ਇਨ੍ਹਾਂ ਚਾਰ ਸਲੋਕਾਂ ਵਿਚੋਂ ਥੋੜ੍ਹੇ-ਬਹੁਤੇ ਪਾਠ-ਭੇਦ ਨਾਲ ਪਹਿਲਾ ਸਲੋਕ ‘ਆਸਾ ਕੀ ਵਾਰ’ ਦੀ ਪਉੜੀ ੧੨ ਨਾਲ ਅਤੇ ਤੀਜਾ ਤੇ ਚੌਥਾ ਸਲੋਕ ਪਉੜੀ ੧੪ ਨਾਲ ਵੀ ਦਰਜ ਹਨ। ‘ਆਸਾ ਕੀ ਵਾਰ’ ਵਿਚ ਦਰਸਾਏ ਮਹਲਾ ਸੰਕੇਤ ਅਨੁਸਾਰ ਪਹਿਲੇ ਸਲੋਕ ਦੇ ਉਚਾਰਨ ਕਰਤਾ ਗੁਰੂ ਨਾਨਕ ਸਾਹਿਬ ਅਤੇ ਤੀਜੇ ਤੇ ਚੌਥੇ ਸਲੋਕ ਦੇ ਉਚਾਰਨ ਕਰਤਾ ਗੁਰੂ ਅੰਗਦ ਸਾਹਿਬ (੧੫੦੪-੧੫੫੨ ਈ.) ਹਨ। ਸਹਸਕ੍ਰਿਤੀ ਸਲੋਕਾਂ ਵਿਚ ਆਇਆ ਦੂਜਾ ਸਲੋਕ ‘ਮਾਝ ਕੀ ਵਾਰ’ ਦੀ ੨੩ਵੀਂ ਪਉੜੀ ਨਾਲ ਮ: ੨ ਦੇ ਸਿਰਲੇਖ ਹੇਠ ਦਰਜ ਹੈ। ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਇਸ ਸਲੋਕ ਤੋਂ ਪਹਿਲਾਂ ‘ੴ’ ਅੰਕਤ ਕੀਤਾ ਹੋਇਆ ਹੈ।
ਪਾਠ-ਭੇਦ
ਗੁਰੂ ਗ੍ਰੰਥ ਸਾਹਿਬ ਵਿਚ ਵਖ-ਵਖ ਥਾਵਾਂ ’ਤੇ ਦਰਜ ਇਨ੍ਹਾਂ ਸਲੋਕਾਂ ਵਿਚ ਪਾਇਆ ਜਾਣ ਵਾਲਾ ਪਾਠ-ਭੇਦ
ਸਲੋਕ ੧
| ਸਲੋਕ ਸਹਸਕ੍ਰਿਤੀ | ਪੜਿ੍ | ਪੁਸ੍ਤਕ | ਝੂਠੁ | ਬਿਭੂਖਨ | ਤਿਲਕ | ਜੋ | ਜਾਨਸਿ | ਸਭ | ਨਿਸਚੈ | ਨਿਸਚੌ | ਧੵਿਾਵੈ | ਬਿਨੁ | ਬਾਟ |
| ਆਸਾ ਕੀ ਵਾਰ | ਪੜਿ | ਪੁਸਤਕ | ਝੂਠ | ਬਿਭੂਖਣ | ਤਿਲਕੁ | ਜੇ | ਜਾਣਸਿ | ਸਭਿ | ਨਿਸਚਉ | ਨਿਹਚਉ | ਧਿਆਵੈ | ਵਿਣੁ | ਵਾਟ |
ਸਲੋਕ ੨
| ਸਲੋਕ ਸਹਸਕ੍ਰਿਤੀ | ਤਸੵ | ਜਨਮਸੵ | ਜਾਵਦ | ਸੰਸਾਰਸੵ |
| ਮਾਝ ਕੀ ਵਾਰ | ਤਸਿ | ਜਨਮਸਿ | ਜਾਵਤੁ | ਸੰਸਾਰਸਿ |
ਸਲੋਕ ੩
