ, ਸੈਦਪੁਰ ਸਲੋਏ ਅਤੇ ਸੈਦਪੁਰ ਸੰਡਿਆਲੀ ਆਦਿ ਲਿਖਿਆ ਹੈ, ਜਦਕਿ ਗਿਆਨ ਰਤਨਾਵਲੀ ਐਮਨਾਬਾਦ/ਏਮਨਾਬਾਦ ਲਿਖਦੀ ਹੈ। ਜਨਮਸਾਖੀ ਭਾਈ ਬਾਲਾ ਵਿਚ ਸੈਦਪੁਰ ਤੇ ਏਮਨਾਬਾਦ ਦੋਵੇਂ ਨਾਂ ਹਨ ਅਤੇ ਇਸ ਨੂੰ ਲਾਲੋ ਦਾ ਪਰਗਨਾ ਵੀ ਕਿਹਾ ਗਿਆ ਹੈ। ਸ਼ੇਰ ਸ਼ਾਹ ਸੂਰੀ (੧੪੭੨-੧੫੪੫ ਈ.) ਨੇ ਇਸ ਨੂੰ ਤਬਾਹ ਕੀਤਾ। ਇਸ ਥਾਂ ਬਣੇ ਨਗਰ ਦਾ ਨਾਂ ਸ਼ੇਰਗੜ੍ਹ ਰਖਿਆ ਗਿਆ। ਫਿਰ ਅਕਬਰ (੧੫੪੨-੧੬੦੫ ਈ.) ਦੇ ਇਕ ਅਹਿਲਕਾਰ ਮੁਹੰਮਦ ਅਮੀਨ ਨੇ ਇਸ ਦਾ ਨਾਮ ਬਦਲ ਕੇ ਅਮੀਨਾਬਾਦ (ਐਮਨਾਬਾਦ ਜਾਂ ਏਮਨਾਬਾਦ) ਰਖ ਦਿੱਤਾ। ੧੭੬੦ ਈ. ਦੇ ਨੇੜੇ-ਤੇੜੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ (ਮੌਤ ੧੭੭੦ ਈ.) ਨੇ ਇਸ ਨੂੰ ਆਪਣੇ ਅਧੀਨ ਕੀਤਾ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼ (ਭਾਗ ਦੂਜਾ), ਪੰਨਾ ੧੭੪
(ਪਾਕਿਸਤਾਨ) ਵਿਚ ਹੋਏ ਮਨੁਖੀ ਕਤਲੇਆਮ ਨੂੰ ਦੇਖ ਕੇ ਉਚਾਰਿਆ।
Bani Footnote ਪ੍ਰੋ. ਹਰਬੰਸ ਸਿੰਘ, ਗੁਰੂ ਨਾਨਕ ਅਤੇ ਸਿੱਖ ਧਰਮ ਦੀ ਉਤਪਤੀ, ਗੁਰਮੁਖ ਸਿੰਘ (ਅਨੁ.), ਪ੍ਰਿਥੀਪਾਲ ਸਿੰਘ ਕਪੂਰ (ਸੰਪਾ.), ਪੰਨਾ ੧
ਦੂਜੇ ਪਾਸੇ ਭਾਈ ਰਤਨ ਸਿੰਘ ਭੰਗੂ ਨੇ ‘ਪੰਥ ਪ੍ਰਕਾਸ਼’ ਵਿਚ ‘ਖੁਰਾਸਾਨ ਖਸਮਾਨਾ ਕੀਆ...’ ਅਤੇ ‘ਕੋਈ ਮੁਗਲ ਨ ਹੋਆ ਅੰਧਾ…’ ਸ਼ਬਦ ਗੁਰੂ ਸਾਹਿਬ ਦੀ ‘ਦੱਖਣ ਦੀ ਉਦਾਸੀ’ ਸਮੇਂ ਉਚਾਰੇ ਦਰਸਾਏ ਹਨ। ਉਨ੍ਹਾਂ ਅਨੁਸਾਰ ਹਮਲਾਵਰ ਤੁਰਕਾਂ ਨੇ ਦੱਖਣ ਵਿਚਲੇ ਮੰਦਰਾਂ ਨੂੰ ਢਾਹ ਕੇ ਮਸੀਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਮੰਦਰਾਂ ਵਿਚਲੀਆਂ ਮੂਰਤੀਆਂ ਦੇ ਨੱਕ ਕੱਟ ਕੇ ਉਨ੍ਹਾਂ ਨੂੰ ਸਧਾਰਨ ਪੱਥਰ ਦੇ ਰੂਪ ਵਿਚ ਵਰਤਿਆ ਜਾਣ ਲੱਗ ਪਿਆ ਸੀ। ਧਰਮ ਸਥਾਨਾਂ ਦੇ ਅਜਿਹੇ ਨਿਰਾਦਰ ਅਤੇ ਲੋਕਾਂ ਦੀ ਪੀੜਾ ਦੇਖ ਕੇ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰੇ ਸਨ। ਪਰ ‘ਪੰਥ ਪ੍ਰਕਾਸ਼’ ਦੇ ਸੰਪਾਦਕ ਡਾ. ਬਲਵੰਤ ਸਿੰਘ ਢਿਲੋਂ ਨੇ ਇਨ੍ਹਾਂ ਸ਼ਬਦਾਂ ਨੂੰ ਬਾਬਰ ਵਲੋਂ ਹਿੰਦੁਸਤਾਨ ਉਪਰ ਕੀਤੇ ਹਮਲੇ ਨਾਲ ਹੀ ਜੋੜਿਆ ਹੈ।
Bani Footnote ਡਾ. ਬਲਵੰਤ ਸਿੰਘ ਢਿਲੋਂ (ਸੰਪਾ.), ਸ੍ਰੀ ਗੁਰ ਪੰਥ ਪ੍ਰਕਾਸ਼ ਕ੍ਰਿਤ ਸ. ਰਤਨ ਸਿੰਘ ਭੰਗੂ, ਪੰਨਾ ੧੬


ਬਾਬਰ ਵੱਲੋਂ ਹਿੰਦੁਸਤਾਨ ਉਪਰ ਚੜ੍ਹਾਈ ਕਰਨ ਸਮੇਂ ਦਿੱਲੀ ਦਾ ਬਾਦਸ਼ਾਹ ਇਬਰਾਹੀਮ ਲੋਧੀ ਸੀ। ਇਹ ਬਹੁਤ ਜ਼ਾਲਮ ਅਤੇ ਸ਼ੱਕੀ ਸੁਭਾਅ ਦਾ ਬਾਦਸ਼ਾਹ ਸੀ। ਬਗਾਵਤ ਦੇ ਸ਼ੱਕ ਵਿਚ ਹੀ ਇਸ ਨੇ ਆਪਣੇ ਕਈ ਅਹੁਦੇਦਾਰਾਂ ਨੂੰ ਕੈਦ ਕਰ ਲਿਆ। ਇਸ ਨੂੰ ਖਤਮ ਕਰਨ ਲਈ ਦੌਲਤ ਖਾਂ ਲੋਧੀ (ਤਤਕਾਲੀਨ ਪੰਜਾਬ ਦਾ ਗਵਰਨਰ) ਅਤੇ ਕੁਝ ਹੋਰ ਅਮੀਰਾਂ (ਅਹੁਦੇਦਾਰਾਂ) ਨੇ ਬਾਬਰ ਨੂੰ ਹਿੰਦੁਸਤਾਨ ਉਪਰ ਹਮਲਾ ਕਰਨ ਦਾ ਸੱਦਾ ਦਿੱਤਾ। ਬੇਸ਼ਕ ਇਸ ਤੋਂ ਪਹਿਲਾਂ ਵੀ ਉਹ ਹਿੰਦੁਸਤਾਨ ਵਿਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਸੀ। ਪਰ ਕਾਬਲ ਵਿਚ ਹੋ ਰਹੀਆਂ ਗੜਬੜਾਂ ਕਾਰਨ ਉਸ ਨੂੰ ਜਿਹਲਮ ਤਕ ਦੇ ਕੁਝ ਇਲਾਕੇ ਜਿੱਤ ਕੇ ਹੀ ਵਾਪਸ ਮੁੜਨਾ ਪੈਂਦਾ ਸੀ। ਦੌਲਤ ਖਾਂ ਲੋਧੀ ਵਲੋਂ ਹਮਲੇ ਦਾ ਸੱਦਾ ਪ੍ਰਾਪਤ ਹੋਣ ’ਤੇ ਬਾਬਰ ਨੇ ੧੫੧੯-੨੦ ਈ. ਵਿਚ ਹਿੰਦੁਸਤਾਨ ’ਤੇ ਚੜ੍ਹਾਈ ਕਰ ਦਿੱਤੀ। ਉਸ ਨੂੰ ਸਿਆਲਕੋਟ ਨੂੰ ਜਿੱਤਣ ਤੱਕ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। ਪਰ ਸੈਦਪੁਰ ਦੇ ਲੋਕਾਂ ਨੇ ਉਸ ਦਾ ਬਹੁਤ ਵਿਰੋਧ ਕੀਤਾ। ਇਸ ਕਰਕੇ ਉਸ ਨੇ ਸੈਦਪੁਰ ਵਿਚ ਸਮੂਹਕ ਕਤਲੇਆਮ ਦਾ ਹੁਕਮ ਦੇ ਦਿੱਤਾ। ਜੋ ਬਚ ਗਏ, ਉਨ੍ਹਾਂ ਨੂੰ ਗੁਲਾਮ ਬਣਾ ਲਿਆ ਗਿਆ। ਇਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਸਮੇਤ ਅਨੇਕ ਬੱਚੇ, ਬੁੱਢੇ ਤੇ ਇਸਤਰੀਆਂ ਸ਼ਾਮਲ ਸਨ। ਇਨ੍ਹਾਂ ਨੂੰ ਲੁੱਟ ਦਾ ਮਾਲ ਸਿਰਾਂ ਉੱਤੇ ਚੁੱਕਾ ਕੇ ਮੁਗਲ ਕੈਂਪ ਵੱਲ ਤੋਰਿਆ ਗਿਆ। ਜਿਥੇ ਜਾ ਕੇ ਚੱਕੀਆਂ ਚਲਾਉਣ ਦੀ ਸਜਾ ਦਿੱਤੀ ਗਈ।
Bani Footnote ਸੈਦੋਂ ਜੱਟ, ਸਾਖੀ ਬਾਬੇ ਨਾਨਕ ਜੀ ਕੀ (ਪੁਰਾਤਨ ਜਨਮਸਾਖੀ), ਸ.ਸ. ਪਦਮ (ਸੰਪਾ.), ਪੰਨਾ ੧੬੨
{ਇਸ ਦਾ ਹੋਰ ਵੇਰਵਾ ਬਾਬਰ ਦੇ ਹਮਲੇ ਸੰਬੰਧੀ ਉਚਾਰੇ ਸ਼ਬਦ (ਬਾਬਰਵਾਣੀ) ੨ ਵਿਚ ਹੈ।}

ਬਾਬਰ ਅਤੇ ਖੁਰਾਸਾਨ
ਇਸ ਸ਼ਬਦ ਦੀ ਪਹਿਲੀ ਤੁਕ ਨੂੰ ਕੁਝ ਲੋਕ ਇਸ ਤਰ੍ਹਾਂ ਅਰਥਾਉਂਦੇ ਹਨ ਕਿ ਖੁਰਾਸਾਨ
Bani Footnote ਪੁਰਾਤਨ ਪਰਸ਼ੀਆ (ਈਰਾਨ) ਦਾ ਇਕ ਵਿਸ਼ਾਲ ਇਤਿਹਾਸਕ ਖੇਤਰ, ਜੋ ਇਸ ਸਮੇਂ ਉੱਤਰੀ ਈਰਾਨ, ਦਖਣੀ ਤੁਰਕਮੇਨਿਸਤਾਨ ਅਤੇ ਉੱਤਰੀ ਅਫਗਾਨਿਸਤਾਨ ਵਿਚਕਾਰ ਸਥਿਤ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਦਸ਼ਾਹ ਬਾਬਰ ਲਿਖਦਾ ਹੈ ਕਿ ਹਿੰਦੁਸਤਾਨ ਦੇ ਲੋਕ ਸਿੰਧ ਤੋਂ ਪੱਛਮ ਵੱਲ ਦੇ ਦੇਸ਼ਾਂ ਨੂੰ ਖ਼ੁਰਾਸਾਨ ਆਖਦੇ ਸਨ। -ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੩੮੩
ਨੂੰ ਜਿੱਤਣ ਤੋਂ ਬਾਅਦ, ਬਾਬਰ ਨੇ ਹਿੰਦੁਸਤਾਨ ਉੱਤੇ ਹਮਲਾ ਕਰ ਦਿੱਤਾ। ਪਰ ਇਹ ਦਰੁਸਤ ਨਹੀਂ ਹੈ। ਇਤਿਹਾਸਕ ਸਰੋਤਾਂ ਤੋਂ ਪਤਾ ਲਗਦਾ ਹੈ ਕਿ ਖੁਰਾਸਾਨ ਉਪਰ ਚੰਗੇਜ਼ ਖਾਂ, ਤੈਮੂਰ, ਅਫਗਾਨ, ਈਰਾਨੀ ਸੈਫ਼ਾਬਾਦੀ ਸ਼ਾਸ਼ਕ ਅਤੇ ਨਾਦਰ ਸ਼ਾਹ ਕਾਬਜ ਰਹੇ ਹਨ। ਈਰਾਨੀ ਸੈਫ਼ਾਬਾਦੀ ਸ਼ਾਸ਼ਕਾਂ ਨੇ ੧੫੦੨ ਤੋਂ ੧੭੩੬ ਈ. ਤਕ ਰਾਜ ਕੀਤਾ। ਇਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਫਿਰ ਬਾਬਰ ਨੇ ਖੁਰਾਸਾਨ ਨੂੰ ਕਦੋਂ ਜਿੱਤਿਆ?

ਬਾਬਰ ੧੨ ਸਾਲ ਦੀ ਉਮਰ ਵਿਚ ਆਪਣੇ ਪਿਤਾ ਉਮਰ ਸ਼ੇਖ ਮਿਰਜ਼ਾ ਦੀ ਥਾਂ ਫਰਗਾਨਾ (ਹੁਣ ਉਜ਼ਬੇਕਿਸਤਾਨ ਵਿਚ) ਦਾ ਸ਼ਾਸ਼ਕ ਬਣਿਆ, ਜਿਥੇ ਉਸ ਨੇ ੧੪੯੪-੯੭ ਈ. ਅਤੇ ੧੪੯੮-੧੫੦੦ ਈ. ਤਕ ਰਾਜ ਕੀਤਾ। ਉਸ ਨੇ ੧੪੯੭-੯੮, ੧੫੦੦-੦੧ ਅਤੇ ੧੫੧੧-੧੨ ਈ. ਤਕ ਅਜੋਕੇ ਉਜ਼ਬੇਕਿਸਤਾਨ ਦੇ ਸ਼ਹਿਰ, ਸਮਰਕੰਦ ਉਪਰ ਵੀ ਰਾਜ ਕੀਤਾ। ੧੫੦੪ ਈ. ਵਿਚ ਉਹ ਕਾਬਲ ਦਾ ਬਾਦਸ਼ਾਹ ਬਣਿਆ ਅਤੇ ਇਥੇ ੧੫੨੬ ਈ. ਤਕ ਰਾਜ ਕੀਤਾ। ਇਥੋਂ ਹੀ ਉਸ ਨੇ ੧੫੧੭ ਈ. ਤੋਂ ਹਿੰਦੁਸਤਾਨ ਉੱਤੇ, ਜੋ ਉਸ ਸਮੇਂ ਅਫ਼ਗਾਨ ਲੋਧੀ ਖ਼ਾਨਦਾਨ ਅਧੀਨ ਸੀ, ਆਪਣੀਆਂ ਹਮਲਾਵਰ ਮੁਹਿੰਮਾਂ ਦੀ ਸ਼ੁਰੂਆਤ ਕੀਤੀ। ਆਖਰਕਾਰ ੧੫੨੬ ਈ. ਵਿਚ ਪਾਨੀਪਤ ਦੀ ਜਿੱਤ ਤੋਂ ਬਾਅਦ ਦਿੱਲੀ ਦਾ ਸ਼ਾਸ਼ਕ ਬਣ ਗਿਆ। ਉਹ ਆਪਣੀ ਸਵੈ-ਜੀਵਨੀ ਵਿਚ ਆਪਣੀ ਇਸ ਜਿੱਤ ਸੰਬੰਧੀ ਲਿਖਦਾ ਹੈ: ਸਰਬ-ਸ਼ਕਤੀਮਾਨ ਪਰਮਾਤਮਾ ਦੀ ਕਿਰਪਾ ਨਾਲ, ਇਹ ਮੁਸ਼ਕਲ ਕੰਮ ਮੇਰੇ ਲਈ ਸੌਖਾ ਹੋ ਗਿਆ ਅਤੇ ਉਹ ਸ਼ਕਤੀਸ਼ਾਲੀ ਸੈਨਾ, ਅੱਧੇ ਦਿਨ ਵਿਚ ਹੀ ਮਿੱਟੀ ਵਿਚ ਮਿਲ ਗਈ।

ਡਾ. ਤ੍ਰਿਲੋਚਨ ਸਿੰਘ ਦਾ ਵੀ ਵਿਚਾਰ ਹੈ ਕਿ ਬਾਬਰ ਖੁਰਾਸਾਨ ਉਪਰ ਕਬਜਾ ਕਰਨ ਵਿਚ ਕਾਮਯਾਬ ਨਹੀਂ ਹੋਇਆ। ਉਨ੍ਹਾਂ ਨੇ ਲਿਖਿਆ ਹੈ: ਖੁਰਾਸਾਨ ਉੱਤੇ ਈਰਾਨ ਦੇ ਬਾਦਸ਼ਾਹ ਦਾ ਜਬਰਦਸਤ ਕਬਜ਼ਾ ਸੀ। ਬਾਬਰ ਨੇ ਖੁਰਾਸਾਨ ਉੱਤੇ ਕਬਜ਼ਾ ਕਰਨ ਦੇ ਕਈ ਜਤਨ ਕੀਤੇ ਪਰ ਉਹ ਕਾਮਯਾਬ ਨਹੀਂ ਹੋਇਆ।
Bani Footnote ਡਾ. ਤ੍ਰਿਲੋਚਨ ਸਿੰਘ, ਜੀਵਨ ਚਰਿਤ੍ਰ ਗੁਰੂ ਨਾਨਕ ਦੇਵ, ਪੰਨਾ ੩੨੮


