ਇਸ ਬਾਰੇ ਵਖ-ਵਖ ਮਤ ਪਾਏ ਜਾਂਦੇ ਹਨ ਕਿ ਗੁਰੂ ਨਾਨਕ ਸਾਹਿਬ ਮੁਲਤਾਨ ਕਦੋਂ ਗਏ? ਭਾਈ ਗੁਰਦਾਸ ਜੀ ਅਨੁਸਾਰ ਗੁਰੂ ਸਾਹਿਬ ਨੇ ਆਪਣੀਆਂ ਉਦਾਸੀਆਂ (ਧਾਰਮਕ ਯਾਤਰਾਵਾਂ) ਦੀ ਸਮਾਪਤੀ ਤੋਂ ਬਾਅਦ ਕਰਤਾਰਪੁਰ ਸਾਹਿਬ ਨਿਵਾਸ ਕੀਤਾ। ਇਸੇ ਸਮੇਂ ਦੌਰਾਨ ਹੀ ਇਕ ਵਾਰ ਆਪ ਜੀ ਸ਼ਿਵਰਾਤਰੀ ਦੇ ਮੇਲੇ ’ਤੇ ਅਚਲ ਵਟਾਲੇ ਸਿਧਾਂ ਨਾਲ ਗੋਸਟੀ ਕਰਨ ਉਪਰੰਤ ਮੁਲਤਾਨ ਗਏ:
ਜਿਣਿ ਮੇਲਾ ਸਿਵਰਾਤਿ ਦਾ ਖਟ ਦਰਸਨ ਆਦੇਸਿ ਕਰਾਈ।...
ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ। -ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੪
ਪ੍ਰੋ. ਸਾਹਿਬ ਸਿੰਘ ਅਤੇ ਡਾ. ਤ੍ਰਿਲੋਚਨ ਸਿੰਘ ਨੇ ਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅਧਾਰ ’ਤੇ ਗੁਰੂ ਸਾਹਿਬ ਦੇ ਕਰਤਾਰਪੁਰ ਨਿਵਾਸ ਦੌਰਾਨ ਹੀ ਉਨ੍ਹਾਂ ਦੀ ਮੁਲਤਾਨ ਫੇਰੀ ਦਾ ਜ਼ਿਕਰ ਕੀਤਾ ਹੈ।
ਫੌਜਾ ਸਿੰਘ ਤੇ ਕਿਰਪਾਲ ਸਿੰਘ ਨੇ ਪੁਰਾਤਨ ਜਨਮਸਾਖੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਆਪਣੀ ਦੂਜੀ ਉਦਾਸੀ ਸਮੇਂ ਮੁਲਤਾਨ ਗਏ। ...ਮਿਹਰਬਾਨ ਵਾਲੀ ਜਨਮ ਸਾਖੀ ਅਨੁਸਾਰ ਵੀ ਪੱਛਮ ਦੀ ਉਦਾਸੀ, ਜਿਹੜੀ ਫੌਜਾ ਸਿੰਘ ਅਤੇ ਕਿਰਪਾਲ ਸਿੰਘ ਅਨੁਸਾਰ ਦੂਜੀ ਉਦਾਸੀ ਹੈ, ਦੌਰਾਨ ਗੁਰੂ ਸਾਹਿਬ ਮੁਲਤਾਨ ਗਏ।
ਭਾਈ ਗੁਰਦਾਸ ਜੀ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਮੁਲਤਾਨ ਪਹੁੰਚੇ ਤਾਂ ਉਥੋਂ ਦੇ ਪੀਰਾਂ ਨੇ ਇਕ ਦੁਧ ਦਾ ਭਰਿਆ ਕਟੋਰਾ ਗੁਰੂ ਸਾਹਿਬ ਵੱਲ ਭੇਜਿਆ:
ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ।
ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧ ਵਿਚਿ ਮਿਲਾਈ।
ਜਿਉ ਸਾਗਰ ਵਿਚਿ ਗੰਗ ਸਮਾਈ। -ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੪
ਭਾਈ ਵੀਰ ਸਿੰਘ ਨੇ ‘ਗੁਰੂ ਨਾਨਕ ਚਮਤਕਾਰ’ ਵਿਚ ਇਸ ਘਟਨਾ ਨੂੰ ਬਿਆਨ ਕਰਦਿਆਂ ਲਿਖਿਆ ਹੈ:
ਦੁੱਧ ਦਾ ਕਟੋਰਾ ਆਯਾ ਪੀਰਾਂ ਦੀ ਸੁਗਾਤ ਭਾਰੀ, ਵੇਖ ਗੁਰੂ ਨਾਨਕ ਉਸ ਦੁੱਧ ਤਾਈਂ ਹੱਸਿਆ।
ਫੁੱਲ ਲੈ ਚੰਬੇਲੀ ਸੰਦਾ ਮਲਕੜੇ ਟਿਕਾਂਵਦਾ ਨੀ, ਦੁੱਧ ਉਤੇ ਫੁੱਲ ਸੁਹਣਾ ਬੈਠ ਕੇ ਸਰੱਸਿਆ।
ਫੁੱਲਾਂ ਵਾਲਾ ਮੇਲ ਸਾਡਾ, ਦੁਖਣਾ ਦੁਖਾਵਣਾ ਨਾ, ਪੀਰਾਂ ਤਾਈਂ ਗੁਰੂ ਜੀ ਨੇ ਭਾਵ ਐਉਂ ਦੱਸਿਆ।
ਰੱਬ ਨਿਰਵੈਰ, ਰਹਿਤ ਸੰਤ ਵੈਰ ਲੋੜੀਏ ਜੀ, ਜੀਵ ਜੀਵ ਵਿਚ ਪਯਾਰ ਚਾਹੀਦਾ ਹੈ ਰੱਸਿਆ।
ਪ੍ਰੋ. ਸਾਹਿਬ ਸਿੰਘ ਅਨੁਸਾਰ ਦੁਧ ਦਾ ਕਟੋਰਾ ਭੇਜਣ ਦਾ ਭਾਵ ਸੀ ਕਿ ਸਾਡਾ (ਭਾਵ ਪੀਰਾਂ ਦਾ) ਮਤ ਦੁਧ ਵਰਗਾ ਚਿੱਟਾ ਤੇ ਬੇ-ਦਾਗ਼ ਜੀਵਨ ਜਿਊਣ ਦੀ ਜਾਚ ਸਿਖਾਉਂਦਾ ਹੈ। ਗੁਰੂ ਸਾਹਿਬ ਵੱਲੋਂ ਚੰਬੇਲੀ ਦਾ ਫੁੱਲ ਦੁਧ ਉੱਤੇ ਟਿਕਾਉਣ ਦਾ ਭਾਵ ਸੀ ਕਿ ਬੇ-ਦਾਗ਼ ਜੀਵਨ ਜਿਊਣ ਲਈ ਜਗਤ ਦੀ ਮਾਇਆ ਤੋਂ ਇਸ ਤਰ੍ਹਾਂ ਉੱਤੇ ਰਹਿਣਾ ਹੈ, ਜਿਵੇਂ ਇਹ ਫੁੱਲ ਦੁਧ ਉੱਤੇ ਤੈਰ ਰਿਹਾ ਹੈ।
ਕਿਰਪਾਲ ਸਿੰਘ ਅਨੁਸਾਰ ਪੀਰਾਂ ਵੱਲੋਂ ਦੁਧ ਦਾ ਭਰਿਆ ਕਟੋਰਾ ਭੇਜਣ ਦਾ ਇਕ ਭਾਵ ਇਹ ਵੀ ਸੀ ਕਿ ਮੁਲਤਾਨ ਵਿਚ ਪਹਿਲਾਂ ਹੀ ਕਾਫੀ ਫਕੀਰ ਹਨ, ਇਸ ਲਈ ਹੋਰ ਫਕੀਰਾਂ ਲਈ ਥਾਂ ਨਹੀਂ ਹੈ। ਗੁਰੂ ਸਾਹਿਬ ਨੇ ਦੁਧ ਉਪਰ ਜੋ ਚੰਬੇਲੀ ਦਾ ਫੁੱਲ ਟਿਕਾਇਆ ਉਸ ਦਾ ਭਾਵ ਸੀ ਕਿ ਭਾਵੇਂ ਕਿੰਨੇ ਫਕੀਰ ਹੋਣ, ਫਿਰ ਵੀ ਉਹ ਉਨ੍ਹਾਂ ਵਿਚ ਟਿਕ ਜਾਣਗੇ। ਉਨ੍ਹਾਂ ਦਾ ਵਿਚਾਰ ਹੈ ਕਿ ਪੀਰਾਂ ਵੱਲੋਂ ਦੁਧ ਦਾ ਕਟੋਰਾ ਭੇਜਣ ਵਾਲੀ ਘਟਨਾ ਨੂੰ ਹਵਾਲਿਆਂ ਸਹਿਤ ਕਈ ਹੋਰ ਪੀਰਾਂ-ਫਕੀਰਾਂ ਨਾਲ ਵੀ ਵਾਪਰੀ ਦਰਸਾਇਆ ਹੈ। ਹੋ ਸਕਦਾ ਹੈ ਕਿ ਇਹ ਘਟਨਾ ਕਈ ਵਾਰ ਦੁਹਰਾਈ ਗਈ ਹੋਵੇ। ਐਨਸਾਈਕਲੋਪੀਡੀਆ ਆਫ ਰਿਲੀਜਨ ਐਂਡ ਐਥਿਕਸ ਅਨੁਸਾਰ ਸੂਫੀਆਂ ਦੀ ਕਾਦਰੀ ਸੰਪਰਦਾਇ ਦੇ ਬਾਨੀ ਸ਼ੇਖ ਅਬਦੁਲ ਕਾਦਰ ਗੀਲਾਨੀ ਜਦੋਂ ਬਗਦਾਦ ਗਏ ਤਾਂ ਬਗਦਾਦ ਦੇ ਫਕੀਰਾਂ ਨੇ ਦੁਧ ਦਾ ਕਟੋਰਾ ਭਰ ਕੇ ਭੇਜਿਆ ਤਾਂ ਸ਼ੇਖ ਅਬਦੁਲ ਕਾਦਰ ਗੀਲਾਨੀ ਨੇ ਦੁਧ ਦੇ ਕਟੋਰੇ ’ਤੇ ਗੁਲਾਬ ਦਾ ਫੁੱਲ ਰਖ ਦਿੱਤਾ। ਮੁਲਤਾਨ ਡਿਸਟ੍ਰਿਕ ਗਜ਼ਟੀਅਰ ਦੇ ਪੰਨਾ ੨੮੮ ਵਿਚ ਲਿਖਿਆ ਹੈ ਕਿ ਜਦੋਂ ਸ਼ਮਸ ਤਬਰੇਜ਼ ਮੁਲਤਾਨ ਆਇਆ ਉਦੋਂ ਵੀ ਮੁਲਤਾਨ ਦੇ ਫਕੀਰਾਂ ਨੇ ਉਸ ਨੂੰ ਦੁਧ ਦਾ ਲੋਟਾ ਭੇਜਿਆ ਤੇ ਉਸ ਨੇ ਅੱਗੋਂ ਗੁਲਾਬ ਦੇ ਫੁੱਲ ਦਾ ਪੱਤਾ ਉਸ ਉੱਤੇ ਰਖ ਦਿੱਤਾ।
ਡਾ. ਤ੍ਰਿਲੋਚਨ ਸਿੰਘ ਲਿਖਦੇ ਹਨ ਕਿ ਮੁਲਤਾਨ ਦੇ ਸੂਫ਼ੀ ਪੀਰ ਜਦੋਂ ਕਿਸੇ ਮਹਾਂਪੁਰਸ਼ ਨੂੰ ਮੁਲਤਾਨ ਤੋਂ ਚਲੇ ਜਾਣ ਲਈ ਕਹਿਣਾ ਚਾਹੁੰਦੇ ਤਾਂ ਉਹ ਬੜੇ ਸੁੰਦਰ ਸੰਕੇਤ ਨਾਲ ਇਸ ਗੱਲ ਨੂੰ ਕਿਹਾ ਕਰਦੇ ਸਨ। ਜਦੋਂ ਸ਼ੇਖ ਫ਼ਰੀਦ ਜੀ ਦੇ ਮੁਰਸ਼ਦ ਬਖਤਿਆਰ ਕਾਕੀ ਮੁਲਤਾਨ ਆਏ ਤਾਂ ਉਨ੍ਹਾਂ ਨੂੰ ਉਥੋਂ ਚਲੇ ਜਾਣ ਦੇ ਸੰਕੇਤਕ ਰੂਪ ਵਿਚ ਉਨ੍ਹਾਂ ਦੇ ਜੁੱਤੇ ਦਾ ਮੂੰਹ ਬਾਹਰ ਵੱਲ ਕਰ ਦਿੱਤਾ ਗਿਆ ਸੀ।
ਮਿਹਰਬਾਨ ਵਾਲੀ ਜਨਮਸਾਖੀ ਅਨੁਸਾਰ ਮੁਲਤਾਨ ਵਿਖੇ ਗੁਰੂ ਸਾਹਿਬ ਦਾ ਮੇਲ ਪੀਰ ਬਹਾਵਦੀ
ਸ਼ਬਦ ਸੁਣ ਕੇ ਸ਼ੇਖ ਬਹਾਉ-ਦੀਨ ਮਖਦੂਮ ਬਹੁਤ ਪ੍ਰਭਾਵਤ ਹੋਇਆ। ਉਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀ ਪਹੁੰਚੇ ਹੋਏ ਮਹਾਂਪੁਰਖ ਹੋ, ਜਿਨ੍ਹਾਂ ਨੇ ਸਾਨੂੰ ਰੱਬ ਦੇ ਦੀਦਾਰ ਕਰਵਾਏ। ਇਸ ਦੇ ਉੱਤਰ ਵਿਚ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡੇ ਪਿੱਛੇ ਵਡੇ ਪੀਰ ਬਹਾਵਦੀ ਦੀ ਕਮਾਈ ਹੈ ਅਤੇ ਤੁਸੀਂ ਵੀ ਮਹਾਨ ਹੋ।