| ਸਲੋਕ ਸਹਸਕ੍ਰਿਤੀ | ਖੵਤ੍ਰੀ | ਜਾਨਸਿ | ਨਾਨਕ | ਕੋ |
| ਆਸਾ ਕੀ ਵਾਰ | ਖਤ੍ਰੀ | ਜਾਣੈ | ਨਾਨਕੁ | ਕਾ |
ਸਲੋਕ ੪
| ਸਲੋਕ ਸਹਸਕ੍ਰਿਤੀ | ਕ੍ਰਿਸ੍ਨੰ | ਆਤਮਹ | ਆਤਮੰ | ਬਾਸ੍ਵਦੇਵਸੵ | ਕੋਈ | ਜਾਨਸਿ | ਭੇਵ | ਨਾਨਕ | ਕੋ | ਦੇਵ |
| ਆਸਾ ਕੀ ਵਾਰ | ਕ੍ਰਿਸਨੰ | ਆਤਮਾ | ਆਤਮਾ | ਬਾਸੁਦੇਵਸ੍ਹਿ | ਕੋ | ਜਾਣੈ | ਭੇਉ | ਨਾਨਕੁ | ਕਾ | ਦੇਉ |
ਭਾਸ਼ਾਈ ਪਖ
ਭਾਈ ਕਾਨ੍ਹ ਸਿੰਘ ਨਾਭਾ ‘ਸਹਸਕ੍ਰਿਤੀ’ ਨੂੰ ‘ਗਾਥਾ’ ਦਾ ਪਰਿਆਇਵਾਚੀ ਮੰਨਦੇ ਹੋਏ, ਇਸ ਨੂੰ ਸੰਸਕ੍ਰਿਤ, ਪਾਲੀ ਤੇ ਪ੍ਰਾਕ੍ਰਿਤ ਭਾਸ਼ਾਵਾਂ ਦਾ ਮਿਸ਼ਰਤ ਰੂਪ ਸਵਿਕਾਰ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ‘ਸਲੋਕ ਸਹਸਕ੍ਰਿਤੀ’ ਇਸੇ ਭਾਸ਼ਾ ਵਿਚ ਲਿਖੇ ਹੋਏ ਹਨ।
ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਤਾ ਵੀ ‘ਗਾਥਾ’ ਤੇ ‘ਸਹਸਕ੍ਰਿਤੀ’ ਨੂੰ ਇਕੋ ਹੀ ਭਾਸ਼ਾਈ ਰੂਪ ਮੰਨਦੇ ਹੋਏ ਲਿਖਦੇ ਹਨ: ਜਿਵੇਂ ਪੁਰਾਣੇ ਜ਼ਮਾਨੇ ਵਿਚ ਪ੍ਰਾਕ੍ਰਿਤ ਦੇ ਮੁਕਾਬਲੇ ਤੇ ਸੰਸਕ੍ਰਿਤ ਹੁੰਦੀ ਸੀ, ਤਿਵੇਂ ਗੁਰੂ ਸਾਹਿਬ ਦੇ ਵਕਤ ਆਮ ਪ੍ਰਾਂਤਿਕ ਬੋਲੀਆਂ ਦੇ ਮੁਕਾਬਲੇ ਇਕ ਬਣਾਉਟੀ ਜਹੀ ਬੋਲੀ ਪ੍ਰਚਲਤ ਸੀ, ਜਿਸ ਨੂੰ ‘ਗਾਥਾ’ ਜਾਂ ‘ਸਹਸਕ੍ਰਿਤੀ’ ਕਹਿੰਦੇ ਸਨ। ਇਹ ਸਾਧਾਂ ਸੰਤਾਂ ਦੇ ਡੇਰਿਆਂ ਉੱਤੇ ਸਾਰੇ ਹਿੰਦੋਸਤਾਨ ਵਿਚ ਸਮਝੀ ਜਾਂਦੀ ਸੀ। ਇਹ ਵਖੋ-ਵਖਰੇ ਸੂਬਿਆਂ ਦੀਆਂ ਬੋਲੀਆਂ ਦੇ ਵਿਆਕਰਣਕ ਵਖਰੇਵਿਆਂ ਤੋਂ ਆਜ਼ਾਦ ਹੁੰਦੀ ਸੀ। ਮਿਸਾਲ ਵਜੋਂ ਕਰਤੇ ਹੈਂ, ਕਰਦੇ ਹਨ ਆਦਿ ਪ੍ਰਾਂਤਿਕ ਰੂਪਾਂ ਦੀ ਥਾਂ ‘ਕਰੰਤਿ’ ਹੀ ਵਰਤ ਲਿਆ ਜਾਂਦਾ ਸੀ।