ਸ਼ਬਦ ੨
ਇਸ ਸ਼ਬਦ ਦੇ ਉਚਾਰਣ ਸੰਬੰਧੀ
ਪੁਰਾਤਨ ਜਨਮਸਾਖੀ ਦੇ ਪੰਨਾ ੧੬੦ ਤੋਂ ੧੬੩ ’ਤੇ ਦਰਜ ਪ੍ਰਸੰਗ ਵਿਚ ਬਾਬਰ (੧੪੮੩-੧੫੩੦ ਈ.) ਵੱਲੋਂ ਸੈਦਪੁਰ
Bani Footnote ਇਹ ਪਛਮੀ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਵਿਚ ਪੈਂਦੇ ਇਕ ਨਗਰ ਐਮਨਾਬਾਦ ਦਾ ਪੁਰਾਣਾ ਨਾਮ ਹੈ। ਇਸ ਨਗਰ ਨੂੰ ਸਿਆਲਕੋਟ ਦੇ ਰਾਜਾ ਸਲਵਾਨ (੭੮ ਈ. ਲਗਭਗ) ਨੇ ਵਸਾਇਆ ਸੀ। ਜਨਮਸਾਖੀ ਸਾਹਿਤ ਵਿਚ ਇਸ ਦੇ ਕਈ ਨਾਮ ਮਿਲਦੇ ਹਨ। ਪੁਰਾਤਨ ਜਨਮਸਾਖੀ, ਮਿਹਰਬਾਨ ਵਾਲੀ ਜਨਮਸਾਖੀ ਅਤੇ ਆਦਿ ਸਾਖੀਆਂ ਵਿਚ ਇਸ ਨੂੰ ਸੈਦਪੁਰ ਸਲੋਈ, ਸੈਦਪੁਰ ਸਲੋਏ ਅਤੇ ਸੈਦਪੁਰ ਸੰਡਿਆਲੀ ਆਦਿ ਲਿਖਿਆ ਹੈ, ਜਦਕਿ ਗਿਆਨ ਰਤਨਾਵਲੀ ਐਮਨਾਬਾਦ/ਏਮਨਾਬਾਦ ਲਿਖਦੀ ਹੈ। ਜਨਮਸਾਖੀ ਭਾਈ ਬਾਲਾ ਵਿਚ ਸੈਦਪੁਰ ਤੇ ਏਮਨਾਬਾਦ ਦੋਵੇਂ ਨਾਂ ਹਨ ਅਤੇ ਇਸ ਨੂੰ ਲਾਲੋ ਦਾ ਪਰਗਨਾ ਕਿਹਾ ਗਿਆ ਹੈ। ਸ਼ੇਰ ਸ਼ਾਹ ਸੂਰੀ (੧੪੭੨-੧੫੪੫ ਈ.) ਨੇ ਇਸ ਨੂੰ ਤਬਾਹ ਕੀਤਾ। ਇਸ ਥਾਂ ਬਣੇ ਨਗਰ ਦਾ ਨਾਂ ਸ਼ੇਰਗੜ੍ਹ ਰਖਿਆ ਗਿਆ। ਫਿਰ ਅਕਬਰ (੧੫੪੨-੧੬੦੫ ਈ.) ਦੇ ਇਕ ਅਹਿਲਕਾਰ ਮੁਹੰਮਦ ਅਮੀਨ ਨੇ ਇਸ ਦਾ ਨਾਮ ਬਦਲ ਕੇ ਅਮੀਨਾਬਾਦ (ਐਮਨਾਬਾਦ ਜਾਂ ਏਮਨਾਬਾਦ) ਰਖ ਦਿੱਤਾ। ੧੭੬੦ ਈ. ਦੇ ਨੇੜੇ-ਤੇੜੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ (ਮੌਤ ੧੭੭੦ ਈ.) ਨੇ ਇਸ ਨੂੰ ਆਪਣੇ ਅਧੀਨ ਕੀਤਾ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼ (ਭਾਗ ਦੂਜਾ), ਪੰਨਾ ੧੭੪
(ਹੁਣ ਐਮਨਾਬਾਦ, ਪਾਕਿਸਤਾਨ) ’ਤੇ ਕੀਤੇ ਹਮਲੇ ਸਮੇਂ, ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਅਤੇ ਬਾਬਰ ਦੀ ਮੁਲਾਕਾਤ ਦਾ ਜ਼ਿਕਰ ਹੈ। ਇਸ ਜਨਮਸਾਖੀ ਅਨੁਸਾਰ ਇਸ ਹਮਲੇ ਸਮੇਂ (੧੫੧੯-੨੦ ਈ.) ਬਹੁਤ ਸਾਰੇ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ ਅਤੇ ਉਨ੍ਹਾਂ ਦੇ ਸਿਰਾਂ ’ਤੇ ਲੁੱਟ ਦਾ ਮਾਲ ਚੁਕਾਇਆ ਗਿਆ। ਇਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਵੀ ਸਨ। ਮੀਰਖਾਨ ਮੁਗਲ ਨਾਮ ਦੇ ਅਹਿਲਕਾਰ ਦੇ ਹੁਕਮ ਨਾਲ ਗੁਰੂ ਸਾਹਿਬ ਨੂੰ ਪੰਡ ਚੁਕਾਈ ਗਈ ਅਤੇ ਭਾਈ ਮਰਦਾਨਾ ਜੀ ਨੂੰ ਘੋੜਾ ਫੜਾਇਆ ਗਿਆ। ਇਸ ਸਮੇਂ ਗੁਰੂ ਸਾਹਿਬ ਨੇ ਮਾਰੂ ਰਾਗ ਵਿਚ ਸ਼ਬਦ ਉਚਾਰਿਆ: ਮੁਲ ਖਰੀਦੀ ਲਾਲਾ ਗੋਲਾ... ਤੁਧੁ ਵਿਣੁ ਮੁਕਤਿ ਨ ਪਾਈ॥੪॥੬॥ -ਗੁਰੂ ਗ੍ਰੰਥ ਸਾਹਿਬ ੯੯੧

ਗੁਲਾਮ ਬਣਾਈਆਂ ਇਸਤਰੀਆਂ ਦੀ ਹਾਲਤ ਦੇਖ ਕੇ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਇਨ੍ਹਾਂ ਨਾਲ ਅਜਿਹਾ ਕੀ ਭਾਣਾ ਵਾਪਰਿਆ ਹੈ? ਇਹ ਰੋ ਰਹੀਆਂ ਹਨ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਦਾ ਹੁਕਮ ਦਿੱਤਾ। ਭਾਈ ਸਾਹਿਬ ਨੇ ਕਿਹਾ ਕਿ ਮੇਰੇ ਹਥ ਵਿਚ ਘੋੜੇ ਦੀ ਲਗਾਮ ਹੈ। ਗੁਰੂ ਸਾਹਿਬ ਨੇ ਵਾਹਿਗੁਰੂ ਕਹਿ ਕੇ ਘੋੜੇ ਨੂੰ ਛਡ ਦੇਣ ਲਈ ਕਿਹਾ। ਮਰਦਾਨੇ ਨੇ ਘੋੜਾ ਛਡ ਦਿੱਤਾ ਅਤੇ ਰਬਾਬ ਵਜਾਉਣ ਲੱਗਾ। ਗੁਰੂ ਸਾਹਿਬ ਨੇ ਤਿਲੰਗ ਰਾਗ ਵਿਚ ਸ਼ਬਦ ਉਚਾਰਿਆ: ਹਰਿ ਕੀਆ ਕਥਾ ਕਹਾਣੀਆ...ਨਾਨਕ ਸਾਈ ਗਲ ਚੰਗੀ॥ -ਗੁਰੂ ਗ੍ਰੰਥ ਸਾਹਿਬ ੭੨੫
Bani Footnote ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਗੁਰੂ ਰਾਮਦਾਸ ਸਾਹਿਬ ਦਾ ਉਚਾਰਿਆ ਹੈ।


ਜਦੋਂ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ ਤਾਂ ਮੀਰਖਾਨ ਮੁਗਲ ਆ ਗਿਆ। ਉਸਨੇ ਦੇਖਿਆ ਕਿ ਪੰਡ ਗੁਰੂ ਸਾਹਿਬ ਦੇ ਸਿਰ ਤੋਂ ਹਥ ਭਰ ਉੱਚੀ ਜਾ ਰਹੀ ਹੈ ਅਤੇ ਘੋੜਾ ਮਰਦਾਨਾ ਜੀ ਦੇ ਪਿਛੇ-ਪਿਛੇ ਤੁਰਿਆ ਜਾ ਰਿਹਾ ਹੈ। ਇਸ ਘਟਨਾ ਦੀ ਖਬਰ ਬਾਦਸ਼ਾਹ ਬਾਬਰ ਨੂੰ ਕੀਤੀ ਗਈ: “ਆਖਿਓਸ ਜੀ ਇਕੁ ਫਕੀਰੁ ਜੋ ਬੰਦਿ ਵਿਚਿ ਆਇਆ ਹੈ ਤਿਸ ਦੇ ਸਿਰ ਤੇ ਉਪਰਿ ਹਥ ਭਰ ਪੰਡ ਜਾਂਦੀ ਹੈ॥ ਅਤੇ ਉਸ ਦੇ ਇਕ ਡੂਮ ਹੈ ਤਿਸ ਦੇ ਪਿਛੈ ਘੋੜਾ ਜਾਂਦਾ ਹੈ॥ ਅਰੁ ਰਬਾਬੁ ਵਜਾਇਦਾ ਜਾਂਦਾ ਹੈ॥ ਖੁਦਾਇ ਦੀ ਬੰਦਗੀ ਕਰਦਾ ਹੈ॥ ਤਾਂ ਪਾਤਿਸਾਹਿ ਆਖਿਆ ਜੋ ਐਸਿਆਂ ਫਕੀਰਾਂ ਹੋਂਦਿਆਂ ਸਹਰੁ ਮਾਰਣਾ ਨਾਹ ਥਾ॥ ਤਾਂ ਮੀਰ ਆਖਿਆ ਜੀ ਕਰਮੁ ਕਰਿਕੈ ਦੇਖਹੁ॥”
Bani Footnote ਸੈਦੋਂ ਜੱਟ, ਸਾਖੀ ਬਾਬੇ ਨਾਨਕ ਜੀ ਕੀ (ਪੁਰਾਤਨ ਜਨਮਸਾਖੀ), ਸ.ਸ. ਪਦਮ (ਸੰਪਾ.), ਪੰਨਾ ੧੬੧-੧੬੨


ਦੋ ਕੋਹ ਅੱਗੇ ਬਾਬਰ ਦੇ ਡੇਰੇ ਪਹੁੰਚਣ ਉਪਰੰਤ ਸਾਰੇ ਗੁਲਾਮਾਂ ਨੂੰ ਦਾਣਾ ਦਲਣ ਲਈ ਚੱਕੀਆਂ ਦਿੱਤੀਆ ਗਈਆਂ। ਪਠਾਣੀਆਂ, ਖਤਰਾਣੀਆਂ ਅਤੇ ਬਰਾਹਮਣੀਆਂ ਸਾਰੀਆਂ ਇਕ ਥਾਂ ਬਿਠਾਈਆਂ ਗਈਆਂ। ਗੁਰੂ ਨਾਨਕ ਸਾਹਿਬ ਨੂੰ ਵੀ ਇਕ ਚੱਕੀ ਮਿਲੀ। ਗੁਰੂ ਸਾਹਿਬ ਸਿਰਫ ਦਾਣੇ ਹੀ ਪਾਉਂਦੇ ਸਨ, ਚੱਕੀ ਆਪਣੇ-ਆਪ ਚਲ ਰਹੀ ਸੀ। ਤਦ ਬਾਦਸ਼ਾਹ ਬਾਬਰ ਆ ਗਿਆ। ਗੁਰੂ ਸਾਹਿਬ ਨੇ ਸ਼ਬਦ ਦਾ ਉਚਾਰਣ ਕੀਤਾ:
ਰਾਗੁ ਆਸਾ ਮਹਲਾ ੧ ਅਸਟਪਦੀਆ ਘਰ ੩
ਜਿਨ ਸਿਰਿ ਸੋਹਨਿ ਪਟੀਆ...ਨਾਨਕ ਕਿਆ ਮਾਨੁਖ॥੭॥੧੧॥ -ਗੁਰੂ ਗ੍ਰੰਥ ਸਾਹਿਬ ੪੧੭

ਤਦ ਬਾਦਸ਼ਾਹ ਬਾਬਰ ਨੇ ਕਰਾਮਾਤ ਦਿਖਾਉਣ ਲਈ ਕਿਹਾ। ਬਾਬਾ ਵਿਸਮਾਦ ਵਿਚ ਆਇਆ। ਉਸ ਸਮੇਂ ਇਸ ਸ਼ਬਦ ਦਾ ਉਚਾਰਣ ਹੋਇਆ:
ਰਾਗੁ ਤਿਲੰਗ ਵਿਚਿ ਮ:੧
ਜਿਸ ਤੂੰ ਰਖਹਿ ਮਿਹਰਿਵਾਨ...ਅਪੁਨਾ ਕਰਿ ਲੀਨਾ॥੪॥
Bani Footnote ਇਹ ਕੱਚੀ ਬਾਣੀ ਹੈ।


ਜਦੋਂ ਬਾਬੇ ਇਹ ਸ਼ਬਦ ਉਚਾਰਿਆ ਤਾਂ ਬਾਦਸ਼ਾਹ ਬਾਬਰ ਨੇ ਆ ਕੇ ਪੈਰ ਚੁੰਮੇ। ਉਸ ਆਖਿਆ, ਇਸ ਫਕੀਰ ਦੇ ਚਿਹਰੇ ਵਿਚੋਂ ਖੁਦਾ ਨਜਰ ਆਉਂਦਾ ਹੈ। ਤਦ ਹਿੰਦੂ-ਮੁਸਲਮਾਨ ਸਾਰੇ ਲੋਕ ਸਲਾਮਾਂ ਕਰਨ ਲੱਗੇ।

ਬਾਦਸ਼ਾਹ ਨੇ ਆਖਿਆ ਕਿ ਏ ਦਰਵੇਸ਼! ਕੁਝ ਕਬੂਲ ਕਰੋ ਤਾਂ ਗੁਰੂ ਬਾਬੇ ਆਖਿਆ ਕਿ ਸਾਡੇ ਇਹ ਕਿਸੇ ਕੰਮ ਨਹੀਂ, ਪਰ ਸੈਦਪੁਰ ਦੇ ਜਿਹੜੇ ਲੋਕ ਕੈਦ ਕੀਤੇ ਹਨ, ਉਨ੍ਹਾਂ ਨੂੰ ਛਡ ਦੇਹ। ਇਨ੍ਹਾਂ ਦਾ ਜੋ ਕੁਝ ਖੋਹਿਆ ਹੈ, ਉਹ ਵਾਪਸ ਕਰ ਦੇਹ। ਉਸ ਸਮੇਂ ਬਾਦਸ਼ਾਹ ਬਾਬਰ ਨੇ ਹੁਕਮ ਕੀਤਾ ਕਿ ਜੋ ਕੈਦ ਵਿਚ ਹਨ, ਉਨ੍ਹਾਂ ਨੂੰ ਛਡ ਦਿਓ ਅਤੇ ਉਨ੍ਹਾਂ ਦੀਆਂ ਚੀਜਾਂ ਉਨ੍ਹਾਂ ਨੂੰ ਦੇ ਦਿਓ। ਜਦੋਂ ਸੈਦਪੁਰ ਦੇ ਕੈਦੀ ਰਿਹਾ ਕੀਤੇ ਤਾਂ ਉਹ ਬਾਬੇ ਤੋਂ ਬਿਨਾਂ ਜਾਣ ਲਈ ਤਿਆਰ ਨਹੀਂ ਸਨ।

ਜਨਮਸਾਖੀ ਭਾਈ ਬਾਲਾ ਅਨੁਸਾਰ ਇਹ ਸ਼ਬਦ ਗੁਰੂ ਸਾਹਿਬ ਨੇ ਦਿੱਲੀ ਵਿਖੇ ਇਬਰਾਹੀਮ ਲੋਧੀ (ਰਾਜ ੧੫੧੭-੧੫੨੬ ਈ.) ਦੀ ਕੈਦ ਵਿਚ ਉਚਾਰਿਆ। ਇਬਰਾਹੀਮ ਲੋਧੀ ਨੇ ਗੁਰੂ ਸਾਹਿਬ ਨੂੰ ਹਿੰਦੂ ਅਤੇ ਮੁਸਲਿਮ ਧਰਮਾਂ ਨਾਲੋਂ ਨਿਆਰੀਆਂ ਗੱਲਾਂ ਕਰਨ ਕਰਕੇ ਗ੍ਰਿਫਤਾਰ ਕਰ ਲਿਆ ਸੀ। ਇਥੇ ਹੀ ਗੁਰੂ ਸਾਹਿਬ ਨੇ ਭਵਿਖਬਾਣੀ ਦੇ ਰੂਪ ਵਿਚ ਇਸ ਸ਼ਬਦ ਦਾ ਉਚਾਰਣ ਕੀਤਾ, ਜਿਹੜੀ ਬਾਬਰ ਦੇ ਹਮਲੇ ਨਾਲ ਸੱਚ ਸਾਬਤ ਹੋਈ।
Bani Footnote ਡਾ. ਗੁਰਬਚਨ ਕੌਰ, ਜਨਮ-ਸਾਖੀ ਭਾਈ ਬਾਲਾ ਦਾ ਪਾਠ-ਪ੍ਰਮਾਣੀਕਰਨ ਤੇ ਆਲੋਚਨਾਤਮਕ ਸੰਪਾਦਨ, ਪੰਨਾ ੪੦੮-੪੦੯


ਡਾ. ਤ੍ਰਿਲੋਚਨ ਸਿੰਘ ਨੇ ਇਸ ਸ਼ਬਦ ਦੇ ਉਚਾਰੇ ਜਾਣ ਨੂੰ ਲਾਹੌਰ ਦੀ ਤਬਾਹੀ ਨਾਲ ਜੋੜਿਆ ਹੈ, ਜਿਹੜੀ ਬਾਬਰ ਨੇ ੧੫੨੪ ਈ. ਵਿਚ ਮਚਾਈ। ਇਸ ਸਮੇਂ ਬਾਬਰ ਨੇ ਦੌਲਤ ਖਾਂ (ਤਤਕਾਲੀ ਪੰਜਾਬ ਦਾ ਗਵਰਨਰ) ਨੂੰ ਲਾਹੌਰ ਵਿਚੋਂ ਕੱਢ ਦਿੱਤਾ ਅਤੇ ਸ਼ਹਿਰ ਨੂੰ ਤਬਾਹ ਕਰ ਦਿੱਤਾ।
Bani Footnote ਡਾ. ਤ੍ਰਿਲੋਚਨ ਸਿੰਘ, ਜੀਵਨ ਚਰਿਤ੍ਰ ਗੁਰੂ ਨਾਨਕ ਦੇਵ, ਪੰਨਾ ੩੩੦-੩੩੧


ਗੁਰੂ ਨਾਨਕ ਸਾਹਿਬ ਅਤੇ ਬਾਬਰ ਦੀ ਮੁਲਾਕਾਤ ਸੰਬੰਧੀ
ਗੁਰੂ ਨਾਨਕ ਸਾਹਿਬ ਅਤੇ ਬਾਬਰ ਦੀ ਮੁਲਾਕਾਤ ਸੰਬੰਧੀ ਵਿਦਵਾਨਾਂ ਦੇ ਵਖ-ਵਖ ਵਿਚਾਰ ਹਨ। ਇਸ ਮੁਲਾਕਾਤ ਦੇ ਹੱਕ ਵਿਚਲੇ ਵਿਦਵਾਨ ਪੁਰਾਤਨ ਜਨਮ ਸਾਖੀ ਦੇ ਉਪਰੋਕਤ ਵੇਰਵੇ ਸਮੇਤ ਭਾਈ ਗੁਰਦਾਸ ਜੀ ਦਾ ਇਹ ਹਵਾਲਾ ਵੀ ਪੇਸ਼ ਕਰਦੇ ਹਨ:
ਬਾਬਰ ਕੇ ਬਾਬੇ ਮਿਲੇ ਨਿਵਿ ਨਿਵਿ ਸਭ ਨਵਾਬੁ ਨਿਵਾਇਆ॥ -ਵਾਰ ੨੬, ਪਉੜੀ ੨੧

