

ਹੋਲੀ
ਹੋਲੀ ਹਿੰਦੁਸਤਾਨ ਦਾ ਇਕ ਪ੍ਰਾਚੀਨ ਤਿਉਹਾਰ ਹੈ। ਇਹ ਇਕ ਅਜਿਹਾ ਤਿਉਹਾਰ ਹੈ, ਜੋ ਮੌਸਮੀ ਵੀ ਹੈ ਅਤੇ ਇਤਿਹਾਸਕ/ਮਿਥਿਹਾਸਕ ਘਟਨਾਵਾਂ ਵੀ ਸੰਜੋਈ ਬੈਠਾ ਹੈ। ਇਹ ਫੱਗਣ ਦੀ ਪੂਰਨਮਾਸ਼ੀ (ਫੱਗਣ ਸੁਦੀ ਪੰਦਰਾਂ) ਵਾਲੇ ਦਿਨ ਮਨਾਇਆ ਜਾਂਦਾ ਹੈ। ਅੰਗਰੇਜ਼ੀ ਕੈਲੰਡਰ ਅਨੁਸਾਰ ਇਹ ਤਿਉਹਾਰ ਮਾਰਚ ਮਹੀਨੇ ਵਿਚ ਆਉਂਦਾ ਹੈ। ਇਸ ਦਿਨ ਲੋਕ ਇਕ-ਦੂਜੇ ’ਤੇ ਰੰਗ ਜਾਂ ਗੁਲਾਲ ਲਾ ਕੇ ਇਹ ਤਿਉਹਾਰ ਮਨਾਉਂਦੇ ਹਨ।
ਇਹ ਤਿਉਹਾਰ ਬਸੰਤ ਪੰਚਮੀ

ਪੌਰਾਣਕ ਕਥਾਵਾਂ ਅਨੁਸਾਰ ਇਸ ਤਿਉਹਾਰ ਦਾ ਸੰਬੰਧ ਹਰਣਾਖਸ਼ (ਹਿਰਣਯਕਸ਼ਪ) ਤੇ ਪ੍ਰਹਿਲਾਦ, ਰਾਧਾ ਤੇ ਕ੍ਰਿਸ਼ਨ, ਸ਼ਿਵ ਤੇ ਪਾਰਬਤੀ ਆਦਿ ਨਾਲ ਹੈ। ਪਹਿਲੀ ਕਥਾ ਅਨੁਸਾਰ ਹਰਣਾਖਸ਼ ਨਾਮੀ ਇਕ ਦੈਂਤ ਨੇ ਸ਼ਿਵ ਜੀ ਤੋਂ ਵਰ ਪ੍ਰਾਪਤ ਕੀਤਾ ਹੋਇਆ ਸੀ ਕਿ ਉਸ ਦੀ ਮੌਤ ਨਾ ਦਿਨੇ ਨਾ ਰਾਤ, ਨਾ ਅੰਦਰ ਨਾ ਬਾਹਰ, ਨਾ ਜਲ ਵਿਚ ਨਾ ਥਲ ’ਤੇ, ਨਾ ਕਿਸੇ ਅਸਤਰ ਨਾਲ ਨਾ ਕਿਸੇ ਸ਼ਸਤਰ ਨਾਲ, ਨਾ ਕਿਸੇ ਦੇਵਤੇ, ਮਨੁਖ ਜਾਂ ਪਸ਼ੂ ਹੱਥੋਂ ਹੋਵੇਗੀ। ਇਸ ਵਰ ਪ੍ਰਾਪਤੀ ਤੋਂ ਬਾਅਦ ਉਹ ਦੇਵਤਿਆਂ, ਖਾਸ ਕਰ ਇੰਦਰ ਅਤੇ ਵਿਸ਼ਨੂੰ ਦਾ ਵਿਰੋਧੀ ਹੋ ਗਿਆ।
ਹਰਣਾਖਸ਼ ਦੇ ਚਾਰ ਪੁੱਤਰ ਸਨ: ਅਨੁਹਲਾਦ, ਹਲਾਦ, ਪ੍ਰਹਿਲਾਦ ਅਤੇ ਸੰਹਲਾਦ। ਇਨ੍ਹਾਂ ਵਿਚੋਂ ਪ੍ਰਹਿਲਾਦ ਵਿਸ਼ਨੂੰ ਦਾ ਭਗਤ ਸੀ।

ਪ੍ਰਹਿਲਾਦ ਨੂੰ ਪਹਿਲਾਂ ਪਾਣੀ ਵਿਚ ਅਤੇ ਫਿਰ ਪਹਾੜ ਤੋਂ ਸੁੱਟਿਆ ਗਿਆ, ਪਰ ਉਹ ਬਚ ਗਿਆ। ਅਖੀਰ ਹਰਣਾਖਸ਼ ਦੀ ਭੈਣ ਹੋਲਿਕਾ, ਹਰਣਾਖਸ਼ ਦੀ ਸਹਾਇਤਾ ਲਈ ਆਈ। ਹੋਲਿਕਾ ਨੂੰ ਇਹ ਵਰ ਪ੍ਰਾਪਤ ਸੀ ਕਿ ਜੇਕਰ ਉਹ ਸ਼ਿਵ ਜੀ ਦੁਆਰਾ ਦਿੱਤੀ ਹੋਈ ਚਾਦਰ ਆਪਣੇ ਦੁਆਲੇ ਲਪੇਟ ਕੇ ਅੱਗ ਵਿਚ ਬੈਠ ਜਾਵੇ ਤਾਂ ਅੱਗ ਉਸ ਨੂੰ ਸਾੜ ਨਹੀਂ ਸਕੇਗੀ। ਸੋ, ਹੋਲਿਕਾ ਉਸ ਚਾਦਰ ਦੀ ਬੁੱਕਲ ਮਾਰ, ਪ੍ਰਹਿਲਾਦ ਨੂੰ ਆਪਣੀ ਗੋਦ ਵਿਚ ਲੈ ਕੇ ਮੱਚ ਰਹੀ ਅੱਗ ਵਿਚ ਬੈਠ ਗਈ। ਅਚਾਨਕ ਤੇਜ਼ ਹਵਾਵਾਂ ਚੱਲਣ ਲੱਗੀਆਂ, ਜਿਸ ਕਾਰਣ ਚਾਦਰ ਹੋਲਿਕਾ ਦੇ ਸਰੀਰ ਤੋਂ ਲਹਿ ਕੇ ਪ੍ਰਹਿਲਾਦ ਦੁਆਲੇ ਲਪੇਟੀ ਗਈ। ਹੋਲਿਕਾ ਸੜ ਗਈ ਤੇ ਪ੍ਰਹਿਲਾਦ ਬਚ ਗਿਆ।