ਮਿਹਰਬਾਨ ਵਾਲੀ ਜਨਮਸਾਖੀ ਵਿਚ ਦੂਜੇ ਸ਼ਬਦ ਦੇ ਉਚਾਰਣ ਦਾ ਸੰਬੰਧ ਵੀ ਮੁਲਤਾਨ ਨਾਲ ਹੀ ਜੋੜਿਆ ਗਿਆ ਹੈ। ਇਸ ਜਨਸਾਖੀ ਵਿਚ ਇਸ ਸ਼ਬਦ ਦੀ ਉਥਾਨਕਾ ਨੂੰ ਸਮਾਜਕ ਵਰਤਾਰੇ ਨਾਲ ਜੋੜਿਆ ਗਿਆ ਹੈ। ਇਸ ਉਥਾਨਕਾ ਅਨੁਸਾਰ ਗੁਰੂ ਨਾਨਕ ਸਾਹਿਬ ਮੁਲਤਾਨ ਵਿਚ ਬੈਠੇ ਸਨ। ਉਨ੍ਹਾਂ ਨੇ ਵੇਖਿਆ ਕਿ ਇਕ ਇਸਤਰੀ ਪੇਕਿਆਂ ਤੋਂ ਸਹੁਰੇ ਜਾ ਰਹੀ ਹੈ। ਉਸ ਦੀਆਂ ਚਾਚੀਆਂ, ਤਾਈਆਂ, ਭੈਣਾਂ, ਭਰਜਾਈਆਂ ਅਤੇ ਸ਼ਰੀਕੇ ਦੀਆਂ ਹੋਰ ਔਰਤਾਂ ਉਸ ਦੇ ਗਲ ਲੱਗ ਕੇ ਰੋ ਰਹੀਆਂ ਹਨ। ਗੁਰੂ ਸਾਹਿਬ ਉਨ੍ਹਾਂ ਵੱਲ ਵੇਖ ਕੇ ਕੁਝ ਸੋਚਣ ਲੱਗੇ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਇਨ੍ਹਾਂ ਦੀ ਕਿਹੜੀ ਗੱਲ ਲੇਖੇ ਵਿਚ ਪਈ, ਭਾਵ ਇਹ ਰੋਣਾ ਕੀ ਅਰਥ ਰਖਦਾ ਹੈ? ਗੁਰੂ ਸਾਹਿਬ ਨੇ ਕਿਹਾ ਕਿ ਇਹ ਪ੍ਰੀਤ ਅਤੇ ਮੋਹ ਕਾਰਣ ਵਿਛੜਨ ਸਮੇਂ ਰੋਂਦੀਆਂ ਹਨ। ਪਰ ਇਸ ਤਰ੍ਹਾਂ ਦਾ ਰੋਣਾ ਪਰਮਾਤਮਾ ਲਈ ਹੋਵੇ ਤਾਂ ਕੋਈ ਅਰਥ ਹੈ। ਇਹ ਭੈਣਾਂ ਅਤੇ ਭਰਜਾਈਆਂ ਦੇ ਰਿਸ਼ਤੇ ਅਧਿਆਤਮਕ ਜੀਵਨ ਵਿਚ ਕੋਈ ਕੰਮ ਨਹੀਂ ਆਉਂਦੇ। ਸਿਰਫ ਗੁਰੂ ਦੇ ਮਨ ਨੂੰ ਭਾਉਂਦੀਆਂ ਸੰਤਸੰਗੀ ਸਹੇਲੀਆਂ ਹੀ ਅਧਿਆਤਮਕ ਜੀਵਨ ਵਿਚ ਕੰਮ ਆ ਸਕਦੀਆਂ ਹਨ। ਇਥੇ ਗੁਰੂ ਸਾਹਿਬ ਨੇ ਵਿਚਾਰ ਅਧੀਨ ਇਹ ਸ਼ਬਦ ਉਚਾਰਿਆ: ਨਾ ਭੈਣਾ ਭਰਜਾਈਆ... ਸਚੇ ਜੇਹੜਾ ਸੋਇ ॥ -ਗੁਰੂ ਗ੍ਰੰਥ ਸਾਹਿਬ ੧੦੧੫
‘ਮਾਰੂ ਕਾਫੀ ਮਹਲਾ ੧’ ਸਿਰਲੇਖ ਹੇਠਲੇ ਤੀਜੇ ਸ਼ਬਦ ‘ਨਾ ਜਾਣਾ ਮੂਰਖੁ ਹੈ ਕੋਈ’ ਦੇ ਇਤਿਹਾਸਕ ਪਖ ਸੰਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।