ਉਪਰੋਕਤ ਤੋਂ ਇਲਾਵਾ ਬੰਸਾਵਲੀਨਾਮਾ, ਮਹਿਮਾ ਪ੍ਰਕਾਸ਼, ਗਿਆਨ ਰਤਨਾਵਲੀ, ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ, ਆਦਿ ਸਿਖ ਸਰੋਤਾਂ ਵਿਚ ਵੀ ਇਸ ਮੁਲਾਕਾਤ ਦਾ ਜ਼ਿਕਰ ਮਿਲਦਾ ਹੈ। ਪਰ ਦੂਜੇ ਪਾਸੇ, ਕੁਝ ਵਿਦਵਾਨ ਇਸ ਮੁਲਾਕਾਤ ਤੋਂ ਇਨਕਾਰੀ ਵੀ ਹਨ। ਉਨ੍ਹਾਂ ਦਾ ਤਰਕ ਹੈ ਕਿ ਹਰ ਘਟਨਾ ਨੂੰ ਨੀਝ ਲਾ ਕੇ ਦੇਖਣ ਅਤੇ ਲਿਖਣ ਵਾਲੇ ਬਾਬਰ ਨੇ ਆਪਣੀ ਸਵੈ-ਜੀਵਨੀ ‘ਬਾਬਰ-ਨਾਮਾ’ ਵਿਚ ਇਸ ਮੁਲਾਕਾਤ ਦਾ ਜ਼ਿਕਰ ਨਹੀਂ ਕੀਤਾ। ਇਸ ਲਈ ਇਹ ਮੁਲਾਕਾਤ ਨਹੀਂ ਹੋਈ।

ਇਸ ਦੇ ਉੱਤਰ ਰੂਪ ਵਿਚ ਪ੍ਰੋ. ਪ੍ਰੀਤਮ ਸਿੰਘ, ਰਣਧੀਰ ਸਿੰਘ ਆਦਿ ਦਾ ਵਿਚਾਰ ਹੈ ਕਿ ਬਾਬਰ ਦੀ ਸਵੈ-ਜੀਵਨੀ ਵਿਚ ਕਈ ਖੱਪੇ ਮਿਲਦੇ ਹਨ। ਭਾਵ ਇਹ ਲਗਾਤਾਰ ਨਹੀਂ ਲਿਖੀ ਗਈ। ਪ੍ਰੋ. ਪ੍ਰੀਤਮ ਸਿੰਘ ਅਨੁਸਾਰ: “ਸ਼ਹਿਨਸ਼ਾਹ ਬਾਬਰ ਆਪਣੀ ‘ਤੁਜ਼ਕ’ ਲਿਖ ਰਿਹਾ ਸੀ ਕਿ ਅਚਨਚੇਤ ਝੱਖੜ ਨੇ ਆ ਘੇਰਿਆ। ਸਾਂਭਦਿਆਂ ਸਾਂਭਦਿਆਂ ਵੀ ਉਸ ਦੇ ਲਿਖੇ ਹੋਏ ਕਈ ਪੱਤਰੇ ਵਾ-ਵਰੋਲੇ ਦੀ ਲਪੇਟ ਵਿਚ ਆ ਗਏ। ਸਾਰੇ ਸ਼ਾਹੀ ਜਤਨਾਂ ਦੇ ਬਾਵਜੂਦ ਇਹ ਪੱਤਰੇ ਕਿਤੋਂ ਨਾ ਲੱਭ ਸਕੇ, ਨਾ ਸ਼ਹਿਨਸ਼ਾਹ ਇਨ੍ਹਾਂ ਨੂੰ ਦੁਬਾਰਾ ਲਿਖਣ ਦਾ ਸਮਾਂ ਕੱਢ ਸਕਿਆ। ਇਹ ਲੋਪ ਹੋਏ ਪੱਤਰੇ ਉਨ੍ਹਾਂ ਤਰੀਕਾਂ ਦੇ ਸਨ, ਜਿਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਨਾਲ ਮੇਲ ਦੇ ਜ਼ਿਕਰ ਦੀ ਸੰਭਾਵਨਾ ਸੀ।”
Bani Footnote ਪ੍ਰੋ. ਪ੍ਰੀਤਮ ਸਿੰਘ, ਪੰਜਾਬ ਪੰਜਾਬੀ ਪੰਜਾਬੀਅਤ, ਪੰਨਾ ੨੨੯


ਇਸੇ ਪ੍ਰਕਾਰ ਰਣਧੀਰ ਸਿੰਘ ਦਾ ਵਿਚਾਰ ਹੈ ਕਿ ਬਾਬਰ ਨੂੰ ੧੫੨੦ ਤੋਂ ੧੫੨੬ ਈ. (੯੨੬ ਤੋਂ ੯੩੧ ਹਿਜਰੀ) ਤਕ ਦੇ ਵਾਕਿਆਤ ਖੁਦ ਲਿਖਣ ਦੀ ਫੁਰਸਤ ਨਹੀਂ ਮਿਲੀ।
Bani Footnote ਰਣਧੀਰ ਸਿੰਘ, ‘ਆਵਨਿ ਅਠਤਰੈ ਜਾਨਿ ਸਤਾਨਵੈਂ,’ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ, (ਸੰਪਾ.) ਪ੍ਰੀਤਮ ਸਿੰਘ, ਪੰਨਾ ੧੨੬


ਡਾ. ਤ੍ਰਿਲੋਚਨ ਸਿੰਘ, ਜਿਨ੍ਹਾਂ ਨੇ ‘ਬਾਬਰਨਾਮੇ’ ਵਿਚੋਂ ਅਲੋਪ ਸਮਿਆਂ ਦਾ ਵੇਰਵਾ
Bani Footnote ੧੪੮੩-੧੪੮੪ ਈ., ੧੫੦੮-੧੫੦੯ ਈ., ੧੫੨੦-੧੫੨੫ ਈ., ਅਪ੍ਰੈਲ ਤੋਂ ਸਤੰਬਰ ੧੫੨੮ ਈ. ਅਤੇ ੧੫੨੯-੧੫੩੦ ਈ.। -ਡਾ. ਤ੍ਰਿਲੋਚਨ ਸਿੰਘ, ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ, ਪੰਨਾ ੩੩੯
ਵੀ ਦਿੱਤਾ ਹੈ, ਲਿਖਦੇ ਹਨ ਕਿ “ਇਹ ਬੜੇ ਅਫਸੋਸ ਦੀ ਗੱਲ ਹੈ ਕਿ ਬਾਬਰ-ਨਾਮੇ ਵਿਚ ਬਾਬਰ ਨੇ ਉਨ੍ਹਾਂ ਸਮਿਆਂ ਦਾ ਉੱਕਾ ਹੀ ਜ਼ਿਕਰ ਨਹੀਂ ਕੀਤਾ ਜਦ ਉਸਦਾ ਗੁਰੂ ਨਾਨਕ ਨਾਲ ਮੇਲ ਹੋਇਆ। ਬਾਬਰ ਨੇ ਆਪਣੀ ਇਹ ਸਵੈ-ਜੀਵਨੀ ਲਗਾਤਾਰ ਨਹੀਂ ਲਿਖੀ। ਕਦੀ ਦੋ ਸਾਲ, ਕਦੀ ਛੇ ਮਹੀਨੇ ਤੇ ਕਦੀ ਡੇਢ ਸਾਲ ਦੇ ਪੰਜ ਖੱਪੇ ਪਏ ਹੋਏ ਹਨ। ਇਨ੍ਹਾਂ ਸਮਿਆਂ ਵਿਚ ਬਾਬਰ ਨੇ ਕੀ ਕੀਤਾ ਅਤੇ ਕਿਸ ਨੂੰ ਮਿਲਿਆ, ਇਸ ਬਾਰੇ ਕੁਝ ਨਹੀਂ ਲਿਖਿਆ। ਜਿਸ ਕਾਲ ਵਿਚ ਸਿਖ ਇਤਿਹਾਸ ਅਨੁਸਾਰ ਬਾਬਰ ਦਾ ਗੁਰੂ ਨਾਨਕ ਨਾਲ ਮੇਲ ਹੋਇਆ, ਉਸ ਸਮੇਂ ਦੇ ਹਾਲਾਤ ਵੀ ਬਾਬਰ-ਨਾਮੇ ਵਿਚੋਂ ਅਲੋਪ ਹਨ। ਇਸ ਲਈ ਬਾਬਰ-ਨਾਮੇ ਵਿਚ ਗੁਰੂ ਨਾਨਕ ਦਾ ਨਾਮ ਨਹੀਂ ਮਿਲਦਾ।”
Bani Footnote ਡਾ. ਤ੍ਰਿਲੋਚਨ ਸਿੰਘ, ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ, ਪੰਨਾ ੩੨੭


ਸਾਰਾਂਸ਼ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ‘ਬਾਬਰਨਾਮੇ’ ਵਿਚ ਇਸ ਮੁਲਾਕਾਤ ਦਾ ਜ਼ਿਕਰ ਨਾ ਹੋਣਾ ਇਸ ਗੱਲ ਦਾ ਪੁਖਤਾ ਸਬੂਤ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਤੇ ਬਾਬਰ ਦੀ ਮੁਲਾਕਾਤ ਨਹੀਂ ਹੋਈ। ਨਾ ਹੀ ਇਸ ਅਧਾਰ ’ਤੇ ਸਿਖ ਸਰੋਤਾਂ ਦੀ ਗਵਾਹੀ ਨੂੰ ਹੀ ਝੁਠਲਾਇਆ ਜਾ ਸਕਦਾ ਹੈ। ਹਰਿੰਦਰ ਸਿੰਘ ਮਹਿਬੂਬ ਦਾ ਵੀ ਵਿਚਾਰ ਹੈ ਕਿ, “ਕਈ ਵਾਰੀ ਲਿਖਤੀ ਤੱਥਾਂ ਨਾਲੋਂ ਅਣਲਿਖਤੀ ਤੱਥ ਵਧੇਰੇ ਖਰੇ ਹੁੰਦੇ ਹਨ। ਇਤਿਹਾਸਕ ਤਾਰੀਖਾਂ ਤੋਂ ਬਿਨਾਂ ਸਾਮੂਹਿਕ ਚੇਤਨਾ ਦੇ ਤਖ਼ਲੀਕੀ ਪਹਿਲੂ, ਇਤਿਹਾਸ ਦੇ ਸਮੁੱਚੇ ਵਹਿਣ ਦੀ ਦਲੀਲ, ਵਿਸ਼ੇਸ਼ ਧਰਮ ਦਾ ਪ੍ਰਮੁੱਖ ਤਰਕ, ਮਨੁਖੀ ਸੁਭਾ ਦੇ ਸਦੀਵੀ ਤੱਤ ਅਤੇ ਜੀਵਨ ਦੀ ਸਰਬ ਵਿਆਪਕਤਾ ਦਾ ਵਿਸ਼ੇਸ਼ ਦਾਰਸ਼ਨਿਕ ਅਨੁਭਵ-ਇਹ ਪੰਜ ਪਖ ਇਤਿਹਾਸਕ ਅਸਲੀਅਤ ਨੂੰ ਸਹੀ ਢੰਗ ਨਾਲ ਪੇਸ਼ ਕਰਨ ਵਿਚ ਸਹਾਇਕ ਹੁੰਦੇ ਹਨ।”
Bani Footnote ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿਓ ਖਾਲਸਾ, ਪੰਨਾ ੨੨


ਸ਼ਬਦ ੩
ਇਸ ਸ਼ਬਦ ਦੇ ਉਚਾਰਣ ਸਮੇਂ ਤੇ ਸਥਾਨ ਸੰਬੰਧੀ ਸਿਖ ਸਰੋਤ ਇਕ ਮਤ ਨਹੀਂ ਹਨ। ਪੁਰਾਤਨ ਜਨਮਸਾਖੀ ਵਿਚ ਇਸ ਸ਼ਬਦ ਦਾ ਉਚਾਰਣ ਸਥਾਨ ‘ਸੈਦਪੁਰ’
Bani Footnote ਇਹ ਪੱਛਮੀ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਵਿਚ ਪੈਂਦੇ ਇਕ ਨਗਰ ਐਮਨਾਬਾਦ ਦਾ ਪੁਰਾਣਾ ਨਾਮ ਹੈ। ਇਸ ਨਗਰ ਨੂੰ ਸਿਆਲਕੋਟ ਦੇ ਰਾਜਾ ਸਲਵਾਨ (੭੮ ਈ. ਲਗਭਗ) ਨੇ ਵਸਾਇਆ ਸੀ। ਜਨਮਸਾਖੀ ਸਾਹਿਤ ਵਿਚ ਇਸ ਦੇ ਕਈ ਨਾਮ ਮਿਲਦੇ ਹਨ। ਪੁਰਾਤਨ ਜਨਮਸਾਖੀ, ਮਿਹਰਬਾਨ ਵਾਲੀ ਜਨਮਸਾਖੀ ਅਤੇ ਆਦਿ ਸਾਖੀਆਂ ਵਿਚ ਇਸ ਨੂੰ ਸੈਦਪੁਰ ਸਲੋਈ, ਸੈਦਪੁਰ ਸਲੋਏ ਅਤੇ ਸੈਦਪੁਰ ਸੰਡਿਆਲੀ ਆਦਿ ਲਿਖਿਆ ਹੈ, ਜਦਕਿ ਗਿਆਨ ਰਤਨਾਵਲੀ ਐਮਨਾਬਾਦ/ਏਮਨਾਬਾਦ ਲਿਖਦੀ ਹੈ। ਜਨਮਸਾਖੀ ਭਾਈ ਬਾਲਾ ਵਿਚ ਸੈਦਪੁਰ ਤੇ ਏਮਨਾਬਾਦ ਦੋਵੇਂ ਨਾਂ ਹਨ ਅਤੇ ਇਸ ਨੂੰ ਲਾਲੋ ਦਾ ਪਰਗਨਾ ਕਿਹਾ ਗਿਆ ਹੈ। ਸ਼ੇਰ ਸ਼ਾਹ ਸੂਰੀ (੧੪੭੨-੧੫੪੫ ਈ.) ਨੇ ਇਸ ਨੂੰ ਤਬਾਹ ਕੀਤਾ। ਇਸ ਥਾਂ ਬਣੇ ਨਗਰ ਦਾ ਨਾਂ ਸ਼ੇਰਗੜ੍ਹ ਰੱਖਿਆ ਗਿਆ। ਫਿਰ ਅਕਬਰ (੧੫੪੨-੧੬੦੫ ਈ.) ਦੇ ਇਕ ਅਹਿਲਕਾਰ ਮੁਹੰਮਦ ਅਮੀਨ ਨੇ ਇਸ ਦਾ ਨਾਮ ਬਦਲ ਕੇ ਅਮੀਨਾਬਾਦ (ਐਮਨਾਬਾਦ ਜਾਂ ਏਮਨਾਬਾਦ) ਰਖ ਦਿੱਤਾ। ੧੭੬੦ ਈ. ਦੇ ਨੇੜੇ-ਤੇੜੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ (ਮੌਤ ੧੭੭੦ ਈ.) ਨੇ ਇਸ ਨੂੰ ਆਪਣੇ ਅਧੀਨ ਕੀਤਾ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼ (ਭਾਗ ਦੂਜਾ), ਪੰਨਾ ੧੭੪
ਦੱਸਿਆ ਗਿਆ ਹੈ। ‘ਸੈਦਪੁਰ ਦੀ ਬੰਦ’ ਨਾਮੀ ਸਾਖੀ ਵਿਚ ਉਲੇਖ ਹੈ ਕਿ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਜਦੋਂ ਮੁਗਲ ਬਾਦਸ਼ਾਹ ਬਾਬਰ
Bani Footnote ਬਾਬਰ ਦਾ ਜਨਮ ੧੪ ਫਰਵਰੀ ੧੪੮੩ ਈ. ਨੂੰ ਮਧ-ਏਸ਼ੀਆ ਦੇ ਫਰਗਨਾ ਰਾਜ ਵਿਚ ਹੋਇਆ। ਇਸ ਦੀ ਮਾਤਾ ਦਾ ਨਾਂ ਕੁਤਲਗ-ਨਿਗਾਰ ਖਾਨਮ ਅਤੇ ਪਿਤਾ ਦਾ ਨਾਂ ਮਿਰਜਾ ਉਮਰ ਸ਼ੇਖ ਸੀ। ਦਾਦਕਿਆਂ ਵਲੋਂ ਇਹ ਤੈਮੂਰ ਬਾਦਸ਼ਾਹ ਦੀ ਪੰਜਵੀਂ ਪੀੜ੍ਹੀ ਅਤੇ ਨਾਨਕਿਆਂ ਵਲੋਂ ਚੰਗੇਜ਼ ਖਾਂ ਦੇ ਚੌਧਵੇਂ ਵੰਸ਼ਜ ਨਾਲ ਸੰਬੰਧਤ ਸੀ। -ਆਰ.ਸੀ. ਮਜੂਮਦਾਰ, ਐਚ.ਸੀ. ਰਾਏਚੌਧਰੀ, ਕੇ.ਕੇ. ਦੱਤ, ਭਾਰਤ ਦਾ ਬ੍ਰਿਹਤ ਇਤਿਹਾਸ (ਮੱਧ-ਕਾਲੀਨ ਭਾਰਤ), ਪ੍ਰਿੰ. ਸਤਿਬੀਰ ਸਿੰਘ (ਅਨੁ.), ਪੰਨਾ ੧੪੬-੧੪੭; ਇਸ ਨੂੰ ਜਨਮ ਸਾਖੀਆਂ ਵਿਚ ਆਮ ਕਰਕੇ ‘ਮੀਰ ਬਾਬਰ’ ਹੀ ਲਿਖਿਆ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਵੀ ਬਾਬਰ ਲਈ ਮੀਰ’ ਸ਼ਬਦ ਵਰਤਿਆ ਹੈ: ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ -ਗੁਰੂ ਗ੍ਰੰਥ ਸਾਹਿਬ ੪੧੭
(੧੪੮੩-੧੫੩੦ ਈ.) ਦੀ ਤਿੰਨ ਦਿਨ ਕੈਦ ਕੱਟ ਕੇ ਸੈਦਪੁਰ ਵਾਪਸ ਆਏ, ਤਾਂ ਉਨ੍ਹਾਂ ਨੇ ਬਾਬਰ ਦੇ ਹਮਲੇ ਕਾਰਨ ਹੋਈ ਤਬਾਹੀ ਨੂੰ ਤੱਕਿਆ। ਇਸ ਤਬਾਹੀ ਦੇ ਕਰੁਣਾਮਈ ਦ੍ਰਿਸ਼ਾਂ ਨੂੰ ਦੇਖ ਕੇ ਉਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਸਵਾਲ ਕੀਤਾ ਕਿ ਇਹ ਕੀ ਵਾਪਰਿਆ? ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਪਾਤਸ਼ਾਹ! ਜੋ ਤੈਨੂੰ ਭਾਉਂਦਾ ਹੈ ਉਹੋ ਭਾਣਾ ਵਾਪਰਿਆ ਹੈ। ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਰਾਗੁ ਆਸਾ ਵਿਚ ਸਬਦ ਉਚਾਰਿਆ ਮ: ੧॥ ਕਹਾ ਸੋ ਖੇਲ ਤਬੇਲਾ ਘੋੜੇ... ਨਾਨਕ ਲਿਖਿਆ ਪਾਈਐ॥੭॥੧੨॥
Bani Footnote ਸੈਦੋਂ ਜੱਟ, ਸਾਖੀ ਬਾਬੇ ਨਾਨਕ ਜੀ ਕੀ (ਪੁਰਾਤਨ ਜਨਮਸਾਖੀ), ਸ.ਸ. ਪਦਮ (ਸੰਪਾ.), ਪੰਨਾ ੧੬੩-੧੬੪


