Guru Granth Sahib Logo
  
ਗੁਰੂ ਨਾਨਕ ਸਾਹਿਬ ਵੱਲੋਂ ਇਨ੍ਹਾਂ ਸਲੋਕਾਂ ਦੇ ਉਚਾਰੇ ਜਾਣ ਦੇ ਸਮੇਂ ਅਤੇ ਸਥਾਨ ਸੰਬੰਧੀ ਜਨਮ-ਸਾਖੀਆਂ ਵਿਚੋਂ ਕੋਈ ਜਾਣਕਾਰੀ ਨਹੀਂ ਮਿਲਦੀ। ਵਖ-ਵਖ ਵਿਦਵਾਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਕੀਤੇ ਟੀਕਿਆਂ ਵਿਚੋਂ ਹੀ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ।

ਗੁਰੂ ਗ੍ਰੰਥ ਸਾਹਿਬ ਦੇ ਪ੍ਰਾਪਤ ਟੀਕਿਆਂ ਵਿਚ ਇਸ ਬਾਣੀ ਦੇ ਉਚਾਰਣ ਦਾ ਸੰਬੰਧ ਗੁਰੂ ਨਾਨਕ ਸਾਹਿਬ ਦੀ ਭਾਰਤ ਦੇ ਉੱਤਰ-ਪ੍ਰਦੇਸ ਵਿਚ ਸਥਿਤ ਸ਼ਹਿਰ ਬਨਾਰਸ (ਪਹਿਲਾਂ ਕਾਸ਼ੀ ਅਤੇ ਹੁਣ ਵਾਰਾਣਸੀ) ਦੀ ਫੇਰੀ ਨਾਲ ਜੋੜਿਆ ਗਿਆ ਹੈ। ਗੁਰੂ ਸਾਹਿਬ ਇਥੇ ਜਨਵਰੀ ੧੫੦੯ ਈ. ਵਿਚ ਆਏ ਸਨ। ਬਨਾਰਸ ਦੇ ‘ਲਕਸਾ ਮਹਾਲ’ ਵਿਚ ਗੁਰੂ ਸਾਹਿਬ ਦੇ ਆਗਮਨ ਦੀ ਯਾਦ ਵਿਚ ‘ਗੁਰੂ ਕਾ ਬਾਗ’ ਗੁਰਦੁਆਰਾ ਬਣਿਆ ਹੋਇਆ ਹੈ।
Bani Footnote ਪ੍ਰੋ. ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ, ਪੰਨਾ ੬੪


ਗੁਰੂ ਗ੍ਰੰਥ ਸਾਹਿਬ ਦੇ ਸੰਪਰਦਾਈ ਟੀਕੇ ਅਨੁਸਾਰ ਗੁਰੂ ਸਾਹਿਬ ਦੇ ਆਗਮਨ ਬਾਰੇ ਜਦੋਂ ਗੋਪਾਲ ਦੱਤ ਨਾਮ ਦੇ ਇਕ ਪੰਡਤ ਨੂੰ ਪਤਾ ਲੱਗਾ ਤਾਂ ਉਹ ਹੋਰ ਪੰਡਤਾਂ (ਪੰਡਤ ਚਤੁਰ ਦਾਸ, ਗੰਗਾ ਰਾਮ ਆਦਿ) ਨੂੰ ਨਾਲ ਲੈ ਕੇ ਗੁਰੂ ਸਾਹਿਬ ਨਾਲ ਸ਼ਾਸਤ੍ਰਾਰਥ (ਧਰਮ ਗ੍ਰੰਥਾਂ ’ਤੇ ਅਧਾਰਤ ਵਿਚਾਰ-ਚਰਚਾ) ਕਰਨ ਲਈ ਆ ਗਿਆ। ਗੁਰੂ ਸਾਹਿਬ ਨੇ ਪੰਡਤ ਗੋਪਾਲ ਦਾਸ ਦੀ ਬੇਨਤੀ ਉਪਰ ਹੀ ਇਹ ਚਾਰ ਸਲੋਕ ਉਚਾਰਣ ਕੀਤੇ। ਇਨ੍ਹਾਂ ਸਲੋਕਾਂ ਨੂੰ ਇਸ ਟੀਕੇ ਵਿਚ ‘ਚਤੁਰ ਸਲੋਕੀ ਗੀਤਾ’ ਵੀ ਕਿਹਾ ਗਿਆ ਹੈ।
Bani Footnote ਸੰਤ ਕਿਰਪਾਲ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਟੀਕਾ ਸ੍ਰੀ ਅਮੀਰ ਭੰਡਾਰ, ਭਾਗ ਦਸਵਾਂ, ਪੰਨਾ ੧੮-੧੯


