ਬਾਣੀ ਦੇ ਸਲੋਕਾਂ ਅਤੇ ਪਉੜੀਆਂ ਵਿਚ ਇਕ ਹੀ ਭਾਵ ਨੂੰ ਅਭਿਵਿਅਕਤ ਕੀਤਾ ਗਿਆ ਹੈ। ਸਲੋਕ ਦੀ ਆਪਣੀ ਇਕ ਸੀਮਾ ਹੁੰਦੀ ਹੈ। ਸਲੋਕ ਵਿਚ ਵਿਚਾਰ ਇਵੇਂ ਗੁੰਦੇ ਹੁੰਦੇ ਹਨ, ਜਿਵੇਂ ਕੁੱਜੇ ਵਿਚ ਸਮੁੰਦਰ, ਪਰ ਪਉੜੀ ਵਿਚ ਸਲੋਕ ਦੇ ਉਸ ਵਿਚਾਰ ਨੂੰ ਵਿਸਥਾਰ ਦੇ ਕੇ ਸਮਝਾਇਆ ਹੁੰਦਾ ਹੈ।
ਚੰਦਰਮਾਂ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸੁਖਮਨੀ ਸਾਹਿਬ ਤੋਂ ਤੁਰੰਤ ਬਾਅਦ ਆਉਂਦੀ ਹੈ। ਅਕਾਰ ਪਖੋਂ ਛੋਟੀ ਪਰ ਸੁਖਮਨੀ ਸਾਹਿਬ ਵਾਂਗ ਹੀ ਸਰਲ, ਸੁਖੈਨ ਤੇ ਭਾਵਪੂਰਤ ਹੋਣ ਕਾਰਣ ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ ਇਸ ਬਾਣੀ ਦਾ ਵੀ ਪਾਠ ਕੀਤਾ ਜਾਂਦਾ ਹੈ।
‘ਥਿਤੀ’ ਸ਼ਬਦ ‘ਤਿਥਿ’ ਦਾ ਹੀ ਰੁਪਾਂਤਰਣ ਹੈ। ‘ਤਿਥਿ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜੋ ਗੁਰਬਾਣੀ ਵਿਚ ਥਿਤਿ, ਥੀਤਿ, ਥਿਤੀ ਆਦਿ ਰੂਪਾਂ ਵਿਚ ਵਰਤਿਆ ਗਿਆ ਹੈ। ਥਿਤਾਂ (ਤਿਥਾਂ)
ਗੁਰੂ ਗ੍ਰੰਥ ਸਾਹਿਬ ਵਿਚ ਬਾਰਾਂ ਮਹੀਨਿਆਂ ’ਤੇ ਅਧਾਰਤ ‘ਬਾਰਹਮਾਹਾ’ ਬਾਣੀ ਵਾਂਗ ਹੀ ਰੁਤਾਂ, ਥਿਤਾਂ, ਵਾਰਾਂ, ਪਹਿਰਾਂ ਆਦਿ ਉਪਰ ਅਧਾਰਤ ਬਾਣੀਆਂ ਵੀ ਮਿਲਦੀਆਂ ਹਨ, ਜਿਵੇਂ:
- ਦੇਸੀ ਸਾਲ ਦੀਆਂ ੬ ਰੁਤਾਂ ’ਤੇ ਅਧਾਰਤ ‘ਰੁਤੀ।’
- ਚੰਦਰਮਾ ਦੀ ਸਥਿਤੀ ਅਨੁਸਾਰ ਗਿਣੇ ਜਾਣ ਵਾਲੇ ਪਖਾਂ (ਵਦੀ ਤੇ ਸੁਦੀ) ਦੀਆਂ ਥਿਤਾਂ (ਤਰੀਕਾਂ) ’ਤੇ ਅਧਾਰਤ ‘ਥਿਤੀ।’
- ਹਫਤੇ ਦੇ ਸਤ ਦਿਨਾਂ ’ਤੇ ਅਧਾਰਤ ‘ਵਾਰ ਸਤ।’।