‘ਮਿਹਰਬਾਨ ਵਾਲੀ ਜਨਮਸਾਖੀ’ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦੇ ਪਹਿਲੇ ਪੰਜ ਪਦੇ ਸੈਦਪੁਰ ਦੀ ਤਬਾਹੀ ਅਤੇ ਅਗਲੇ ਦੋ ਪਦੇ ‘ਟਿੱਲਾ ਬਾਲ ਗੁੰਦਾਈ’
Bani Footnote ਇਹ ਸਥਾਨ ਬਾਲ ਨਾਥ ਜੋਗੀ ਦੇ ਨਾਮ ਨਾਲ ਮਸ਼ਹੂਰ ਹੈ। ਇਥੋਂ ਬਾਰੇ ਰਵਾਇਤ ਹੈ ਕਿ ਬਾਲ ਨਾਥ ਦਾ ਜਤ ਪਰਖਣ ਲਈ ਇਕ ਜਵਾਨ ਔਰਤ ਨੇ ਇਸ ਦੇ ਕੇਸਾਂ ਦਾ ਜੂੜਾ ਕੀਤਾ ਜਿਸ ਤੋਂ ਇਹ ਥਾਂ ਬਾਲ ਗੁੰਦਾਈਂ (ਵਾਲਾਂ ਨੂੰ ਗੁੰਦਣਾਂ, ਭਾਵ ਜੂੜਾ ਕਰਨਾ) ਕਰਕੇ ਪ੍ਰਸਿਧ ਹੋ ਗਿਆ। ਭਾਈ ਬਾਲੇ ਵਾਲੀ ਜਨਮਸਾਖੀ (ਸਾਖੀ ਨੰ. ੫੬) ਮੁਤਾਬਕ ਗੁਰੂ ਨਾਨਕ ਸਾਹਿਬ ਇਥੇ ਬਾਲ ਨਾਥ ਨੂੰ ਮਿਲੇ। -ਗੁਰੂ ਨਾਨਕ ਦੇਵ ਜੀ ਦੀਆਂ ਜਨਮਸਾਖੀਆਂ ਵਿਚਲੇ ਇਤਿਹਾਸਿਕ ਅਤੇ ਮਿਥਿਹਾਸਿਕ ਸੰਕੇਤਾਂ ਦਾ ਕੋਸ਼, ਗੁਰਮੇਲ ਸਿੰਘ (ਸੰਪਾ.), ਪੰਨਾ ੧੬੯-੧੭੦.
(ਜ਼ਿਲ੍ਹਾ ਜੇਹਲਮ, ਪਾਕਿਸਤਾਨ) ਵਿਖੇ ਜੋਗੀਆਂ ਦੇ ਸਥਾਨ ਦੀ ਬਾਬਰ ਵਲੋਂ ਕੀਤੀ ਤਬਾਹੀ ਦੇਖ ਕੇ ਉਚਾਰੇ। ਸਾਖੀਕਾਰ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਸੈਦਪੁਰ ਤੋਂ ‘ਟਿਲੇ ਬਾਲ ਗੁੰਦਾਈ’ ਚਲੇ ਗਏ। ਇਥੇ ਰਹਿਣ ਵਾਲੇ ਜੋਗੀਆਂ ਨੇ ਕਿਹਾ ਕਿ ਨਾਨਕ ਤੂੰ ਗੱਲੀਂ-ਬਾਤੀਂ ਬਹੁਤ ਪਹੁੰਚਿਆ ਹੋਇਆ ਹੈਂ। ਪਰ ਗੱਲਾਂ-ਬਾਤਾਂ ਨੂੰ ਅਸੀਂ ਨਹੀਂ ਮੰਨਦੇ। ਜੇਕਰ ਤੂੰ ਕੋਈ ਕਰਾਮਾਤ ਦਿਖਾਵੇਂ, ਅਸੀਂ ਤਾਂ ਮੰਨਾਂਗੇ। ਗੁਰੂ ਸਾਹਿਬ ਨੇ ਕਿਹਾ ਕਿ ਮੈਂ ਗ੍ਰਿਹਸਤੀ ਜੀਵ ਹਾਂ। ਤੁਸੀਂ ਸੌ-ਸੌ ਸਾਲ ਦੇ ਜੋਗ ਵਿਚ ਆਏ ਜਤੀ ਪੁਰਖ ਹੋ। ਤੁਸੀਂ ਦਿਖਾਉ ਕੋਈ ਕਰਾਮਾਤ, ਮੈਂ ਕੀ ਦਿਖਾਵਾਂ? ਫਿਰ ਜੋਗੀਆਂ ਨੇ ਕਿਹਾ ਨਾਨਕ! ਤੂੰ ਤਕੜਾ ਹੋਵੇਂ ਤਾਂ ਅਸੀਂ ਤੇਰੇ ਤਾਈਂ ਕਰਾਮਾਤ ਦਿਖਾਈਏ। ਗੁਰੂ ਸਾਹਿਬ ਨੇ ਕਿਹਾ ਕਿ ਮੈਨੂੰ ਗਰੀਬ ਨੂੰ ਕਿਉਂ ਦਿਖਾਉਂਦੇ ਹੋ, ਮੈਂ ਤੁਹਾਡੇ ਬਰਾਬਰ ਦਾ ਨਹੀਂ। ਕੱਲ੍ਹ-ਪਰਸੋਂ ਇਥੇ ਮੀਰ ਬਾਬਰ ਆਏਗਾ। ਉਸ ਨੂੰ ਦਿਖਾਇਓ। ਗੁਰੂ ਸਾਹਿਬ ਇਹ ਆਖ ਕੇ ਤੁਰ ਪਏ। ਬਾਅਦ ਵਿਚ ਬਾਬਰ ਜੋਗੀਆਂ ਦੇ ਸਥਾਨ ’ਤੇ ਆ ਪਿਆ। ਜੋਗੀਆਂ ਨੂੰ ਮਾਰਨ ਲੱਗਾ। ਫੜ-ਫੜ ਜੋਗੀਆਂ ਦੇ ਕੰਨ ਕੱਟ ਦਿੱਤੇ। ਆਸਣ ਲੁੱਟ ਲਏ। ਜੋਗੀ ਜੇ ਕੋਈ ਚੱਕਰ ਚਲਾਉਂਦੇ ਸੀ ਤਾਂ ਉਨ੍ਹਾਂ ਨੂੰ ਮਾਰ ਕੇ ਦੂਰ ਭਜਾ ਦਿੱਤਾ ਜਾਂਦਾ। ਨਾ ਕਿਸੇ ਮੁਗ਼ਲ ਦਾ ਘੋੜਾ ਮਰਿਆ, ਨਾ ਕੋਈ ਮੁਗ਼ਲ ਅੰਨ੍ਹਾਂ ਹੋਇਆ, ਨਾ ਕਿਸੇ ’ਤੇ ਕਿਸੇ ਕਰਾਮਾਤ ਨੇ ਕੋਈ ਅਸਰ ਕੀਤਾ। ਜੋ ਪੀਰ, ਜੋਗੀ ਕਹਾਉਂਦੇ ਸਨ, ਉਨ੍ਹਾਂ ਤੋਂ ਕੁਝ ਵੀ ਨਾ ਹੋ ਸਕਿਆ।
Bani Footnote ਮਿਹਰਬਾਨ ਜੀ ਸੋਢੀ, ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ (ਸੰਪਾ.), ਪੰਨਾ ੪੬੯


‘ਜਨਮਸਾਖੀ ਭਾਈ ਬਾਲਾ’ ਅਨੁਸਾਰ ਗੁਰੂ ਸਾਹਿਬ ਨੇ ਇਹ ਸ਼ਬਦ ਦਿੱਲੀ ਸਲਤਨਤ ਦੇ ਸੁਲਤਾਨ ਇਬਰਾਹੀਮ ਖਾਂ ਲੋਧੀ (ਰਾਜ ੧੫੧੭-੧੫੨੬ ਈ.) ਦੀ ਕੈਦ ਵਿਚ ਉਚਾਰਿਆ। ਇਸ ਜਨਮਸਾਖੀ ਅਨੁਸਾਰ ਕਿਸੇ ਖੱਤਰੀ ਨੇ ਇਬਰਾਹੀਮ ਖਾਂ ਲੋਧੀ ਕੋਲ ਚੁਗਲੀ ਕੀਤੀ ਕਿ ਨਾਨਕ ਖੱਤਰੀ ਇਕ ਹਿੰਦੂ ਫਕੀਰ ਹੈ। ਉਹ ਨਾ ਬੇਦ ਨੂੰ ਮੰਨਦਾ ਹੈ, ਨਾ ਕਤੇਬ ਨੂੰ। ਉਸ ਤੋਂ ਪੁੱਛ-ਗਿੱਛ ਕੀਤੀ ਜਾਵੇ। ਇਬਰਾਹੀਮ ਖਾਂ ਲੋਧੀ ਦੇ ਹੁਕਮ ਨਾਲ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਜੀ ਨੂੰ ਕੈਦ ਕਰ ਲਿਆ ਗਿਆ ਅਤੇ ਚੱਕੀਆਂ ਨਾਲ ਆਟਾ ਪੀਹਣ ਦੀ ਸਜਾ ਦਿੱਤੀ ਗਈ। ਇਥੇ ਸਾਖੀਕਾਰ ਨੇ ਗੁਰੂ ਸਾਹਿਬ ਵਾਲੀ ਚੱਕੀ ਦੇ ਆਪਣੇ-ਆਪ ਚੱਲਣ ਦੀ ਘਟਨਾ ਦਾ ਜ਼ਿਕਰ ਕੀਤਾ ਹੈ। ਇਸ ਨਾਲ ਬਾਦਸ਼ਾਹ ਨੂੰ ਗੁਰੂ ਸਾਹਿਬ ਦੇ ਕਾਮਲ ਫਕੀਰ ਹੋਣ ਦਾ ਪਤਾ ਲੱਗਾ ਅਤੇ ਉਸ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਸਾਖੀਕਾਰ ਅਨੁਸਾਰ ਇਥੇ ਹੀ ਗੁਰੂ ਸਾਹਿਬ ਨੇ ਇਸ ਸ਼ਬਦ ਦਾ ਉਚਾਰਣ ਕੀਤਾ।
Bani Footnote ਡਾ. ਗੁਰਬਚਨ ਕੌਰ, ਜਨਮ-ਸਾਖੀ ਭਾਈ ਬਾਲਾ ਦਾ ਪਾਠ-ਪ੍ਰਮਾਣੀਕਰਨ ਤੇ ਆਲੋਚਨਾਤਮਕ ਸੰਪਾਦਨ, ਪੰਨਾ ੪੦੭-੪੦੮


ਡਾ. ਤ੍ਰਿਲੋਚਨ ਸਿੰਘ ਨੇ ਇਸ ਸ਼ਬਦ ਦੇ ਉਚਾਰਣ ਪ੍ਰਸੰਗ ਨੂੰ ਇਨ੍ਹਾਂ ਜਨਮਸਾਖੀਆਂ ਵਿਚ ਦਰਸਾਏ ਪ੍ਰਸੰਗਾਂ ਨਾਲੋਂ ਨਿਵੇਕਲਾ ਦਰਸਾਇਆ ਹੈ। ਉਨ੍ਹਾਂ ਨੇ ਇਸ ਦਾ ਸੰਬੰਧ ਇਬਰਾਹੀਮ ਖਾਂ ਲੋਧੀ ਅਤੇ ਬਾਬਰ ਵਿਚਕਾਰ ਹੋਈ ਪਾਨੀਪਤ ਦੀ ਲੜਾਈ (੧੫੨੬ ਈ.) ਨਾਲ ਜੋੜਿਆ ਹੈ। ਇਸ ਸ਼ਬਦ ਦੇ ਵਖ-ਵਖ ਬੰਦਾਂ ਦੀ ਇਤਿਹਾਸਕ ਵਿਆਖਿਆ ਵੀ ਉਨ੍ਹਾਂ ਨੇ ਇਸ ਲੜਾਈ ਦੇ ਪ੍ਰਸੰਗ ਵਿਚ ਹੀ ਕੀਤੀ ਹੈ:
Bani Footnote ਡਾ. ਤ੍ਰਿਲੋਚਨ ਸਿੰਘ, ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ, ਪੰਨਾ ੩੩੫-੩੩੭


ਕਹਾ ਸੁ ਖੇਲ ਤਬੇਲਾ ਘੋੜੇ...ਹੋਈਆ ਛਾਈ ਮਾਈ ॥੨॥
ਇਨ੍ਹਾਂ ਬੰਦਾਂ ਦੀ ਵਿਆਖਿਆ ਕਰਦੇ ਹੋਏ ਡਾ. ਤ੍ਰਿਲੋਚਨ ਸਿੰਘ ਲਿਖਦੇ ਹਨ: ਜਾਪਦਾ ਹੈ ਜੰਗ ਤੋਂ ਬਾਅਦ ਗੁਰੂ ਨਾਨਕ ਸਾਹਿਬ ਮੈਦਾਨੇ ਜੰਗ ਦੇਖਣ ਗਏ। ਉਥੇ ਹਾਥੀ, ਘੋੜੇ, ਰੱਥ, ਹਥਿਆਰਾਂ, ਮਹਿਲ ਮਾੜੀਆਂ ਦੇ ਇਰਦ-ਗਿਰਦ ਦਿੱਲੀ ਤਕ ਸ਼ਹਿਰਾਂ ਦੀ ਤਬਾਹੀ ਦੇਖ ਕੇ ਗੁਰੂ ਸਾਹਿਬ ਨੇ ਕਰਤਾਰ ਦੀ ਕੁਦਰਤ ਤੇ ਹੰਕਾਰੀ ਹਕੂਮਤਾਂ ਦਾ ਹਸ਼ਰ ਇਨ੍ਹਾਂ ਸ਼ਬਦਾਂ ਵਿਚ ਪ੍ਰਗਟ ਕੀਤਾ: ਕਹਾ ਸੁ ਖੇਲ ਤਬੇਲਾ ਘੋੜੇ....ਖੁਸਿ ਲਏ ਚੰਗਿਆਈ ॥੩॥ ਨਾ ਉਹ ਤਬੇਲੇ ਰਹੇ ਨਾ ਘੋੜੇ, ਭੇਰੀਆਂ ਨਾ ਸ਼ਹਿਨਾਈਆਂ। ਨਾ ਮਹਿਲ ਨਾ ਮਾੜੀਆਂ। ਸਭ ਰੰਗ ਰਸ ਦੇ ਸਮਾਨ, ਐਸ਼ਵਰਜ ਦੇ ਆਲ ਜੰਜ਼ਾਲ, ਖੂਬਸੂਰਤ ਕਾਮਣੀਆਂ, ਰਖੇਲਾਂ ਦੇ ਹਰਮ ਛਾਈਂ ਮਾਈਂ ਹੋ ਗਏ। ਇਕ ਦਿਹਾੜੇ ਵਿਚ ਰਾਜ ਪਲਟਾ ਹੋ ਗਿਆ। ਪਠਾਣਾਂ ਦਾ ਰਾਜ ਖਾਕ ਵਿਚ ਮਿਲ ਗਿਆ। ਪਠਾਣਾਂ ਦੀ ਦੌਲਤ ਬਾਬਰ ਨੇ ਮੁਗਲਾਂ ਵਿਚ ਵੰਡ ਦਿੱਤੀ। ਇਸੇ ਹੀ ਇਤਿਹਾਸਕ ਘਟਨਾ ਬਾਰੇ ਗੁਰੂ ਸਾਹਿਬ ਲਿਖਦੇ ਹਨ: ਏਕ ਘੜੀ ਮਹਿ ਥਾਪ ਉਥਾਪੇ ਜਰੁ ਵੰਡਿ ਦੇਵੇ ਭਾਂਈ।
Bani Footnote ਡਾ. ਤ੍ਰਿਲੋਚਨ ਸਿੰਘ, ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ, ਪੰਨਾ ੩੩੭


ਕੋਟੀ ਹੂ ਪੀਰ ਵਰਜਿ ਰਹਾਏ… ਕਿਨੈ ਨ ਪਰਚਾ ਲਾਇਆ ॥੪॥
ਇਸ ਬੰਦ ਨੂੰ ਡਾ. ਤ੍ਰਿਲੋਚਨ ਸਿੰਘ ਨੇ ਇਬਰਾਹੀਮ ਖਾਂ ਲੋਧੀ ਵਲੋਂ ਬਾਬਰ ਦਾ ਮੁਕਾਬਲਾ ਕਰਨ ਲਈ ਕੀਤੇ ਗਏ ਕਰਾਮਾਤੀ ਉਪਾਵਾਂ ਨਾਲ ਜੋੜਿਆ ਹੈ। ਉਹ ਲਿਖਦੇ ਹਨ: ਜਦ ਬਾਦਸ਼ਾਹ ਇਬਰਾਹੀਮ ਲੋਧੀ ਦਿੱਲੀ ਤੋਂ ਪਾਨੀਪਤ ਦੀ ਲੜਾਈ ਲਈ ਰਵਾਨਾ ਹੋਇਆ ਤਾਂ ਜੋਤਸ਼ੀਆਂ, ਪੀਰਾਂ ਤੇ ਕਰਾਮਾਤੀ ਦਰਵੇਸ਼ਾਂ ਨੇ ਬਾਦਸ਼ਾਹ ਨੂੰ ਯਕੀਨ ਦਵਾਇਆ ਸੀ ਕਿ ਉਨ੍ਹਾਂ ਦੀ ਮੰਤਰ ਸ਼ਕਤੀ ਤੇ ਕਰਾਮਾਤਾਂ ਨਾਲ ਮੀਰ ਬਾਬਰ ਤੇ ਉਸ ਦੀਆਂ ਫੌਜਾਂ ਅੰਨ੍ਹੀਆਂ ਹੋ ਜਾਣਗੀਆਂ। ਪਰ ਨਾ ਇਨ੍ਹਾਂ ਜੋਤਸ਼ੀਆਂ ਦੀ ਪੇਸ਼ੀਨਗੋਈ ਠੀਕ ਹੋਈ। ਨਾ ਇਨ੍ਹਾਂ ਦੇ ਮੰਤਰ ਚੱਲੇ। ਨਾ ਮੁਗਲ ਅੰਨ੍ਹੇ ਹੋਏ।
Bani Footnote ਡਾ. ਤ੍ਰਿਲੋਚਨ ਸਿੰਘ, ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ, ਪੰਨਾ ੩੩੬