ਦੂਜੀ ਕਥਾ ਸ਼ੈਵ-ਸ਼ਾਕਤ ਮੱਤ ਨਾਲ ਜੋੜੀ ਜਾਂਦੀ ਹੈ। ਇਸ ਅਨੁਸਾਰ ਸ਼ਿਵ ਜੀ ਸਮਾਧੀ ਵਿਚ ਬੈਠੇ ਸਨ। ਉਨ੍ਹਾਂ ਦੀ ਪਤਨੀ ਪਾਰਬਤੀ ਉਨ੍ਹਾਂ ਨੂੰ ਸਮਾਧੀ ਤੋਂ ਵਾਪਸ ਲਿਆਉਣਾ ਚਾਹੁੰਦੀ ਸੀ। ਇਸ ਲਈ ਉਸ ਨੇ ਬਸੰਤ ਪੰਚਮੀ ਵਾਲੇ ਦਿਨ ਕਾਮਦੇਵ (ਕਾਮ ਦਾ ਦੇਵਤਾ) ਦੀ ਮਦਦ ਲਈ। ਕਾਮਦੇਵ ਨੇ ਆਪਣੇ ਕਾਮ ਭਰੇ ਤੀਰਾਂ ਨਾਲ ਸ਼ਿਵ ਜੀ ਦੀ ਸਮਾਧੀ ਭੰਗ ਕਰ ਦਿੱਤੀ। ਸ਼ਿਵ ਜੀ ਨੇ ਕ੍ਰੋਧ ਵਿਚ ਆ ਕੇ ਕਾਮਦੇਵ ਨੂੰ ਭਸਮ ਕਰ ਦਿੱਤਾ। ਇਸ ਘਟਨਾ ਕਾਰਣ ਪਾਰਬਤੀ ਅਤੇ ਕਾਮਦੇਵ ਦੀ ਪਤਨੀ ਰੱਤੀ ਬੇਚੈਨ ਹੋ ਗਈਆਂ। ਰੱਤੀ ਨੇ ਨਿਰੰਤਰ ਚਾਲੀ ਦਿਨ ਸ਼ਿਵ ਜੀ ਦੀ ਭਗਤੀ ਕੀਤੀ, ਜਿਸ ਤੋਂ ਪ੍ਰਸੰਨ ਹੋ ਕੇ ਸ਼ਿਵ ਜੀ ਨੇ ਕਾਮਦੇਵ ਨੂੰ ਦੁਬਾਰਾ ਜੀਵਤ ਕਰ ਦਿੱਤਾ। ਕਾਮਦੇਵ ਦੇ ਪੁਨਰ-ਜੀਵਨ ਦਾ ਸੰਬੰਧ ਵੀ ਹੋਲੀ ਨਾਲ ਜੋੜਿਆ ਜਾਂਦਾ ਹੈ। ਦੱਖਣੀ-ਭਾਰਤ ਵਿਚ ਹੋਲੀ ਦੇ ਪਿਛੋਕੜ ਵਜੋਂ ਇਸ ਕਥਾ ਦੀ ਮਾਨਤਾ ਜਿਆਦਾ ਹੈ।

ਉੱਤਰੀ-ਭਾਰਤ ਦੇ ਕੁਝ ਪ੍ਰਦੇਸ਼ਾਂ (ਉੱਤਰ-ਪ੍ਰਦੇਸ਼, ਹਰਿਆਣਾ ਆਦਿ) ਵਿਚ ਹੋਲੀ ਦਾ ਸੰਬੰਧ ਰਾਧਾ-ਕ੍ਰਿਸ਼ਨ ਦੇ ਪ੍ਰੇਮ ਨਾਲ ਵੀ ਜੋੜਿਆ ਜਾਂਦਾ ਹੈ। ਕਥਾ ਹੈ ਕਿ ਕਾਲੇ ਰੰਗ ਦਾ ਹੋਣ ਕਾਰਣ ਕ੍ਰਿਸ਼ਨ ਨੂੰ ਜਾਪਦਾ ਸੀ ਕਿ ਰਾਧਾ ਉਸ ਨੂੰ ਪਸੰਦ ਨਹੀਂ ਕਰੇਗੀ। ਇਸ ਲਈ ਉਹ ਦੁਖੀ ਰਹਿਣ ਲੱਗੇ। ਮਾਤਾ ਜਸ਼ੋਧਾ ਨੂੰ ਕ੍ਰਿਸ਼ਨ ਦੀ ਇਸ ਪਰੇਸ਼ਾਨੀ ਦਾ ਪਤਾ ਲੱਗਾ ਤਾਂ ਉਸ ਨੇ ਸੁਝਾਅ ਦਿੱਤਾ ਕਿ ਉਹ ਰਾਧਾ ਕੋਲ ਜਾਵੇ ਅਤੇ ਉਸ ਨੂੰ ਕਹੇ ਕਿ ਜਿਹੜਾ ਵੀ ਰੰਗ ਉਸ ਨੂੰ ਪਸੰਦ ਹੈ, ਉਹ ਰੰਗ ਉਸ ਦੇ ਚਿਹਰੇ ਉਪਰ ਮਲ ਦੇਵੇ। ਇਸ ਪ੍ਰਸੰਗ ਤੋਂ ਵੀ ਹੋਲੀ ਦੇ ਤਿਉਹਾਰ ਦੌਰਾਨ ਰੰਗਾਂ ਦੀ ਵਰਤੋਂ ਸ਼ੁਰੂ ਹੋਈ ਜਾਪਦੀ ਹੈ। ਉਪਰੋਕਤ ਕਥਾਵਾਂ ਵਿਚੋਂ ਹੋਲੀ ਦਾ ਸੰਬੰਧ ਕਿਸੇ ਇਕ ਕਥਾ ਦੀ ਬਜਾਇ ਮਿਲਵੇਂ ਰੂਪ ਵਿਚ ਸਾਰੀਆਂ ਕਥਾਵਾਂ ਨਾਲ ਵੀ ਹੋ ਸਕਦਾ ਹੈ।
ਸਮੇਂ ਦੇ ਬੀਤਣ ਨਾਲ ਹੋਲੀ ਦੇ ਤਿਉਹਾਰ ਵਿਚ ਬਹੁਤ ਸਾਰੀਆਂ ਕੁਰੀਤੀਆਂ ਸ਼ਾਮਲ ਹੋ ਗਈਆਂ। ਭਾਈ ਸੰਤੋਖ ਸਿੰਘ ਨੇ ਇਨ੍ਹਾਂ ਦਾ ਵਰਣਨ ਕਰਦਿਆਂ ਲਿਖਿਆ ਹੈ:
ਹਿੰਦੁਨਿ ਕੇ ਦਿਨ ਹੋਲਿ ਦਿਵਾਲੀ। ਇਤਿਯਾਦਿਕ ਦਿਨ ਚਲਹਿੰ ਕੁਚਾਲੀ।
ਬਿਨਾ ਲਾਜ ਤੇ ਹੁਇ ਨਰ ਨਾਰੀ। ਕਰਹਿਂ ਖਰਾਬਾ ਕਾਢਤਿ ਗਾਰੀ।