- ਦਿਨ ਅਤੇ ਰਾਤ ’ਤੇ ਅਧਾਰਤ ‘ਦਿਨ ਰੈਣਿ।’
- ਦਿਨ ਜਾਂ ਰਾਤ ਦੇ ਚਾਰ ਪਹਿਰਾਂ ’ਤੇ ਅਧਾਰਤ ‘ਪਹਰੇ।’
ਪੁਰਾਤਨ ਸਮੇਂ ਤੋਂ ਹੀ ਸਾਲ ਨੂੰ ਮਾਪਣ ਦੇ ਦੋ ਤਰੀਕੇ ਪ੍ਰਚਲਤ ਹਨ। ਪਹਿਲਾ, ਸੂਰਜ ਦੀ ਚਾਲ ਦੇ ਹਿਸਾਬ ਨਾਲ ਅਤੇ ਦੂਜਾ, ਚੰਦਰਮਾ ਦੇ ਅਧਾਰ ’ਤੇ। ਇਨ੍ਹਾਂ ਦੋਵਾਂ ਗਿਣਤੀਆਂ-ਮਿਣਤੀਆਂ ਦੇ ਹਿਸਾਬ ਨਾਲ ਵਰ੍ਹੇ/ਸਾਲ ਨੂੰ ‘ਸੂਰਜ-ਵਰਸ਼’ ਅਤੇ ‘ਚੰਦਰ-ਵਰਸ਼’ ਨਾਂਵਾਂ ਨਾਲ ਸੰਬੋਧਤ ਕੀਤਾ ਜਾਂਦਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਧਾਰਮਕ ਰੀਤੀ-ਰਿਵਾਜਾਂ ਲਈ ਮੁੱਖ ਰੂਪ ਵਿਚ ‘ਚੰਦਰ-ਵਰਸ਼’ ਨੂੰ ਹੀ ਜਿਆਦਾ ਮਾਨਤਾ ਦਿੱਤੀ ਜਾਂਦੀ ਹੈ।
ਥਿਤਾਂ ਅਸਲ ਵਿਚ ਚੰਦਰਮਾ ਨਾਲ ਸੰਬੰਧਤ ਤਾਰੀਖਾਂ ਹਨ। ਪਰ ਜੋਤਸ਼ੀਆਂ ਨੇ ਇਨ੍ਹਾਂ ਦੇ ਨਾਲ ਵਹਿਮ-ਭਰਮ ਜੋੜ ਦਿੱਤੇ, ਜਿਵੇਂ ਏਕਮ ਜਾਂ ਚੰਦਰ-ਮਹੀਨੇ ਦੀ ਪਹਿਲੀ ਅਤੇ ਸੋਲਵੀਂ ਥਿਤ ਨੂੰ ਪੜ੍ਹਨ-ਪੜ੍ਹਾਉਣ ਦੀ ਛੁੱਟੀ ਹੁੰਦੀ ਸੀ। ਪਰੰਤੂ ਇਸ ਨਾਲ ਇਹ ਵਹਿਮ ਜੋੜਿਆ ਗਿਆ ਕਿ ਜੇ ਕੋਈ ਵਿਅਕਤੀ ਏਕਮ ਵਾਲੇ ਦਿਨ ਪੜ੍ਹਾਈ ਕਰੇਗਾ ਤਾਂ ਉਸ ਨਾਲ ਵਿਦਿਆ ਰੁੱਸ ਜਾਵੇਗੀ।
ਥਿਤਾਂ ਦੀ ਇਸ ਮਾਨਤਾ ਦੇ ਅਧਾਰ ’ਤੇ ਕੀਤੇ ਜਾਣ ਵਾਲੇ ਕਰਮ-ਕਾਂਡਾਂ ਵਿਚੋਂ ਪੂਰਨਮਾਸ਼ੀ ਦੇ ਵਰਤ ਰਖਣ ਸੰਬੰਧੀ ਗਿਆਨੀ ਹਰਿਬੰਸ ਸਿੰਘ ਦਾ ਵਿਚਾਰ ਹੈ, “ਵਰਤਮਾਨ ਸਮੇਂ ਵਿਚ ਪੂਰਨਮਾਸ਼ੀ ਦਾ ਵਰਤ ਰਖਣ ਵਾਲਿਆਂ ਦੀ ਗਿਣਤੀ ਦਿਨ ਬਦਿਨ ਵਧਦੀ ਜਾ ਰਹੀ ਹੈ। ਇਹ ਬੀਮਾਰੀ ਗੁਰਦੁਆਰਿਆਂ ਵਿਚ ਵੀ ਧਸ ਗਈ ਹੈ। ਕਥਾ ਪੂਰਨਮਾਸ਼ੀ ਪੜ੍ਹਨ ਦੀ ਵਾਦੀ ਇਥੋਂ ਤਕ ਵਧ ਗਈ ਹੈ ਕਿ ਬੀਬੀਆਂ ਗੁਰਦੁਆਰਿਆਂ ਵਿਚ ਵਿਸ਼ੇਸ਼ ਪ੍ਰੋਗਰਾਮ ਕਰਨ ਲਗ ਪਈਆਂ ਹਨ। ਪੂਰਨਮਾਸ਼ੀ ਦੀ ਕਲਪਤ ਕਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਦਯਾ ਸਿੰਘ ਨਾਲ ਜੋੜਨਾ, ਮਹਾਂ ਮੂੜ੍ਹਤਾ ਹੈ। ‘ਗੁਰੂ ਨਾਨਕ ਦਰਪਣ’ ਦੇ ਕਰਤਾ ਨੇ ਨਿਜੀ ਜਾਣਕਾਰੀ ਦੇ ਆਧਾਰ ਤੇ ਇਹ ਦੱਸਿਆ ਹੈ ਕਿ ਪੂਰਨਮਾਸ਼ੀ ਦੀ ਕਥਾ ਦੇ ਤਿੰਨ ਰੂਪ ਮਿਲਦੇ ਹਨ, ਇਕ ਛੰਦਾਬੰਦੀ ਵਿਚ, ਦੂਜਾ ਵਾਰਤਕ ਵਿਚ, ਤੀਜਾ ਬਾਰ੍ਹਾਂ ਮਹੀਨਿਆਂ ਦੀਆਂ ਕਥਾਵਾਂ ਵਿਚ। ਇਹ ਕਥਾ ਸਭ ਤੋਂ ਪਹਿਲਾਂ ਸੰਤ ਪੂਰਨ ਸਿੰਘ ਪਿੰਡ ਬਲਕਸਰ ਤਹਿਸੀਲ ਚਕਵਾਲ, ਜਿਲਾ ਜਿਹਲਮ ਵਾਲੇ ਨੇ ਲਿਖੀ ਸੀ, ਫਿਰ ਉਸ ਨੇ ਆਪ ਹੀ ਸੰਨ ੧੯੦੯ ਵਿਚ ਪਿੰਡ ਤਹਿਸੀਲ ਚਕਵਾਲ (ਜਿਹਲਮ) ਵਿਚ ਖਾਲਸਾ ਦੀਵਾਨ ਸਮੇਂ ਆਪਣੀ ਭੁਲ ਉੱਤੇ ਆਪ ਹੀ ਸ਼ਰਮਸਾਰ ਹੋ ਕੇ ਬਾਹਵਾਂ ਉਚੀਆਂ ਕਰ ਕੇ ਹੇਠ ਲਿਖੇ ਸ਼ਬਦ ਰਾਹੀਂ ਖਿਮਾਂ ਮੰਗੀ ਸੀ, ਯਥਾ: ‘ਦੁਹਾਈ ਰੱਬ ਦੀ, ਦੁਹਾਈ ਰੱਬ ਦੀ, ਮੈਂ ਜੋ ਕੁਝ ਕੀਤਾ ਅਨਰਥ ਕੀਤਾ, ਮੈਂ ਕੁਫਰ ਤੋਲਿਆ, ਲੋਗੋ ਮੈਂ ਕੁਫਰ ਤੋਲਿਆ।’”
ਚੰਦਰਮਾਂ ਦੀਆਂ ਥਿਤਾਂ ’ਤੇ ਅਧਾਰਤ ਕਾਵਿ-ਰਚਨਾ ਹੋਣ ਕਰਕੇ ਥਿਤੀ ਵਿਚ ਚੰਦਰਮਾਂ ਦੀਆਂ ੧੫ ਥਿਤਾਂ ਕੇਂਦਰੀ ਸਥਾਨ ਗ੍ਰਹਿਣ ਕਰਦੀਆਂ ਹਨ। ਇਸ ਵਿਚ ਏਕਮ ਤੋਂ ਅਮਾਵਸ ਤਕ ਦੀਆਂ ਥਿਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ‘ਥਿਤੀ’ ਸਿਰਲੇਖ ਹੇਠ ਤਿੰਨ ਬਾਣੀਆਂ ਦਰਜ ਹਨ:
| ਲੜੀ ਨੰ. | ਬਾਣੀ ਦਾ ਸਿਰਲੇਖ | ਬਾਣੀਕਾਰ | ਰਾਗ | ਪੰਨਾ ਨੰ. |