ਜੰਗ ਜਿੱਤਣ ਲਈ ਜੋਤਸ਼ੀਆਂ, ਪੀਰਾਂ-ਫਕੀਰਾਂ, ਕਰਾਮਾਤੀ ਦਰਵੇਸ਼ਾਂ ਆਦਿ ਤੋਂ ਕਈ ਤਰ੍ਹਾਂ ਦੇ ਕਰਮਕਾਂਡ ਕਰਾਉਣਾ ਰਾਜਿਆਂ ਦੇ ਰਾਜਨੀਤਕ ਜੀਵਨ ਦਾ ਅੰਗ ਰਿਹਾ ਹੈ। ਇਤਿਹਾਸ ਵਿਚੋਂ ਇਸ ਤਰ੍ਹਾਂ ਦੀਆਂ ਬਹੁਤ ਉਦਾਹਰਣਾਂ ਮਿਲਦੀਆਂ ਹਨ। ਇਕ ਉਦਾਹਰਣ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੀ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮੁਗਲਾਂ ਖਿਲਾਫ਼ ਲੜ ਰਹੇ ਸਨ ਤਾਂ ਉਨ੍ਹਾਂ ਦੇ ਪਏ ਜਾਦੂ ਦੇ ਡਰ ਕਾਰਨ ਸ਼ਾਹੀ ਫੌਜ ਨਾਲ ਪੀਰ-ਫ਼ਕੀਰ ਵੀ ਰਖਣੇ ਜਰੂਰੀ ਸਮਝੇ ਜਾਣ ਲੱਗੇ। ਉਹ ਹਰ ਵੇਲੇ ਨਾ ਕੇਵਲ ਬਾਦਸ਼ਾਹ ਦੀ ਜਿੱਤ ਲਈ ਸਗੋਂ ਆਪਣੀ ਹਿਫ਼ਾਜਤ ਲਈ ਵੀ ਕਲਮਾ ਪੜ੍ਹਦੇ ਰਹਿੰਦੇ ਸਨ। ਉਹ ਕਈ ਵਾਰ ਫ਼ੌਜ ਦੇ ਅੱਗੇ ਵੀ ਲਾ ਦਿੱਤੇ ਜਾਂਦੇ ਅਤੇ ਸਿੰਘਾਂ ਦੇ ਡਰ ਦੇ ਮਾਰੇ ਉਹ ਫਿਰ ਹੋਰ ਵੀ ਉੱਚੀ-ਉੱਚੀ ਕਲਮੇ ਪੜ੍ਹਦੇ ਜਾਂਦੇ।
Bani Footnote ਮੋਹਨ ਸਿੰਘ ਭੰਗੂ, ਸਿੰਘ ਸੂਰਮਾ ਬੰਦਾ ਸਿੰਘ ਬਹਾਦਰ, ਪੰਨਾ ੪੬੩


ਉਪਰੋਕਤ ਤਥ ਦਾ ਪ੍ਰਗਟਾਵਾ ਰਤਨ ਸਿੰਘ ਭੰਗੂ ਦੇ ਇਸ ਦੋਹਰੇ ਤੇ ਚੌਪਈ ਤੋਂ ਵੀ ਹੋ ਜਾਂਦਾ ਹੈ:
ਦੋਹਰਾ॥ ਜਾਨ ਪਿਆਰੀ ਸੱਭ ਤੇ, ਜਾਨੇ ਨਾਲ ਜਹਾਨ।
ਅੱਗੇ ਬੰਦੋ ਜਮ ਦਿਸੈ, ਪਿੱਛੈ ਮਾਰੇ ਸ਼ਾਹੁ ਜਾਨਿ॥੩॥
ਚੌਪਈ॥ ਤਬ ਨਿਬਾਬ ਯੌਂ ਕਰੀ ਸਲਾਹਿ। ਮੁਹਰੈ ਮੁਲਾਣੇ ਤੋਰੇ ਲਾਇ।
ਕਲਾਮ ਮਜੀਦ ਵੌ ਪੜ੍ਹਤੇ ਜਾਹਿਂ। ਡਾਰ ਕੂੰਜਨ ਜਿਮ ਪਾਂਤ ਬਣਾਹਿ॥੪॥
ਉਨ ਕੈ ਅੱਗੈ ਕਰੇ ਫ਼ਕੀਰ। ਓਇ ਭੀ ਕਰੈਂ ਸੁ ਅਪਨ ਤਦਬੀਰ।...
ਪੜ੍ਹ ਪੜ੍ਹ ਸੈਫੀਆਂ ਫੂਕਾਂ ਮਾਰੇ। ਰਹੈਂ ਪਹਿਰ ਅਠ ਨਿਬਾਬ ਦੁਵਾਰੇ॥੬॥
Bani Footnote ਡਾ. ਜੀਤ ਸਿੰਘ ਸੀਤਲ (ਸੰਪਾ.), ਸ੍ਰੀ ਗੁਰ ਪੰਥ ਪ੍ਰਕਾਸ ਕ੍ਰਿਤ ਭਾਈ ਰਤਨ ਸਿੰਘ ਭੰਗੂ ਸ਼ਹੀਦ, ਪੰਨਾ ੨੦੧


ਮੁਗਲ ਪਠਾਣਾ ਭਈ ਲੜਾਈ… ਤਿਨਾ੍ ਮਰਣਾ ਭਾਈ ॥੫॥
ਅੰਗਰੇਜ ਇਤਿਹਾਸਕਾਰ ਵੁਲਸਲੇ ਹੇਗ, ਐਲ. ਐਫ. ਰਸ਼ਬਰੁਕ ਵਿਲੀਅਮਜ਼ ਅਤੇ ਭਾਰਤੀ ਇਤਿਹਾਸਕਾਰ ਜਾਦੂਨਾਥ ਸਰਕਾਰ ਦੇ ਹਵਾਲੇ ਨਾਲ ਇਸ ਬੰਦ ਸੰਬੰਧੀ ਡਾ. ਤ੍ਰਿਲੋਚਨ ਸਿੰਘ ਲਿਖਦੇ ਹਨ: ਲਾਹੌਰੋਂ ਬਾਬਰ ਪਾਨੀਪਤ ਵਲ ਵਧਿਆ। ਰਸਤੇ ਵਿਚ ਅਫਗਾਨ ਲੋਧੀਆਂ ਦੀਆਂ ਫੌਜਾਂ ਨੂੰ ਦੋ ਥਾਂ ਸ਼ਿਕਸ਼ਤ ਦਿੱਤੀ। ਦਿੱਲੀ ਵਲੋਂ ਇਬਰਾਹੀਮ ਲੋਧੀ ਹਰ ਦੋ ਤਿੰਨ ਮੀਲ ’ਤੇ ਇਕ ਦੋ ਦਿਨ ਠਹਿਰਦਾ ਹੋਇਆ ਪਾਨੀਪਤ ਦੇ ਨਜ਼ਦੀਕ ਪਹੁੰਚਾ। ਉਸ ਦੀ ਫ਼ੌਜ ਇਕ ਪੂਰੇ ਦਾ ਪੂਰਾ ਹਿਲਦਾ ਜੁਲਦਾ ਸ਼ਹਿਰ ਸੀ। ਵੁਲਸਲੇ ਹੇਗ ਦੇ ਕਥਨ ਅਨੁਸਾਰ ‘ਬਾਬਰ ਦੀ ਫ਼ੌਜ ਵਿਚ ੨੫੦੦੦ ਸਿਪਾਹੀ ਸਨ। ਇਬਰਾਹੀਮ ਲੋਧੀ ਦੀ ਫ਼ੌਜ ਵਿਚ ਕਰੀਬਨ ਇਕ ਹਜ਼ਾਰ ਜੰਗੀ ਹਾਥੀ ਸਨ। ਬਾਬਰ ਪਾਸ ਕੋਈ ਜੰਗੀ ਹਾਥੀ ਨਹੀਂ ਸੀ। ਬਾਬਰ ਨੇ ਤੋਪਾਂ ਵਰਤੀਆਂ।’ ਜਾਦੂਨਾਥ ਸਰਕਾਰ ਦੇ ਕਥਨ ਅਨੁਸਾਰ ‘ਇਹ ਤੋਪਾਂ ਬੈਲ ਗੱਡੀਆਂ ਉਤੇ ਬੀੜੀਆਂ ਹੋਈਆਂ ਸਨ। ਅਫਗਾਨ ਅਮੀਰ ਵਜ਼ੀਰ ਹਾਥੀਆਂ ਦੇ ਹੌਦਿਆਂ ਉੱਤੇ ਬੈਠੇ ਤੀਰ ਚਲਾਉਂਦੇ ਸਨ ਤੇ ਬਾਬਰ ਨੇ ਅਫਗਾਨਾਂ ਨੂੰ ਘੇਰ ਕੇ ਚਾਰ ਚੁਫੇਰਿਓ ਤੋਪਾਂ ਦੀ ਮਾਰ ਸ਼ੁਰੂ ਕਰ ਦਿੱਤੀ।’ ਇਹ ਲੜਾਈ ਫੈਸਲਾਕੁਨ ਲੜਾਈ ਸੀ। ਜਾਪਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਲੜਾਈ ਜਾਂ ਅੱਖੀਂ ਡਿੱਠੀ ਜਾਂ ਇਸ ਦੇ ਯਥਾਰਥ ਹਾਲਾਤ ਪ੍ਰਾਪਤ ਕਰ ਕੇ ਪਾਨੀਪਤ ਦੇ ਇਸ ਜੰਗ ਬਾਰੇ ਇਹ ਹਾਲ ਲਿਖੇ।...ਗੁਰੂ ਨਾਨਕ ਸਪਸ਼ਟ ਦੱਸਦੇ ਹਨ ਕਿ ਪਠਾਣ ਹਾਥੀਆਂ ਉਪਰੋਂ ਤੀਰ ਚਲਾਉਂਦੇ ਰਹੇ, ਪਰ ਮੁਗਲਾਂ ਨੇ ਤੋਪਾਂ ਦੀ ਮਾਰ ਨਾਲ ਜੰਗ ਫਤਹ ਕਰ ਲਿਆ। ਇਸ ਗੱਲ ਦੀ ਪੁਸ਼ਟੀ ਪ੍ਰਸਿਧ ਇਤਿਹਾਸਕਾਰ ਰਸ਼ਬਰੁਕ ਵਿਲੀਅਮਜ਼ ਕਰਦਾ ਹੈ। ਉਹ ਲਿਖਦਾ ਹੈ: ‘ਬਾਬਰ ਪਾਸ ਤੋਪਾਂ ਦਾ ਹੋਣਾ ਹੀ ਉਸ ਦੀ ਜਿੱਤ ਦਾ ਇਕੋ ਇਕ ਕਾਰਨ ਸੀ।’
Bani Footnote ਡਾ. ਤ੍ਰਿਲੋਚਨ ਸਿੰਘ, ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ, ਪੰਨਾ ੩੩੫


ਇਸ ਲੜਾਈ ਦੀ ਚਰਚਾ ਬਾਬਰ ਦੀ ਪੁੱਤਰੀ ਗੁਲਬਦਨ ਬੇਗਮ ਨੇ ਵੀ ਆਪਣੀ ਰਚਨਾ ‘ਹਮਾਯੂੰਨਾਮਾ’ ਵਿਚ ਕੀਤੀ ਹੈ। ਉਹ ਲਿਖਦੀ ਹੈ: ੧੫੧੯ ਈ. (੯੨੫ ਹਿ.) ਤੋਂ ਸੱਤ ਅਠ ਸਾਲ ਤਕ ਕਈ ਵਾਰੀ ਬਾਬਰ ਦੀ ਸੈਨਾ ਹਿੰਦੋਸਤਾਨ ਵਲ ਭੇਜੀ ਗਈ ਸੀ ਅਤੇ ਹਰ ਵਾਰ ਦੇਸ ਅਤੇ ਪਰਗਨਿਆਂ ਉਪਰ ਅਧਿਕਾਰ ਕੀਤਾ ਗਿਆ, ਜਿਵੇਂ ਭੀਰ, ਬਜੌਰ, ਸਿਆਲਕੋਟ, ਦੀਪਾਲਪੁਰ, ਲਾਹੌਰ ਆਦਿ। ਇਥੋਂ ਤਕ ਕਿ ੧ ਸਫ਼ਰ ੯੩੨ ਹਿ. ਸ਼ੁੱਕਰਵਾਰ ਨੂੰ ਉਹ ਡੀਹੇ-ਯਾਕੂਬ ਦੇ ਪਹਾੜ ਤੋਂ ਕੂਚ ਕਰਕੇ ਹਿੰਦੋਸਤਾਨ ਵੱਲ ਚੱਲੇ ਅਤੇ ਉਨ੍ਹਾਂ ਨੇ ਲਾਹੌਰ, ਸਰਹਿੰਦ ਅਤੇ ਹਰ ਇਕ ਪ੍ਰਾਂਤ ਜਿਹੜਾ ਰਸਤੇ ਵਿਚ ਆਇਆ ਜਿੱਤ ਲਿਆ। ੨੦ ਅਪ੍ਰੈਲ ੧੫੨੬ ਈ. (੮ ਰਜਬ ੯੩੨ ਹਿ. ਸ਼ੁਕਰਵਾਰ) ਨੂੰ ਬਾਬਰ ਸੁਲਤਾਨ ਸਿਕੰਦਰ ਲੋਧੀ ਦੇ ਪੁੱਤਰ ਅਤੇ ਬਹਿਲੋਲ ਲੋਧੀ ਦੇ ਪੋਤਰੇ ਸੁਲਤਾਨ ਇਬਰਾਹੀਮ ਨੂੰ ਪਰਮਾਤਮਾ ਦੀ ਕਿਰਪਾ ਨਾਲ ਜਿੱਤਿਆ। ਇਸ ਯੁਧ ਵਿਚ ਸੁਲਤਾਨ ਇਬਰਾਹੀਮ ਮਾਰਿਆ ਗਿਆ ਅਤੇ ਇਹ ਜਿੱਤ ਕੇਵਲ ਪਰਮਾਤਮਾ ਦੀ ਕਿਰਪਾ ਨਾਲ ਹੋਈ ਕਿਉਂਕਿ ਸੁਲਤਾਨ ਇਬਰਾਹੀਮ ਦੇ ਕੋਲ ਇਕ ਲਖ ਅੱਸੀ ਹਜ਼ਾਰ ਸਵਾਰ ਅਤੇ ਡੇਢ ਹਜ਼ਾਰ ਮਸਤ ਹਾਥੀ ਸੀ। ਬਾਦਸ਼ਾਹੀ ਸੈਨਾ ਵਪਾਰੀ, ਭਲੇ ਅਤੇ ਬੁਰਿਆਂ ਸਮੇਤ ਬਾਰਾਂ ਹਜ਼ਾਰ (ਸਹਸ੍ਰ) ਸੀ ਅਤੇ ਕੰਮ ਦੇ ਯੋਗ (ਲੜਾਕੂ) ਕੇਵਲ ਛੇ ਸਤ ਹਜ਼ਾਰ ਸੈਨਿਕ ਹੀ ਸਨ।
Bani Footnote ਬ੍ਰਜਰਤਨਦਾਸ (ਅਨੁ.), ਗੁਲਬਦਨ ਬੇਗਮ ਕਾ ਹਮਾਯੂੰਨਾਮਾ, ਪੰਨਾ ੬


ਇਕ ਹਿੰਦਵਾਣੀ ਅਵਰ ਤੁਰਕਾਣੀ… ਤਿਨ੍ ਕਿਉ ਰੈਣਿ ਵਿਹਾਣੀ ॥੬॥
ਇਸ ਬੰਦ ਦੀ ਇਤਿਹਾਸਕ ਵਿਆਖਿਆ ਕਰਦਿਆਂ ਡਾ. ਤ੍ਰਿਲੋਚਨ ਸਿੰਘ ਲਿਖਦੇ ਹਨ: ਇਹ ਭਿਅੰਕਰ ਦ੍ਰਿਸ਼ ਗੁਰੂ ਸਾਹਿਬ ਨੇ ਇੰਨੇ ਹਿਰਦੇ-ਵੇਧਕ ਤੇ ਯਥਾਰਥ ਸ਼ਬਦਾਂ ਵਿਚ ਚਿਤ੍ਰਿਆ ਹੈ ਕਿ ਇਸ ਤੋਂ ਵਧੇਰੇ ਪ੍ਰਮਾਣਕ ਸਮਕਾਲੀ ਸਬੂਤ ਹੋਰ ਕਿਸੇ ਇਤਿਹਾਸਕਾਰ ਦਾ ਨਹੀਂ ਮਿਲਦਾ। ਬਾਦਸ਼ਾਹ ਇਬਰਾਹੀਮ ਲੋਧੀ ਦਾ ਸਿਰ ਬਾਬਰ ਅੱਗੇ ਪੇਸ਼ ਹੋਇਆ। ਹਿੰਦੂ ਮੁਸਲਮਾਨ ਔਰਤਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਗੁਲਾਮ ਬਣਾਇਆ। ਲੁੱਟ ਦੀ ਦੌਲਤ ਵਿਚੋਂ ਸੱਤਰ ਲਖ ਦਾਮ (੪੦੦,੦੦੦ ਰੁਪਏ) ਦਿੱਤੇ।
Bani Footnote ਡਾ. ਤ੍ਰਿਲੋਚਨ ਸਿੰਘ, ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ, ਪੰਨਾ ੩੩੭


