Guru Granth Sahib Logo
  
ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ‘ਮਾਰੂ ਕਾਫੀ’ ਸਿਰਲੇਖ ਅਧੀਨ ਉਚਾਰਣ ਕੀਤੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੦੧੪-੧੦੧੬ ਉਪਰ ਦਰਜ ਹਨ। ਇਨ੍ਹਾਂ ਵਿਚੋਂ ਪਹਿਲੇ ਦੋ ਸ਼ਬਦਾਂ ਦੇ ਅਠ-ਅਠ ਅਤੇ ਤੀਜੇ ਸ਼ਬਦ ਦੇ ਸਤ ਬੰਦ ਹਨ। ‘ਰਹਾਉ’ ਵਾਲਾ ਇਕ-ਇਕ ਬੰਦ ਇਨ੍ਹਾਂ ਤੋਂ ਵਖਰਾ ਹੈ।

ਗੁਰੂ ਸਾਹਿਬ ਦੁਆਰਾ ਉਚਾਰਣ ਕੀਤੇ ਗਏ ਪਹਿਲੇ ਸ਼ਬਦ ਵਿਚ ਪ੍ਰਭੂ ਦੇ ਵਿਛੋੜੇ ਤੋਂ ਉਪਜੇ ਦੁਖਾਂਤ ਦਾ ਜ਼ਿਕਰ ਮਿਲਦਾ ਹੈ। ਮਨੁਖ ਸੰਸਾਰਕ ਸੁਖ ਪ੍ਰਾਪਤ ਕਰਕੇ ਵੀ ਪ੍ਰਭੂ ਦੇ ਵਿਛੋੜੇ ਕਾਰਣ ਦੁਖੀ ਹੀ ਰਹਿੰਦਾ ਹੈ। ਇਸ ਲਈ ਪ੍ਰਭੂ ਅੱਗੇ ਆਪਣੇ ਰੰਗ ਵਿਚ ਰੰਗ ਲੈਣ ਦੀ ਅਰਜੋਈ ਕੀਤੀ ਗਈ ਹੈ। ਦੂਜੇ ਸ਼ਬਦ ਵਿਚ ਸੰਸਾਰਕ ਸੰਬੰਧਾਂ ਦੀ ਨਾਸ਼ਮਾਨਤਾ ਨੂੰ ਦ੍ਰਿੜ ਕਰਾਇਆ ਗਿਆ ਹੈ ਅਤੇ ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਭੂ ਦੇ ਸਦੀਵੀ ਮਿਲਾਪ ਹੋ ਸਕਣ ਦੀ ਸੋਝੀ ਬਖਸ਼ੀ ਗਈ ਹੈ। ਤੀਜੇ ਸ਼ਬਦ ਵਿਚ ਪ੍ਰਭੂ ਦੇ ਗੁਣਾਂ ਦਾ ਵਰਨਣ ਕਰਦਿਆਂ ਕਿਹਾ ਗਿਆ ਹੈ ਕਿ ਕੇਵਲ ਓਹੀ ਮਨੁਖ ਸਥਿਰ ਆਤਮਕ ਜੀਵਨ ਪਾਉਂਦਾ ਹੈ, ਜੋ ਗੁਰ-ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਨਾਲ ਸੁਰਤ ਜੋੜਦਾ ਹੈ।