| ੧ | ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ | ਗੁਰੂ ਨਾਨਕ ਸਾਹਿਬ | ਬਿਲਾਵਲ | ੮੩੮-੮੪੦ |
| ੨ | ਥਿਤੀ ਗਉੜੀ ਮਹਲਾ ੫ | ਗੁਰੂ ਅਰਜਨ ਸਾਹਿਬ | ਗਉੜੀ | ੨੯੬-੩੦੦ |
| ੩ | ਰਾਗ ਗਉੜੀ ਥਿਤੰੀ ਕਬੀਰ ਜੀ ਕੰੀ | ਭਗਤ ਕਬੀਰ ਜੀ | ਗਉੜੀ | ੩੪੩-੩੪੪ |
ਮੱਸਿਆ (ਅਮਾਵਸ) ਅਤੇ ਪੁੰਨਿਆ (ਪੂਰਨਮਾਸ਼ੀ) ਨੂੰ ਛਡ ਕੇ ਚੰਦਰ-ਮਹੀਨੇ ਦੀ ਹਰੇਕ ਥਿਤ ਦਾ ਨਾਮ ਗਿਣਤੀ ਦੇ ਅਧਾਰ ’ਤੇ ਹੈ। ਉਪਰੋਕਤ ਬਾਣੀਆਂ ਵਿਚ ਇਹ ਗਿਣਤੀ ਇਕ ਤੋਂ ਲੈ ਕੇ ਚੌਦਾਂ ਤਕ ਇਕਸਾਰ ਚਲਦੀ ਹੈ। ਇਨ੍ਹਾਂ ਬਾਣੀਆਂ ਅਤੇ ਲੋਕ-ਭਾਸ਼ਾ ਵਿਚ ਥਿਤਾਂ ਦੇ ਨਾਮ ਦੀ ਸਾਰਣੀ ਗਿ. ਹਰਿਬੰਸ ਸਿੰਘ ਜੀ ਨੇ ਇਸ ਤਰ੍ਹਾਂ ਦਿੱਤੀ ਹੈ:
| ਗੁਰੂ ਨਾਨਕ ਸਾਹਿਬ ਏਕਮ ਦੂਜੀ ਤ੍ਰਿਤੀਆ ਚਉਥਿ ਪੰਚਮੀ ਖਸਟੀ ਸਪਤਮੀ ਅਸਟਮੀ ਨਉਮੀ ਦਸਮੀ ਏਕਾਦਸੀ ਦੁਆਦਸਿ/ਦੁਆਦਸੀ ਤੇਰਸਿ ਚਉਦਸਿ ਅਮਾਵਸਿਆ - | ਗੁਰੂ ਅਰਜਨ ਸਾਹਿਬ ਏਕਮ ਦੁਤੀਆ ਤ੍ਰਿਤੀਆ ਚਤੁਰਥਿ ਪੰਚਮਿ ਖਸਟਮਿ ਸਪਤਮਿ ਅਸਟਮੀ ਨਉਮੀ ਦਸਮੀ ਏਕਾਦਸੀ ਦੁਆਦਸੀ ਤ੍ਰਉਦਸੀ ਚਉਦਹਿ ਅਮਾਵਸਿ ਪੂਰਨਮਾ | ਭਗਤ ਕਬੀਰ ਜੀ ਪਰਿਵਾ ਦੁਤੀਆ ਤ੍ਰਿਤੀਆ ਚਉਥਹਿ ਪਾਂਚੈ ਛਠਿ ਸਾਤੈਂ ਅਸਟਮੀ ਨਉਮੀ ਦਸਮੀ ਏਕਾਦਸੀ ਬਾਰਸਿ ਤੇਰਸਿ ਚਉਦਸਿ ਅੰਮਾਵਸ ਪੂਨਿਉ | ਲੋਕ-ਭਾਸ਼ਾ ਏਕਮ/ਪਹਿਲਾ ਦੂਜ ਤੀਜ ਚੌਥ ਪੰਚਮੀ ਛਠ ਸਤੇ/ਸੱਤੋ ਅੱਠੇ ਨੌਮੀ ਦਸਵੀਂ ਏਕਾਦਸੀ ਦੁਆਦਸੀ ਤ੍ਰੇਈ/ਤੇਰਾਂ ਚੌਦਸ ਮੱਸਿਆ ਪੁੰਨਿਆ/ਪੂਰਨਮਾਸੀ |