ਸ਼ਬਦ ੪
ਸਮਾਂ ਅਤੇ ਸਥਾਨ
ਇਤਿਹਾਸਕ ਤੇ ਸਾਹਿਤਕ ਸਰੋਤਾਂ ਵਿਚ ਇਸ ਸ਼ਬਦ ਨੂੰ ਬਾਬਰ
Bani Footnote ਬਾਬਰ ਦਾ ਜਨਮ ੧੪ ਫਰਵਰੀ ੧੪੮੩ ਈ. ਨੂੰ ਮਧ-ਏਸ਼ੀਆ ਦੇ ਫ਼ਰਗਨਾ ਰਾਜ ਵਿਚ ਹੋਇਆ। ਇਸਦੀ ਮਾਤਾ ਦਾ ਨਾਂ ਕੁਤਲਗ-ਨਿਗਾਰ ਖਾਨਮ ਅਤੇ ਪਿਤਾ ਦਾ ਨਾਂ ਮਿਰਜਾ ਉਮਰ ਸ਼ੇਖ ਸੀ। ਦਾਦਕਿਆਂ ਵਲੋਂ ਇਹ ਤੈਮੂਰ ਬਾਦਸ਼ਾਹ ਦੀ ਪੰਜਵੀਂ ਪੀੜ੍ਹੀ ਅਤੇ ਨਾਨਕਿਆਂ ਵਲੋਂ ਚੰਗੇਜ਼ ਖਾਂ ਦੇ ਚੌਧਵੇਂ ਵੰਸ਼ਜ ਨਾਲ ਸੰਬੰਧਤ ਸੀ। -ਆਰ. ਸੀ. ਮਜੂਮਦਾਰ, ਐਚ. ਸੀ. ਰਾਏਚੌਧਰੀ, ਕੇ. ਕੇ. ਦੱਤ, ਭਾਰਤ ਦਾ ਬ੍ਰਿਹਤ ਇਤਿਹਾਸ (ਮੱਧ-ਕਾਲੀਨ ਭਾਰਤ), ਪ੍ਰਿੰ. ਸਤਿਬੀਰ ਸਿੰਘ (ਅਨੁ.), ਪੰਨਾ ੧੪੬-੧੪੭; ਇਸ ਨੂੰ ਜਨਮ ਸਾਖੀਆਂ ਵਿਚ ਆਮ ਕਰਕੇ ‘ਮੀਰ ਬਾਬਰ’ ਹੀ ਲਿਖਿਆ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਵੀ ਬਾਬਰ ਲਈ ਮੀਰ’ ਸ਼ਬਦ ਵਰਤਿਆ ਹੈ: ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ -ਗੁਰੂ ਗ੍ਰੰਥ ਸਾਹਿਬ ੪੧੭
ਦੇ ਹਮਲੇ ਨਾਲ ਸੰਬੰਧਤ ਕਰਦਿਆਂ ਸੈਦਪੁਰ
Bani Footnote ਇਹ ਪਛਮੀ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਵਿਚ ਪੈਂਦੇ ਇਕ ਨਗਰ ਐਮਨਾਬਾਦ ਦਾ ਪੁਰਾਣਾ ਨਾਮ ਹੈ। ਇਸ ਨਗਰ ਨੂੰ ਸਿਆਲਕੋਟ ਦੇ ਰਾਜਾ ਸਲਵਾਨ (੭੮ ਈ. ਲਗਪਗ) ਨੇ ਵਸਾਇਆ ਸੀ। ਜਨਮਸਾਖੀ ਸਾਹਿਤ ਵਿਚ ਇਸ ਦੇ ਕਈ ਨਾਮ ਮਿਲਦੇ ਹਨ। ਪੁਰਾਤਨ ਜਨਮਸਾਖੀ, ਮਿਹਰਬਾਨ ਵਾਲੀ ਅਤੇ ਆਦਿ ਸਾਖੀਆਂ ਵਿਚ ਇਸ ਨੂੰ ਸੈਦਪੁਰ ਸਲੋਈ, ਸੈਦਪੁਰ ਸਲੋਏ ਅਤੇ ਸੈਦਪੁਰ ਸੰਡਿਆਲੀ ਆਦਿ ਲਿਖਿਆ ਹੈ, ਜਦਕਿ ‘ਗਿਆਨ ਰਤਨਾਵਲੀ’ ਐਮਨਾਬਾਦ/ਏਮਨਾਬਾਦ ਲਿਖਦੀ ਹੈ। ਜਨਮਸਾਖੀ ਭਾਈ ਬਾਲਾ ਵਿਚ ਸੈਦਪੁਰ ਤੇ ਏਮਨਾਬਾਦ ਦੋਵੇਂ ਨਾਂ ਹਨ ਅਤੇ ਇਸ ਨੂੰ ਲਾਲੋ ਦਾ ਪਰਗਨਾ ਕਿਹਾ ਗਿਆ ਹੈ। ਸ਼ੇਰ ਸ਼ਾਹ ਸੂਰੀ (੧੪੭੨-੧੫੪੫ ਈ.) ਨੇ ਇਸ ਨੂੰ ਤਬਾਹ ਕੀਤਾ। ਇਸ ਥਾਂ ਬਣੇ ਨਗਰ ਦਾ ਨਾਂ ਸ਼ੇਰਗੜ੍ਹ ਰੱਖਿਆ ਗਿਆ। ਫਿਰ ਅਕਬਰ (੧੫੪੨-੧੬੦੫ ਈ.) ਦੇ ਇਕ ਅਹਿਲਕਾਰ ਮੁਹੰਮਦ ਅਮੀਨ ਨੇ ਇਸ ਦਾ ਨਾਮ ਬਦਲ ਕੇ ਅਮੀਨਾਬਾਦ (ਐਮਨਾਬਾਦ ਜਾਂ ਏਮਨਾਬਾਦ) ਰਖ ਦਿੱਤਾ। ੧੭੬੦ ਈ. ਦੇ ਨੇੜੇ-ਤੇੜੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ (ਮੌਤ ੧੭੭੦ ਈ.) ਨੇ ਇਸ ਨੂੰ ਆਪਣੇ ਅਧੀਨ ਕੀਤਾ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼ (ਭਾਗ ਦੂਜਾ), ਪੰਨਾ ੧੭੪
ਵਿਖੇ ਉਚਾਰਿਆ ਦਰਸਾਇਆ ਗਿਆ ਹੈ। ਇਸ ਵਿਚ ਆਏ ‘ਲਾਲੋ’ ਸ਼ਬਦ ਦਾ ਸੰਬੰਧ ਜਿਆਦਾਤਰ ਵਿਦਵਾਨ ਭਾਈ ਲਾਲੋ
Bani Footnote “ਜਨਮਸਾਖੀ ਸਾਹਿਤ ਅਨੁਸਾਰ ਇਕ ਤਰਖਾਣ ਸਿੱਖ ਜੋ ਘਟਾਓੜਾ ਜਾਤਿ ਦਾ ਸੀ ਅਤੇ ਸੈਦਪੁਰ (ਏਮਨਾਬਾਦ) ਵਿਚ ਨਿਵਾਸ ਕਰਦਾ ਸੀ। ਬਾਬਰ ਦੇ ਹਮਲੇ ਵੇਲੇ ਗੁਰੂ ਜੀ ਇਸ ਦੇ ਘਰ ਰੁਕੇ ਹੋਏ ਸਨ। ਹਮਲੇ ਤੋਂ ਪੈਦਾ ਹੋਈ ਭਿਆਨਕ ਸਥਿਤੀ ਦਾ ਚਿਤ੍ਰਣ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਜੋ ਸ਼ਬਦ ਤਿਲੰਗ ਰਾਗ ਵਿਚ ਉਚਾਰਿਆ, ਉਹੋ ਭਾਈ ਲਾਲੋ ਨੂੰ ਸੰਬੋਧਿਤ ਸੀ-ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ (ਗੁਰੂ ਗ੍ਰੰਥ ਸਾਹਿਬ ੭੨੨)।” -ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਵਿਸ਼ਵਕੋਸ਼, ਭਾਗ ਦੂਜਾ (ਜ-ੜ), ਪੰਨਾ ੪੬੩
ਨਾਲ ਜੋੜਦੇ ਹੋਏ ਇਸ ਨੂੰ ਬਾਬਰ ਦੇ ਸੈਦਪੁਰ ਉਪਰ ਹੋਣ ਵਾਲੇ ਹਮਲੇ ਬਾਰੇ ਕੀਤੇ ਗਏ ਭਵਿਖਤ ਬਚਨਾਂ ਵਜੋਂ ਲੈਂਦੇ ਹਨ। ਪਰੰਤੂ ਕੁਝ ਵਿਦਵਾਨ ਇਸ ਨਾਲ ਅਸਹਿਮਤ ਵੀ ਹਨ।

ਪੁਰਾਤਨ ਜਨਮਸਾਖੀ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਸੈਦਪੁਰ ਪਹੁੰਚੇ ਤਦ ਇਥੇ ਪਠਾਣਾਂ ਦੇ ਘਰੀਂ ਵਿਆਹ ਹੋ ਰਹੇ ਸਨ। ਗੁਰੂ ਸਾਹਿਬ ਨਾਲ ਕੁਝ ਫ਼ਕੀਰ ਹੋਰ ਵੀ ਸਨ, ਜਿਨ੍ਹਾਂ ਨੂੰ ਭੁਖ ਲੱਗੀ ਹੋਈ ਸੀ। ਭੁਖ ਦੇ ਸਤਾਏ ਸਾਧੂਆਂ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਕਿਸੇ ਵਿਆਹ ਵਾਲੇ ਘਰ ਚਲੇ ਗਏ। ਉਥੇ ਉਨ੍ਹਾਂ ਨੇ ਕੁਝ ਖਾਣ ਨੂੰ ਦੇਣ ਲਈ ਕਿਹਾ। ਪਰੰਤੂ ਕਿਸੇ ਨੇ ਗੱਲ ਨਾ ਸੁਣੀ। ਗੁਰੂ ਸਾਹਿਬ ਕ੍ਰੋਧਵਾਨ ਹੋ ਗਏ।
Bani Footnote ਪੁਰਾਤਨ ਜਨਮਸਾਖੀ ਦਾ ਇਹ ਵਿਚਾਰ ਦਰੁਸਤ ਨਹੀਂ ਹੈ। ਭਾਈ ਵੀਰ ਸਿੰਘ ਅਨੁਸਾਰ “ਸੈਦਪੁਰ ਦੀ ਬਾਬਰ ਵਲੋਂ ਕਤਲਾਮ ਗੁਰੂ ਜੀ ਦੇ ਕੋਪ ਕਰਕੇ ਨਹੀਂ ਹੋਈ, ਸ਼ਬਦ ਵਿੱਚ ਗੁਰੂ ਜੀ ਲਿਖਦੇ ਹਨ, ‘ਜੈਸੀ ਮੈ ਆਵੈ ਖਸਮ ਕੀ ਬਾਣੀ,’ ਉਹ ਤਾਂ ਵਾਹਿਗੁਰੂ ਤੋਂ ਆਇਆ ਇਲਹਾਮ ਦੱਸ ਰਹੇ ਹਨ, ਆਪ ਨਿਰਲੇਪ ਹਨ ਤੇ ਬਾਬਰ ਦੇ ਕਰਮ ਨੂੰ ਬੁਰਾ ਦੱਸ ਰਹੇ ਹਨ; ਇਹ ਸਪਸ਼ਟ ਹੈ ਕਿ ਉਨ੍ਹਾਂ ਨੇ ਸ੍ਰਾਪ ਨਹੀਂ ਦਿੱਤਾ। ਕੋਪ ਕਹਿਣਾ ਲਿਖਾਰੀ ਦੀ ਭੁੱਲ ਹੈ।” -ਭਾਈ ਵੀਰ ਸਿੰਘ (ਸੰਪਾ.), ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਪੰਨਾ ੧੧੬
ਉਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਆਖਿਆ ਅਤੇ ਤਿਲੰਗ ਰਾਗ ਵਿਚ ਵਿਚਾਰ ਅਧੀਨ ਸ਼ਬਦ ਉਚਾਰਿਆ।

ਮਿਹਰਬਾਨ ਵਾਲੀ ਜਨਮਸਾਖੀ ਵਿਚ ਵੀ ਉਪਰੋਕਤ ਪ੍ਰਸੰਗ ਹੀ ਦਿੱਤਾ ਗਿਆ ਹੈ। ਇਸ ਜਨਮਸਾਖੀ ਅਨੁਸਾਰ ਗੁਰੂ ਸਾਹਿਬ ਪੱਛਮ ਦੀ ਉਦਾਸੀ ਤੋਂ ਪਰਤਦਿਆਂ ਹੋਇਆਂ ਰੂਮ,
Bani Footnote ਕਿਸੇ ਸਮੇਂ ਰੋਮੀ ਸਾਮਰਾਜ ਭੂਮੱਧ-ਸਾਗਰ ਦੇ ਆਲੇ-ਦੁਆਲੇ ਦੂਰ-ਦੂਰ ਤੱਕ ਫੈਲਿਆ ਹੋਇਆ ਸੀ। ਸਮਾਂ ਪਾ ਕੇ ਰੋਮਨ ਸਲਤਨਤ ਦੇ ਦੋ ਹਿੱਸੇ ਹੋ ਗਏ ਸਨ: ਇਕ ਪੂਰਬੀ ਰੋਮ ਤੇ ਦੂਸਰਾ ਪੱਛਮੀ ਰੋਮ। ਪੱਛਮੀ ਰੋਮ ਦੀ ਰਾਜਧਾਨੀ ਰੋਮ ਹੀ ਰਹੀ, ਜੋ ਅੱਜ ਇਟਲੀ ਦੀ ਰਾਜਧਾਨੀ ਹੈ ਤੇ ਪੂਰਬੀ ਰੋਮ ਦੀ ਰਾਜਧਾਨੀ ਕੁਸਤੁਨਤੁਨੀਆ (Constantinople) ਬਣੀ। -ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੧੦੪੬, ਇਹ ਕੁਸਤੁਨਤੁਨੀਆ (Constantinople) ਜੋ ਅੱਜ ਇਸਤੰਬੋਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਹੁਣ ਤੁਰਕੀ ਦੀ ਰਾਜਧਾਨੀ ਹੈ। -https://www.britannica.com/place/Istanbul; ‘ਰੂਮ’ ਸ਼ਬਦ ‘ਰੋਮ’ ਦਾ ਬਦਲਿਆ ਰੂਪ ਹੈ, ਉਂਝ ਤਾਂ ‘ਰੂਮ’ ਸ਼ਬਦ ਦੀ ਵਰਤੋਂ ਦੋਹਾਂ ਰੋਮਾਂ ਦੇ ਸਾਂਝੇ ਖਿੱਤੇ ਜਾਂ ਫਿਰ ਅੱਡ-ਅੱਡ ਖਿੱਤਿਆਂ ਲਈ ਵੀ ਹੁੰਦੀ ਰਹੀ ਹੈ, ਪਰ ਸਿਖ ਸਾਹਿਤ ਵਿਚ ਇਸ ਸ਼ਬਦ ਦੀ ਵਰਤੋਂ ਇਸਤੰਬੋਲ ਵਾਲੇ ਖਿੱਤੇ ਲਈ ਹੀ ਵਧੇਰੇ ਪ੍ਰਤੀਤ ਹੁੰਦੀ ਹੈ। ਇਸ ਸ਼ਬਦ ਦੀ ਵਰਤੋਂ ਜਨਮਸਾਖੀਆਂ (ਮਿਹਰਬਾਨ ਵਾਲੀ ਤੇ ਭਾਈ ਮਨੀ ਸਿੰਘ ਵਾਲੀ), ਨਾਨਕ ਪ੍ਰਕਾਸ਼ ਗ੍ਰੰਥ, ਸ਼ਸਤ੍ਰ ਨਾਮ ਮਾਲਾ ਆਦਿ ਵਿਚ ਵੇਖਣ ਨੂੰ ਮਿਲਦੀ ਹੈ। ਇਸ ਬਾਰੇ ਅਜੇ ਹੋਰ ਖੋਜ ਦੀ ਲੋੜ ਹੈ।
ਸਾਮ,
Bani Footnote ਏਸ਼ੀਆ ਦਾ ਇਕ ਦੇਸ਼, ਜਿਹੜਾ ਹੁਣ ਸੀਰੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰੂਮ, ਸਾਮ ਆਦਿ ਦਾ ਜਿਕਰ ਪੁਰਾਤਨ ਸਿਖ ਸਾਹਿਤ ਵਿਚ ਵੀ ਮਿਲਦਾ ਹੈ: ਸੈਫ ਸਰੋਹੀ ਸਸਤ੍ਰਪਤਿ ਜਿਤ੍ਯੋ ਰੂਮ ਅਰੁ ਸਾਮ।੧੮। -ਸਸਤ੍ਰ ਨਾਮ ਮਾਲਾ, ਸ੍ਰੀ ਦਸਮ ਗ੍ਰੰਥ ਸਾਹਿਬ ੧੦੨੪
ਕਾਬਲ ਆਦਿ ਦੇਖਣ ਤੋਂ ਬਾਅਦ ਪਿਸ਼ਾਵਰ ਅਤੇ ਗੋਰਖ ਹਟੜੀ
Bani Footnote ਪਾਕਿਸਤਾਨ ਦੇ ਜਿਲ੍ਹਾ ਪਿਸ਼ਾਵਰ ਵਿਚ ਗੋਰਖ ਨਾਥ ਦਾ ਪ੍ਰਸਿੱਧ ਸਥਾਨ। -ਗੁਰਮੇਲ ਸਿੰਘ (ਸੰਪਾ.), ਗੁਰੂ ਨਾਨਕ ਦੇਵ ਜੀ ਦੀਆਂ ਜਨਮਸਾਖੀਆਂ ਵਿਚਲੇ ਇਤਿਹਾਸਿਕ ਅਤੇ ਮਿਥਿਹਾਸਿਕ ਸੰਕੇਤਾਂ ਦਾ ਕੋਸ਼, ਪੰਨਾ ੧੦੮
ਹੁੰਦੇ ਹੋਏ ਸੈਦਪੁਰ ਸਲੋਈ ਪਹੁੰਚੇ। ਸੈਦਪੁਰ ਦੇ ਲੋਕਾਂ ਨੇ ਗੁਰੂ ਸਾਹਿਬ ਦੀ ਪੁੱਛ-ਪ੍ਰਤੀਤ ਨਹੀਂ ਕੀਤੀ, ਉਹ ਵਿਆਹਾਂ ਵਿਚ ਹੀ ਰੁਝੇ ਰਹੇ। ਗੁਰੂ ਸਾਹਿਬ ਨੇ ਇਥੇ ਵਿਚਾਰ ਅਧੀਨ ਸ਼ਬਦ ਦਾ ਉਚਾਰਨ ਕੀਤਾ। ਸ਼ਬਦ ਉਚਾਰਨ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਹੇ ਭਾਈ ਲੋਕੋ! ‘ਮੇਰੇ ਹਥ ਕੁਝ ਨਹੀਂ। ਜੋ ਕੁਝ ਇਥੇ ਵਾਪਰੇਗਾ, ਉਹੀ ਕੁਝ ਮੈਂ ਆਖਦਾ ਹਾਂ। ਉਹੀ ਇਥੇ ਹੋਏਗਾ।’