ਭਾਈ ਵੀਰ ਸਿੰਘ ਵੀ ਅਜਿਹਾ ਹੀ ਪ੍ਰਸੰਗ ਪੇਸ਼ ਕਰਦੇ ਹਨ। ਉਨ੍ਹਾਂ ਅਨੁਸਾਰ ਬਨਾਰਸ ਦੇ ਪੰਡਤ ਵਿਦਵਾਨ ਤਾਂ ਸਨ, ਪਰ ਕਰਨੀ ਦੇ ਕੱਚੇ ਤੇ ਆਪਣੀ ਵਿੱਦਿਆ ਕਾਰਣ ਹੰਕਾਰੇ ਹੋਏ ਸਨ। ਉਹ ਹਰ ਇਕ ਨਾਲ ਚਰਚਾ ਕਰਕੇ ਉਸ ਦਾ ਅਪਮਾਨ ਕਰਦੇ ਸਨ। ਜਦੋਂ ਗੁਰੂ ਸਾਹਿਬ ਬਨਾਰਸ ਪਹੁੰਚੇ ਤਾਂ ਬਨਾਰਸ ਦੇ ਇਹ ਪੰਡਤ ਇਸੇ ਉਦੇਸ਼ ਨਾਲ ਗੁਰੂ ਸਾਹਿਬ ਕੋਲ ਵੀ ਆਏ। ਪਹਿਲਾਂ ਤਾਂ ਉਹ ਗੁਰੂ ਸਾਹਿਬ ਦੀ ਆਤਮਕ ਸੱਤਾ ਤੋਂ ਹੀ ਠਠੰਬਰ ਗਏ ਤੇ ਬਾਅਦ ਵਿਚ ਜਦੋਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਚਰਚਾ ਕੀਤੀ ਤਾਂ ਉਸ ਵਿਚ ਵੀ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਗੁਰੂ ਜੀ ਨੇ ਉਨ੍ਹਾਂ ਦੇ ਦੰਭ ਨੂੰ ਉਧੇੜ ਕੇ ਉਨ੍ਹਾਂ ਦੇ ਅੱਗੇ ਰਖ ਦਿੱਤਾ ਅਤੇ ਪ੍ਰਾਕ੍ਰਿਤ (ਸਹਿਸਕ੍ਰਿਤੀ) ਭਾਸ਼ਾ ਵਿਚ ਉਪਦੇਸ਼ ਕੀਤਾ।
Bani Footnote ਭਾਈ ਵੀਰ ਸਿੰਘ, ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਟੀਕਾ ਅਨੇਕ ਬਾਣੀਆਂ, ਸੈਂਚੀ ਦੂਜੀ, ਪੰਨਾ ੩੮੫


ਗਿ. ਹਰਿਬੰਸ ਸਿੰਘ ਵੀ ਇਨ੍ਹਾਂ ਸਲੋਕਾਂ ਦੇ ਉਚਾਰੇ ਜਾਣ ਸੰਬੰਧੀ ਦਰਸਾਏ ਉਪਰੋਕਤ ਪ੍ਰਸੰਗ ਨਾਲ ਹੀ ਸਹਿਮਤੀ ਪ੍ਰਗਟਾਉਂਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਬਨਾਰਸ ਵਿਚ ਗੁਰੂ ਸਾਹਿਬ ਨਾਲ ਚਰਚਾ ਕਰਨ ਆਇਆ ਪੰਡਤ ਗੋਪਾਲ ਦੱਤ ਉਨ੍ਹਾਂ ਤੋਂ ਉਪਦੇਸ਼ ਲੈ ਕੇ ਗੁਰੂ ਸਾਹਿਬ ਦਾ ਸਿਖ ਬਣ ਗਿਆ। ਉਸ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਮੁਖਾਰਬਿੰਦ ਤੋਂ ਅੰਮ੍ਰਿਤ ਬਚਨ ਸੁਣਾਉਣ, ਤਾਂ ਗੁਰੂ ਸਾਹਿਬ ਨੇ ਪੰਡਤਾਂ ਦੀ ਜੀਵਨ ਕਿਰਿਆ ਨੂੰ ਮੁੱਖ ਰਖਦੇ ਹੋਏ ਸਿਖਿਆ ਰੂਪ ਵਿਚ ਇਹ ਸਲੋਕ ਉਚਾਰੇ।
Bani Footnote ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਤੇਰ੍ਹਵੀਂ, ਪੰਨਾ ੨੫੦