ਭਾਈ ਵੀਰ ਸਿੰਘ ਅਨੁਸਾਰ ਸਹਸ ਦੇ ਅਰਥ ਹਨ, ਸਹਜੇ ਜਾਂ ਸੁਖਾਲੀ। ਕ੍ਰਿਤ ਦੇ ਅਰਥ ਹਨ, ਰਚੀ ਗਈ, ਬਣੀ। ਭਾਵ, ਉਹ ਭਾਸ਼ਾ ਜੋ ਸਹਜੇ ਜਾਂ ਸੁਖਾਲੀ ਰਚੀ ਜਾ ਸਕੇ। ਉਹ ‘ਸਹਸਕ੍ਰਿਤੀ’ ਨੂੰ ਸੰਸਕ੍ਰਿਤ ਨਾਲ ਮਿਲਦੀ-ਜੁਲਦੀ ਇਕ ਪ੍ਰਕਾਰ ਦੀ ਪ੍ਰਾਕ੍ਰਿਤ ਭਾਸ਼ਾ ਮੰਨਦੇ ਹਨ। ਉਹ ਲਿਖਦੇ ਹਨ ਕਿ ਅਸਲ ਵਿਚ ਸੰਸਕ੍ਰਿਤ ਮੰਝੀ ਹੋਈ ਬੋਲੀ ਸੀ। ਇਸ ਵਿਚ ਪੁਸਤਕਾਂ ਲਿਖੀਆਂ ਜਾਂਦੀਆਂ ਸਨ। ਪ੍ਰਾਕ੍ਰਿਤ ਨੂੰ ਦੇਸ਼ ਦੇ ਆਮ ਲੋਕ ਬੋਲਦੇ ਸਨ। ਇਸ ਵਿਚ ਪਹਿਲਾਂ ਦੇਸੀ ਬੋਲੀ ਦੇ ਪਦ ਅਤੇ ਸੰਸਕ੍ਰਿਤ ਦੇ ਬੋਲ-ਚਾਲ ਵਾਲੇ ਪਦ ਮਿਲੇ-ਜੁਲੇ ਰੂਪ ਵਿਚ ਸਨ। ਬਾਅਦ ਵਿਚ ਕੁਝ ਪਰਿਵਰਤਨਾਂ ਨਾਲ ਪ੍ਰਾਕ੍ਰਿਤ ਦਾ ਜੋ ਰੂਪ ਬਣਿਆ, ਉਸ ਨੂੰ ਗੁਰੂ ਸਾਹਿਬ ਨੇ ‘ਸਹਸਕ੍ਰਿਤੀ’ ਕਰਕੇ ਲਿਖਿਆ। ਪ੍ਰਾਕ੍ਰਿਤ ਦਾ ਇਹ ਰੂਪ ਗੁਰੂ ਗ੍ਰੰਥ ਸਾਹਿਬ ਵਿਚ ਵਰਤੀ ਗਈ ਪੁਰਾਤਨ ਪੰਜਾਬੀ ਤੋਂ ਪਹਿਲਾਂ ਦਾ ਸੀ। ਇਹ ਬੋਲੀ ਸਾਧੂ-ਸੰਤ ਵਰਤਦੇ ਸਨ। ‘ਸਹਸਕ੍ਰਿਤੀ ਸਲੋਕ’ ਉਸ ਬੋਲੀ ਦਾ ਨਮੂਨਾ ਹੈ। ‘ਕੋਈ ਪੜਤਾ ਸਹਸਾ ਕਿਰਤਾ’ (ਗੁਰੂ ਗ੍ਰੰਥ ਸਾਹਿਬ ੮੭੬) ਤੁਕ ਤੋਂ ਸੰਕੇਤ ਮਿਲਦਾ ਹੈ ਕਿ ਗੁਰੂ ਸਾਹਿਬ ਦੇ ਸਮੇਂ ਅਜੇ ਉਸ ਬੋਲੀ ਦੇ ਪੜ੍ਹਨ-ਪੜ੍ਹਾਉਣ ਦਾ ਕੁਝ ਰਿਵਾਜ ਕਾਇਮ ਸੀ। ਬਾਅਦ ਵਿਚ ਇਸ ਦੇ ਅਨੇਕ ਰੂਪ ਪੈਦਾ ਹੋਏ, ਜੋ ਅੰਤ ਵਿਚ ਪੁਰਾਤਨ ਪੰਜਾਬੀ ਅਤੇ ਫਿਰ ਨਵੀਨ ਪੰਜਾਬੀ ਬਣੀ।