ਆਧੁਨਿਕ ਕਾਲ ਦਾ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਵੀ ਆਪਣੀ ਕਵਿਤਾ ‘ਬਾਰਹਮਾਹ’ ਵਿਚ ਹੋਲੀ ਦਾ ਅਜਿਹਾ ਹੀ ਜਿਕਰ ਕਰਦਾ ਹੈ:
ਹੋਲੀ-ਬਾਜ਼ਾਂ ਭੰਗ ਚੜ੍ਹਾਈ, ਅੱਠ ਦਿਹਾੜੇ ਬਣੇ ਸ਼ੁਦਾਈ।
ਸ਼ਹਿਰਾਂ ਦਾ ਸਭ ਕੂੜਾ-ਮਿੱਟੀ, ਪੇਂਡੂ ਰਾਹੀਆਂ ਦੇ ਸਿਰ ਪਾਈ।
ਰੰਗ ਘੋਲ ਲੀੜੇ ਗੁਤਿਆਏ (ਗਿੱਲੇ ਕੀਤੇ), ਕਾਲੇ ਮੂੰਹ ਕੀਤੇ, ਕਰਵਾਏ।
ਹੋਲੇ ਦਾ ਜਲੂਸ ਜਦ ਚੜ੍ਹਿਆ, ਤਦ ਵੀ ਭੜੂਏ ਬਾਜ਼ ਨਾ ਆਏ।

ਸਤਿਬੀਰ ਸਿੰਘ ਇਨ੍ਹਾਂ ਕੁਰੀਤੀਆਂ ਦੇ ਪ੍ਰਚਲਨ ਪਿੱਛੇ ਬ੍ਰਾਹਮਣ ਵਰਗ ਦੀ ਚਾਲ ਮੰਨਦੇ ਹਨ। ਉਨ੍ਹਾਂ ਅਨੁਸਾਰ ਹੋਲੀ ਦਾ ਪੈਗਾਮ ਸੀ ਕਿ ਸੱਚ ਭਾਵੇਂ ਵੇਖਣ ਨੂੰ ਪ੍ਰਹਿਲਾਦ ਵਾਂਗ ਨਿਮਾਣਾ, ਨਿਤਾਣਾ ਤੇ ਕੋਮਲ ਹੈ ਅਤੇ ਝੂਠ ਹਰਣਾਖਸ਼ ਵਰਗਾ ਡਾਢਾ, ਸਖਤ ਤੇ ਬਲਵਾਨ ਹੈ। ਪਰ ਫਿਰ ਵੀ ਸਦਾ ਸੱਚ ਹੀ ਜਿੱਤਦਾ ਹੈ। ਬ੍ਰਾਹਮਣ ਇਹ ਸਮਝ ਗਿਆ ਸੀ ਕਿ ਜੇ ਹੋਲੀ ਦੀ ਡੂੰਘੀ ਰਮਜ ਸ਼ੂਦਰ ਸਮਝ ਗਿਆ ਤਾਂ ਉਸ (ਬ੍ਰਾਹਮਣ) ਦੀ ਸਮਾਜ ’ਤੇ ਪਕੜ ਢਿੱਲੀ ਪੈ ਜਾਵੇਗੀ। ਇਸ ਲਈ ਬ੍ਰਾਹਮਣ ਨੇ ਨਿਮਨ ਵਰਗ ਲਈ ਇਹ ਤਿਉਹਾਰ ਗੰਦ ਸੁੱਟਣ, ਗੰਦ ਬੋਲਣ, ਖਰੂਦ ਮਚਾਉਣ ਤੇ ਰੰਗ-ਰਲੀਆਂ ਮਨਾਉਣ ਤਕ ਹੀ ਸੀਮਤ ਕਰ ਦਿੱਤਾ।


ਹੋਲਾ-ਮਹੱਲਾ
ਹੋਲੀ ਦੇ ਤਿਉਹਾਰ ਨਾਲ ਜੁੜ ਚੁੱਕੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਖਾਲਸੇ ਨੂੰ ਜੁਧ-ਵਿਦਿਆ ਵਿਚ ਪ੍ਰਬੀਨ ਕਰਨ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਪਰੰਪਰਾਗਤ ਤਿਉਹਾਰ ਦੇ ਸਮਾਨੰਤਰ ‘ਹੋਲਾ-ਮਹੱਲਾ’ ਖੇਡਣ ਦੀ ਪਰੰਪਰਾ ਚਲਾਈ। ਇਸ ਸੰਦਰਭ ਵਿਚ ਕਵੀ ਸੁਮੇਰ ਸਿੰਘ ਦਾ ਇਹ ਕਥਨ ਵਿਸ਼ੇਸ਼ ਤੌਰ ’ਤੇ ਜਿਕਰਜੋਗ ਹੈ: ਔਰਨ ਕੀ ਹੋਲੀ ਮਮ ਹੋਲਾ। ਕਹ੍ਯੋ ਕ੍ਰਿਪਾਨਿਧ ਬਚਨ ਅਮੋਲਾ।

‘ਹੋਲਾ-ਮਹੱਲਾ’ ਅਰੰਭ ਹੋਣ ਦੀਆਂ ਮਿਤੀਆਂ ਬਾਰੇ ਵਿਦਵਾਨਾਂ ਵਿਚ ਮਤਭੇਦ ਹਨ। ਡਬਲਿਊ. ਓਵਨ ਕੋਲ ਨੇ ਇਹ ਮਿਤੀ ੧੬੮੦ ਈ., ਡਾ. ਹਰਜਿੰਦਰ ਸਿੰਘ ਦਿਲਗੀਰ ਨੇ ੩ ਮਾਰਚ ੧੭੦੨, ਭਾਈ ਰਣਧੀਰ ਸਿੰਘ ਨੇ ੨੯ ਮਾਰਚ ੧੭੦੧ (ਸੰਮਤ ੧੭੫੮) ਅਤੇ ਡਾ. ਰਤਨ ਸਿੰਘ ਜੱਗੀ ਨੇ ੧੭੦੦ ਈ. ਦਰਸਾਈ ਹੈ।

ਭਾਈ ਕਾਨ੍ਹ ਸਿੰਘ ਨਾਭਾ, ਭਾਈ ਵੀਰ ਸਿੰਘ ਆਦਿ ਵਿਦਵਾਨਾਂ ਨੇ ‘ਹੋਲਾ-ਮਹੱਲਾ’ ਦੇ ਅਰਥ ‘ਹੱਲਾ’ ਅਤੇ ‘ਹੱਲੇ ਵਾਲੀ ਥਾਂ’ ਜਾਂ ‘ਬਣਾਉਟੀ ਹਮਲਾ’ ਕੀਤੇ ਹਨ। ਇਸ ਪ੍ਰਕਾਰ ‘ਹੋਲੀ’ (ਇਸਤਰੀ ਲਿੰਗ) ਤੋਂ ‘ਹੋਲਾ’ (ਪੁਲਿੰਗ) ਸ਼ਬਦ ਬਣਾ ਕੇ ‘ਹੋਲੀ’ ਵਾਲੇ ਦਿਨ ਮਹਾਂ-ਹੱਲਾ ਕਰਨ ਦੀ ਗੱਲ ਨੂੰ ਇਸ ਸ਼ਬਦ ਰਾਹੀਂ ਵਿਅਕਤ ਕੀਤਾ ਗਿਆ ਹੈ।