ਬਾਬਰ ਦੇ ਸੈਦਪੁਰ ਉਪਰ ਹੋਣ ਵਾਲੇ ਹਮਲੇ ਦਾ ਸੰਕੇਤ ਕਰਦਿਆਂ ਇਸ ਜਨਮਸਾਖੀ ਵਿਚ ਲਿਖਿਆ ਹੈ ਕਿ ਮੀਰ ਬਾਬਰ ਖੁਰਾਸਾਨ
Bani Footnote ਪੁਰਾਤਨ ਪਰਸ਼ੀਆ (ਈਰਾਨ) ਦਾ ਇਕ ਵਿਸ਼ਾਲ ਇਤਿਹਾਸਕ ਖੇਤਰ, ਜੋ ਇਸ ਸਮੇਂ ਉੱਤਰੀ ਈਰਾਨ, ਦਖਣੀ ਤੁਰਕਮੇਨਿਸਤਾਨ ਅਤੇ ਉੱਤਰੀ ਅਫਗਾਨਿਸਤਾਨ ਵਿਚਕਾਰ ਸਥਿਤ ਹੈ। ਭਾਈ ਕਾਨ੍ਹ ਸਿੰਘ ਨੇ ਮਹਾਨ ਕੋਸ਼ ਦੇ ਪੰਨਾ ੩੮੩ ਉਪਰ ‘ਖ਼ੁਰਾਸਾਨ’ ਦੇ ਇੰਦਰਾਜ ਵਿਚ ਲਿਖਿਆ ਹੈ: “ਬਾਬਰ ਲਿਖਦਾ ਹੈ ਕਿ ਹਿੰਦੁਸਤਾਨ ਦੇ ਲੋਕ ਸਿੰਧ ਤੋਂ ਪੱਛਮ ਵੱਲ ਦੇ ਦੇਸਾਂ ਨੂੰ ਖ਼ੁਰਾਸਾਨ ਹੀ ਕਹਿੰਦੇ ਹਨ।” ਬਾਬਰ ਫੌਜਾਂ ਲੈ ਕੇ ਖ਼ੁਰਾਸਾਨ ਤੋਂ ਨਹੀਂ ਸੀ ਚੱਲਿਆ, ਬਲਕਿ ‘ਕਾਬਲਹੁ ਧਾਇਆ’ ਫੌਜਾਂ ਸਹਿਤ ਕਾਬਲ ਤੋਂ ਰਵਾਨਾ ਹੋਇਆ ਸੀ। ਇਸ ਸ਼ਬਦ ਵਿਚ ਵੀ ਇਹੋ ਜਿਕਰ ਹੈ ਕਿ (ਖਸਮ) ਪਰਮੇਸ਼ਰ ਨੇ ਖ਼ੁਰਾਸਾਨ ਨੂੰ ਤਾਂ ਹੱਥ ਦੇ ਕੇ ਰਖ ਲਿਆ, ਐਪਰ ਬਾਬਰ ਨੂੰ ‘ਜਮ’ ਦੇ ਰੂਪ ਵਿਚ ਹਿੰਦੁਸਤਾਨ ਨੂੰ ਡਰਾਉਣ (ਜਿੱਤਣ) ਲਈ ਫੌਜਾਂ ਲੈ ਕੇ ਚਾੜ੍ਹ ਦਿੱਤਾ। ਉਹ (ਬਾਬਰ) ਆਪਣੇ ਸੰਸਮਰਣਾਂ ਵਿਚ ਲਿਖਦਾ ਹੈ: ਹਿੰਦੁਸਤਾਨ ਉੱਤੇ ਅਧਿਕਾਰ ਜਮਾਉਣਾ ਹਮੇਸ਼ਾ ਮੇਰੀ ਖਵਾਹਿਸ਼ ਰਹੀ ਹੈ ਕਿਉਂਕਿ ਇਹ ਇਲਾਕੇ ਹਮੇਸ਼ਾ ਹੀ ਤੁਰਕਾਂ ਦੇ ਅਧਿਕਾਰ ਹੇਠ ਰਹੇ ਸਨ। ਮੈਂ ਉਨ੍ਹਾਂ ਨੂੰ ਆਪਣੀ ਹੀ ਜਾਇਦਾਦ ਸਮਝਦਾ ਸਾਂ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰਨ ਦਾ ਨਿਸ਼ਚਾ ਕੀਤਾ। -ਡਾ. ਜਸਵਿੰਦਰ ਕੌਰ ਢਿੱਲੋਂ, ਜਿਨ ਸਿਰਿ ਸੋਹਨਿ ਪਟੀਆ, ਬਾਬਰ ਵਾਣੀ: ਬਹੁਪੱਖੀ ਅਧਿਐਨ, ੧੮ਵਾਂ ਸਾਲਾਨਾ ਸੈਮੀਨਾਰ, ਮਾਰਚ ੨੯-੩੦, ੨੦੦੪, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਨਾ ੩੪
ਤੋਂ ਚੜ੍ਹਾਈ ਕਰੇਗਾ। ਆਪਣੀ ਸ਼ਕਤੀ ਅਤੇ ਸੈਨਾ ਨਾਲ ਹਿੰਦੁਸਤਾਨ ਉਪਰ ਹਮਲਾ ਕਰੇਗਾ। ਹਮਲੇ ਵਿਚ ਸੈਦਪੁਰ ਸਲੋਈ ਨਗਰ ਮਾਰਿਆ ਜਾਵੇਗਾ।… ਪਾਪ ਦੀ ਜੰਞ ਖੁਰਾਸਾਨ ਤੋਂ ਆਵੇਗੀ। ਸ਼ਰਮ ਅਤੇ ਧਰਮ ਛਿਪ ਜਾਣਗੇ। ਕੂੜ ਅਤੇ ਕੁਫ਼ਰ ਫੈਲ ਜਾਵੇਗਾ। ਹੁਣ ਵਿਆਹ ਕਰਵਾਉਣ ਦਾ ਕੰਮ ਬ੍ਰਾਹਮਣ ਅਤੇ ਕਾਜੀ ਕਰਦੇ ਹਨ, ਪਰੰਤੂ ਫਿਰ ਇਹ ਕੰਮ ਸ਼ੈਤਾਨ ਕਰੇਗਾ।...ਖੂਨ ਦੇ ਸੋਹਿਲੇ ਗਾਏ ਜਾਣਗੇ ਅਤੇ ਖੂਨ ਦੇ ਹੀ ਟਿੱਕੇ ਲਗਣਗੇ।...ਕਿਉਂਕਿ ਖੁਦਾ ਇਹੋ ਚਾਹੁੰਦਾ ਹੈ।...ਅਜਿਹੀ ਖੂਨੀ ਲੜਾਈ ਹੋਵੇਗੀ ਕਿ ਕਈ ਜੁਗਾਂ ਤਕ ਹਿੰਦੁਸਤਾਨ ਯਾਦ ਰਖੇਗਾ। ਭਾਈ ਮਰਦਾਨਾ ਜੀ ਵਲੋਂ ਪੁੱਛਣ ’ਤੇ ਕਿ ਅਜਿਹਾ ਕਦੋਂ ਹੋਏਗਾ? ਗੁਰੂ ਸਾਹਿਬ ਨੇ ਕਿਹਾ ਕਿ ਅਠੱਤਰ ਵਿਚ ਪਠਾਣ ਆਉਣਗੇ ਤੇ ਸਤਾਨਵੇਂ ਵਿਚ ਜਾਣਗੇ। ਫਿਰ ਇਨ੍ਹਾਂ ਪਠਾਣਾਂ ਦੀ ਬਾਦਸ਼ਾਹੀ ਜਾਵੇਗੀ। ਇਕ ਮਰਦ ਦਾ ਚੇਲਾ ਹੋਰ ਉਠ ਖੜ੍ਹਾ ਹੋਵੇਗਾ, ਜਿਹੜਾ ਆ ਕੇ ਰਾਜ ਕਰੇਗਾ। ਇਨ੍ਹਾਂ ਪਠਾਣਾਂ ਨੂੰ ਮਾਰ ਕੇ ਕਬਰ ਵਿਚ ਸੁਟੇਗਾ। ਇਹ ‘ਸਚੁ ਕੀ ਬਾਣੀ’ ਦਰਗਾਹ ਤੋਂ ਸਾਹਿਬ ਨੇ ਭੇਜੀ ਹੈ। ਹੇ ਲੋਕੋ! ਤੁਸੀਂ ਚੇਤੇ ਰਖੋ, ਦੇਖੋਗੇ ਕਿ ਇਵੇਂ ਹੀ ਹੋਏਗਾ।...ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਸੈਦਪੁਰ ਬਰਬਾਦ ਹੋ ਗਿਆ। ਬਾਬਰ ਦੇ ਹਮਲੇ ਤੋਂ ਬਾਅਦ ਗੁਰੂ ਸਾਹਿਬ ਫਿਰ ਸੈਦਪੁਰ ਦੇਖਣ ਗਏ।
Bani Footnote ਮਿਹਰਬਾਨ ਜੀ ਸੋਢੀ, ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ (ਸੰਪਾ.), ਪੰਨਾ ੪੬੩


ਮਿਹਰਬਾਨ ਵਾਲੀ ਜਨਮਸਾਖੀ ਵਿਚ ‘ਮਰਦ ਕਾ ਚੇਲਾ’ ਦਾ ਅਰਥ ‘ਮੀਰ ਬਾਬਰ’ ਕੀਤਾ ਗਿਆ ਹੈ, ਪਰ ਡਾ. ਜਗਜੀਤ ਸਿੰਘ ਅਨੁਸਾਰ “ਇਹ ਅਰਥ ਠੀਕ ਨਹੀਂ ਜਾਪਦਾ। ਉਪਰੋਕਤ ਸਤਰ ਬਾਬਰ ਦੇ ਹਮਲੇ ਤੋਂ ਪਿਛੋਂ ਉਚਾਰੀ ਗਈ ਸੀ, ਕਿਉਂਕਿ ਇਸ ਤੋਂ ਪਹਿਲੀਆਂ ਤੁਕਾਂ ਵਿਚ ਬਾਬਰ ਦੀ ਸੈਨਾ ਨੂੰ ‘ਪਾਪ ਕੀ ਜੰਞ,’ ਹਿੰਦੁਸਤਾਨ ਨੂੰ ਗੁਲਾਮ ਬਣਾਉਣ ਦੀ ਕ੍ਰਿਆ ਨੂੰ ‘ਜੋਰੀ ਦਾਨੁ,’ ਇਸਤਰੀਆਂ ਦੀ ਹੋਈ ਬੇਪਤੀ ਨੂੰ ‘ਅਗਦੁ ਪੜੈ ਸੈਤਾਨੁ’ ਆਖ ਕੇ ਗੁਰੂ ਜੀ ਨੇ ‘ਖੂਨ ਕੇ ਸੋਹਿਲੇ’ ਗਾਏ ਹਨ ਤੇ ਲੋਥਾਂ ਦੇ ਢੇਰ ਨੂੰ ‘ਮਾਸਪੁਰੀ’ ਕਿਹਾ ਹੈ। ਉਪਰੋਕਤ ਸਤਰ ਦਾ ‘ਉਠਸੀ’ ਸ਼ਬਦ ਭਵਿਖਤ ਕਾਲ ਦੀ ਕ੍ਰਿਆ ਹੋਣ ਕਰਕੇ ਅਗੋਂ ਹੋਣ ਵਾਲੇ ਹਾਲਾਤ ਵੱਲ ਇਸ਼ਾਰਾ ਕਰਦਾ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ‘ਮਰਦ ਕਾ ਚੇਲਾ’ ਦਾ ਭਾਵ ਬਾਬਰ ਨਹੀਂ। ਇਸ ਤੋਂ ਸ਼ੇਰ ਸ਼ਾਹ ਸੂਰੀ ਦਾ ਅਰਥ ਕੱਢਣਾ ਵਧੇਰੇ ਉਚਿਤ ਹੋਵੇਗਾ।”
Bani Footnote ਡਾ. ਜਗਜੀਤ ਸਿੰਘ, ਜਨਮਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਾਰਕਿਕ ਅਧਿਐਨ, ਪੰਨਾ ੧੧੨-੧੧੩


ਮਿਹਰਬਾਨ ਵਾਲੀ ਜਨਮਸਾਖੀ ’ਤੇ ਅੱਗੋਂ ਹੋਰ ਟਿੱਪਣੀ ਕਰਦੇ ਹੋਏ ਡਾ. ਜਗਜੀਤ ਸਿੰਘ ਲਿਖਦੇ ਹਨ ਕਿ “ਮਿਹਰਬਾਨ ਨੇ ਲਿਖਿਆ ਹੈ ਕਿ ਪਠਾਣ ਅਠੱਤਰ ਵਿਚ ਆਉਣਗੇ ਤੇ ਸਤਾਨਵੇਂ ਵਿਚ ਜਾਣਗੇ ਇਹ ਵਿਆਖਿਆ ਇਤਿਹਾਸਿਕ ਤੌਰ ’ਤੇ ਠੀਕ ਨਹੀਂ ਜਾਪਦੀ। ਪਠਾਣ ਤਾਂ ਪਹਿਲਾਂ ਹੀ ਭਾਰਤ ਉੱਤੇ ਰਾਜ ਕਰ ਰਹੇ ਸਨ। ਇਸ ਲਈ ‘ਆਵਣਿ’ (ਆਉਣਗੇ) ਘੱਟ ਤੋਂ ਘੱਟ ਪਠਾਣਾਂ ਲਈ ਨਹੀਂ ਵਰਤਿਆ ਗਿਆ ਹੋਣਾ। ਸੈਦਪੁਰ ਉੱਤੇ ਬਾਬਰ ਦਾ ਹਮਲਾ ੧੫੭੮ ਬਿ. ਵਿਚ ਹੋਇਆ ਸੀ ਤੇ ਹਮਾਯੂੰ ੧੫੯੭ (੧੫੪੦ ਈ.) ਵਿਚ ਸ਼ੇਰ ਸ਼ਾਹ ਸੂਰੀ ਤੋਂ ਭਾਂਜ ਖਾ ਕੇ ਕਾਬਲ ਵੱਲ ਚਲਾ ਗਿਆ ਸੀ। ਇਸ ਲਈ ਜੇਕਰ ਇਸ ਤੁਕ ਦਾ ਕੋਈ ਇਤਿਹਾਸਿਕ ਅਰਥ ਨਿਕਲ ਸਕਦਾ ਹੈ ਤਾਂ ਇਹ ਬਾਬਰ ਦੇ ਆਉਣ ਅਤੇ ਹਮਾਯੂੰ ਦੇ ਜਾਣ ਵੱਲ ਸੰਕੇਤ ਕਰਦੀ ਪ੍ਰਤੀਤ ਹੁੰਦੀ ਹੈ।”
Bani Footnote ਡਾ. ਜਗਜੀਤ ਸਿੰਘ, ਜਨਮਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਾਰਕਿਕ ਅਧਿਐਨ, ਪੰਨਾ ੧੧੨-੧੧੩


ਸ. ਸ. ਪਦਮ ਨੇ ਇਸ ਸ਼ਬਦ ਦਾ ਉਚਾਰਨ ਸਥਾਨ ਸੈਦਪੁਰ ਦੀ ਥਾਂ ਕਰਤਾਰਪੁਰ ਸਾਹਿਬ
Bani Footnote ਇਹ ਨਗਰ ਭਾਈ ਦੋਦਾ ਅਤੇ ਭਾਈ ਦੁਨੀ ਚੰਦ (ਕਰੋੜੀ ਮੱਲ) ਨੇ ੧੫੦੪ ਈ. ਵਿਚ ਰਾਵੀ ਨਦੀ ਦੇ ਕਿਨਾਰੇ ਵਸਾਇਆ ਸੀ। ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਤੋਂ ਬਾਅਦ ਇਥੇ ਪੱਕੀ ਰਿਹਾਇਸ਼ ਕੀਤੀ ਸੀ। ਉਨ੍ਹਾਂ ਨੇ ਇਥੇ ਆਪਣੀ ਜਿੰਦਗੀ ਦੇ ਅੰਤਿਮ ੧੮ ਸਾਲ ਬਤੀਤ ਕੀਤੇ। ਇਹ ਨਗਰ ਬਾਅਦ ਵਿਚ ਹੜ੍ਹਾਂ ਨੇ ਨਸ਼ਟ ਕਰ ਦਿੱਤਾ। ਕੁਝ ਸਿਖਾਂ ਨੇ ਦੁਬਾਰਾ ਇਸ ਥਾਂ ਦੀ ਨੀਸ਼ਾਨਦੇਹੀ ਕਰਕੇ ਇਥੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਉਸਾਰਿਆ। ਇਹ ਨਗਰ ਹੁਣ ਪਾਕਿਸਤਾਨ ਦੇ ਸਿਆਲਕੋਟ ਜਿਲ੍ਹੇ ਵਿਚ ਮੌਜੂਦ ਹੈ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੫੪੧
ਨੂੰ ਮੰਨਿਆ ਹੈ। ਉਹ ਲਿਖਦੇ ਹਨ ਕਿ “ਅਸਲ ਵਿਚ ਇਸ ਸ਼ਬਦ ਦੀ ਸਿਰਜਣਾ ਬਾਬੇ ਦੇ ਕਰਤਾਰਪੁਰ ਨਿਵਾਸ ਦੇ ਅਖੀਰਲੇ ਦਿਨਾਂ ਵਿਚ ਹੋਈ, ਜਦੋਂ ਹਰ ਰੋਜ਼ ਸਵੇਰੇ ਸ਼ਾਮ ਜੁੜਦੀ ਸੰਗਤ ਵਿਚ ਵੇਲੇ ਦੇ ਸਿਆਸੀ ਰੱਦੋ-ਬਦਲ, ਅਸ਼ਾਂਤ ਅਤੇ ਅਸਥਿਰ ਸਮਾਜਕ ਯਥਾਰਥ ਨਾਲ ਜੁੜੇ ਮੁੱਦਿਆਂ ਨੂੰ ਵਿਚਾਰਨ ਦਾ ਅਵਸਰ ਬਣਦਾ ਸੀ। ਵੇ ਲਾਲੋ, ਵਾਲਾ ਬਾਰ-ਬਾਰ ਦੁਹਰਾਇਆ ਸੰਬੋਧਨ, ਇਹੋ ਸੁਝਾਉਂਦਾ ਹੈ। ਬਾਬਰ ਦੀ ਪੰਜ ਸਾਲਾ ਹਕੂਮਤ ਮੁਲਕ ਨੂੰ ਵਧੀਆ ਪ੍ਰਬੰਧ ਨਾ ਦੇ ਸਕੀ, ਕਿਉਂਕਿ ਉਸਦਾ ਬਹੁਤਾ ਸਮਾਂ ਵਿਰੋਧੀ ਪਠਾਣਾਂ ਨਾਲ ਸਿੱਝਦਿਆਂ ਬੀਤ ਗਿਆ। ਹੁਮਾਯੂੰ ਦੀ ਕਾਰਗੁਜ਼ਾਰੀ ਵੀ ਨਿਰਾਸ਼ਾਜਨਕ ਰਹੀ। ਮਰਨ ਤੋਂ ਪਹਿਲਾਂ ਬਾਬਰ ਨੇ ਆਪਣਾ ਰਾਜ ਤਿੰਨ ਪੁੱਤਰਾਂ ਵਿਚ (ਇਸ ਪ੍ਰਕਾਰ) ਵੰਡ ਦਿੱਤਾ: ਪੰਜਾਬ, ਕਾਬਲ ਅਤੇ ਕੰਧਾਰ। ਉਸ ਦੇ ਭਰਾ ਉਸ ਨਾਲ ਤੋੜ-ਵਿਛੋੜਾ ਕਰਨ ਲਈ ਤਤਪਰ ਸਨ।...ਆਪਾ-ਧਾਪੀ ਵਾਲੀ ਹਾਲਤ ਵਿਚ ਹੁਮਾਯੂੰ ਨੂੰ ਗੁਜਰਾਤ ਵਿਚ ਹੋਈ ਹਾਰ-ਦਰ-ਹਾਰ ਅਤੇ ਸ਼ੇਰ ਸ਼ਾਹ ਸੂਰੀ ਦੀ ਚੜ੍ਹਤ, ਬਾਬੇ ਦੇ ਜੀਵਨ ਕਾਲ ਦੀਆਂ ਘਟਨਾਵਾਂ ਹਨ, ਜਿਨ੍ਹਾਂ ਦਾ ਕੁਦਰਤੀ ਸਿੱਟਾ ਮੁਗ਼ਲ ਰਾਜ ਦੀ ਸਮਾਪਤੀ ਵਿਚ ਨਿਕਲਦਾ ਉਨ੍ਹਾਂ ਨੂੰ ਦਿਸਦਾ ਸੀ; ਸਤਾਨਵੇਂ ਵਿਚ ਇਨ੍ਹਾਂ ਦੇ ਚਲੇ ਜਾਣ ਬਾਰੇ ਬਾਬੇ ਦੇ ਬਚਨ ਭਵਿੱਖਬਾਣੀ ਨਾ ਹੋ ਕੇ ਤਤਕਾਲੀ ਹਾਲਾਤ ਉੱਤੇ, ਕਾਰਨਾਂ ਤੋਂ ਪ੍ਰੇਰਤ ਕੀਤਾ ਗਿਆ ਸਿਆਣਾ ਤੇ ਦੂਰ-ਦਰਸੀ ਤਬਸਰਾ ਸੀ।”
Bani Footnote ਸ. ਸ. ਪਦਮ (ਸੰਪਾ.), ਸਾਖੀ ਮਹਲੁ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ, ਪੰਨਾ ੫੩-੫੪