ਪ੍ਰੋ. ਸਾਹਿਬ ਸਿੰਘ ਅਨੁਸਾਰ ਸਹਸਕ੍ਰਿਤੀ ਦਾ ‘ਸਹਸ’ ਸ਼ਬਦ ਸੰਸਕ੍ਰਿਤ ਦੇ ‘ਸੰਸ’ ਤੋਂ ਬਣਿਆ ਪ੍ਰਾਕ੍ਰਿਤ-ਰੂਪ ਹੈ, ਜਿਵੇਂ ‘ਸੰਸ਼ਯ’ (संशय) ਸ਼ਬਦ ਤੋਂ ਪ੍ਰਾਕ੍ਰਿਤ ਰੂਪ ‘ਸਹਸਾ’ ਬਣਿਆ ਹੈ। ਸੋ, ‘ਸਹਸਕ੍ਰਿਤੀ’ ਸ਼ਬਦ ‘ਸੰਸਕ੍ਰਿਤ’ ਸ਼ਬਦ ਦਾ ਪ੍ਰਾਕ੍ਰਿਤ-ਰੂਪ ਹੈ। ਉਨ੍ਹਾਂ ਅਨੁਸਾਰ ਸਹਸਕ੍ਰਿਤੀ ਸਿਰਲੇਖ ਵਾਲੇ ਸਲੋਕ ਸੰਸਕ੍ਰਿਤ ਦੇ ਨਹੀਂ ਹਨ। ਇਹ ਸਾਰੇ ਸਲੋਕ ਪ੍ਰਾਕ੍ਰਿਤ ਬੋਲੀ ਦੇ ਹਨ।
ਗਿ. ਹਰਿਬੰਸ ਸਿੰਘ ਅਨੁਸਾਰ ਪ੍ਰਾਕ੍ਰਿਤ ਵਿਚ ਸੰਸਕ੍ਰਿਤ ਦੀ ਸ਼ਬਦਾਵਲੀ ਆਉਂਦੀ ਹੈ, ਪਰ ਉਹ ਆਪਣਾ ਰੂਪ ਵਟਾ ਲੈਂਦੀ ਹੈ। ਇਸ ਲਈ ਪ੍ਰਾਕ੍ਰਿਤ ਨੂੰ ਸੰਸਕ੍ਰਿਤ ਦੇ ਵਿਆਕਰਣ ਅਨੁਸਾਰ ਵੇਖਣਾ ਉਚਿਤ ਨਹੀਂ।
ਉਪਰੋਕਤ ਵਿਦਵਾਨਾਂ ਦੀ ‘ਸਹਸਕ੍ਰਿਤੀ’ ਨੂੰ ਮਿਸ਼ਰਤ ਭਾਸ਼ਾ ਮੰਨਣ ਵਾਲੀ ਧਾਰਨਾ ਦੇ ਵਿਪਰੀਤ, ਸੰਤ ਕਿਰਪਾਲ ਸਿੰਘ ‘ਸਹਸਕ੍ਰਿਤੀ’ ਨੂੰ ਸੰਸਕ੍ਰਿਤ ਦੀ ਮਾਂ (ਮਾਤਰੀ) ਭਾਸ਼ਾ ਮੰਨਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਸਹਸਕ੍ਰਿਤੀ ਅਨਾਦੀ ਕਾਲ ਤੋਂ ਚਲੀ ਆ ਰਹੀ ਹੈ। ਇਹ ਸੰਸਕ੍ਰਿਤ ਦੀ ਜਨਨੀ ਹੈ, ਸੰਸਕ੍ਰਿਤ ਇਸ ਤੋਂ ਪੈਦਾ ਹੋਈ ਹੈ। ਸਹਸਕ੍ਰਿਤੀ, ਪ੍ਰਾਂਤਿਕ ਭਾਸ਼ਾ, ਦੇਸ਼ ਭਾਸ਼ਾ ਆਦਿ ਇਸ ਦੇ ਵਖ-ਵਖ ਨਾਮ ਹਨ। ਇਸ ਵਿਚ ਪ੍ਰਾਂਤਿਕ ਭਾਸ਼ਾ ਅਰਥਾਤ ਦੇਸ਼ ਭਾਸ਼ਾ ਅਤੇ ਹੋਰਨਾਂ ਗ੍ਰੰਥਾਂ ਦੇ ਵੀ ਆਸ਼ੇ ਕਥਨ ਕੀਤੇ ਹੋਏ ਹਨ। ਉਨ੍ਹਾਂ ਅਨੁਸਾਰ ਸਹਸ ਦਾ ਅਰਥ ਹੈ, ਹਜ਼ਾਰ ਮੁਖਾਂ ਵਾਲਾ ਸ਼ੇਸ਼ਨਾਗ ਅਤੇ ਕ੍ਰਿਤ ਦਾ ਅਰਥ ਹੈ, ਸ਼ੇਸ਼ਨਾਗ ਦੀ ਉਚਾਰਣ ਕੀਤੀ ਹੋਈ ਕਾਵਿ-ਰਚਨਾ। ਇਸ ਪ੍ਰਕਾਰ ‘ਸਹਸਕ੍ਰਿਤੀ’ ਉਹ ਰਚਨਾ ਹੈ, ਜਿਸ ਵਿਚ ਕਾਵਿ ਅਤੇ ਸੰਗੀਤ ਦੋਵੇਂ ਹੋਣ।
ਸੰਤ ਕਿਰਪਾਲ ਸਿੰਘ ਦੁਆਰਾ ‘ਸਹਸਕ੍ਰਿਤੀ’ ਦੇ ਸੰਬੰਧ ਵਿਚ ਪੇਸ਼ ਕੀਤੀ ਉਪਰੋਕਤ ਧਾਰਣਾ ਦਿਲਚਸਪ ਅਤੇ ਨਿਵੇਕਲੀ ਹੈ। ਇਸ ਪਾਸੇ ਖੋਜੀ ਵਿਦਵਾਨਾਂ ਨੂੰ ਧਿਆਨ ਦੇਣ ਅਤੇ ਖੋਜ ਕਰਨ ਦੀ ਲੋੜ ਹੈ।
‘ਸਹਸਕ੍ਰਿਤੀ’ ਦੇ ਭਾਸ਼ਾਈ ਪਖ ਸੰਬੰਧੀ ਉਪਰੋਕਤ ਸਮੁੱਚੀ ਵਿਚਾਰ-ਚਰਚਾ ਦਾ ਨਿਚੋੜ ਡਾ. ਰਤਨ ਸਿੰਘ ਜੱਗੀ ਦੇ ਇਨ੍ਹਾਂ ਸ਼ਬਦਾਂ ਵਿਚੋਂ ਦੇਖਿਆ ਜਾ ਸਕਦਾ ਹੈ: ‘ਸਹਸਕ੍ਰਿਤੀ’ ਸ਼ਬਦ ‘ਸੰਸਕ੍ਰਿਤ’ ਸ਼ਬਦ ਦਾ ਪ੍ਰਾਕ੍ਰਿਤਕ ਰੂਪ ਹੈ। ਇਹ ਉਸ ਭਾਸ਼ਾ ਲਈ ਵਰਤਿਆ ਜਾਂਦਾ ਹੈ ਜੋ ਸੰਸਕ੍ਰਿਤ ਦੀਆਂ ਲੀਹਾਂ ਉੱਤੇ ਪਾਲੀ ਅਤੇ ਪ੍ਰਾਕ੍ਰਿਤ ਦੇ ਸੰਜੋਗ ਨਾਲ ਬਣੀ ਸੀ ਅਤੇ ਆਮ ਤੌਰ ’ਤੇ ਮੁਢਲੇ ਸਿਧਾਂ, ਨਾਥਾਂ ਆਦਿ ਦੇ ਡੇਰਿਆਂ ਵਿਚ ਬੋਲੀ ਜਾਂਦੀ ਸੀ। ਮੱਧ-ਯੁਗ ਵਿਚ ਜਿਵੇਂ ਸਾਧ-ਭਾਖਾ ਸਾਰੇ ਹਿੰਦੁਸਤਾਨ ਵਿਚ ਸਮਝੀ ਜਾਂਦੀ ਸੀ, ਉਸੇ ਤਰ੍ਹਾਂ ਅਪਭ੍ਰੰਸ਼ ਦੇ ਵਿਕਸਿਤ ਹੋਣ ਤੋਂ ਪਹਿਲਾਂ ਇਹ ਭਾਸ਼ਾ ਅਧਿਆਤਮਕ ਵਿਚਾਰ-ਵਟਾਂਦਰੇ ਲਈ ਸਰਵ ਪ੍ਰਵਾਨਤ ਸੀ। ਇਸ ਦਾ ਇਕ ਨਾਂ ‘ਗਾਥਾ’ ਵੀ ਹੈ।