‘ਹੋਲੀ’ ਸ਼ਬਦ ਦਾ ਅਰਥਗਤ ਪਰਿਵਰਤਨ ਤਾਂ ਗੁਰੂ ਅਰਜਨ ਸਾਹਿਬ ਨੇ ਵਿਚਾਰ ਅਧੀਨ ਸ਼ਬਦ ‘ਹੋਲੀ ਕੀਨੀ ਸੰਤ ਸੇਵ’ ਵਿਚ ਹੀ ਕਰ ਦਿੱਤਾ ਸੀ। ਇਸ ਸ਼ਬਦ ਵਿਚ ਹੋਲੀ ਦਾ ਪ੍ਰਤੀਕ ਲੈ ਕੇ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਅਸੀਂ ਪ੍ਰਭੂ-ਪਿਆਰਿਆਂ ਦੀ ਸੰਗਤ ਨਾਲ ਮਿਲ ਕੇ ਹੋਲੀ ਮਨਾ ਰਹੇ ਹਾਂ ਤੇ ਸਾਨੂੰ ਗੁਰ-ਸ਼ਬਦ ਦੀ ਬਰਕਤ ਨਾਲ ਰੱਬੀ ਰੰਗ ਚੜ੍ਹਿਆ ਹੋਇਆ ਹੈ: ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥ -ਗੁਰੂ ਗ੍ਰੰਥ ਸਾਹਿਬ ੧੧੮੦
ਪਰ ‘ਹੋਲੀ’ ਸ਼ਬਦ ਅਤੇ ਤਿਉਹਾਰ ਦਾ ਸਰੂਪਗਤ ਪਰਿਵਰਤਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾਈ ਜਾਹੋ-ਜਲਾਲ ਵਾਲਾ ਉਤਸਵ ‘ਹੋਲਾ-ਮਹੱਲਾ’ ਸ਼ੁਰੂ ਕਰ ਕੇ ਕੀਤਾ। ਗੁਰੂ ਸਾਹਿਬ ਨੇ ਇਸ ਰਾਹੀਂ ਲੋਕਾਂ ਦੀ ਉਸ ਗੁਲਾਮ ਮਾਨਸਿਕਤਾ ਨੂੰ ਹਲੂਣਾ ਦਿੱਤਾ, ਜਿਹੜੀ ਦੂਜਿਆਂ ਉਪਰ ਰੰਗ ਅਤੇ ਚਿੱਕੜ ਸੁੱਟਣ ਵਿਚ ਮਸਤ ਸੀ। ਉਨ੍ਹਾਂ ਨੇ ਲੋਕਾਂ ਨੂੰ ਖਾਲਸੇ ਵੱਲੋਂ ਸੱਚ ਅਤੇ ਨਿਆਂ ਲਈ ਕੀਤੇ ਜਾ ਰਹੇ ਜੰਗਾਂ-ਜੁਧਾਂ ਵਿਚੋਂ ‘ਹੋਲੀ’ ਵਾਲਾ ਅਨੰਦ ਲੈਣਾ ਸਿਖਾਇਆ। ਇਸ ਦੀ ਉਦਾਹਰਣ ਦਸਮ ਗ੍ਰੰਥ ਵਿਚਲੇ ‘ਕ੍ਰਿਸ਼ਨਾਵਤਾਰ’ ਦੇ ਇਸ ਛੰਦ ਤੋਂ ਮਿਲਦੀ ਹੈ:
ਬਾਨ ਚਲੇ ਤੇਈ ਕੁੰਕਮ ਮਾਨਹੁ ਮੂਠ ਗੁਲਾਲ ਕੀ ਸਾਂਗ ਪ੍ਰਹਾਰੀ॥
ਢਾਲ ਮਨੋ ਡਫ ਮਾਲ ਬਨੀ ਹਥ ਨਾਲ ਬੰਦੂਕ ਛੁਟੇ ਪਿਚਕਾਰੀ॥
ਸ੍ਰਉਨ ਭਰੇ ਪਟ ਬੀਰਨ ਕੇ ਉਪਮਾ ਜਨੁ ਘੋਰ ਕੈ ਕੇਸਰ ਡਾਰੀ॥
ਖੇਲਤ ਫਾਗੁ ਕਿ ਬੀਰ ਲਰੈ ਨਵਲਾਸੀ ਲੀਏ ਕਰਵਾਰ ਕਟਾਰੀ॥ -ਦਸਮ ਗ੍ਰੰਥ, ਕ੍ਰਿਸ਼ਨਾਵਤਾਰ, ਛੰਦ ੧੩੮੫
(ਜੋ ਤੀਰ ਚੱਲੇ, ਉਸ ਨੂੰ ਕੇਸਰ ਛਿੜਕਿਆ ਜਾਣੋ। ਜੋ ਬਰਛੀ ਉਠੀ, ਉਸ ਨੂੰ ਮੁੱਠਾਂ ਨਾਲ ਗੁਲਾਲ ਬਿਖੇਰਨਾ ਤੱਕੋ।
ਢਾਲਾਂ ਜਦ ਅੱਗੇ ਹੋਈਆਂ ਤਾਂ ਇੰਝ ਜਾਣੋ ਕਿ ਡੱਫਾਂ ਦੀ ਮਾਲ ਬਣ ਗਈ। ਜੋ ਬੰਦੂਕਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਪਿਚਕਾਰੀ ਵਿਚ ਰੰਗ ਪਾ ਕੇ ਸੁੱਟਿਆ ਦੇਖੋ।
ਸੂਰਮਿਆਂ ਦੇ ਬਸਤਰ ਜੋ ਖੂਨ ਨਾਲ ਲਿਬੜੇ ਹਨ, ਉਹ ਇਵੇਂ ਸਮਝੋ ਕਿ ਕੇਸਰ ਘੋਲ ਕੇ ਸੂਰਮਿਆਂ ਦੀਆਂ ਪੋਸ਼ਾਕਾਂ ’ਤੇ ਪਾਇਆ ਹੈ।
ਕਿਆ ਨਜਾਰਾ ਬਣਿਆ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਤਲਵਾਰਾਂ ਤੇ ਕਟਾਰਾਂ ਚੁੱਕੀ ਸੂਰਮੇ ਲੜ ਰਹੇ ਹਨ ਜਾਂ ਇਕ ਦੂਜੇ ਉੱਤੇ ਨਰਮ-ਨਰਮ ਖਿੜੇ ਹੋਏ ਫੁੱਲ ਸੁੱਟ ਰਹੇ ਹਨ।)

ਮਹਿਮਾ ਪ੍ਰਕਾਸ਼, ਸਿੰਘ ਸਾਗਰ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਗੁਰੂ ਕੀਆਂ ਸਾਖੀਆਂ ਆਦਿ ਗ੍ਰੰਥਾਂ ਵਿਚ ‘ਹੋਲਾ-ਮਹੱਲਾ’ ਦੇ ਉਤਸਵ ਦਾ ਵੇਰਵਾ ਵਿਸਥਾਰ ਸਹਿਤ ਪ੍ਰਾਪਤ ਹੁੰਦਾ ਹੈ। ‘ਮਹਿਮਾ ਪ੍ਰਕਾਸ਼’ ਅਨੁਸਾਰ ਹੋਲੀ ਵਾਲੇ ਦਿਨ ਗੁਰੂ ਸਾਹਿਬ ਅਤੇ ਸੰਗਤ ਨੇ ਲਾਲ ਬਸਤਰ