ਲਾਲੋ ਸ਼ਬਦ ਦੇ ਅਰਥ
ਮਿਹਰਬਾਨ ਵਾਲੀ ਜਨਮਸਾਖੀ ਅਨੁਸਾਰ ‘ਲਾਲੋ’ ਦਾ ਅਰਥ ‘ਆਹੋ’ ਹੈ, ਜਿਸ ਨੂੰ ਮੁਗਲ ‘ਆਰੇ’ (ਬੱਲੇ! ਹਾਂ! ਅੱਛਾ) ਕਹਿੰਦੇ ਹਨ। ਪੂਰਬੀਏ ਅਤੇ ਦੱਖਣ ਦੇ ਲੋਕ ‘ਅਵਸਿ’ (ਅਵੱਸ਼, ਜਰੂਰ) ਆਖਦੇ ਹਨ। ਪੰਜਾਬ ਦੇ ਲੋਕ ‘ਆਹੋ’ ਕਹਿੰਦੇ ਹਨ। ਪਠਾਣ ਲੋਕ ‘ਲਾਲੋ’ ਆਖਦੇ ਹਨ।
Bani Footnote ਮਿਹਰਬਾਨ ਜੀ ਸੋਢੀ, ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਡਾ. ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ (ਸੰਪਾ.), ਪੰਨਾ ੪੬੩
ਸ. ਸ. ਪਦਮ ਵੀ ਇਨ੍ਹਾਂ ਹੀ ਅਰਥਾਂ ਨਾਲ ਸਹਿਮਤ ਹਨ ਅਤੇ ਉਹ ਇਸ ਸ਼ਬਦ ਨੂੰ ਬਾਬਰ ਦੇ ਹਮਲੇ ਦਾ ਅਗਾਮੀ ਸੰਕੇਤ ਜਾਂ ਕਿਸੇ ਭਵਿਖਬਾਣੀ ਵਜੋਂ ਉਚਾਰਿਆ ਹੋਇਆ ਨਹੀਂ ਮੰਨਦੇ। ਉਨ੍ਹਾਂ ਅਨੁਸਾਰ “ਜਨਮਸਾਖੀ ਦਾ ਕਰਤਾ, ਮਿਹਰਬਾਨ ਇਕ ਅਦੁਤੀ ਪ੍ਰਮਾਰਥਕ ਸਿਰਜਕ ਹੈ, ਉਸ ਦੇ ਸਮੇਂ ਤਕ ਇਸ ਸ਼ਬਦ ਨੂੰ ਸੈਦਪੁਰ ਨਿਵਾਸੀ ਲਾਲੋ ਤਰਖਾਣ ਨਾਲ ਜੋੜਨ ਵਾਲੀ ਸਾਖੀ, ਜੋ ਹਿੰਦਾਲੀਆਂ
Bani Footnote ਭਾਈ ਹਿੰਦਾਲ (੧੫੭੩-੧੬੪੮ ਈ.) ਦੇ ਜਾਨਸ਼ੀਨਾਂ ਨੂੰ ‘ਹਿੰਦਾਲੀ’ ਕਿਹਾ ਜਾਂਦਾ ਹੈ। ਭਾਈ ਹਿੰਦਾਲ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰੂ ਅਮਰਦਾਸ ਸਾਹਿਬ, ਭਾਈ ਸੰਤੋਖ ਸਿੰਘ ਨੇ ਗੁਰੂ ਰਾਮਦਾਸ ਸਾਹਿਬ ਅਤੇ ਭਾਈ ਰਤਨ ਸਿੰਘ ਭੰਗੂ ਨੇ ਗੁਰੂ ਅਰਜਨ ਸਾਹਿਬ ਦਾ ਸਿਖ ਕਿਹਾ ਹੈ। ਇਸਦੇ ਪੁੱਤਰ ਦਾ ਨਾਮ ਬਿਧੀ ਚੰਦ ਸੀ। ਬਿਧੀ ਚੰਦ ਨੇ ਗੁਰਬਾਣੀ ਦੀ ਨਕਲ ਕਰਦਿਆਂ ‘ਕਹੈ ਹੰਦਾਲ’ ਮੁਹਰ-ਛਾਪ ਵਰਤ ਕੇ ਕਾਵਿ ਰਚਨਾ ਵੀ ਕੀਤੀ। ਹਿੰਦਾਲੀਆਂ, ਖਾਸਕਰ ਬਿਧੀ ਚੰਦ ਨੂੰ, ਗੁਰ-ਇਤਿਹਾਸ ਵਿਗਾੜਨ ਦਾ ਦੋਸ਼ੀ ਮੰਨਿਆ ਜਾਂਦਾ ਹੈ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੫੧੦-੫੧੧; ਸ. ਸ. ਪਦਮ (ਸੰਪਾ.), ਸਾਖੀ ਮਹਲੁ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ, ਪੰਨਾ ੧੩੯-੧੪੦
ਦੀ ਘਾੜਤ ਹੈ, ਹੋਂਦ ਵਿਚ ਨਹੀਂ ਸੀ ਆਈ; ਇਹ ਘਾੜਤ ਨਿੰਦਣਹਾਰੇ ਰੰਘੜੀ ਪ੍ਰਸੰਗਾਂ
Bani Footnote ਸਿਖਾਂ ਵਿਚ ‘ਜਨਮਸਾਖੀ ਭਾਈ ਬਾਲਾ’ ਵਿਚ ਮਿਲਾਵਟ ਹੋਣ ਜਾਂ ਇਸ ਵਿਚ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਦੂਸ਼ਤ ਕਰਨ ਵਾਲੇ ਬਹੁਤ ਸਾਰੇ ਪ੍ਰਸੰਗ ਦਰਜ ਕੀਤੇ ਜਾਣ ਕਾਰਨ ਇਸ ਦੇ ਕਰਤਿਤਵ ਉਪਰ ਬਹਿਸ ਚਲਦੀ ਰਹਿੰਦੀ ਹੈ। ਸ.ਸ. ਪਦਮ ਨੇ ਹਿੰਦਾਲੀਆਂ ਵਲੋਂ ਜਨਮਸਾਖੀ ਸਾਹਿਤ ਖਾਸਕਰ ‘ਜਨਮਸਾਖੀ ਭਾਈ ਬਾਲਾ’ ਵਿਚ ਕੀਤੀ ਮਿਲਾਵਟ ਨੂੰ ‘ਰੰਗੜੀ ਪ੍ਰਸੰਗ’ ਕਿਹਾ ਹੈ।
ਦਾ ਹਿੱਸਾ ਹੈ, ਅਣਇਤਿਹਾਸਕ ਹੋਣ ਕਾਰਨ ਰੱਦਣਯੋਗ ਹੈ।”
Bani Footnote ਸ. ਸ. ਪਦਮ (ਸੰਪਾ.), ਸਾਖੀ ਮਹਲੁ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ, ਪੰਨਾ ੫੩ (ਪੈਰ ਟਿੱਪਣੀ)
ਪਰ ਡਾ. ਕਿਰਪਾਲ ਸਿੰਘ ਅਤੇ ਸ਼ਮਸ਼ੇਰ ਸਿੰਘ ਅਸ਼ੋਕ ਨੇ ‘ਲਾਲੋ’ ਸ਼ਬਦ ਸੰਬੰਧੀ ਲਿਖਿਆ ਹੈ ਕਿ ਫਾਰਸੀ ਵਿਚ ‘ਲਾਲ’ ਸ਼ਬਦ ਦੇ ਅਰਥ ਹਨ: ਸ਼ਾਇਦ, ਸੰਭਵ ਹੋ ਸਕਦਾ ਹੈ। ਪਰ ਇਥੇ ਇਹ ਪਦ ਸੈਦਪੁਰ ਵਾਸੀ ਭਾਈ ਲਾਲੋ ਦਾ ਸੰਬੋਧਨ ਹੈ, ਜਿਸ ਪ੍ਰਤੀ ਇਹ ਸ਼ਬਦ ਉਚਾਰਣ ਹੋਇਆ।
Bani Footnote ਮਿਹਰਬਾਨ ਜੀ ਸੋਢੀ, ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, (ਸੰਪਾ.) ਪੰਨਾ ੪੬੩


ਆਵਨਿ ਅਠਤਰੈ ਜਾਨਿ ਸਤਾਨਵੈ
ਭਾਈ ਵੀਰ ਸਿੰਘ ਨੇ ਇਸ ਸ਼ਬਦ ਨੂੰ ਗੁਰੂ ਸਾਹਿਬ ਵਲੋਂ ਕੀਤੀ ਗਈ ਭਵਿਖਬਾਣੀ ਦੇ ਰੂਪ ਵਿਚ ਦਰਸਾਇਆ ਹੈ। ਪਰ ਉਨ੍ਹਾਂ ਅਨੁਸਾਰ ਇਹ ਸ਼ਬਦ ਕੇਵਲ ਸੈਦਪੁਰ ਦੇ ਹਮਲੇ ਦੀ ਪੇਸ਼ੀਨਗੋਈ ਹੀ ਨਹੀਂ ਕਰਦਾ ਬਲਕਿ ਸਾਰੇ ਹਿੰਦੁਸਤਾਨ ਦੇ ਦੁਖੜਿਆਂ ਨੂੰ ਆਪਣੇ ਅੰਦਰ ਸਮੋਂਦਾ ਹੈ। ਇਸ ਵਿਚਲੇ ਵਾਕ ‘ਹਿੰਦੋਸਤਾਨ ਸਮਾਲਸੀ ਬੋਲਾ’ ਲਾਹੌਰ ਅਤੇ ਪਾਨੀਪਤ ਦੀਆਂ ਲੜਾਈਆਂ ਵੱਲ ਵੀ ਇਸ਼ਾਰਾ ਕਰਦੇ ਹਨ। ਗੁਰੂ ਨਾਨਕ ਸਾਹਿਬ ੭੮ ਵਿਚ ਸਰੀਰਕ ਤੌਰ ’ਤੇ ਮੌਜੂਦ ਸਨ ਅਤੇ ੯੭ ਵਿਚ ਸਰੀਰ ਤਿਆਗ ਚੁਕੇ ਸਨ। ਇਸ ਲਈ ਉਨ੍ਹਾਂ ਨੇ ੯੭ ਬਾਬਤ ਜਰੂਰ ਹੀ ਭਵਿਖਤ ਬਚਨ ਕਹੇ।
Bani Footnote ਭਾਈ ਵੀਰ ਸਿੰਘ ਰਚਨਾਵਲੀ, ਜਿਲਦ ਚੌਥੀ, ਭਾਗ ਦੂਜਾ, ਗੁਰੂ ਨਾਨਕ ਚਮਤਕਾਰ, ਪੰਨਾ ੭੩੩


ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਭਾਈ ਵੀਰ ਸਿੰਘ ਦੇ ਵਿਚਾਰਾਂ ਨਾਲ ਮਿਲਦੇ-ਜੁਲਦੇ ਵਿਚਾਰ ਹੀ ਪ੍ਰਗਟ ਕੀਤੇ ਹਨ। ਉਨ੍ਹਾਂ ਦਾ ਕਥਨ ਹੈ ਕਿ “ਭਾਈ ਲਾਲੋ ਪ੍ਰਤਿ ਸਤਿਗੁਰੁ ਨਾਨਕ ਦੇਵ ਭਵਿਸ਼੍ਯਤ ਕਥਨ ਕਰਦੇ ਹਨ ਕਿ ਇਸ ਥਾਂ (ਸੈਦਪੁਰ ਵਿਚ) ਮੁਗ਼ਲ ੧੫੭੮ ਬਿਕ੍ਰਮੀ ਨੂੰ ਆ ਕੇ ਪਠਾਣਾਂ ਨੂੰ ਤਬਾਹ ਕਰਨਗੇ ਅਰ ਭਾਰਤ ਤੋਂ ਸੰਮਤ ੧੫੯੭ ਨੂੰ ਚਲੇ ਜਾਣਗੇ, ਸ਼ੇਰ ਸ਼ਾਹ ਸੂਰੀ ਬਹਾਦਰ ਗੱਜੇਗਾ। ਬਾਬਰ ਦੇ ਹਿੰਦੁਸਤਾਨ ਉੱਤੇ ਪੰਜ ਹੱਲੇ ਹੋਏ ਹਨ, ਇਹ ਤੀਜਾ ਹੱਲਾ ਸੰਮਤ ੧੫੭੮ ਦਾ ਸੀ, ਜਿਸ ਵਿਚ ਸੈਦਪੁਰ ਦੇ ਦੁਰਾਚਾਰੀ ਪਠਾਣ ਕਤਲ ਕੀਤੇ। ਸੰਮਤ ੧੫੯੭ ਵਿਚ ਕਨੌਜ ਦੀ ਲੜਾਈ ਵਿੱਚ ਸ਼ੇਰ ਸ਼ਾਹ ਤੋਂ ਹਾਰ ਖਾ ਕੇ ਹਮਾਯੂੰ ਨੂੰ ਭਾਰਤ ਛੱਡਣਾ ਪਿਆ, ‘ਭੀ’ ਪਦ ਬੋਧਨ ਕਰਦਾ ਹੈ ਕਿ ਮੁਗ਼ਲਾਂ ਤੋਂ ਹਾਰੇ ਹੋਏ ਪਠਾਣ ਫਿਰ ਭੀ ਰਾਜ ਪਾਉਣਗੇ, ਸੋ ਸ਼ੇਰਸ਼ਾਹ ਨੇ ਦਿੱਲੀ ਦਾ ਤਖਤ ਪ੍ਰਾਪਤ ਕੀਤਾ।”
Bani Footnote ਭਾਈ ਕਾਨ੍ਹ ਸਿੰਘ ਨਾਭਾ, ਗੁਰਮਤ ਮਾਰਤੰਡ, ਭਾਗ ਦੂਜਾ, ਪੰਨਾ ੭੧੫


ਕੁਝ ਵਿਦਵਾਨ ਅਠੱਤਰ (੭੮) ਦਾ ਭਾਵ ਤਾਂ ਪੰਦਰਾਂ ਸੌ ਅਠੱਤਰ ਬਿਕਰਮੀ ਹੀ ਲੈਂਦੇ ਹਨ, ਜਿਸ ਸਮੇਂ ਬਾਬਰ ਨੇ ਹਿੰਦੁਸਤਾਨ ਉਪਰ ਰਾਜ ਕਰਨਾ ਸ਼ੁਰੂ ਕੀਤਾ ਪਰ ਸਤਾਨਵੇਂ ਦਾ ਅਰਥ ਸਤਾਰਾਂ ਸੌ ਸਤਾਨਵੇਂ ਬਿਕਰਮੀ ਲੈਂਦੇ ਹਨ, ਜਿਸ ਸਮੇਂ ਮੁਗ਼ਲ ਰਾਜ ਖਤਮ ਹੋਇਆ ਅਤੇ ਸਰਦਾਰ ਬਘੇਲ ਸਿੰਘ ਨੇ ਦਿੱਲੀ ਉਪਰ ਕਬਜਾ ਕੀਤਾ। ਉਹ ਸਰਦਾਰ ਬਘੇਲ ਸਿੰਘ ਨੂੰ ਮਰਦ ਕਾ ਚੇਲਾ ਮੰਨਦੇ ਹਨ। ਇਕ ਹੋਰ ਵਿਚਾਰ ਅਨੁਸਾਰ ਮਰਦ ਦਾ ਅਰਥ ਗੁਰੂ ਤੇਗ ਬਹਾਦਰ ਸਾਹਿਬ ਅਤੇ ਚੇਲਾ ਦਾ ਅਰਥ ਗੁਰੂ ਗੋਬਿੰਦ ਸਿੰਘ ਵੀ ਕੀਤਾ ਜਾਂਦਾ ਹੈ। ਤੀਜੇ ਵਿਚਾਰ ਅਨੁਸਾਰ ਮਰਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਤੇ ਚੇਲਾ ‘ਖਾਲਸਾ ਪੰਥ’ ਨੂੰ ਮੰਨ ਲਿਆ ਜਾਂਦਾ ਹੈ।
Bani Footnote ਭਾਈ ਵੀਰ ਸਿੰਘ ਰਚਨਾਵਲੀ, ਜਿਲਦ ਚੌਥੀ, ਭਾਗ ਦੂਜਾ, ਗੁਰੂ ਨਾਨਕ ਚਮਤਕਾਰ, ਪੰਨਾ ੭੩੩
ਮੁਗ਼ਲਾਂ ਦਾ ਰਾਜ ਨਸ਼ਟ ਹੋਣ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਤੀ ਨੂੰ ਵੀ ਇਸ ਤੁਕ ਦੀ ਵਿਆਖਿਆ ਵਜੋਂ ਸ਼ਾਮਲ ਕਰ ਲਿਆ ਜਾਂਦਾ ਹੈ। ਇਥੇ ‘ਮਰਦ ਕਾ ਚੇਲਾ’ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਿਆ ਜਾਂਦਾ ਹੈ।
Bani Footnote ਡਾ. ਹਰਭਜਨ ਸਿੰਘ ਅਤੇ ਹੋਰ (ਸੰਪਾ.), ਗਿਆਨੀ ਹਜ਼ਾਰਾ ਸਿੰਘ ਕ੍ਰਿਤ ਸ਼੍ਰੀ ਗੁਰੂ ਗ੍ਰੰਥ ਕੋਸ਼, ਜਿਲਦ ਪਹਿਲੀ, ਪੰਨਾ ੬੫


ਉਪਰੋਕਤ ਸਮੂਹ ਵਿਚਾਰਾਂ ਵਿਚ ਕਾਫੀ ਭਿੰਨਤਾ ਹੈ। ਇਸ ਸੰਦਰਭ ਵਿਚ ਭਾਈ ਵੀਰ ਸਿੰਘ ਦਾ ਇਹ ਕਥਨ ਬੇਹਦ ਮਹੱਤਵਪੂਰਣ ਹੈ ਕਿ ਇਸ ਸ਼ਬਦ ਵਿਚ ਸਦੀ ਬਾਰੇ ਨਹੀਂ ਕਿਹਾ ਗਿਆ, ਸਿਰਫ ਸਾਲ (ਅਠਤਰ ਅਤੇ ਸਤਾਨਵੇਂ) ਦਾ ਹੀ ਜ਼ਿਕਰ ਹੈ। ਸਦੀ ਉਹ ਹੀ ਮੰਨੀ ਜਾਵੇਗੀ ਜਿਸ ਵਿਚ ਇਸ ਸ਼ਬਦ ਦਾ ਉਚਾਰਣ ਹੋਇਆ ਹੈ। ਇਸ ਲਈ ਬਾਬਰ ਦੇ ਹਮਲੇ ਅਤੇ ਹਮਾਯੂੰ ਦੇ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਭੱਜ ਜਾਣ ਵਾਲਾ ਵਿਚਾਰ ਹੀ ਜਿਆਦਾ ਢੁਕਵਾਂ ਹੈ।
Bani Footnote ਡਾ. ਹਰਭਜਨ ਸਿੰਘ ਅਤੇ ਹੋਰ (ਸੰਪਾ.), ਗਿਆਨੀ ਹਜ਼ਾਰਾ ਸਿੰਘ ਕ੍ਰਿਤ ਸ਼੍ਰੀ ਗੁਰੂ ਗ੍ਰੰਥ ਕੋਸ਼, ਜਿਲਦ ਪਹਿਲੀ, ਪੰਨਾ ੬੫


ਜਿਥੋਂ ਤੱਕ ਬਾਬਰ ਦੇ ਹਮਲੇ ਸੰਬੰਧੀ ਭਵਿਖਬਾਣੀ ਦਾ ਸਵਾਲ ਹੈ ਤਾਂ ਮਿਹਰਬਾਨ ਵਾਲੀ ਜਨਮਸਾਖੀ ਦੇ ਵਿਵਰਣ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਸੈਦਪੁਰ ਪਹੁੰਚਣ ਤੋਂ ਪਹਿਲਾਂ ਕਾਬਲ ਆਦਿ ਥਾਵਾਂ ਦਾ ਚੱਕਰ ਲਾ ਕੇ ਆਏ ਸਨ। ਉਨ੍ਹਾਂ ਨੇ ਬਾਬਰ ਦੀ ਹਿੰਦੁਸਤਾਨ ਉਪਰ ਹਮਲੇ ਦੀ ਤਿਆਰੀ ਜਰੂਰ ਦੇਖੀ ਹੋਵੇਗੀ। ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਤਤਕਾਲੀ ਰਾਜਨੀਤਕ ਅਤੇ ਸਮਾਜਕ ਦਸ਼ਾ ਦਾ ਭਲੀ-ਭਾਂਤ ਚਿਤਰਣ ਕਰਦਾ ਹੈ। ਇਸ ਦਾ ਉਚਾਰਨ ਸਥਾਨ ਸੈਦਪੁਰ ਹੀ ਹੈ। ਹੋ ਸਕਦਾ ਹੈ ਕਿ ਇਸ ਨੂੰ ਕਰਤਾਰਪੁਰ ਵਿਖੇ ਲਿਖਿਆ ਗਿਆ ਹੋਵੇ।