ਗੁਲਿ ਹੋਲੀ ਬਬਾਗ਼ਿ ਦਹਿਰ ਬੂ ਕਰਦ, ਲਬਿ ਚੂੰ ਗ਼ੁੰਚਾ ਰਾ ਫ਼ਰਖ਼ੰਦਾ ਖ਼ੂ ਕਰਦ।
ਗੁਲਾਬੋ ਅੰਬਰੋ ਮਸ਼ਕੋ ਅਬੇਰੀ, ਚੂ ਬਾਰਾਨਿ ਬਾਰਿਸ਼ ਅਜ਼ ਸੂ ਬਸੂ ਕਰਦ।
ਜ਼ਹੇ ਪਿਚਕਾਰੀਏ ਪੁਰ ਜ਼ੁਅਫ਼ਰਾਨੀ, ਕਿ ਹਰ ਬੇਰੰਗ ਰਾ ਖੁਸ਼ਰੰਗੋ ਬੂ ਕਰਦ।
ਗੁਲਾਲਿ ਅਫ਼ਸ਼ਾਨੀਇ ਦਸਤਿ ਮੁਬਾਰਿਕ, ਜ਼ਮੀਨੋ ਆਸਮਾਂ ਰਾ ਸੁਰਖ਼ਰੂ ਕਰਦ।
ਦੋ ਆਲਮ ਗਸ਼ਤ ਰੰਗੀਂ ਅਜ਼ ਤੁਫ਼ੈਲਸ਼, ਚੂ ਸ਼ਾਹਮ ਜਾਮਾ ਰੰਗੀਨ ਦਰ ਗੁਲੂ ਕਰਦ।
ਕਸੇ ਕੂ ਦੀਦ ਦੀਦਾਰਿ ਮੁਕੱਦਸ, ਮੁਰਾਦਿ ਉਮਰ ਰਾ ਹਾਸਿਲ ਨਿਕੋ ਕਰਦ।
ਸ਼ਵਦ ਕੁਰਬਾਨ ਖਾਕਿ ਰਾਹਿ ਸੰਗਤ, ਦਿਲਿ ਗੋਯਾ ਹਮੀਂ ਰਾ ਆਰਜ਼ੂ ਕਰਦ। -ਭਾਈ ਨੰਦ ਲਾਲ ‘ਗੋਯਾ,’ ਗਜ਼ਲ ੩੩
(ਹੋਲੀ ਦੇ ਫੁੱਲਾਂ ਨੇ ਜ਼ਮਾਨੇ ਦੇ ਬਾਗ ਨੂੰ ਮਹਿਕ ਨਾਲ ਭਰ ਦਿੱਤਾ, ਬੰਦ ਕਲੀ ਵਰਗੇ ਹੋਠਾਂ ਨੂੰ ਸੁਭਾਗੀ ਤਬੀਅਤ ਵਾਲਾ ਬਣਾ ਦਿੱਤਾ।
ਉਸ ਨੇ ਮੀਂਹ ਦੇ ਪਾਣੀ ਵਾਂਗ ਗੁਲਾਬ, ਅੰਬਰ, ਮੁਸ਼ਕ ਤੇ ਅਬੀਰ ਨੂੰ ਸਾਰੇ ਪਾਸੀਂ ਖਲਾਰ ਦਿੱਤਾ।
ਕੇਸਰ ਭਰੀ ਪਿਚਕਾਰੀ ਦਾ ਕਿਆ ਕਹਿਣਾ? ਕਿ ਉਸ ਨੇ ਹਰ ਬਦ-ਰੰਗ ਨੂੰ ਵੀ ਰੰਗੀਨ ਤੇ ਸੁਗੰਧਤ ਕਰ ਦਿੱਤਾ।
ਉਸ ਦੇ ਮੁਬਾਰਕ ਹੱਥਾਂ ਦੇ ਗੁਲਾਲ ਛਿੜਕਣ ਨੇ ਧਰਤ ਅਸਮਾਨ ਨੂੰ ਲਾਲੋ-ਲਾਲ ਕਰ ਦਿੱਤਾ।
ਉਸ ਦੀ ਕਿਰਪਾ ਦੁਆਰਾ ਦੋਵੇਂ ਦੁਨੀਆਂ ਰੰਗੀਨ ਹੋ ਗਈਆਂ, ਉਸ ਨੇ ਸ਼ਾਹਾਂ ਵਾਂਗ ਮੇਰੇ ਗਲ ਵਿਚ ਰੰਗੀਨ ਕੱਪੜੇ ਪਵਾ ਦਿੱਤੇ।
ਜਿਸ ਕਿਸੇ ਨੇ ਵੀ ਉਸ ਦੇ ਪਵਿੱਤਰ ਦਰਸ਼ਨ ਕੀਤੇ, ਉਸ ਨੇ ਸਮਝੋ ਉਮਰ ਦੀ ਚੰਗੀ ਮੁਰਾਦ ਪਾ ਲਈ।
ਸੰਗਤ ਦੇ ਰਾਹਾਂ ਦੀ ਧੂੜ ਤੋਂ ਕੁਰਬਾਨ ਹੋ ਜਾਵਾਂ, ਬਸ ‘ਗੋਯਾ’ ਦੇ ਦਿਲ ਦੀ ਏਨੀ ਹੀ ਚਾਹ ਹੈ।)

‘ਸਿੰਘ ਸਾਗਰ ਗ੍ਰੰਥ’ ਅਨੁਸਾਰ ਗੁਰੂ ਸਾਹਿਬ ਨੇ ਫੱਗਣ ਦੇ ਮਹੀਨੇ ਵਿਚ ਕੇਸਗੜ੍ਹ ਸਾਹਿਬ ਤੋਂ ‘ਹੋਲਾ-ਮਹੱਲਾ’ ਸ਼ੁਰੂ ਕੀਤਾ। ਬਹੁਤ ਸਾਰੇ ਕੁੰਡਾਂ (ਚੁਬੱਚਿਆਂ) ਵਿਚ ਰੰਗ ਭਰਿਆ ਗਿਆ ਅਤੇ ਰਾਗੀਆਂ ਨੇ ਬਸੰਤ ਰਾਗ ਗਾਇਆ।

ਰੰਗ ਉਡਾਉਣ ਅਤੇ ਇਕ ਦੂਜੇ ਉਪਰ ਪਾਉਣ ਦਾ ‘ਮਹਿਮਾ ਪ੍ਰਕਾਸ਼’ ਵਾਲਾ ਬਿਰਤਾਂਤ ਇਸ ਗ੍ਰੰਥ ਵਿਚ ਵੀ ਮਿਲਦਾ ਹੈ। ਇਸ ਵਿਚੋਂ ਕੇਸਗੜ੍ਹ ਸਾਹਿਬ ਤੋਂ ਚੱਲ ਕੇ ਹੋਲਗੜ੍ਹ ਅਤੇ ਚਰਨ ਗੰਗਾ ਨਦੀ ਉਪਰ ਜੰਗੀ ਅਭਿਆਸ (ਮਹੱਲਾ) ਤੋਂ ਬਾਅਦ, ਗੁਰੂ ਸਾਹਿਬ ਅਤੇ ਖਾਲਸੇ ਦਾ ਅਨੰਦਪੁਰ ਵਿਖੇ ਵਾਪਸ ਆਉਣ ਦਾ ਸੰਖੇਪ ਵੇਰਵਾ ਵੀ ਪ੍ਰਾਪਤ ਹੁੰਦਾ ਹੈ।
‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਕਿਤੇ ਵੀ ‘ਹੋਲਾ’ ਜਾਂ ‘ਮਹੱਲਾ’ ਸ਼ਬਦ ਨਹੀਂ ਮਿਲਦਾ, ਬਲਕਿ ‘ਹੋਰੀ’ (ਹੋਲੀ) ਅਤੇ ‘ਫਾਗ’ ਸ਼ਬਦ ਹੀ ਵਰਤਿਆ ਮਿਲਦਾ ਹੈ। ਹੋਲੀ ਨਾਲ ਸੰਬੰਧਤ ਇਸ ਗ੍ਰੰਥ ਵਿਚਲਾ ਪ੍ਰਸੰਗ ਵੀ ‘ਮਹਿਮਾ ਪ੍ਰਕਾਸ਼’ ਵਾਲੇ ਪ੍ਰਸੰਗ ਦੀ ਵਿਸਥਾਰਤ ਵਿਆਖਿਆ ਹੀ ਹੈ। ਇਸ ਵਿਚ ਹੋਲੀ ਤੋਂ ਪਹਿਲਾਂ ਸੰਗਤਾਂ ਦਾ ਦੂਰੋਂ-ਦੂਰੋਂ ਅਨੰਦਪੁਰ ਸਾਹਿਬ ਪਹੁੰਚਣਾ, ਗੁਰੂ ਸਾਹਿਬ ਦੇ ਹੁਕਮ ਨਾਲ ਵਡੇ ਪਧਰ ’ਤੇ ਰੰਗ ਦਾ ਇੰਤਜਾਮ ਕਰਨਾ, ਗੁਰੂ ਸਾਹਿਬ ਦਾ ਆਪ ਇਸ ਉਤਸਵ ਵਿਚ ਸ਼ਾਮਲ ਹੋਣਾ, ਰੰਗਾਂ ਦੇ ਨਾਲ-ਨਾਲ ਕੀਰਤਨ ਕੀਤਾ ਜਾਣਾ ਆਦਿ ਦਾ ਵਿਸਥਾਰ ਸਹਿਤ ਜਿਕਰ ਕੀਤਾ ਗਿਆ ਹੈ। ਇਸ ਗ੍ਰੰਥ ਵਿਚ ਵੀ ਭਾਈ ਨੰਦ ਲਾਲ ‘ਗੋਯਾ’ ਦੀ ਗਜ਼ਲ ਦਾ ਵੇਰਵਾ ਹੋਲੀ ਵਾਲੇ ਪ੍ਰਸੰਗ ਵਿਚ ਦਿੱਤਾ ਗਿਆ ਹੈ।

ਭਾਈ ਵੀਰ ਸਿੰਘ ਨੇ ਇਸ ਗ੍ਰੰਥ ਦੀ ਸੰਪਾਦਨਾ ਵੇਲੇ ਆਪਣੇ ਵੱਲੋਂ ਦਿੱਤੀਆਂ ਪੈਰ-ਟਿੱਪਣੀਆਂ ਵਿਚ ‘ਹੋਲਾ-ਮਹੱਲਾ’ ਸ਼ਬਦ ਦੀ ਵਰਤੋਂ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਭਾਈ ਨੰਦ ਲਾਲ ‘ਗੋਯਾ’ ਦੀ ਉਪਰੋਕਤ ਗਜ਼ਲ ਦੀ ਵਿਆਖਿਆ ਕਰਦਿਆਂ ਲਿਖਿਆ ਹੈ: ਭਾਈ ਨੰਦ ਲਾਲ ਜੀ ਦੀ ਇਹ ਗਜ਼ਲ ਹੋਲੇ ਦੇ ਹੋਣ ਦਾ ਇਤਿਹਾਸਕ ਸਬੂਤ ਹੈ। ਅਲਤਾ, ਅਤਰ, ਅੰਬੀਰ, ਗੁਲਾਬ, ਗੁਲਾਲ, ਦੀਵਾਨ, ਕੀਰਤਨ, ਮਹੱਲਾ ਚੜ੍ਹਨਾ ਆਦਿ ਕੌਤਕ ਗੁਰੂ ਦੇ ਦਰਬਾਰ ਵਿਚ ਹੁੰਦੇ ਰਹੇ ਹਨ। ਨਵੀਨ ਅਕਾਲੀਆਂ ਨੇ ਗੁਰ ਇਤਿਹਾਸ ਤੋਂ ਨਾਵਾਕਫੀ ਅਤੇ ਪੱਛਮੀ ਪ੍ਰਭਾਵ ਅਧੀਨ, ਸ੍ਰੀ ਹਰਿਮੰਦਰ ਸਾਹਿਬ ਵਿਚੋਂ ਕੁਰੀਤੀਆਂ ਕਢਣ ਵੇਲੇ, ਕਈ ਪੁਰਾਤਨ ਤੇ ਚੰਗੀਆਂ ਰੀਤਾਂ ਵੀ ਬਿਨਾਂ ਪੰਥਕ ਆਗਿਆ ਦੇ ਬੰਦ ਕਰ ਦਿੱਤੀਆਂ। ਜੋ ਕੁਝ ਹੋਲੇ ਦੇ ਸੰਬੰਧ ਵਿਚ ਕੀਤਾ ਗਿਆ ਹੈ ਉਹ ਭਾਈ ਨੰਦ ਲਾਲ ਜੀ ਦੇ ਅੱਖੀਂ ਡਿੱਠੇ ਗੁਰੂ ਦਰਬਾਰ ਦੇ ਵਰਤਾਰੇ ਦੇ ਉਲਟ ਹੈ। ਦੂਰ ਕਰਨ ਵਾਲੀ ਗੱਲ ਤਾਂ ਗੰਦ-ਮੰਦ ਤੇ ਵਹਿਸ਼ੀਪੁਣਾ ਸੀ। ਖੁਸ਼ੀ, ਅਨੰਦ ਤੇ ਬਸੰਤ ਰੁੱਤ ਦੇ ਖੇੜੇ ਅਤੇ ਚੜ੍ਹਦੀ ਕਲਾ ਦਾ ਪ੍ਰਕਾਸ਼ ਕਰਨ ਵਾਲੇ ਸਤਿਸੰਗੀ ਰੰਗ ਅਤੇ ਆਤਮਕ ਉਮਾਹ ਦੇਣ ਵਾਲੇ ਸਾਧਨ ਕਾਇਮ ਰਹਿਣੇ ਚਾਹੀਦੇ ਹਨ। ਮਹੱਲਾ ਚੜਨਾ ਤਾਂ ਸਿੰਘ ਸਭਾ ਦੇ ਉੱਦਮ ਨਾਲ ਫਿਰ ਅਰੰਭ ਹੋ ਗਿਆ ਹੈ ਅਤੇ ਸੰਗਤ ਦੇ ਜ਼ੋਰ ਦੇਣ ਕਰਕੇ ਹਰਿਮੰਦਰ ਸਾਹਿਬ ਦੇ ਇਸ਼ਨਾਨ ਦਾ ਰਿਵਾਜ ਵੀ ਫਿਰ ਖੁੱਲ ਗਿਆ ਹੈ।

‘ਗੁਰੂ ਕੀਆਂ ਸਾਖੀਆਂ’ ਅਨੁਸਾਰ ਗੁਰੂ ਸਾਹਿਬ ਦੀ ਆਗਿਆ ਨਾਲ ਅਨੰਦਗੜ੍ਹ ਕਿਲ੍ਹੇ ਕੋਲ ਇਕੱਠੀ ਹੋਈ ਸੰਗਤ ਨੇ ਅਰਦਾਸ ਕੀਤੀ ਅਤੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਦਿੱਤਾ। ਗੁਰੂ ਸਾਹਿਬ ਦੇ ਹੁਕਮ ਨਾਲ ਖਾਲਸਾ ਘੋੜਿਆਂ ’ਤੇ ਸਵਾਰ ਹੋ ਗਿਆ। ਭਾਈ ਦਇਆ ਸਿੰਘ ਨੇ ਗੁਲਾਲ ਦੀਆਂ ਪੰਜ ਮੁੱਠਾਂ ਭਰ ਕੇ ਗੁਰੂ ਸਾਹਿਬ ਵੱਲ ਸੁੱਟੀਆਂ ਅਤੇ ਗੁਰੂ ਸਾਹਿਬ ਨੇ ਵੀ ਇਕ ਮੁੱਠ ਭਾਈ ਸਾਹਿਬ ਵੱਲ ਸੁੱਟੀ। ਭਾਈ ਦਇਆ ਸਿੰਘ ਨੇ ਇਸ ਸਵੱਯੇ ਨੂੰ ਉੱਚੀ ਸੁਰ ਵਿਚ ਪੜ੍ਹਿਆ:
ਮਾਘ ਬਿਤੀਤ ਭਏ ਰੁਤਿ ਫਾਗੁਨ ਆਇ ਗਈ ਸਭ ਖੇਲਤ ਹੋਰੀ ॥
ਗਾਵਤ ਗੀਤ ਬਜਾਵਤ ਤਾਲ ਕਹੈ ਮੁਖ ਤੇ ਭਰੂਆ ਮਿਲਿ ਜੋਰੀ ॥
ਡਾਰਤ ਹੈ ਅਲਿਤਾ ਬਨਿਤਾ ਛਟਿਕਾ ਸੰਗਿ ਮਾਰਤ ਬੈਸਨ ਥੋਰੀ ॥
ਖੇਲਤ ਸ੍ਯਾਮ ਧਮਾਰ ਅਨੂਪ ਮਹਾ ਮਿਲਿ ਸੁੰਦਰਿ ਸਾਂਵਲ ਗੋਰੀ ॥ -ਦਸਮ ਗ੍ਰੰਥ, ਕ੍ਰਿਸ਼ਨਾਵਤਾਰ, ਛੰਦ ੨੨੫
ਸਵੱਯੇ ਦੀ ਸਮਾਪਤੀ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਪਹਿਲਾਂ ਭਾਈ ਮਾਨ ਸਿੰਘ ਨਿਸ਼ਾਨਚੀ ਘੋੜੇ ’ਤੇ ਸਵਾਰ ਹੋਏ। ਉਸ ਤੋਂ ਬਾਅਦ ਭਾਈ ਦਇਆ ਸਿੰਘ ਸਮੇਤ ਪੰਜ ਪਿਆਰੇ ਮਿਆਨਾਂ ਵਿਚੋਂ ਤਲਵਾਰਾਂ ਧੂਹ ਕੇ ‘ਖਗ ਖੰਡ ਬਿਹੰਡੰ...ਮਮ ਪ੍ਰਤਪਾਰਣ ਜੈ ਤੇਗੰ’ (ਦਸਮ ਗ੍ਰੰਥ, ਬਿਚਿਤ੍ਰ ਨਾਟਕ, ਛੰਦ ੨) ਸ਼ਬਦ ਪੜ੍ਹਦੇ ਹੋਏ ਆਪੋ-ਆਪਣੇ ਘੋੜਿਆਂ ’ਤੇ ਸਵਾਰ ਹੋ ਕੇ ਗੁਰੂ ਸਾਹਿਬ ਦੇ ਨੀਲੇ ਘੋੜੇ ਦੇ ਅੱਗੇ ਚੱਲ ਪਏ। ਗੁਰੂ ਸਾਹਿਬ ਦੇ ਪਿੱਛੇ ਖਾਲਸੇ ਨੇ ਚਾਲੇ ਪਾਏ। ਭਾਈ ਉਦੈ ਸਿੰਘ ਖਾਲਸੇ ਦੇ ਸੱਜੇ ਪਾਸੇ ਜਾ ਰਹੇ ਸਨ। ਤਖਤ ਸ੍ਰੀ ਕੇਸਗੜ੍ਹ ਸਾਹਿਬ ਕੋਲ ਜਾ ਕੇ ਖਾਲਸੇ ਨੇ ਗੁਰੂ ਸਾਹਿਬ ਦੇ ਹੁਕਮ ਨਾਲ ਆਪਣੇ ਘੋੜੇ ਤੇਜ ਦੌੜਾ ਲਏ। ਪਰ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰਖਦਿਆਂ ਕੋਈ ਵੀ ਗੁਰੂ ਸਾਹਿਬ ਦੀ ਸਵਾਰੀ ਤੋਂ ਅੱਗੇ ਨਹੀਂ ਲੰਘਿਆ। ਇਸ ਸਮੇਂ ਖਾਲਸੇ ਦੇ ਸ਼ਸਤਰ-ਬਸਤਰ ਆਪਣੀ ਚਮਕ ਨਾਲ ਸਾਉਣ ਦੀਆਂ ਕਾਲੀਆਂ ਘਟਾਵਾਂ ਅਤੇ ਬਿਜਲੀ ਦੀ ਚਮਕ ਨੂੰ ਵੀ ਮਾਤ ਪਾ ਰਹੇ ਸਨ। ਇਸ ਤਰ੍ਹਾਂ ਖਾਲਸਾਈ ਦਰਿਆ ਠਾਠਾਂ ਮਾਰਦਾ ਹੋਲਗੜ੍ਹ ਦੇ ਮੈਦਾਨ ਵਿਚ ਪਹੁੰਚ ਗਿਆ। ਭਾਈ ਦਇਆ ਸਿੰਘ ਨੇ ਗੁਰੂ ਸਾਹਿਬ ਦੇ ਹੁਕਮ ਨਾਲ ਭਾਈ ਨੰਦ ਲਾਲ ‘ਗੋਯਾ’ ਦੀ ਉਪਰੋਕਤ ਗਜ਼ਲ ਪੜ੍ਹੀ।
ਇਸ ਤੋਂ ਬਾਅਦ ਹੋਲਗੜ੍ਹ ਦੇ ਮੈਦਾਨ ਵਿਚ ਖਾਲਸੇ ਨੇ ਸ਼ਸ਼ਤਰ ਵਿਦਿਆ ਦੇ ਜੌਹਰ ਦਿਖਾਏ। ਫਿਰ ਗੁਰੂ ਸਾਹਿਬ ਨੇ ਖਾਲਸੇ ਨੂੰ ਵਾਪਸੀ ਦਾ ਹੁਕਮ ਦਿੱਤਾ। ਅਰਦਾਸ ਤੋਂ ਬਾਅਦ ਸਰਬੱਤ ਖਾਲਸਾ ਚਰਨ ਗੰਗਾ ਨਦੀ ਵੱਲ ਚੱਲ ਪਿਆ। ਖਾਲਸੇ ਨੇ ਰਸਤੇ ਵਿਚ ਪੈਂਦੀ ਕੇਸਰੀ ਚੰਦ ਜਸਵਾਲੀਏ


ਪ੍ਰਾਚੀਨ ਗ੍ਰੰਥਾਂ ਵਿਚ ਜਿਥੇ ਇਸ ਦਿਨ ਰੰਗਾਂ ਦੀ ਵਰਤੋਂ ਅਤੇ ਜੁਧ-ਅਭਿਆਸ ਦਾ ਵਰਣਨ ਲਗਭਗ ਸਮਾਨ ਰੂਪ ਵਿਚ ਮਿਲਦਾ ਹੈ, ਉਥੇ ਆਧੁਨਿਕ ਵਿਦਵਾਨਾਂ, ਜਿਵੇਂ ਕਿ ਡਾ. ਹਰੀ ਰਾਮ ਗੁਪਤਾ ਅਤੇ ਡਾ. ਸੁਰਜੀਤ ਸਿੰਘ ਗਾਂਧੀ ਆਦਿ ਦੀਆਂ ਲਿਖਤਾਂ ਵਿਚ ਰੰਗ ਸੁੱਟਣ ਦਾ ਜਿਕਰ ਗੌਣ ਰੂਪ ਵਿਚ ਅਤੇ ਜੁਧ ਅਭਿਆਸ ਦਾ ਵਰਣਨ ਵਧੇਰੇ ਪੇਸ਼ ਕੀਤਾ ਗਿਆ ਹੈ।



‘ਹੋਲਾ-ਮਹੱਲਾ’ ਮਨਾਏ ਜਾਣ ਦੇ ਸਥਾਨ
ਵਰਤਮਾਨ ਸਮੇਂ ‘ਹੋਲਾ-ਮਹੱਲਾ’ ਸਿਖਾਂ ਦਾ ਵਡਾ ਉਤਸਵ ਹੈ। ‘ਹੋਲਾ-ਮਹੱਲਾ’ ਅੱਜ-ਕੱਲ੍ਹ ਤਿੰਨ ਦਿਨਾਂ ਦਾ ਤਿਉਹਾਰ ਬਣ ਗਿਆ ਹੈ, ਜਿਹੜਾ ਮੁੱਖ ਤੌਰ ’ਤੇ ਅਨੰਦਪੁਰ ਸਾਹਿਬ ਵਿਖੇ ਹੋਲੀ ਦੇ ਇਕ ਦਿਨ ਪਹਿਲਾਂ ਤੋਂ ਲੈ ਕੇ ਇਕ ਦਿਨ ਬਾਅਦ ਤਕ ਮਨਾਇਆ ਜਾਂਦਾ ਹੈ।
ਅਨੰਦਪੁਰ ਸਾਹਿਬ ਤੋਂ ਇਲਾਵਾ ਇਸ ਨੂੰ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਅਤੇ ਹਜ਼ੂਰ ਸਾਹਿਬ (ਮਹਾਰਾਸ਼ਟਰ) ਵਿਚ ਵੀ ਵਡੇ ਪਧਰ ’ਤੇ ਮਨਾਇਆ ਜਾਂਦਾ ਹੈ। ਪਾਉਂਟਾ ਸਾਹਿਬ ਵਿਚ ਇਸ ਦਾ ਪ੍ਰਚਲਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਤੋਂ ਹੀ ਹੋਇਆ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ੧੬੮੫ ਤੋਂ ੧੬੮੯ ਈ. ਤਕ ਲਗਭਗ ਸਾਢੇ ਚਾਰ ਸਾਲ ਇਥੇ ਰਹੇ ਅਤੇ ਉਨ੍ਹਾਂ ਇਥੇ ਕਵੀ ਦਰਬਾਰ ਦੀ ਪਰੰਪਰਾ ਵੀ ਸ਼ੁਰੂ ਕੀਤੀ। ਉਸ ਸਮੇਂ ਤੋਂ ਹੀ ਇਹ ਉਤਸਵ ਚੱਲਿਆ ਆ ਰਿਹਾ ਹੈ। ਇਸ ਦਿਨ ਕਵੀ-ਜਨ ਆਪਣੀਆਂ ਕਵਿਤਾਵਾਂ ਸੁਣਾ ਕੇ ਅਤੇ ਨਿਹੰਗ ਸਿੰਘ ਗਤਕੇ ਦੇ ਜੌਹਰ ਦਿਖਾ ਕੇ ‘ਹੋਲਾ-ਮਹੱਲਾ’ ਮਨਾਉਂਦੇ ਹਨ। ਹਜ਼ੂਰ ਸਾਹਿਬ ਵਿਖੇ ਇਹ ਉਤਸਵ ਇਕ ਵਿਲੱਖਣ ਢੰਗ ਨਾਲ ਮਨਾਇਆ ਜਾਂਦਾ ਹੈ। ਇਕ ਘੋੜਾ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੀਲੇ ਘੋੜੇ ਦੀ ਵੰਸ਼ ਵਿਚੋਂ ਮੰਨਿਆ ਜਾਂਦਾ ਹੈ, ਖੂਬ ਸ਼ਿੰਗਾਰਿਆ ਹੋਇਆ ਜਲੂਸ ਦੇ ਅੱਗੇ-ਅੱਗੇ ਚਲਦਾ ਹੈ। ਇਕ ਸਿੰਘ ਵੱਲੋਂ ਹਵਾ ਵਿਚ ਫਾਇਰ ਕਰਦੇ ਸਾਰ ਘੋੜਾ ਬੜੀ ਤੇਜੀ ਨਾਲ ਦੌੜਦਾ ਹੈ ਅਤੇ ਸਾਰੀ ਸੰਗਤ ਉਸ ਦੇ ਪਿਛੇ ਨੱਠਦੀ ਹੈ। ਇਸੇ ਨੂੰ ਮਹੱਲਾ ਕਿਹਾ ਜਾਂਦਾ ਹੈ।

ਇਸ ਉਤਸਵ ਦੀ ਮਹਾਨਤਾ ਨੂੰ ਮੁੱਖ ਰਖ ਕੇ ੧੮੮੯ ਈ. ਵਿਚ ਖਾਲਸਾ ਦੀਵਾਨ, ਲਾਹੌਰ ਦੇ ਜਤਨਾਂ ਨਾਲ ਇਸ ਦਿਨ ਨੂੰ ਅੰਗਰੇਜ਼ ਸਰਕਾਰ ਵੱਲੋਂ ਸਰਕਾਰੀ ਛੁੱਟੀ ਵਜੋਂ ਪ੍ਰਵਾਨ ਕੀਤਾ ਗਿਆ ਸੀ।